ਸੁਰਾਂ ਦਾ ਬਾਦਸ਼ਾਹ ਹੈ ਗਾਇਕ ਡਾ: ਬਰਜਿੰਦਰ ਸਿੰਘ ਹਮਦਰਦ। ਉਹ ਜਿਸ ਕਵੀ/ ਗੀਤਕਾਰ ਨੂੰ ਗਾਉਂਦਾ ਹੈ, ਉਹਦੀ ਰਚਨਾ ਦੇ ਧੁਰ ਅੰਦਰ ਜਾਕੇ, ਉਹਦੀ ਰੂਹ ਨੂੰ ਪਛਾਣਕੇ ਆਪਣੀ ਰੂਹ 'ਚ ਵਸਾ ਲੈਂਦਾ ਹੈ। ਕਈ ਆਂਹਦੇ ਆ ਐਡੀ ਉਮਰੇ ਡਾ: ਹਮਦਰਦ ਨੂੰ ਇਹ ਕੀ ਭਲਾ ਸ਼ੌਕ ਚੜ੍ਹਿਆ ਗਾਉਣ ਦਾ? ਉਹ ਉੱਚੇ ਪਾਏ ਦਾ ਪੱਤਰਕਾਰ ਹੈ, ਪੰਜਾਬੀ ਸਾਹਿਤ ਜਗਤ ਵਿੱਚ ਜਾਣਿਆ ਜਾਂਦਾ ਵੱਡਾ ਲੇਖਕ ਹੈ। ਡਾ: ਹਮਦਰਦ, ਭਾਈ ਵੀਰ ਸਿੰਘ ਦੀਆਂ ਸਤਰਾਂ "ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੁੰ ਵਾਲੇ ਨੈਣਾਂ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ" ਦੇ ਅਰਥ ਸਮਝਕੇ ਸੀਨੇ ਲਗਾਕੇ, ਉਸ ਸਮੇਂ ਦੇ ਹਾਣ ਦਾ ਬਣਕੇ, ਇਹਨਾ ਸੱਤਰਾਂ ਨੂੰ ਆਪਣੀ ਜ਼ਿੰਦਗੀ ਦਾ ਆਦਰਸ਼ ਬਣਾ ਚੁੱਕੇ ਹਨ।
ਡਾ: ਹਮਦਰਦ ਆਪਣੇ ਬਚਪਨ ਦਾ ਸ਼ੌਕ, ਜਵਾਨੀ 'ਚ ਪੂਰਾ ਨਹੀਂ ਕਰ ਸਕੇ ਰੁਝੇਵਿਆਂ ਕਾਰਨ ਤੇ ਹੁਣ ਉਮਰ ਦੇ 80ਵਿਆਂ 'ਚ ਗਾਇਕ ਡਾ: ਹਮਦਰਦ ਝੰਡਾ ਬੁਲੰਦ ਕਰੀ ਤੁਰੇ ਜਾਂਦੇ ਆ, ਇੱਕ ਤੋਂ ਬਾਅਦ ਇੱਕ ਸੰਗੀਤ ਐਲਬਮ ਦੇਕੇ ਸੰਗੀਤ ਜਗਤ ਨੂੰ ਉਹ ਵੀ ਪੰਜਾਬੀ ਦੇ ਧੁਰੰਤਰ ਲੇਖਕਾਂ ਦੀਆਂ ਗ਼ਜ਼ਲਾਂ, ਗੀਤਾਂ, ਕਵਿਤਾਵਾਂ ਦੀ ਚੋਣ ਕਰਕੇ। ਮੌਜੂਦਾ ਕੈਸਟ "ਚੇਤਰ ਦਾ ਵਣਜਾਰਾ" ਸੁਨਣ ਵਾਲਿਆਂ ਦੇ ਰੂ-ਬਰੂ ਹੈ।
ਸੰਗੀਤ ਐਲਬਮ "ਚੇਤਰ ਦਾ ਵਣਜਾਰਾ" ਲਈ ਰਚਨਾਵਾਂ ਦੀ ਚੋਣ ਬਹੁਤ ਹੀ ਨਿਰਾਲੀ ਹੈ। ਇਸ 'ਚ ਹਾਸ਼ਮ ਸ਼ਾਹ ਹੈ, ਭਾਈ ਵੀਰ ਸਿੰਘ ਹੈ, ਪ੍ਰੋ: ਮੋਹਨ ਸਿੰਘ ਗੂੰਜਦਾ ਹੈ, ਅੰਮ੍ਰਿਤਾ ਪ੍ਰੀਤਮ ਸੁਣਾਈ ਦਿੰਦੀ ਹੈ, ਡਾ: ਜਗਤਾਰ ਦੀ ਆਭਾ ਦੇ ਦਰਸ਼ਨ ਹੁੰਦੇ ਹਨ, ਡਾ: ਸਰਬਜੀਤ ਕੌਰ ਸੰਧਾਵਾਲੀਆ ਅਤੇ ਬਲਵਿੰਦਰ ਬਾਲਮ ਵੀ ਹਾਜ਼ਰ ਹਨ।
ਕਈ ਵੇਰ ਮਨ 'ਚ ਆਉਂਦਾ ਹੈ ਕਿ ਪੱਤਰਕਾਰੀ ਦੇ ਭਾਰੀ ਭਰਕਮ ਕੰਮਾਂ ਵਿੱਚ, ਇਹ ਸੂਖ਼ਮ ਸੁਰਾਂ ਵਾਲਾ ਗਾਇਕ ਕਿਵੇਂ ਆਪਣੇ ਮਨ ਨੂੰ ਥਾਂ ਸਿਰ ਰੱਖਕੇ ਉਹਨਾ ਕਵੀਆਂ ਨਾਲ ਸਾਂਝ ਪਾਉਂਦਾ ਹੈ, ਜਿਹੜੇ ਆਪਣੇ ਸਮੇਂ 'ਚ ਵੱਡੀ ਸਾਹਿਤ ਰਚਨਾ ਕਰ ਗਏ। "ਐਸੇ ਯਾਰ ਮਿਲਣ ਸਬੱਬੀ, ਜਿਹੜੇ ਕਦੀ ਨਾ ਮੋੜਨ ਅੱਖੀਂ" ਜਿਹੇ ਬੋਲ ਬੋਲਣ ਵਾਲੇ ਹਾਸ਼ਮ ਸ਼ਾਹ ਨਾਲ ਡਾ: ਹਮਦਰਦ ਦੀ ਆੜੀ ਕਿਵੇਂ ਪੱਕੀ ਹੈ? ਇਸ ਕਰਕੇ ਕਿ ਉਹ ਆਪ ਯਾਰਾਂ ਦਾ ਯਾਰ ਹੈ। ਭਾਈ ਵੀਰ ਸਿੰਘ ਨਾਲ ਡਾ: ਹਮਦਰਦ ਦੀ ਸਾਂਝ " ਇੱਕੋ ਲਗਨ ਲੱਗੀ ਲਈ ਜਾਂਦੀ, ਹੈ ਟੋਰ ਅਨੰਤ ਉਨ੍ਹਾਂ ਦੀ" ਇਹੀ ਕਾਰਨ ਹੈ ਕਿ ਉਹ ਨਿਰੰਤਰ ਤੁਰ ਰਿਹਾ ਹੈ। ਬਚਪਨ ਤੋਂ ਹੁਣ ਤੱਕ ਉਹਦੀ ਤੋਰ ਤਿੱਖੀ ਰਵਾਨੀ ਵਾਲੀ ਹੈ, ਠੁੱਕ ਤੇ ਮਟਕ ਵਾਲੀ ਹੈ। ਇਸੇ ਮਟਕ ਕਰਕੇ ਹੀ ਉਹਦੇ ਮਨ 'ਚ ਲਗਨ ਹੈ, ਉਹਨਾ ਲੋਕਾਂ ਨਾਲ ਸਾਂਝ ਪਾਉਣ ਦੀ, ਜੋ ਸਾਰੀ ਉਮਰ ਮਟਕ ਨਾਲ ਜੀਊ ਗਏ ਭਾਈ ਵੀਰ ਸਿੰਘ ਵਰਗੇ।
ਪ੍ਰੋ: ਮੋਹਨ ਸਿੰਘ ਦੇ ਬੋਲ "ਪੁੱਛੋ ਨਾ ਇਹ ਕੌਣ ਤੇ ਕਿਥੋਂ ਆਇਆ, ਤੱਕੋ ਨੀ ਇਹਦਾ ਰੂਪ ਭੁਲਾ ਸਭ ਝੇੜੇ" ਵਰਗੀਆਂ ਸਤਰਾਂ ਜੀਵਨ 'ਚ ਅਪਨਾ ਕੇ ਉਹ ਸਭ ਨੂੰ ਗਲੇ ਲਗਾਉਂਦਾ ਹੈ ਤੇ ਗਾਉਂਦਾ ਗੁਣਗੁਣਾਉਂਦਾ ਹੈ ਪ੍ਰੋ:ਮੋਹਨ ਸਿੰਘ ਦੀ ਤਰ੍ਹਾਂ, "ਨੀ ਅੱਜ ਕੋਈ ਆਇਆ ਅਸਾਡੇ ਵਿਹੜੇ" ਤੇ ਹਰ ਮਿਲਣ ਆਏ ਦਾ ਉਹ ਧੁਰ ਅੰਦਰੋਂ ਸਵਾਗਤ ਕਰਦਾ ਹੈ, ਉਵੇਂ ਹੀ ਜਿਵੇਂ ਕਵੀਆਂ ਦੀਆਂ ਰਚਨਾਵਾਂ ਨੂੰ ਉਹ ਸੀਨੇ ਲਾਉਂਦਾ ਹੈ, ਘੁੱਟਦਾ ਹੈ, ਪਿਆਰ ਕਰਦਾ ਤੇ ਉਸੇ ਨੂੰ ਪਿਆਰੇ ਅੰਦਾਜ਼ 'ਚ ਆਪਣੀ ਗਾਇਕੀ ਰਾਹੀਂ ਪੇਸ਼ ਕਰਦਾ ਹੈ।
ਅੰਮ੍ਰਿਤਾ ਦੀ ਰਚਨਾ, ਜਿਵੇਂ ਗਾਇਕ ਹਮਦਰਦ ਦੀ ਰੂਹ 'ਚ ਸਮਾਈ ਹੋਈ ਹੈ। ਜਿਵੇਂ ਕਵਿਤਾ ਦੀ ਮੋਢੇ ਬੁਚਕੀ ਚੁੱਕਕੇ ਅੰਮ੍ਰਿਤਾ ਅਲਖ ਜਗਾਉਂਦੀ ਰਹੀ ਹੈ, ਉਵੇਂ ਗਾਇਕ ਹਮਦਰਦ ਬੁਚਕੀ ਚੁੱਕਕੇ ਸੰਗੀਤਕ ਸੁਰਾਂ ਦੇ ਅੰਗ-ਸੰਗ ਪਿਆਰ ਕਥੂਰੀ ਵੰਡਦਾ ਦਿਸਦਾ ਹੈ "ਚੇਤਰ ਦਾ ਵਣਜਾਰਾ ਆਇਆ ਬੁਚਕੀ ਮੋਢੇ ਚਾਈ ਵੇ, ਅਸਾਂ ਵਿਹਾਜੀ ਪਿਆਰ ਕਥੂਰੀ ਵੇਂਹਦੀ ਰਹੀ ਲੁਕਾਈ ਵੇ"।
ਕਿਵੇਂ ਭੁੱਲ ਸਕਦਾ ਸੀ ਗਾਇਕ ਡਾ: ਬਰਜਿੰਦਰ ਸਿੰਘ, ਕਵੀ ਜਗਤਾਰ ਨੂੰ ਜਿਹੜਾ ਲੋਕਾਂ ਦੇ ਅੰਗ-ਸੰਗ ਵਿਚਰਿਆ, ਉਹਨਾ ਦੇ ਦੁੱਖਾਂ, ਤਕਲੀਫਾਂ ਦੇ ਆਪਣੀ ਕਵਿਤਾ 'ਚ ਛੋਪੇ ਪਾਉਂਦਾ ਰਿਹਾ, ਆਪ ਲੋਕਾਂ ਲਈ ਲੜਦਾ-ਭਿੜਦਾ ਰਿਹਾ ਉਹਨਾ ਨੂੰ ਚੇਤਨ ਕਰਨ ਲਈ, "ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨ੍ਹੇਰਾ ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ"। ਇਸੇ ਸੋਚ ਨੂੰ ਸੱਚ ਕਰਦਿਆਂ ਡਾ: ਹਮਦਰਦ ਨੇ ਰਾਹ ਫੜਿਆ ਹੈ, ਡਾ: ਜਗਤਾਰ ਦੀ ਗ਼ਜ਼ਲ ਦੀਆਂ ਇਹਨਾ ਸਤਰਾਂ ਦਾ "ਜੁਗਨੂੰ ਹੈ ਚੀਰ ਜਾਂਦਾ ਜਿਉਂ ਰਾਤ ਦਾ ਹਨ੍ਹੇਰਾ"। ਅੱਜ ਜਦੋਂ ਪੰਜਾਬੀ ਗਾਇਕੀ ਕਈ ਹਾਲਤਾਂ 'ਚ ਨਿਘਾਰ 'ਤੇ ਹੈ। ਪੰਜਾਬੀ ਸਾਹਿਤ ਜਗਤ ਦੇ ਧਰੁੰਤਰ ਰਚਨਾਕਾਰਾਂ ਨੂੰ ਭੁਲਾਕੇ ਹਲਕੀ-ਫੁਲਕੀ ਗੀਤਕਾਰੀ ਨੂੰ ਗਾਇਕ ਤਰਜੀਹ ਦਿੰਦੇ ਹਨ, ਉਸ ਹਾਲਤ ਵਿੱਚ ਡਾ: ਬਰਜਿੰਦਰ ਸਿੰਘ ਦੀ ਗਾਇਕੀ "ਜੁਗਨੂੰ ਦੀ ਲੋਅ" ਵਰਗੀ ਹੈ ਜੋ ਹਨ੍ਹੇਰੇ 'ਚ ਫਸੇ ਲੋਕਾਂ ਦੇ ਹਨ੍ਹੇਰੇ ਨੂੰ ਦੂਰ ਕਰਨ ਵਾਲੀ ਹੈ।
"ਅੱਥਰੂ ਤਾਂ ਬੋਲਣ ਨਹੀਂ ਜਾਣਦੇ ਦਰਦ ਦੇ ਕਿੱਸੇ ਸੁਣਾਈਏ ਕਿਸ ਤਰ੍ਹਾਂ" ਅਤੇ ਬਲਵਿੰਦਰ ਬਾਲਮ ਦੀਆਂ ਸਤਰਾਂ "ਛੋਟੀ ਉਮਰੇ ਮੁੰਦਰਾਂ ਪਾਈਆਂ, ਖੈਰ ਲਵੇ ਸ਼ਰਮਾਏ ਜੋਗੀ" ਡਾ: ਬਰਜਿੰਦਰ ਸਿੰਘ ਦੀ ਰੂਹ ਦੇ ਐਨਾ ਨਜ਼ਦੀਕ ਹਨ ਕਿ ਉਸਨੇ ਇਹਨਾ ਰਚਨਾਵਾਂ ਨੂੰ "ਚੇਤਰ ਦਾ ਵਣਜਾਰਾ" ਸੰਗੀਤ ਐਲਬਮ ਵਿੱਚ ਥਾਂ ਦੇਕੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਜਿਵੇਂ ਵਿਅਕਤ ਕੀਤਾ ਹੈ।
ਡਾ: ਹਮਦਰਦ ਇਸ ਸਮੇਂ ਦਾ ਵੱਡਾ ਅਤੇ ਪ੍ਰੋੜ ਗਾਇਕ ਹੈ। ਪੰਜਾਬੀ ਗਾਇਕੀ 'ਚ ਉਸਦਾ ਇਸ ਸਮੇਂ ਕੋਈ ਸਾਨੀ ਨਹੀਂ। "ਚੇਤਰ ਦਾ ਵਣਜਾਰਾ" ਸੰਗੀਤ ਐਲਬਮ 'ਚ ਉਸ ਵਲੋਂ ਸ਼ਾਮਲ ਕੀਤੀਆਂ ਰਚਨਾਵਾਂ ਦੀ ਚੋਣ ਅਤੇ ਉਹਨਾ ਨੂੰ ਸੁਰਾਂ 'ਚ ਢਾਲ ਕੇ ਰਵਾਨਗੀ ਨਾਲ ਗਾਉਣਾ ਉਸਦਾ ਵੱਡਾ ਹਾਸਲ ਹੈ। ਇਸ 'ਚ ਦੋ ਰਾਵਾਂ ਨਹੀਂ ਕਿ ਸੰਜੀਦਾ ਪੰਜਾਬੀ ਗਾਇਕੀ ਦੇ ਪ੍ਰੇਮੀ ਉਹਨਾ ਦੀ ਇਸ ਸੰਗੀਤ ਐਲਬਮ ਨੂੰ ਪਸੰਦ ਕਰਨਗੇ। ਇਸ ਸੰਗੀਤ ਐਲਬਮ 'ਚ ਉਸਦੇ ਬੋਲਾਂ ਨੂੰ ਸੰਗੀਤ-ਬੱਧ ਕਰਨ ਵਾਲਾ ਗੁਰਦੀਪ ਸਿੰਘ ਹੈ। ਇਹ ਸੰਗੀਤ ਐਲਬਮ ਹਮਦਰਦ ਪ੍ਰੋਡਕਸ਼ਨ ਸਬ ਮਲਟੀਪਲੈਕਸ, ਜੀ ਟੀ ਰੋਡ ਸਾਹਮਣੇ ਟ੍ਰਾਂਸਪੋਰਟ ਨਗਰ ਜਲੰਧਰ ਦੀ ਪ੍ਰੋਡਕਸ਼ਨ ਹੈ। ਇਸ ਦੀ ਸੀ ਡੀ 91-181-5086386, 5010772, E-mail :- hamdardproduction@yahoo.in 'ਤੇ ਉਪਲੱਬਧ ਹੈ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.