ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ’ ਚੰਗਾ ਉਦਮ
ਪੰਜਾਬੀ ਵਿੱਚ ਪਿੰਡਾਂ ਦੇ ਜੀਵਨ ਬਾਰੇ ਬਹੁਤ ਘੱਟ ਪੁਸਤਕਾਂ ਲਿਖੀਆਂ ਗਈਆਂ ਹਨ। ਹਾਲਾਂ ਕਿ ਭਾਰਤ ਦੀ 75 ਫ਼ੀ ਸਦੀ ਵਸੋਂ ਪਿੰਡਾਂ ਵਿੱਚ ਵਸਦੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਭਾਰਤ ਦੇ ਅਨਾਜ ਪੈਦਾ ਕਰਨ ਵਾਲੇ ਸੂਬਿਆਂ ਵਿੱਚੋਂ ਮੋਹਰੀ ਹੈ। ਇਸ ਦਾ ਅਰਥ ਇਹ ਹੈ ਕਿ ਪੰਜਾਬੀ ਜਿਹੜੇ ਪਿੰਡਾਂ ਵਿੱਚ ਰਹਿੰਦਿਆਂ ਅਨਾਜ ਪੈਦਾ ਕਰਨ ਲਈ ਅਨੇਕਾਂ ਵੇਲਣ ਵੇਲਕੇ ਮਿਹਨਤਾਂ ਨਾਲ ਜੀਵਨ ਬਸਰ ਕਰ ਰਹੇ ਹਨ, ਉਨ੍ਹਾਂ ਦੀ ਵਿਰਾਸਤ ਨੂੰ ਇਤਿਹਾਸ ਦਾ ਹਿੱਸਾ ਨਹੀਂ ਬਣਾਇਆ ਜਾ ਰਿਹਾ। ਇਹ ਪੰਜਾਬੀਆਂ ਦੀ ਅਣਗਹਿਲੀ ਕਹੀ ਜਾ ਸਕਦੀ ਹੈ।
ਗਿਆਨੀ ਗੁਰਦਿੱਤ ਸਿੰਘ ਦੀ ਸ਼ਾਹਕਾਰ ਰਚਨਾ ‘ਮੇਰਾ ਪਿੰਡ’ ਦੇ ਪ੍ਰਕਾਸ਼ਤ ਹੋਣ ਤੋਂ ਬਾਅਦ ਪਿੰਡਾਂ ਬਾਰੇ ਪੁਸਤਕਾਂ ਪ੍ਰਕਾਸ਼ਤ ਹੋਣ ਲੱਗੀਆਂ ਹਨ। ਇਹ ਖ਼ੁਸ਼ੀ ਦੀ ਗੱਲ ਹੈ ਕਿ ਪਿੰਡਾਂ ਨੂੰ ਪਿਆਰ ਕਰਨ ਵਾਲੇ ਪਿੰਡ ਦੇ ਹੀ ਨਿਵਾਸੀ ਹਰੀ ਸਿੰਘ ਵਿਰਕ ਨੇ ਆਪਣੇ ਪੁਰਖਿਆਂ ਦੇ ਪਿੰਡ ਅਤੇ ਵਿਰਕ ਗੋਤੀਆਂ ਬਾਰੇ ਪੁਸਤਕ ਲਿਖਕੇ ਆਪਣੀ ਵਿਰਾਸਤ ਦੀ ਪਹਿਚਾਣ ਹੀ ਨਹੀਂ ਬਣਾਈ ਸਗੋਂ ਆਪਣੀ ਮਿੱਟੀ ਦੀ ਮਹਿਕ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਆਪਣੇ ਫ਼ਰਜ ਨਿਭਾਏ ਹਨ। ਵਿਰਕਾਂ ਦੇ ਇਤਿਹਾਸ ਬਾਰੇ ਪਹਿਲਾਂ ਵੀ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਭਗਵੰਤ ਸਿੰਘ ਆਜ਼ਾਦ ਨੇ ‘ਸਾਂਦਲ ਬਾਰ ਦਾ ਇਤਿਹਾਸ, ਵਿਰਕ ਅਤੇ ਹੋਰ’ ਜਿਹੜੀ ਪੁਸਤਕ ਲਿਖੀ ਹੈ, ਉਸ ਵਿੱਚ ਦਿੱਤੀ ਜਾਣਕਾਰੀ ਵਿਰਕ ਗੋਤ ਦੇ ਲੋਕਾਂ ਬਾਰੇ ਹਰੀ ਸਿੰਘ ਵਿਰਕ ਅਨੁਸਾਰ ਅਧੂਰੀ ਹੈ। ਹਰੀ ਸਿੰਘ ਵਿਰਕ ਨੇ ਲਿਖਿਆ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਹਿੰਦੁਸਤਾਨ ਦੇ ਪੰਜਾਬ ਅਤੇ ਹੋਰ ਸੂਬਿਆਂ ਵਿੱਚ 140 ਤੋਂ ਵੀ ਵੱਧ ਪਿੰਡਾਂ ਵਿੱਚ ਵਸ ਰਹੇ ‘ਸਹਾਰੀ ਪਿੰਡ ਦੇ ਵਿਰਕਾਂ’ ਦੇ ਬੱਚਿਆਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਪਿਛੋਕੜ ਦੀ ਜਾਣਕਾਰੀ ਹੀ ਨਹੀਂ। ਇਸ ਲਈ ਉਨ੍ਹਾਂ ‘‘ਸਹਾਰੀ ਦੇ ਵਿਰਕਾਂ ਦਾ ਇਤਿਹਾਸ, ਹਰਦੋਂ ਸਹਾਰੀ ਜਿਲ੍ਹਾ ਲਾਹੌਰ (ਪੱਛਮੀ ਪੰਜਾਬ) ਤੋਂ ਆਏ ਵਿਰਕ ਅਤੇ ਉਨ੍ਹਾਂ ਦਾ ਬੰਸਾਵਲੀਨਾਮਾ’’ ਪੁਸਤਕ ਲਿਖੀ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਕਿਤਾਬੀ ਰੂਪ ਵਿੱਚ ਜਾਣਕਾਰੀ ਦੇ ਕੇ ਵਿਰਾਸਤ ਨਾਲ ਜੋੜ ਕੇ ਰੱਖਿਆ ਜਾ ਸਕੇ।
ਲੇਖਕ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪੁਸਤਕ ਲਿਖਣ ਦੀ ਲੋੜ ਇਸ ਕਰਕੇ ਪਈ ਕਿਉਂਕਿ ਜਦੋਂ ਇਸ ਪਿੰਡ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਵਿਰਾਸਤ ਬਾਰੇ ਪੁਛਿਆ ਗਿਆ ਤਾਂ ਉਹ ਬਿਲਕੁਲ ਅਣਜਾਣ ਸਨ। ਇਥੋਂ ਤੱਕ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੇ ਬਾਰੇ ਬਿਲਕੁਲ ਹੀ ਜਾਣਕਾਰੀ ਨਹੀਂ ਸੀ। ਹਰੀ ਸਿੰਘ ਵਿਰਕ ਭਾਵੇਂ ਆਪਣੇ ਆਪ ਨੂੰ ਲੇਖਕ ਨਹੀਂ ਸਮਝਦਾ ਪ੍ਰੰਤੂ ਜਿਹੜਾ ਕੰਮ ਉਨ੍ਹਾਂ, ਜਿਸ ਸਿਦਕ ਦਿਲੀ, ਲਗਨ ਅਤੇ ਦਿ੍ਰੜ੍ਹਤਾ ਨਾਲ ਕੀਤਾ ਹੈ, ਉਹ ਆਪਣੇ ਆਪ ਵਿੱਚ ਖੋਜੀ ਵਿਦਵਾਨ ਦਾ ਕਾਰਜ ਹੈ। ਇੰਜ ਕਹਿਣਾ ਉਨ੍ਹਾਂ ਦੀ ਨਮਰਤਾ ਅਤੇ ਵਡੱਤਣ ਹੈ। ਅਜਿਹੇ ਕਾਰਜ ਆਮ ਤੌਰ ਤੇ ਵਿਦਿਅਕ ਮਾਹਿਰ ਵਿਦਵਾਨਾ ਦੇ ਹੁੰਦੇ ਹਨ ਪ੍ਰੰਤੂ ਹਰੀ ਸਿੰਘ ਵਿਰਕ ਦਾ ਆਪਣੀ ਮਾਤਭੂਮੀ ਨਾਲ ਪਿਆਰ ਹੀ ਉਨ੍ਹਾਂ ਨੂੰ ਇਤਨਾ ਵੱਡਾ ਕਾਰਜ਼ ਕਰਨ ਵਿੱਚ ਸਫਲਤਾ ਦੇ ਗਿਆ। ਵੈਸੇ ਉਹ ਪਿੰਡ ਦੇ ਸਰਪੰਚ, ਅਕਾਲੀ ਦਲ ਦੀ ਜਥੇਬੰਦੀ ਦੇ ਮੁੱਖੀ ਅਤੇ ਚੇਅਰਮੈਨ ਹੋਣ ਕਰਕੇ ਸਮਾਜ ਪ੍ਰਤੀ ਸੁਜੱਗ ਹਨ। ਉਨ੍ਹਾਂ ਦੇ ਇਸ ਪ੍ਰਾਜੈਕਟ ਨੂੰ ਸਿਰੇ ਚਾੜ੍ਹਨ ਲਈ ਦਾਦ ਦੇਣੀ ਬਣਦੀ ਹੈ। ਉਨ੍ਹਾਂ ਨੇ ਪੁਸਤਕ ਦੀ ਵਿਉਂਤਬੰਦੀ ਵੀ ਸੁਚੱਜੇ ਢੰਗ ਨਾਲ ਕੀਤੀ ਹੈ। ਪਹਿਲਾਂ ਵਿਰਕਾਂ ਦੀ ਸ਼ੁਰੂਆਤ, ਵਿਕਾਸ ਅਤੇ ਬਾਅਦ ਵਿੱਚ ਕਿਸ ਥਾਂ ਤੇ ਕਿਹੜੇ ਪਰਿਵਾਰ ਪਾਕਿਸਤਾਨ ਤੋਂ ਆ ਕੇ ਵਸੇ ਹਨ। ਇਥੋਂ ਤੱਕ ਕਿ ਪਿੰਡ ਦੇ ਦੋਵੇਂ ਹਿਸਿਆਂ ਦੀ 9 ਪੱਤੀਆਂ ਦੇ ਲੋਕ ਪੱਤੀ ਦੇ ਹਿਸਾਬ ਨਾਲ ਇਕੱਤਰ ਕਰਕੇ ਪ੍ਰਕਾਸ਼ਤ ਕੀਤੇ ਹਨ। ਭਾਵ ਇਕ ਪੱਤੀ ਦੇ ਲੋਕਾਂ ਨੂੰ ਇਕ ਚੈਪਟਰ ਵਿੱਚ ਦਰਜ ਕੀਤਾ ਹੈ ਤਾਂ ਜੋ ਉਸ ਪੱਤੀ ਦੇ ਸਾਰੇ ਲੋਕਾਂ ਦੀ ਜਾਣਕਾਰੀ ਇਕ ਥਾਂ ਮਿਲ ਸਕੇ। ਪੱਤੀ ਅਤੇ ਅੱਲ ਜਿਸ ਵਿਅਕਤੀ ਦੇ ਨਾਮ ‘ਤੇ ਪਈ ਹੈ, ਉਸਦੇ ਮੁੱਖੀ ਦਾ ਬੰਸਾਵਲੀਨਾਮਾ ਵੀ ਦਿੱਤਾ ਗਿਆ ਹੈ।
ਇਥੋਂ ਤੱਕ ਕਿ ਪਰਿਵਾਰਾਂ ਦੀਆਂ ਅੱਲਾਂ ਦੇ ਨਾਮ ਵੀ ਲਿਖੇ ਹਨ, ਜਿਹੜੀਆਂ ਦਿਹਾਤੀ ਲੋਕਧਾਰਾ ਦਾ ਹਿੱਸਾ ਬਣ ਗਈਆਂ ਹਨ। ਸਹਾਰੀ ਤੋਂ ਮਛਰਾਏ ਕਲਾਂ ਹੁਣ ਜਿਲ੍ਹਾ ਫਤਿਹਗੜ੍ਹ ਸਾਦਹਬ ਪਹੁੰਚਣ ਦੀ ਦਾਸਤਾਂ ਦੋ ਚੈਪਟਰਾਂ ਵਿੱਚ ਦਿੱਤੀ ਗਈ ਹੈ ਕਿ ਕਿਵੇਂ ਦੁੱਖ ਤਕਲੀਫ਼ਾਂ ਸਹਿੰਦੇ ਹੋਏ ਇਸ ਗੋਤ ਦੇ ਲੋਕ ਹਸਦੇ ਵਸਦੇ ਘਰ ਪਰਿਵਾਰ ਛੱਡ ਕੇ ਪੂਰਬੀ ਪੰਜਾਬ ਵਿੱਚ ਆ ਕੇ ਵਸੇ ਹਨ। ਜਿਹੜੇ ਪਿੰਡਾਂ ਵਿੱਚ ਆ ਕੇ ਵਿਰਕ ਵਸੇ ਹਨ, ਜਿਥੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਮ ਦਿੱਤੇ ਹਨ, ਉਥੇ ਹੀ ਪਿੰਡਾਂ ਦੀ ਲੋਕਸ਼ਨ, ਜਿਲ੍ਹਾ, ਜਿਲ੍ਹੇ ਦੇ ਮਹੱਤਵਪੂਰਨ ਸਥਾਨ ਤੋਂ ਦੂਰੀ ਵੀ ਦਿੱਤੀ ਗਈ ਹੈ ਤਾਂ ਜੋ ਉਥੇ ਪਹੁੰਚਣ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਫਿਰ ਹਰਿਦੁਆਰ ਤੋਂ ਜਿਹੜੀ ਜਾਣਕਾਰੀ ਮਿਲੀ ਹੈ, ਉਸ ਅਨੁਸਾਰ ਪਰਿਵਾਰਾਂ ਦੀ ਬੰਸਾਵਲੀਨਾਮਾ ਬਣਾਕੇ ਦਿੱਤੀ ਗਈ ਹੈ। ਉਨ੍ਹਾਂ ਇਸ ਕਬੀਲੇ ਭਾਵ ਵਿਰਕ ਗੋਤ ਦੇ ਲੋਕਾਂ ਦੀ ਖੋਜ ਕਰਨ ਲਈ ਪੰਜਾਬ ਅਤੇ ਹਰਿਆਣਾ ਦੇ 140 ਪਿੰਡਾਂ ਦਾ ਖੁਦ ਦੌਰਾ ਕਰਕੇ ਜਾਣਕਾਰੀ ਇਕੱਤਰ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਉਤਰ ਪ੍ਰੇਦਸ਼ ਵਿੱਚ ਹਰਿਦੁਆਰ ਜਾ ਕੇ ਹਰਦੋ ਸਹਾਰੀ ਦੇ ਵਿਰਕਾਂ ਦੇ ਪੰਡਤਾਂ ਦੀਆਂ ਵਹੀਆਂ ਤੋਂ ਜਾਣਕਾਰੀ ਇਕੱਤਰ ਕੀਤੀ ਹੈ। ਕਿਉਂਕਿ ਉਨ੍ਹਾਂ ਦਿਨਾ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਹਰਿਦੁਆਰ ਜਾ ਕੇ ਫੁਲ ਪਾਉਣ ਦਾ ਰਿਵਾਜ ਸੀ, ਜਿਸਦਾ ਰਿਕਾਰਡ ਹਰ ਜ਼ਾਤ ਗੋਤ ਦੇ ਪੰਡਤਾਂ ਕੋਲ ਵਹੀਆਂ ਵਿੱਚ ਦਰਜ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਪਿੰਡਾਂ ਦੇ ਨਾਈਆਂ ਅਤੇ ਚੌਕੀਦਾਰਾਂ ਦੇ ਰਿਕਾਰਡ ਚੈਕ ਕਰਕੇ ਪਰਿਵਾਰਾਂ ਬਾਰੇ ਜਾਣਕਾਰੀ ਵੀ ਇਕੱਤਰ ਕੀਤੀ ਗਈ ਹੈ। ਇਕ-ਇਕ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਮ ਦਰਜ ਹਨ। ਇਹ ਕੰਮ ਪ੍ਰਤੀਬੱਧਤਾ ਅਤੇ ਲਗਨ ਤੋਂ ਬਿਨਾ ਸੰਭਵ ਨਹੀਂ ਸੀ। ਭਾਵੇਂ ਹਰੀ ਸਿੰਘ ਵਿਰਕ ਆਪਣੇ ਆਪ ਨੂੰ ਲੇਖਕ ਨਹੀਂ ਕਹਿੰਦੇ ਪ੍ਰੰਤੂ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਉਨ੍ਹਾਂ ਨੂੰ ਸਾਹਿਤਕ ਮਸ ਰੱਖਣ ਵਾਲੇ ਸੂਝਵਾਨ ਵਿਅਕਤੀ ਲਿਖਦੇ ਹਨ। ਹਰ ਪਿੰਡ ਵਿੱਚ ਕਿਹੜੇ ਪਰਿਵਾਰਾਂ ਦੇ ਕਿਤਨੇ ਵਿਰਕ ਗੋਤ ਦੇ ਮੈਂਬਰ ਰਹਿੰਦੇ ਹਨ, ਉਨ੍ਹਾਂ ਦੇ ਕੁਰਸੀਨਾਮੇ ਬਣਾਕੇ ਸੂਚੀ ਦਰਜ ਕੀਤੀ ਹੈ। ਲੇਖਕ ਲਿਖਦੇ ਹਨ ਕਿ ਵਿਰਕ ਗੋਤ ਦੇ ਬਾਰੇ ਮਿਲਦੀ ਜਾਣਕਾਰੀ ਤੋਂ ਅਨੁਮਾਨ ਜੀਵਨ 1065 ਤੋਂ 1100 ਈਸਵੀ ਦੇ ਦਰਮਿਆਨ ਸ਼ੁਰੂ ਹੁੰਦਾ ਹੈ। ਉਹ ਵਿਰਕ ਜੱਟਾਂ ਦਾ ਮਸ਼ਹੂਰ ਗੋਤ ਕਹਿੰਦੇ ਹਨ। ਸਾਂਦਲ ਬਾਰ ਦੇ ਇਲਾਕੇ ਨਾਲ ਸੰਬੰਧਤ ਹੋਣ ਕਰਕੇ ਇਨ੍ਹਾਂ ਦਾ ਪਿਛੋਕੜ ਰਾਜਸਥਾਨ ਨਾਲ ਜੁੜਦਾ ਹੈ। ਦੁੱਲਾ ਭੱਟੀ ਦੇ ਪੁਰਖੇ ਸਾਂਦਲ ਦੇ ਨਾਂ ‘ਤੇ ਸਾਂਦਲ ਬਾਰ ਨਾਂ ਪਿਆ ਹੈ।
ਸਹਾਰੀ ਪਿੰਡ ਦੇ ਮੋਹਤਬਰ ਬਜ਼ੁਰਗ ਸਹਾਰੀ ਮੱਲ, ਜਿਨ੍ਹਾਂ ਨੂੰ ਪੀਰ ਸਹਾਰੀ ਵੀ ਕਹਿੰਦੇ ਸਨ ਦੇ ਨਾਮ ਪਿੰਡ ਦਾ ਨਾਮ ਪਿਆ ਹੋਇਆ ਸੀ। ਮਾਲ ਵਿਭਾਗ ਦੇ ਰਿਕਾਰਡ ਵਿੱਚ ਪਿੰਡ ਦਾ ਨਾਮ ‘ਹਰ-ਦੋ-ਸਹਾਰੀ’ ਹੈ। ਪਿੰਡ ਦੋ ਹਿਸਿਆਂ ‘ਉਤਾੜ ਸਹਾਰੀ’ ਅਤੇ ‘ਹਿਠਾੜ ਸਹਾਰੀ’ ਵਿੱਚ ਵੰਡਿਆ ਹੋਇਆ ਸੀ। ਦੋਹਾਂ ਦੀਆਂ ਕਰਮਵਾਰ 5 ਅਤੇ 4 ਕੁਲ 9 ਪੱਤੀਆਂ ਸਨ। ਪਿੰਡ ਵਿੱਚ ਸਾਰੀਆਂ ਜ਼ਾਤਾਂ ਦੇ ਘਰ ਸਨ। ਉਤਾੜ ਸਹਾਰੀ ਦੀਆਂ ਗਾਲਬ ਕੇ, ਰੂਪੇ ਕੇ, ਪੱਲੇ ਕੇ, ਗੋਲੇ ਕੇ ਅਤੇ ਤੁਗਲ ਕੇ ਅਤੇ ਹਿਠਾੜ ਦੀ ਸਹਾਰੀ ਦੀਆਂ ਜੱਸੇ ਕੇ, ਅਮਰੇ ਕੇ, ਸੇਖੂ ਕੇ ਅਤੇ ਕਾਬੋ ਕੇ ਪੱਤੀਆਂ ਦੇ ਨਾਂ ਦਰਜ ਹਨ। ਇਸੇ ਤਰ੍ਹਾਂ 26 ਫਾੜੇ ਉਤਾੜ ਦੇ, ਫਾੜੇ ਹਿਠਾੜ ਦੇ, ਭੂੰਡੀ ਕੇ, ਖੇਮੀ ਕੇ, ਚੰਨਣ ਕੇ, ਕਿਰਲੀ ਕੇ, ਗੱਗੇ ਕੇ, ਤੀਖੇ, ਮਲਵਈ, ਸੋਭਾ ਸਿੰਘ ਕੇ, ਧੁੱਪ ਸੜੀਏ, ਦਲੀ ਕੇ, ਭੜਾਣੀਏਂ, ਬੇਰ ਵਾਲੇ, ਬਾਜਾਂ ਵਾਲੇ, ਖੋਖੂ, ਰਾਮੇਆਣਾ, ਚੋਗੇ, ਖੰਗਰਾਵਾਲੇ, ਬੁਲੰਦੀ ਵਾਲੇ, ਖੱਬੇ, ਕਨੂੰਨੀਏ, ਕੋਹੜੇ, ਬੰਦੂਕੀਏ, ਬਟਾਟ ਅਤੇ ਜੂੰਆਂਮਾਰ ਆਦਿ ਅੱਲਾਂ ਦਰਜ ਕੀਤੀਆਂ ਹਨ। ਵਿਰਕ ਗੋਤ ਦੇ ਕੁਝ ਮੰਨ ਪ੍ਰਮੰਨੇ ਪਤਵੰਤੇ ਵਿਅਕਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਜਿਨ੍ਹਾਂ ਵਿੱਚ ਨਵਾਬ ਕਪੂਰ ਸਿੰਘ, ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਭਾਈ ਮੋਹਕਮ ਸਿੰਘ ਵਰਨਣਯੋਗ ਹਨ। ਪੁਸਤਕ ਵਿੱਚ 20 ਪੰਨੇ ਰੰਗਦਾਰ ਤਸਵੀਰਾਂ ਦੇ ਹਨ, ਜਿਨ੍ਹਾਂ ਵਿੱਚ ਬਾਬਾ ਸਹਾਰੀ ਮੱਲ ਦੀ ਯਾਦ ਵਿੱਚ ਉਸਾਰਿਆ ਗੁਰਦੁਆਰਾ ਸਾਹਿਬ, ਵਿਰਕਾਂ ਦੇ ਪੰਡਿਤ ਅਨੁਜ ਕੁਮਾਰ (ਹਰਿਦੁਆਰ), ਸ਼੍ਰੋਮਣੀ ਢਾਡੀ ਦਇਆ ਸਿੰਘ ਦਿਲਬਰ, ਬੀਰ ਸਿੰਘ ਫ਼ੌਜੀ, ਠਾਕੁਰ ਸਿੰਘ ਫਾੜਾ, ਏ ਪੀ ਐਸ ਵਿਰਕ ਸੇਵਾ ਮੁਕਤ ਆਈ ਏ ਐਸ, ਰਾਜਿੰਦਰ ਸਿੰਘ ਸਾਬਕਾ ਚੇਅਰਮੈਨ ਪਿੰਡ ਸੰਘਾ, ਪਾਕਿਸਤਾਨ ਦੀ ਫੇਰੀ ਦੌਰਾਨ ਦੋਸਤਾਂ ਨਾਲ ਲੇਖਕ, ਬਘੇਲ ਸਿੰਘ ਪੱਤੀ ਜੱਸੇ ਕੀ (ਮੂਨਕ), ਗੁਰਦਿਆਲ ਸਿੰਘ ਸੇਵਾ ਮੁਕਤ ਐਸ ਡੀ ਓ ਪ੍ਰਧਾਨ ਗੁਰਦੁਆਰਾ ਕਮੇਟੀ ਅੱਕੂ ਮਸਤੇ ਕੇ, ਸਾਹਿਬ ਸਿੰਘ ਪਿੰਡ ਫੇਰੂ ਸ਼ਹਿਰ, ਦਰਸ਼ਨ ਸਿੰਘ ਸਰਪੰਚ ਅੱਕੂ ਮਸਤੇ ਕੇ, ਜਰਮੇਜ ਸਿੰਘ, ਬਹਾਲ ਸਿੰਘ ਪਿੰਡ ਸਰਾਏ ਬੋਦਲਾ (ਮਲੋਟ), ਪਰਤਾਪ ਸਿੰਘ ਪਿੰਡ ਕਰੀਵਾਲਾ (ਸਿਰਸਾ), ਜਗਹ ਸਿੰਘ ਪਿੰਡ ਲਹਿਲਹਾਂਦੀ ਮਸ਼ਹੂਰ ਕਬੱਡੀ ਖਿਡਾਰੀ, ਲੇਖਕ ਗੁਲਜ਼ਾਰ ਸਿੰਘ ਸੰਧੂ ਨਾਲ, ਲੇਖਕ ਦੇ ਸਪੁੱਤਰ ਸਰਬਜੀਤ ਸਿੰਘ ਵਿਰਕ ਐਡਵੋਕੇਟ ਅਤੇ ਪਰਮਜੀਤ ਸਿੰਘ ਵਿਰਕ ਐਸ ਪੀ ਸੇਵਾ ਮੁਕਤ ਅਤੇ ਲੇਖਕ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ। ਇਹ ਪੁਸਤਕ ਪੜ੍ਹਨ ਤੋਂ ਬਾਅਦ ਕਿਹਾ ਸਕਦਾ ਹੈ ਕਿ ਹਰੀ ਸਿੰਘ ਵਿਰਕ ਨੇ ਇਕ ਸੰਸਥਾ ਜਿਤਨਾ ਕੰਮ ਕੀਤਾ ਹੈ। ਪੰਜਾਬੀਆਂ ਨੂੰ ਆਪਣੀ ਵਿਰਾਸਤ ਨੂੰ ਇਤਿਹਾਸ ਦਾ ਹਿੱਸਾ ਬਣਾਉਣ ਲਈ ਹਰੀ ਸਿੰਘ ਵਿਰਕ ਦੀ ਤਰ੍ਹਾਂ ਆਪਣੇ ਪਿੰਡਾਂ ਅਤੇ ਗੋਤੀਆਂ ਬਾਰੇ ਪੁਸਤਕਾਂ ਪ੍ਰਕਾਸ਼ਤ ਕਰਕੇ ਆਪਣੀ ਮਿੱਟੀ ਦਾ ਮੁਲ ਮੋੜਨਾ ਚਾਹੀਦਾ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.