1.
ਜੰਗਲ ਬੇਲਾ ਚਿੰਤਾ ਵਿੱਚ ਹੈ ਬਿਰਖ਼ ਨਿਪੱਤਰੇ ਸੋਚ ਰਹੇ ਨੇ।
ਸਾਡੇ ਸੱਕ ਉਤਾਰਨ ਵਾਲ਼ੇ ਜ਼ਾਲਮ ਤਣਾ ਖ਼ਰੋਚ ਰਹੇ ਨੇ।
ਹੋਕਾ ਦੇ ਹਮਦਰਦੀ ਵਾਲ਼ਾ ਪਾਣੀ ਪਾਉਣ ਬਹਾਨੇ ਆਏ ,
ਬਾਗਬਾਨ ਦੇ ਭੇਸ ‘ਚ ਕਿਹੜੇ ਸਾਡੇ ਪੱਤਰ ਨੋਚ ਰਹੇ ਨੇ।
ਨੀਤੋਂ ਖੋਟੇ ਆਰੀਆਂ ਵਾਲ਼ੇ,ਜੜ੍ਹ ਵਿਚ ਤੇਲ ਢਾਲ ਕੇ ਪਹਿਲਾਂ,
ਜੜ੍ਹ ਨੂੰ ਨਾਲ ਕੁਹਾੜੀ ਵੱਢ ਕੇ ਹੁਣ ਕਿਉਂ ਛਾਵਾਂ ਲੋਚ ਰਹੇ ਨੇ।
ਗੂੜ੍ਹੀ ਨੀਂਦਰ ਸੁੱਤੀ ਸੱਸੀ ਇਸ ਨੂੰ ਕੌਣ ਬਚਾ ਸਕਦਾ ਹੈ,
ਪੁੰਨੂੰ ਵਰਗੇ ਸਭ ਵਣਜਾਰੇ, ਜਿਸ ਦੇ ਯਾਰ ਬਲੋਚ ਰਹੇ ਨੇ।
ਅਣਪੁੱਗਦੇ ਨੂੰ,ਪਾੜਨ ਡਾਢੇ,ਵਰਕਾ ਵਰਕਾ ਅੱਖਰ ਅੱਖਰ,
ਸਾਡੀ ਰੂਹ ਵਿੱਚ ਰਮਿਆ ਜੋ ਕੁਝ ਪਹਿਲਾਂ ਲਿਖਿਆ ਪੋਚ ਰਹੇ ਨੇ।
ਇਹ ਅੰਦਾਜ਼ ਭਲਾ ਕੀ ਹੋਇਆ ਵੇਲ ਅੰਗੂਰਾਂ ਵਾਲ਼ੀ ਪੁੱਛੇ,
ਮੈਂ ਜਿਹੜੇ ਅੱਜ ਤੀਕ ਨਾ ਵੇਖੇ ਮੇਰੇ ਮੇਵੇ ਬੋਚ ਰਹੇ ਨੇ।
ਮੇਰੀ ਹਿੱਕ ਤੇ ਜਿੰਨੇ ਤਮਗ਼ੇ ਲੀਰਾਂ ਲੱਥੇ ਸੁਪਨ ਲੰਗਾਰੇ,
ਵੇਖ ਲਵੋ ਜੀ ਅੰਗ ਸੰਗ ਮੇਰੇ ਦਰਦ ਹਮੇਸ਼ ਬਰੋਚ* ਰਹੇ ਨੇ।
* ਸਜਾਵਟੀ ਚਿੰਨ੍ਹ
2.
ਤੇਰੀ ਮੇਰੀ ਰੂਹ ਦਾ ਚੰਬਾ ਖਿੜ ਕੇ ਜੱਗ ਮਹਿਕਾ ਸਕਦਾ ਹੈ।
ਧਰਤੀ ਬੁੱਕਲ ਬਣ ਸਕਦੀ ਹੈ, ਸੂਰਜ ਨੇੜੇ ਆ ਸਕਦਾ ਹੈ।
ਪੀਂਘ ਪਈ ਸਤਰੰਗੀ ਵਿਚਲੇ ਰੰਗ ਆਪਣੀ ਮੁਸਕਾਨ ਚ ਭਰ ਲੈ,
ਕੋਸ਼ਿਸ਼ ਕਰਕੇ ਵੇਖ ਜ਼ਰਾ ਤੂੰ, ਇਹ ਪਲ ਜੀਣ ਸਿਖਾ ਸਕਦਾ ਹੈ।
ਤੇਰੇ ਅੰਦਰ ਕਿੰਨਾ ਕੁਝ ਹੈ,ਇਸਦਾ ਇਲਮ ਨਹੀਂ ਹੈ ਤੈਨੂੰ,
ਤੇਰਾ ਇੱਕ ਮੁਸਕਾਨ ਤਰੌਂਕਾ ਬੁੱਤ ਨੂੰ ਬੋਲਣ ਲਾ ਸਕਦਾ ਹੈ।
ਮੇਰੇ ਅੰਦਰ ਮੇਰੇ ਤੋਂ ਬਿਨ ਚੁੱਪ ਕੀਤਾ ਇੱਕ ਤਾਣ ਹੈ ਉਹ ਵੀ,
ਜੇਕਰ ਤੂੰ ਹੁਸ਼ਿਆਰੀ ਦੇਵੇਂ ਸੂਰਜ ਨੂੰ ਹੱਥ ਪਾ ਸਕਦਾ ਹੈ।
ਸਰਦ ਸਰੀਰਾਂ ਅੰਦਰ ਜਦ ਵੀ ਮਰਦ-ਅਗੰਮੜਾ ਜੋਤ ਜਗਾਵੇ,
ਮਰਿਆ ਜੀ ਵੀ ਸੁਰਖ਼ ਅੰਗਾਰਿਉਂ ਬੁਰਕੀ ਤੋੜ ਕੇ ਖਾ ਸਕਦਾ ਹੈ।
ਮੈਂ ਉਸ ਪਿੰਡੋਂ ਆਇਆਂ ਜਿੱਥੇ ਮਿੱਟੀ ਮਰਦਮਖ਼ੇਜ਼ ਬੜੀ ਹੈ,
ਏਥੇ ਰਹਿੰਦਾ ਬੰਦਾ, ਜਾ ਕੇ ਚੰਨ ਤੇ ਪੈਲ਼ੀਆਂ ਵਾਹ ਸਕਦਾ ਹੈ।
ਨਿੱਕੀਆਂ ਗ਼ਰਜ਼ਾਂ ਖ਼ਾਤਰ ਲੜਿਆਂ ਬੰਦੇ ਅੰਦਰ ਕੱਖ ਨਹੀਂ ਰਹਿੰਦਾ,
ਸਿਰਲੱਥ ਯੋਧਾ ਨੰਗੇ ਧੜ ਵੀ ਜਾਬਰ ਨੂੰ ਅਜ਼ਮਾ ਸਕਦਾ ਹੈ।
3.
ਲੋਕ ਵਿਚਾਰੇ ਵਖ਼ਤਾਂ ਮਾਰੇ, ਜਿਉਣ ਵਸੀਲਾ ਟੋਲ ਰਹੇ ਨੇ।
ਮਿੱਟੀ ਵਿੱਚੋਂ ਆਪਣੀ ਕਿਸਮਤ ਸਦੀਆਂ ਤੋਂ ਹੀ ਫ਼ੋਲ ਰਹੇ ਨੇ।
ਸਰਬ ਸਮੇਂ ਦੇ ਚਾਤਰ ਹਾਕਮ ਧਰਮ ਕਰਮ ਦਾ ਓਹਲਾ ਕਰਕੇ,
ਅੰਨ੍ਹੀ ਰੱਯਤ ਗਿਆਨ ਵਿਹੂਣੀ ਪੈਰਾਂ ਹੇਠ ਮਧੋਲ ਰਹੇ ਨੇ।
ਗਿਠਮੁਠੀਆਂ ਨੂੰ ਅੰਨ੍ਹੀ ਤਾਕਤ ਏਨਾ ਅੰਨ੍ਹਾ ਕਰ ਦਿੱਤਾ ਹੈ,
ਹੱਕ ਹਕੂਕ ਜੇ ਮੰਗੀਏ,ਅੱਗੋਂ ਜੋ ਮੂੰਹ ਆਇਆ ਬੋਲ ਰਹੇ ਨੇ।
ਤੱਕੜੀ ਤੋਲਣਹਾਰਿਆਂ ਦੀ ਵੀ ਨੀਅਤ ਨੀਤੀ ਅੰਦਰ ਕਾਣੋਂ,
ਸੱਜਣ ਠੱਗੋਂ ਵੱਧ ਹਟਵਾਣੀਏਂ, ਕੂੜਾ ਸੌਦਾ ਤੋਲ ਰਹੇ ਨੇ।
ਕੁਰਸੀ ਤੇ ਇਹ ਮਾਣ ਮਰਤਬੇ, ਕਲਗੀ ,ਘੋੜੇ ਛਤਰ -ਸੁਨਹਿਰੀ,
ਆਦਿ -ਜੁਗਾਦੋਂ ਅੱਜ ਤੀਕਰ ਇਹ ਦੱਸੋ! ਕਿਸ ਦੇ ਕੋਲ ਰਹੇ ਨੇ।
ਪਰ ਕਟਿਆਂ ਨੂੰ ਖੰਭ ਉੱਗੇ ਨੇ, ਸੂਰਜ ਤੀਕ ਉਡਾਰੀ ਲਾਉਂਦੇ,
ਠਾਕੀਆਂ ਜੀਭਾਂ ਵਾਲੇ ਵੀ ਹੁਣ, ਬੰਦ ਜ਼ਬਾਨਾਂ ਖੋਲ੍ਹ ਰਹੇ ਨੇ।
ਛੱਡ ਸਪੇਰਿਆ ਬੀਨ ਵਜਾਉਣੀ, ਤੇਰਾ ਰਾਗ ਨਹੀਂ ਜੇ ਸੁਣਦੇ,
ਸਿਰ ਚਿੱਪਣ ਦੀ ਕਰੋ ਤਿਆਰੀ ਫਨੀਅਰ ਜੇ ਵਿੱਸ ਘੋਲ਼ ਰਹੇ ਨੇ।
4.
ਪਾਟੀ ਚਿੱਠੀ ਜਦ ਵੀ ਆਵੇ, ਬਿਨ ਪੜ੍ਹਿਆਂ ਤੜਫ਼ਾ ਜਾਂਦੀ ਹੈ।
ਮਾਂ ਜਾਇਆਂ ਦੀ ਪੀੜ,ਆਂਦਰਾਂ ਕੱਠੀਆਂ ਕਰ ਸਮਝਾ ਜਾਂਦੀ ਹੈ।
ਅੱਖ ਫਰਕਦੀ, ਚਿੱਤ ਖਲਬਲੀ, ਉੱਖੜੇ ਨੀਂਦਰ ਹੋਰ ਬੜਾ ਕੁਝ,
ਏਸ ਤਰ੍ਹਾਂ ਹੀ ਤਨ ਦੀ ਮਿੱਟੀ, ਚਿੰਤਾ ਖਾਂਦੀ ਖਾ ਜਾਂਦੀ ਹੈ।
ਮੇਰਾ ਦੋਸ਼ ਪਤਾ ਨਹੀਂ ਮੈਨੂੰ, ਨਾ ਪੁੱਛਿਆ ਨਾ ਤੂੰ ਹੀ ਦੱਸਿਆ,
ਜਦ ਵੀ ਨੀਂਦ ਉਟਕਦੀ ਮੈਨੂੰ ਚਿੱਤ-ਚਿਤਵਣੀ ਲਾ ਜਾਂਦੀ ਹੈ।
ਜਿੰਨੇ ਪੱਥਰ ਵੇਖ ਰਿਹਾ ਏਂ,ਇਹ ਸਭ ਚੁੱਪ ਦੀ ਜੂਨ ਪਏ ਨੇ,
ਤੇਰੀ ਸਰਦ ਖ਼ਾਮੋ਼ਸ਼ੀ ਮੈਨੂੰ ਘੁੰਮਣਘੇਰ ‘ਚ ਪਾ ਜਾਂਦੀ ਹੈ।
ਬੋਲ ਬੋਲ ਕੇ ਕੀ ਸਮਝਾਵਾਂ, ਸੁੱਤੀ ਸੱਟ ਦੀ ਪੀੜ ਜਾਗਦੀ,
ਦਰਦ ਕਹਾਣੀ ਅੱਖੀਆਂ ਥਾਣੀਂ ਕਿੰਨਾ ਕੁਝ ਸਮਝਾ ਜਾਂਦੀ ਹੈ।
ਮੇਰੀ ਰੂਹ ਦਾ ਗੂੜ੍ਹਾ ਰਿਸ਼ਤਾ ਸੂਰਜ ਨਾਲ ਦੁਪਹਿਰੀ ਵਰਗਾ,
ਸਿਖ਼ਰ-ਦੁਪਹਿਰੇ ਖਿੜ ਜਾਂਦੀ ਹੈ, ਸ਼ਾਮ ਢਲ਼ੇ ਮੁਰਝਾ ਜਾਂਦੀ ਹੈ।
ਤੂੰ ਕੰਡ ਕਰਕੇ ਪਰਤ ਗਿਆ ਏਂ, ਮੁੜ ਕੇ ਹਾਲ ਕਦੇ ਨਾ ਪੁੱਛਿਆ,
ਦਿਲ ਨੂੰ ਇਹ ਧਰਵਾਸ ਬੜਾ ਹੈ, ਯਾਦ ਤੇਰੀ ਤਾਂ ਆ ਜਾਂਦੀ ਹੈ।
5.
ਗਲਤੀ ਦੇ ਅਹਿਸਾਸ ਤੋਂ ਮਗਰੋਂ ਅਗਲਾ ਕਦਮ ਪਕੇਰਾ ਹੁੰਦੈ।
ਜੇ ਇਹ ਸੋਚ ਸਲਾਮਤ ਰੱਖੋ ਰੌਸ਼ਨ ਚਾਰ ਚੁਫ਼ੇਰਾ ਹੁੰਦੈ।
ਬੀਤੇ ਦਾ ਪਛਤਾਵਾ ਕਰਕੇ ਸਫ਼ਰ ਕਦੇ ਅੱਗੇ ਨਹੀਂ ਤੁਰਦਾ,
ਸੂਰਜ ਅੱਗੇ ਰਾਤ ਟਿਕੇ ਨਾ ਅਗਲੀ ਭਲ਼ਕ ਸਵੇਰਾ ਹੁੰਦੈ।
ਹੱਥਾਂ ਦੇ ਵਿੱਚ ਜਿਹੜਾ ਪਲ ਹੈ, ਜਾਣ ਮਾਣ ਕੇ ਅੱਗੇ ਤੁਰੀਏ,
ਇਹ ਜ਼ਿੰਦਗਾਨੀ,ਮੈਂ ਨਹੀਂ ਮੰਨਦਾ,ਜੋਗੀ ਵਾਲਾ ਫੇਰਾ ਹੁੰਦੈ।
ਧਰਮ ਤੇ ਕਰਮ ਨਿਖੇੜਨ ਜਿੱਥੇ,ਬੈਠੇ ਰਹਿਣ ਬਿਹੰਗਮ ਵਿਹਲੇ,
ਸਮਝ ਲਵੋ ਕਿ ਐਸੀ ਥਾਂ ਤੇ ਕੂੜ ਕੁਫ਼ਰ ਦਾ ਡੇਰਾ ਹੁੰਦੈ।
ਨੂਰੋ ਨੂਰ ਕਰੇ ਜੋ ਧਰਤੀ, ਰਸ ਰੰਗ ਵੰਡਦਾ ਹਰ ਘਰ ਜਾ ਕੇ,
ਸੂਰਜ ਦਾ ਪਰਿਵਾਰ ਅਥਾਹ ਹੈ,ਇਸ ਦਾ ਨਾ ਕੋਈ ਘੇਰਾ ਹੁੰਦੈ।
ਅੱਥਰੇ ਘੋੜੇ ਨੂੰ ਜੋ ਫੜਦਾ,ਮਾਰ ਪਲਾਕੀ ਉੱਪਰ ਚੜ੍ਹਦਾ,
ਵੇਖਣ ਨੂੰ ਜੋ ਬੰਦਾ ਲੱਗਦਾ, ਉਹ ਤਾਂ ਅਸਲੀ ਜੇਰਾ ਹੁੰਦੈ।
ਤੈਨੂੰ ਮੈਨੂੰ ਭਰਮ ਬੜਾ ਹੈ, ਹਾਕਮ ਨਾਲ ਯਾਰਾਨਾ ਮੇਰਾ,
ਭੁੱਲ ਨਾ ਜਾਵੀਂ ਤਿੱਖਾ ਚਾਕੂ,ਨਾ ਤੇਰਾ ਨਾ ਮੇਰਾ ਹੁੰਦੈ।
ਬੈਠਿਆਂ ਕਦੇ ਨਾ ਪੈਂਡਾ ਮੁੱਕਦਾ,ਸੁੱਤਿਆਂ ਰਾਤ ਲੰਮੇਰੀ ਹੋਵੇ,
ਸਾਬਤ ਕਦਮ ਅਡੋਲ ਤੁਰੋ ਜੇ,ਇੱਕੋ ਸਫ਼ਰ ਬਥੇਰਾ ਹੁੰਦੈ।
ਡਗਮਗ ਡੋਲਦਿਆਂ ਨਾ ਭੁੱਲੀਂ,ਆਪਣੇ ਤੇ ਵਿਸ਼ਵਾਸ ਨਾ ਤੈਨੂੰ,
ਦੋਚਿੱਤੀ ਦਾ ਡੰਗਿਆ ਬੰਦਾ, ਅੰਦਰੋਂ ਬਹੁਤ ਕਚੇਰਾ ਹੁੰਦੈ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.