ਇੱਥੇ 23 ਜੂਨ ਨੂੰ ਬਰਤਾਨੀਆ ਵੱਲੋਂ ਆਪਣੇ ਨਾਗਰਿਕਾਂ ਅਤੇ ਵਾਸੀਆਂ ਤੋਂ ਇੱਕ ਇਤਿਹਾਸਕ ਲੋਕ-ਮਤ (ਰੈਫਰੈਂਡਮ) ਪ੍ਰਾਪਤ ਕੀਤਾ ਜਾ ਰਿਹਾ ਹੈ ਕਿ ਪਿਛਲੇ 42 ਵਰ੍ਹੇ ਤੋਂ 28 ਮੈਂਬਰ ਦੇਸ਼ੀ ਜਥੇਬੰਦੀ, ਯੂਰਪ ਸੰਘ, ਦਾ ਇਸੇ ਤਰ੍ਹਾਂ ਮੈਂਬਰ ਬਣੇ ਰਹਿਣਾ ਚਾਹੀਦਾ ਹੈ, ਜਾਂ ਇਸ ਦੀ ਮੈਂਬਰਸ਼ਿਪ ਤਿਆਗ ਕੇ ਆਪਣੇ ਬਲਬੂਤੇ ਤੇ ਸੁਤੰਤਰ ਤੌਰ ਤੇ ਵੱਖਰਾ ਦੇਸ਼ ਜਾਂ ਵੱਖਰੀ ਹਸਤੀ ਅਤੇ ਸ਼ਕਤੀ ਦੇ ਤੌਰ ਤੇ ਵਿਚਰਨ ਲਈ ਫ਼ੈਸਲਾ ਕਰਨਾ ਚਾਹੀਦਾ ਹੈ। ਇਸ ਇਤਿਹਾਸਕ ਫ਼ੈਸਲੇ ਲਈ ਬਰਤਾਨੀਆ ਦੀ ਹਰ ਰਾਜਨੀਤਕ ਪਾਰਟੀ ਦਾ ਮੈਂਬਰ, ਹਰ ਵਪਾਰਕ ਜਥੇਬੰਦੀ ਦਾ ਕਾਰਕੁਨ ਅਤੇ ਹਰ ਵਪਾਰਿਕ ਅਤੇ ਉਦਯੋਗਿਕ ਅਦਾਰੇ ਦਾ ਕਾਮਾ ਆਪਣੇ ਮੁਖੀਆਂ ਦੀ ਰਵਾਇਤੀ ਅਗਵਾਈ ਅਤੇ ਸੇਧ ਤੋਂ ਸੁਤੰਤਰ ਹੋ ਕੇ ਆਪਣੀ ਕੀਮਤੀ ਰਾਏ ਅਤੇ ਵੋਟ ਦੇਣ ਲਈ ਪੱਬਾਂ ਭਾਰ ਹੋਇਆ ਵੇਖਿਆ ਜਾ ਰਿਹਾ ਹੈ। ਭਾਵੇਂ ਬਰਤਾਨੀਆ ਦੀ ਰਾਜ-ਸੱਤਾ ਵਾਲੀ ਪਾਰਟੀ ਹੋਵੇ ਤੇ ਭਾਵੇਂ ਵਜ਼ਾਰਤ, ਇਸ ਦੇ ਮੈਂਬਰ ਦੁਫਾੜ ਹੋ ਕੇ ਯੂਰਪੀ ਸੰਘ ਦੇ ਮੈਂਬਰ ਰਹਿਣ ਦੇ ਹੱਕ ਅਤੇ ਵਿਰੋਧ ਵਿਚ ਆਪਣੀ ਆਵਾਜ਼ ਉਠਾਉਂਦੇ ਵੇਖੇ ਜਾ ਰਹੇ ਹਨ। ਇਸ ਵਿਸ਼ੇ ਉੱਤੇ ਇਸ ਲੇਖਕ ਨੇ ਇਨ੍ਹਾਂ ਕਾਲਮਾਂ ਵਿਚ ਅਪ੍ਰੈਲ ਦੇ ਸ਼ੁਰੂ ਵਿਚ ਵਿਸਥਾਰਪੂਰਵਕ ਰਿਪੋਰਟ (ਪੇਸ਼) ਕੀਤੀ ਸੀ, ਪਰ ਪਿਛਲੇ 10 ਹਫ਼ਤਿਆਂ ਦੌਰਾਨ ਉੱਭਰੀਆਂ ਅਨੇਕਾਂ ਦਲੀਲਾਂ ਅਤੇ ਵਖਰੇਵਿਆਂ ਨੂੰ ਮੁੱਖ ਰੱਖਦੇ ਹੋਏ ਆਪਣੇ ਕਾਬਿਲ ਪਾਠਕਾਂ ਲਈ ਇੱਥੇ ਇਸ ਇਤਿਹਾਸਕ ਦਿਹਾੜੇ ਵਰਣਨ ਕੀਤਾ ਜਾਣਾ ਜ਼ਰੂਰੀ ਸਮਝਿਆ ਹੈ ਕਿ ਇਸ ਵੇਲੇ ਕੌਣ ਕਿੱਥੇ ਖੜ੍ਹਾ ਹੈ? ਯੂਰਪੀ ਸੰਘ ਵਿਚ ਇਸੇ ਤਰ੍ਹਾਂ ਬਣੇ ਰਹਿਣ ਵਿਚ ਲਾਭ ਹੈ, ਜਾਂ ਇਸ ਦੀ ਮੈਂਬਰੀ ਤਿਆਗਣ ਵਿਚ ਲਾਭ ਹੈ? ਇਸ ਬਾਰੇ ਬਰਤਾਨੀਆ ਦੇ ਪ੍ਰਧਾਨ ਮੰਤਰੀ, ਉਸ ਦੀ ਵਜ਼ਾਰਤ ਦੇ ਆਪਣੇ ਮੈਂਬਰ, ਵਿਰੋਧੀ ਪਾਰਟੀਆਂ ਦੇ ਆਗੂ, ਅੰਤਰਰਾਸ਼ਟਰੀ ਅਦਾਰਿਆਂ ਦੇ ਮੁਖੀ, ਕਾਮਾ ਜਥੇਬੰਦੀਆਂ ਦੇ ਕਾਰਕੁਨ, ਬਹੁਕੌਮੀ ਬਰਤਾਨਵੀ ਕੰਪਨੀਆਂ ਦੇ ਮਾਲਕ ਜਾਂ ਇੱਥੇ ਸਥਾਪਤ ਭਾਰਤੀ ਕੰਪਨੀਆਂ ਅਤੇ ਭਾਰਤੀ ਸੰਸਥਾਵਾਂ ਦੇ ਆਗੂ ਇਸ ਵੇਲੇ ਕਿਥੇ ਖੜ੍ਹੇ ਹਨ? ਗ਼ੌਰ ਫਰਮਾਓ!
ਕੈਮਰਨ ਵਜ਼ਾਰਤ ਦੇ ਵਜ਼ੀਰ : ਮਈ 2015 ਤੋਂ ਦੂਜੀ ਵੇਰ ਨਿਰੋਲ ਕਨਜ਼ਰਵੇਟਿਵ ਜਾਂ ਟੋਰੀ ਪਾਰਟੀ ਦੀ ਸਰਕਾਰ ਦੇ ਬਣੇ ਪ੍ਰਧਾਨ ਮੰਤਰੀ, ਡੇਵਿਡ ਕੈਮਰਨ, ਦੀ 30 ਮੈਂਬਰੀ ਵਜ਼ਾਰਤ ਦੇ ਆਪਣੇ 6 ਵਜ਼ੀਰ ਅਤੇ ਲੰਡਨ ਦੇ ਮੇਅਰ ਯੂਰਪੀ ਸੰਘ ਦੀ ਮੈਂਬਰਸ਼ਿਪ ਤੋਂ ਬਾਹਰ ਆਉਣ ਦੇ ਹੱਕ ਵਿਚ ਹਨ, ਜਿਨ੍ਹਾਂ ਵਿਚ ਸੰਸਦ ਆਗੂ ਕ੍ਰਿਸ ਗਰੇਲਿੰਗ, ਸਭਿਆਚਾਰਕ ਮਾਮਲਿਆਂ ਦੇ ਮੰਤਰੀ ਜਾਨ ਵਿਟਿੰਗਡੇਲ, ਉੱਤਰੀ ਆਇਰਲੈਂਡ ਮਾਮਲਿਆਂ ਦੀ ਮੰਤਰੀ ਟਰੀਸਾ ਵਿਲੀਅਰਜ਼, ਨਿਆਂ ਵਿਭਾਗ ਦੇ ਮੰਤਰੀ ਮਾਈਕਲ ਗੋਵ ਅਤੇ ਭਾਰਤੀ ਮੂਲ ਦੀ ਰੁਜ਼ਗਾਰ ਵਿਭਾਗ ਦੀ ਰਾਜ ਮੰਤਰੀ ਪਰੀਤੀ ਪਟੇਲ ਅਤੇ ਲੰਡਨ ਦੇ ਸਾਬਕਾ ਮੇਅਰ ਬੌਰਿਸ ਜਾਨਸਨ ਸ਼ਾਮਿਲ ਹਨ।
ਰਾਜਨੀਤਕ ਪਾਰਟੀਆਂ ਦੇ ਸਾਂਸਦ : ਯੂਰਪੀ ਸੰਘ ਵਿਚ ਬਰਤਾਨੀਆ ਦੇ ਇਸੇ ਤਰ੍ਹਾਂ ਬਣੇ ਰਹਿਣ ਵਿਚ ਜਾਂ ਵਿਰੋਧ ਵਿਚ ਟੋਰੀ ਪਾਰਟੀ ਦੇ 172 ਮੈਂਬਰ ਰਹਿਣ ਅਤੇ 132 ਸਾਂਸਦ ਛੱਡਣ ਦੇ ਹੱਕ ਵਿਚ ਹਨ। ਲੇਬਰ ਪਾਰਟੀ ਦੇ ਕੁੱਲ 228 ਮੈਂਬਰਾਂ ਵਿਚੋਂ 218 ਇਸੇ ਤਰ੍ਹਾਂ ਮੈਂਬਰ ਬਣੇ ਰਹਿਣ ਅਤੇ 10 ਸਾਂਸਦ ਛੱਡਣ ਦੀ ਵਕਾਲਤ ਕਰ ਰਹੇ ਹਨ। ਸਕਾਟਲੈਂਡ ਦੀ ਖੇਤਰੀ ''ਸਕਾਟਿਸ ਨੈਸ਼ਨਲਿਸਟ ਪਾਰਟੀ'' ਦੇ ਸਾਰੇ ਦੇ ਸਾਰੇ 54 ਮੈਂਬਰ ਇਸੇ ਤਰ੍ਹਾਂ ਬਣੇ ਰਹਿਣ ਦੇ ਹੱਕ ਵਿਚ ਹਨ, ਲਿਬਰਲ ਡੈਮੋਕਰੇਟਿਵ ਪਾਰਟੀ ਦੇ 8 ਦੇ 8, ਸ਼ਿਨ ਫੇਨ ਦੇ 4 ਦੇ 4, ਉੱਤਰੀ ਆਇਰਲੈਂਡ ਦੀ ਸੋਸ਼ਲ ਡੈਮੋਕਰੇਟਿਵ ਲੇਬਰ ਪਾਰਟੀ ਦੇ ਸਾਰੇ 3, ਵੇਲਜ਼ ਦੀ ਪਲੇਡ ਕੈਮਰੂ ਦੇ 2 ਦੇ 2 ਮੈਂਬਰ ਇਸੇ ਤਰ੍ਹਾਂ ਬਣੇ ਰਹਿਣ ਦੇ ਹੱਕ ਵਿਚ ਹਨ, ਜਦ ਕਿ ਉੱਤਰੀ ਆਇਰਲੈਂਡ ਦੀ ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ ਦੇ ਸਾਰੇ 8 ਮੈਂਬਰ ਯੂਰਪੀ ਸੰਘ ਨੂੰ ਛੰਡਣ ਦੇ ਹੱਕ ਵਿਚ ਹਨ।
ਅੰਤਰਰਾਸ਼ਟਰੀ ਆਗੂ ਅਤੇ ਆਰਥਿਕ ਅਦਾਰੇ : ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ, ਬਰਾਕ ਓਬਾਮਾ, ਦੇ ਯੂਰਪੀ ਦੌਰੇ ਵੇਲੇ ਬੇਸ਼ੱਕ ਅਮਰੀਕੀ ਆਗੂ ਨੇ ਬਰਤਾਨਵੀ ਪ੍ਰਧਾਨ ਮੰਤਰੀ ਦੇ ਹੱਕ ਵਿਚ ਆਰਥਿਕ ਅਤੇ ਸੁਰੱਖਿਆ ਪੱਖੋਂ ਇਸੇ ਤਰ੍ਹਾਂ ਯੂਰਪ ਵਿਚ ਬਣੇ ਰਹਿਣ ਦੀ ਵਕਾਲਤ ਕੀਤੀ ਹੈ, ਪਰ ਬਰਾਕ ਓਬਾਮਾ ਦੇ ਵਿਚਾਰਾਂ ਤੋਂ ਬਾਅਦ ਰਵਾਇਤੀ ਵਿਰੋਧ ਵਜੋਂ ਰੂਸ ਦੇ ਆਗੂ ਵਲਾਦੀਵੀਰ ਪੁਤਿਨ ਨੇ ਚੁਟਕੀ ਲੈਂਦਿਆਂ ਕਿਹਾ ਕਿ ਡੇਵਿਡ ਕੈਮਰਨ ਸਹੂਲਤਾਂ ਪ੍ਰਾਪਤ ਕਰਨ ਅਤੇ ਸਾਂਝੇ ਖਾਤੇ ਵਿਚ ਹਰ ਹਫ਼ਤੇ ਹਿੱਸਾ ਪਾਉਣ ਤੋਂ ਛੋਟ ਪ੍ਰਾਪਤ ਕਰਨ ਲਈ ਯੂਰਪੀ ਸੰਘ ਦੇ ਆਗੂਆਂ ਨੂੰ ''ਬਲੈਕਮੇਲ'' ਕਰ ਰਿਹਾ ਹੈ। ਕੌਮਾਂਤਰੀ ਆਰਥਿਕ ਅਦਾਰੇ, ਇੰਟਰਨੈਸ਼ਨਲ ਮੈਨਾਰਟੀ ਫ਼ੰਡ ਨੇ ਬਰਤਾਨੀਆ ਦੇ ਇਸੇ ਤਰ੍ਹਾਂ ਬਣੇ ਰਹਿਣ ਦੀ ਵਕਾਲਤ ਕੀਤੀ ਹੈ, ਕਿ ਬਰਤਾਨੀਆ ਨੂੰ ਯੂਰਪੀ ਸੰਘ ਛੱਡਣ ਤੋਂ ਆਰਥਿਕ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਰਪ ਵਿਚ ਵਪਾਰ ਕਰ ਰਹੀਆਂ ਸਾਰੀਆਂ ਬਹੁਕੌਮੀ ਕੰਪਨੀਆਂ ਬਰਤਾਨੀਆ ਦੇ ਇਸੇ ਤਰ੍ਹਾਂ ਬਣੇ ਰਹਿਣ ਦੇ ਹੱਕ ਵਿਚ ਹਨ, ਜਿਨ੍ਹਾਂ ਵਿਚ ਅਮਰੀਕਾ ਦੀ ਫੋਰਡ ਕਾਰ ਕੰਪਨੀ, ਬਰਤਾਨੀਆ ਦੀ ਰੌਲਜ ਰਾਇਸ ਕਾਰ ਕੰਪਨੀ, ਜਨਰਲ ਅਲੈਕਟ੍ਰਿਕ ਮਾਰਕਸ ਸਪੈਂਸਰ, ਕਿੰਗਫਿਸਰ, ਵੋਡਾਫੋਨ, ਬੀ.ਟੀ., ਐਸਡਾ ਅਤੇ ਬ੍ਰਿਟਿਸ਼ ਪੈਟਰੋਲੀਅਮ ਆਦਿ ਵਰਨਣਯੋਗ ਹਨ।
ਇਸੇ ਤਰ੍ਹਾਂ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਵਪਾਰੀਆਂ ਦੇ ਅਰਬਾਂ ਰੁਪਏ ਜਾਂ ਲੱਖਾਂ ਪੌਂਡ ਦੇ ਕਾਰੋਬਾਰ ਕਰਨ ਵਾਲੇ ਲਗਭਗ 80 ਵਪਾਰਿਕ ਅਦਾਰਿਆਂ ਦੇ ਮੁਖੀਆਂ ਨੇ ਹਾਲੀਆ ਤੌਰ ਤੇ ਯੂਰਪੀ ਸੰਘ ਵਿਚ ਰਹਿਣ ਅਤੇ ਇਸੇ ਤਰ੍ਹਾਂ ਵਪਾਰ ਕਰਨ ਦੇ ਹੱਕ ਵਿਚ ਲਿਖ ਕੇ ਦਿੱਤਾ ਹੈ, ਜਿਨ੍ਹਾਂ ਵਿਚ ਲਾਰਡ ਕਰਨ ਬਿਲੀਮੌਰੀਆ, ਮਨੀਸ਼ ਤਿਵਾੜੀ, ਮਨੋਜ ਲਾਡਵਾ, ਫਿੱਕੀ ਦੇ ਪਰਤੀਕ ਦਤਾਨੀ, ਵਿਵੇਕ ਅਗਰਵਾਲ, ਨੀਰਜ ਅਰੋੜਾ, ਅਮਿਤ ਭਾਟੀਆ, ਰਾਜੇਸ਼ ਅਗਰਵਾਲ, ਰਾਜ ਭੱਟ, ਜਿੱਗ ਚਾਨਾ, ਰਵੀ ਗਿੱਧੜ, ਪਵਨ ਆਹਲੂਵਾਲੀਆ, ਸੁਨੀਲ ਬਖ਼ਸ਼ੀ, ਰੰਮੀ ਰੇਂਜਰ, ਗਿਲਕਰੈਸਟ ਕੰਪਨੀ ਵਾਲਾ ਹਰਮਿੰਦਰ ਗਿੱਲ, ਸਿੰਘਾਨੀਆ ਕੰਪਨੀ ਦਾ ਵਿਜੈ ਗੋਇਲ ਆਦਿ ਸ਼ਾਮਿਲ ਹਨ।
ਯੂਰਪੀ ਮੀਡੀਆ : ਹਰ ਦੇਸ਼ ਵਿਚ ਕੌਮੀ ਜਾਂ ਖੇਤਰੀ ਮੀਡੀਏ ਵੱਲੋਂ ਵੋਟਰਾਂ ਨੂੰ ਚੋਣਾਂ ਵੇਲੇ ਅਕਸਰ ਪ੍ਰਭਾਵਿਤ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਯੂਰਪੀ ਸੰਘ ਵਿਚ ਰਹਿਣ ਜਾਂ ਛੱਡਣ ਦੇ ਮੁੱਦੇ ਤੇ ਬਰਤਾਨੀਆ ਦਾ ਮੀਡੀਆ ਪ੍ਰਭਾਵਸ਼ਾਲੀ ਰੋਲ ਅਦਾ ਕਰ ਰਿਹਾ ਹੈ। ਆਸਟ੍ਰੇਲੀਆ ਮੂਲ ਦੇ ਮੀਡੀਆ ਮੁਖੀ ਰੂਪਰਟ ਮਰਡੋਕ ਦਾ ਲੰਡਨ ਤੋਂ 17 ਲੱਖ ਰੋਜ਼ਾਨਾ ਛਪਣ ਵਾਲੇ ''ਸਨ'' ਅਖ਼ਬਾਰ ਨੇ 14 ਜੂਨ ਨੂੰ ਜਦੋਂ ਮੁੱਖ ਪੰਨੇ ਤੇ ''ਲੀਵ ਅਰਥਾਤ ਛੱਡਣ'' ਦੀ ਵਕਾਲਤ ਕਰਦੀ ਖ਼ਬਰ ਛਾਪੀ ਹੈ, ਉਸ ਦਿਨ ਤੋਂ ਇਸ ਦੇ ਪਾਠਕ ਕਾਮਾ ਵਰਗ ਨੇ ਯੂਰਪੀ ਮੁੱਦੇ ਨੂੰ ਥਾਂ-ਥਾਂ ''ਛੱਡਣ'' ਦੀ ਚਰਚਾ ਸ਼ੁਰੂ ਕਰਵਾ ਦਿੱਤੀ ਹੈ। ਇਸੇ ਰੂਪਰਟ ਮਰਡੋਕ ਦਾ ਬਰਤਾਨੀਆ ਤੋਂ ਪ੍ਰਕਾਸ਼ਿਤ ਹੁੰਦਾ ਜਗਤ-ਪ੍ਰਸਿੱਧ ਅਖ਼ਬਾਰ ''ਟਾਈਮਜ਼'' ਬਰਤਾਨੀਆ ਨੂੰ ਇਸੇ ਤਰ੍ਹਾਂ ਸੰਘ ਦਾ ਮੈਂਬਰ ਬਣੇ ਰਹਿਣ ਵਿਚ ਹੀ ਭਲੇ ਬਾਰੇ ਸੰਪਾਦਕੀ ਅਤੇ ਮੁੱਖ ਲੇਖ ਛਾਪ ਰਿਹਾ ਹੈ।
ਬਰਤਾਨੀਆ ਦੀ ਯੂਰਪ ਸੰਘ ਨੂੰ ਛੱਡਣ ਵਿਚ ਹੀ ਭਲੇ ਦੀਆਂ ਦਲੀਲਾਂ ਦੇਣ ਵਾਲਾ ਲੰਡਨ ਤੋਂ ਪ੍ਰਕਾਸ਼ਿਤ ਹੁੰਦਾ ਅਤੇ 16 ਲੱਖ ਰੋਜ਼ਾਨਾ ਛਪਦਾ ''ਡੇਲੀ ਮੇਲ'' ਹੈ। ਇਸ ਅਖ਼ਬਾਰ ਦਾ ਕਹਿਣਾ ਹੈ ਕਿ ਬਰਤਾਨੀਆ ਦੇ ਹਾਕਮਾਂ ਅਤੇ ਲੋਕਾਂ ਨੂੰ ਆਪਣਾ ਦੇਸ਼ ਅਤੇ ਵਪਾਰ ਚਲਾਉਣ ਲਈ ਵਿਦੇਸ਼ੀ ਹਾਕਮਾਂ ਦੇ ਅਧੀਨ ਰਹਿਣ ਦੀ ਬਜਾਏ ਆਪਣਾ ਸੁਤੰਤਰ ਅਤੇ ਬਲਬੂਤੇ ਵਾਲਾ ਰਵੱਈਆ ਅਤੇ ਸਭਿਆਚਾਰ ਅਪਣਾਉਣਾ ਠੀਕ ਰਹੇਗਾ।
ਲੰਡਨ ਤੋਂ ਪ੍ਰਕਾਸ਼ਿਤ ਹੁੰਦਾ ''ਡੇਲੀ ਟੈਲੀਗਰਾਫ'' ਭਾਵੇਂ ਰਾਜ-ਸੱਤਾ ਵਾਲੀ ਟੋਰੀ ਪਾਰਟੀ ਦਾ ਬੁਲਾਰਾ ਸਮਝਿਆ ਜਾਂਦਾ ਹੈ, ਪਰ ਟੌਰੀ ਪਾਰਟੀ ਦੀ ਲੀਡਰਸ਼ਿਪ ਡੇਵਿਡ ਕੈਮਰਨ ਅਤੇ ਸਾਬਕਾ ਮੇਅਰ ਬੌਰਿਸ ਜਾਨਸਨ ਵਿਚ ਯੂਰਪੀ ਮੁੱਦੇ ਤੇ ਵੰਡੀ ਹੋਈ ਹੈ, ਅਤੇ ਬੌਰਿਸ ਜਾਨਸਨ ਪਾਰਟੀ ਅਤੇ ਸਰਕਾਰ ਵਿਚ ਯੂਰਪ ਨੂੰ ਛੱਡਣ ਦਾ ਮੁੱਖ ਆਗੂ ਹੈ, ਜੋ ਡੇਲੀ ਟੈਲੀਗਰਾਫ ਦਾ ਮੁੱਖ ਕਾਲਮਨਵੀਸ ਅਤੇ ਢਾਈ ਕਰੋੜ ਰੁਪਏ ਸਾਲਾਨਾ ਕਮਾਉਣ ਵਾਲਾ ਲੇਖਕ ਅਤੇ ਬਰਤਾਨਵੀ ਸਿਆਸਤਦਾਨ ਹੈ, ਜੋ ਬਰਤਾਨੀਆ ਦੇ ਯੂਰਪ ਵਿਚ ਇਸੇ ਤਰ੍ਹਾਂ ਰਹਿਣ ਦਾ ਵਿਰੋਧੀ ਹੈ ਅਤੇ ਇਸ ਦਾ ''ਕਾਲਮ'' ਹੁਣ ਯੂਰਪ ਛੱਡਣ ਦਾ ਪਲੇਟਫ਼ਾਰਮ ਬਣਿਆ ਨਜ਼ਰ ਆ ਰਿਹਾ ਹੈ।
ਗਾਰਡੀਅਨ ਦੇ ਸੁਤੰਤਰ, ਕਾਬਿਲ ਅਤੇ ਲਿਬਰਲ ਪਾਠਕ ਯੂਰਪੀ ਸੰਘ ਵਿਚ ਇਸੇ ਤਰ੍ਹਾਂ ਬਣੇ ਰਹਿਣ ਦੀ ਵਕਾਲਤ ਕਰਦੇ ਹਨ। ''ਡੇਲੀ ਐਕਸਪਰੈਸ'' ਯੂਰਪ ਛੱਡਣ ਦੀ ਹਾਮੀ ਭਰਦਾ ਵੇਖਿਆ ਜਾਂਦਾ ਹੈ ਅਤੇ ਅੰਡਰਗਰਾਊਂਡ ਰੇਲਾਂ ਵਿਚ ਹਰ ਰੋਜ਼ ਮੁਫ਼ਤ ਵੰਡਿਆ ਜਾ ਰਿਹਾ ''ਇਵਨਿੰਗ ਸਟੈਂਡਰਡ'' ਨਿਰਪੱਖਤਾ ਨਾਲ ਯੂਰਪੀ ਮਸਲੇ ਨੂੰ ਆਪਣੇ ਕਾਬਲ ਪਾਠਕਾਂ ਤੇ ਛੱਡ ਰਿਹਾ ਹੈ।
ਭਾਰਤੀ ਮੀਡੀਆ ਅਤੇ ਲੋਕ ਮਤ : ਬਰਤਾਨੀਆ ਵਿਚ ਇਸ ਵੇਲੇ ਲਗਭਗ 18 ਲੱਖ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ, ਭਾਰਤੀ ਵਾਸੀ ਅਤੇ ਭਾਰਤੀ ਮੂਲ ਦੇ ਬਰਤਾਨਵੀ ਆਵਾਸੀ ਵੱਖੋ-ਵੱਖਰੇ ਸ਼ਹਿਰਾਂ ਵਿਚ ਘੁੱਗ ਵੱਸ ਰਹੇ ਹਨ। ਭਾਰਤੀ ਮੂਲ ਦੇ ਇਨ੍ਹਾਂ ਬਰਤਾਨਵੀ ਵਾਸੀਆਂ ਦੀਆਂ ਨਿੱਤ ਲੋੜਾਂ ਅਤੇ ਮਸਲਿਆਂ ਦੀ ਭਾਰਤ ਤੋਂ ਬਾਹਰ ਯੂਰਪ ਜਾਂ ਕੌਮਾਂਤਰੀ ਪੱਧਰ ਤੇ ਚਰਚਾ ਕਰਨ ਲਈ ਭਾਰਤੀ ਮੀਡੀਆ ਬਹੁਤ ਪ੍ਰਭਾਵਸ਼ਾਲੀ ਰੋਲ ਅਦਾ ਕਰਦਾ ਵੇਖਿਆ ਜਾ ਰਿਹਾ ਹੈ, ਜੋ ਟੈਲੀਵਿਜ਼ਨ ਰਾਹੀਂ ਐਨ.ਡੀ. ਟੀਵੀ, ਆਜ ਤੱਕ, ਏ.ਬੀ.ਪੀ., ਇੰਡੀਆ ਟੂਡੇ, ਜੀ ਅਤੇ ਪੰਜਾਬੀ ਚੈਨਲ ਦੇ ਰੂਪ ਵਿਚ ਭਾਰਤੀ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ। ਇਨ੍ਹਾਂ ਦੇ ਨਾਲ-ਨਾਲ ਬਰਤਾਨੀਆ ਦੇ ਦੂਜੇ ਵੱਡੇ ਸ਼ਹਿਰ ਬਰਮਿੰਘਮ ਵਿਖੇ ਭਾਰਤੀ ਮੂਲ ਦੇ ਬਰਤਾਨਵੀ ਸਿੱਖਾਂ ਦੇ ਤਿੰਨ ਟੀਵੀ ਚੈਨਲ, ਸਿੱਖ ਚੈਨਲ, ਸੰਗਤ ਟੀਵੀ ਅਤੇ ਅਕਾਲ ਚੈਨਲ ਦੇ ਰੂਪ ਵਿਚ 24 ਘੰਟੇ ਵੱਖੋ-ਵੱਖਰੇ ਵਿਸ਼ਿਆਂ ਤੇ ਪ੍ਰੋਗਰਾਮ ਅਤੇ ਭਾਰਤੀ ਖ਼ਬਰਾਂ ਪੰਜਾਬੀ ਵਿਚ ਪੇਸ਼ ਕਰਦੇ ਹਨ। ਇਨ੍ਹਾਂ ਟੀ.ਵੀ. ਚੈਨਲਾਂ ਤੋਂ ਬਿਨਾਂ ਭਾਰਤੀ ਰੇਡੀਉ ਅਤੇ ਪੰਜਾਬੀ ਜਾਂ ਗੁਜਰਾਤੀ ਅਖ਼ਬਾਰ ਵੀ ਲੰਡਨ, ਬਰਮਿੰਘਮ, ਡਾਰਲਸਟਨ, ਡਰਬੀ ਆਦਿ ਸ਼ਹਿਰਾਂ ਤੋਂ ਪ੍ਰਕਾਸ਼ਿਤ ਹੁੰਦੇ ਹਨ, ਜਿਨ੍ਹਾਂ ਵਿਚ ਯੂਰਪੀ ਸੰਘ ਵਿਚ ਬਣੇ ਰਹਿਣ ਜਾਂ ਇਸ ਨੂੰ ਛੱਡਣ ਦਾ ਮੁੱਦਾ ਲਗਾਤਾਰ ਚਰਚਿਤ ਹੈ।
ਬਰਮਿੰਘਮ ਵਿਚ ਸਥਿਤ ਅਕਾਲ ਟੀ.ਵੀ. ਚੈਨਲ ਉੱਤੇ ਬੀਤੇ ਦੋ ਹਫ਼ਤੇ ਤੋਂ ਇੱਕ ਯੂਨੀਵਰਸਿਟੀ ਲੈਕਚਰਾਰ, ਡਾਕਟਰ ਗੁਰਨਾਮ ਸਿੰਘ, ਵੱਲੋਂ ਇਸ ਮੁੱਦੇ ਤੇ ਲਗਾਤਾਰ ਪ੍ਰੋਗਰਾਮ ਵਿਖਾਇਆ ਜਾ ਰਿਹਾ ਹੈ, ਜਿਸ ਵਿਚ ਸਿੱਖ ਭਾਈਚਾਰੇ ਦੇ ਆਗੂ ਅਤੇ ਬੁੱਧੀਜੀਵੀ ਆਪੋ-ਆਪਣੇ ਰਹਿਣ ਦੇ ਪੱਖ ਅਤੇ ਵਿਰੋਧ ਵਿਚ ਵਿਚਾਰ ਚਰਚਾ ਕਰਦੇ ਵੇਖੇ ਜਾ ਰਹੇ ਹਨ, ਜਿਨ੍ਹਾਂ ਵਿਚ ਬਰਤਾਨੀਆ ਦੇ ਪਹਿਲੇ ਸਿੱਖ ਪ੍ਰਿੰਸੀਪਲ ਡਾ. ਸੁਜਿੰਦਰ ਸਿੰਘ ਸੰਘਾ, ਡਾ. ਹਰੀਸ਼ ਮਲਹੋਤਰਾ, ਕੌਂਸਲਰ ਗੁਰਦਿਆਲ ਸਿੰਘ ਅਟਵਾਲ, ਭਾਰਤੀ ਕਾਮਿਆਂ ਦੀ ਸੰਸਥਾ ਸ਼ਹੀਦ ਊਧਮ ਸਿੰਘ ਟਰੱਸਟ ਦੇ ਮੁਖੀ ਅਵਤਾਰ ਸਿੰਘ ਜੌਹਲ, ਅਮਰੀਕ ਸਿੰਘ ਸਹੋਤਾ, ਡਾ. ਭੋਗਲ, ਲੰਦਨ ਵਿਚ ਟੋਰੀ ਪਾਰਟੀ ਦੇ ਆਗੂ ਅਤੇ ਯੂਰਪ ਨੂੰ ਛੱਡਣ ਦੀ ਵਕਾਲਤ ਕਰ ਰਹੇ ਸਮੀਰ ਜੱਸਲ, ਲੇਬਰ ਪਾਰਟੀ ਦੇ ਮਨਜਿੰਦਰ ਸਿੰਘ ਕੰਗ, ਸਿੱਖ ਮੈਨੀਫੈਸਟੋ ਵਾਲੇ ਜੱਸ ਸਿੰਘ ਖਟਕੜ, ਸਿੱਖ ਕੌਂਸਲ ਦੇ ਜਗਜੀਤ ਸਿੰਘ ਇਸ ਮੁੱਦੇ 'ਤੇ ਆਪਣੇ ਵਿਚਾਰ ਦਿੰਦੇ ਵੇਖੇ ਗਏ ਹਨ।
ਐਮ.ਪੀ. ਜੋ ਕੌਕਸ ਦਾ ਕਤਲ : ਯੂਰਪੀ ਮੁੱਦੇ ਦੇ ਭਖੇ ਹੋਏ ਮਸਲੇ ਤੇ ਬੀਤੇ ਦਿਨੀਂ ਪੱਛਮੀ ਯਾਰਕਸ਼ਾਇਰ ਦੀ ਇੱਕ ਮੈਂਬਰ ਪਾਰਲੀਮੈਂਟ, ਜੋ ਕੌਕਸ, ਦਾ ਇੱਕ ਵਿਅਕਤੀ ਨੇ ਇਸ ਕਰਕੇ ਕਤਲ ਕੀਤਾ ਗਿਆ ਦੱਸਿਆ ਗਿਆ ਹੈ ਕਿ ਉਹ ਝੰਡਾ ਚੁੱਕ ਕੇ ਬਹੁਤ ਸਰਗਰਮੀ ਨਾਲ ਬਰਤਾਨੀਆ ਦੇ ਯੂਰਪ ਵਿਚ ਇਸੇ ਤਰ੍ਹਾਂ ਬਣੇ ਰਹਿਣ ਦੇ ਹੱਕ ਵਿਚ ਪ੍ਰਚਾਰ ਅਤੇ ਲੋਕ-ਲਹਿਰ ਚਲਾ ਰਹੀ ਸੀ। ਕਤਲ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਉੱਤੇ ਕਤਲ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ।
22-06-2016
ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ
-
ਨਰਪਾਲ ਸਿੰਘ ਸ਼ੇਰਗਿੱਲ , ਲੰਡਨ, ਕੌਮਾਂਤਰੀ ਜਰਨਲਿਸਟ
shergill@journalist.com
+44-7903-190 838 , +91-9417104002
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.