2015 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਕ ਕਿਤਾਬ ਲਿਖਵਾਈ ਸੀ,ਜਿਹਦਾ ਟਾਇਟਲ ਤੁਸੀਂ ਦੇਖ ਰਹੇ ਹੋ(ਸੰਗੀਤ ਸੰਸਾਰ ਦੀਆਂ ਅਭੁੱਲ ਯਾਦਾਂ)। ਬੜੀ ਮੇਹਨਤ ਨਾਲ ਇਹ ਕਿਤਾਬ ਤਿਆਰ ਕੀਤੀ। ਦੁਰਲੱਭ ਫੋਟੋਆਂ ਲੱਭ ਲੱਭ ਲਿਆਇਆ। ਇਹ ਕਿਤਾਬ ਪੰਜਾਬ ਦੇ ਲੋਕ ਸੰਗੀਤ ਨਾਲ ਨੇੜਿਓਂ ਜੁੜੀ ਹੋਈ ਹੈ ਪਰ ਅਫਸੋਸ ਦੀ ਗੱਲ ਹੈ ਕਿ ਨਾ ਗਾਉਣ ਵਾਲਿਆਂ, ਨਾ ਗੀਤ ਬਣਾਉਣ ਵਾਲਿਆਂ ਤੇ ਨਾ ਧੁਨਾਂ ਸਿਰਜਣ ਵਾਲਿਆਂ ਨੇ ਇਸ ਕਿਤਾਬ ਦੇ ਦੀਦਾਰ ਹੀ ਨਹੀਂ ਕੀਤੇ, ਜਿੰਨਾ ਦੇ ਖੇਤਰ ਨਾਲ ਸਬੰਧਤ ਸਮੱਗਰੀ ਇਸ ਕਿਤਾਬ ਵਿਚ 'ਕੱਠੀ ਕਰਕੇ ਪਰੋਸੀ ਸੀ।
ਇਸ ਕਿਤਾਬ ਦੇ ਕਿਸੇ ਪੰਨੇ ਉਤੇ ਬੀਬੀ ਨੂਰਾਂ ਗਾ ਰਹੀ ਹੈ: ਕੁੱਲੀ ਰਾਹ ਵਿਚ ਪਾਈ ਅਸਾਂ ਤੇਰੇ, ਵੇ ਆਉਂਦਾ ਜਾਂਦਾ ਤੱਕਦਾ ਰਹੀਂ, ਕਿਤੇ ਬਾਬਾ ਮਿਲਖੀ ਰਾਮ ਹੇਕ ਲਾ ਰਿਹਾ: ਉਡੀ ਉਡੀ ਜਾ ਢੋਲ ਦਿਆ ਤੋਤਿਆ, ਕਿਤੇ ਰੇਸ਼ਮਾ ਕੂਕ ਰਹੀ: ਉਠ ਗਏ ਗੁਆਂਢੋ ਯਾਰ ਰੱਬਾ ਹੁਣ ਕੀ ਕਰੀਏ, ਬੀਬਾ ਦੇ ਬੋਲ ਗੂੰਜ ਰਹੇ: ਆਹ ਲੈ ਮਾਏਂ ਸਾਂਭ ਕੁੰਜੀਆਂ,ਧੀਆਂ ਕਰ ਚੱਲੀਆਂ ਸਰਦਾਰੀ, ਕਿਸੇ ਪੰਨੇ ਉਤੇ ਚੰਦਰ ਕਾਂਤਾ ਕਪੂਰ ਕਾਂ ਨੂੰ ਸੁਣਾ ਰਹੀ: ਉਡਦਾ ਤੇ ਜਾਵੀਂ ਕਾਵਾਂ,ਬਹਿੰਦੜਾ ਜਾਵੀਂ ਮੇਰੇ ਪੇਕੜੇ, ਸੁਰਿੰਦਰ ਕੌਰ ਮਧਾਣੀਆਂ ਗਾ ਰਹੀ। ਮਾਣਕ ਮਾਂ ਦਾ ਗੀਤ ਛੋਹੀ ਬੈਠਾ ਤੇ ਛਿੰਦਾ ਜਿਊਣਾ ਮੌੜ । ਕਿਤੇ ਹਸਨਪੁਰੀ ਤੇ ਦੇਵ ਥਰੀਕੇ ਵਾਲਾ ਬਾਤਾਂ ਪਾ ਰਹੇ ਨੇ, ਕਿਤੇ ਸਨਮੁਖ ਸਿੰਘ ਅਜਾਦ ਤੇ ਬਾਬੂ ਸਿੰਘ ਮਾਨ ਬੈਠੇ ਨੇ।
ਕਿਧਰੇ ਜਸੋਵਾਲ ਬਾਪੂ ਭੱਜਿਆ ਫਿਰਦਾ ਮੋਹਨ ਸਿੰਘ ਮੇਲੇ 'ਚ ਤੇ ਪਿਛੇ ਪਿਛੇ ਪ੍ਰਗਟ ਗਰੇਵਾਲ ਤੇ ਗੁਰਭਜਨ ਗਿੱਲ, ਤੇ ਨਾਲ ਨਾਲ ਨਿਰਮਲ ਜੌੜਾ ਵੀ ਸੀਟੀਆਂ ਮਾਰਦਾ ਫਿਰਦਾ। ਇਕ ਥਾਂ ਪਾਤਰ ਸਾਹਿਬ ਤੇ ਮਾਣਕ ਗਲੱਵਕੜੀ ਪਾਈ ਖੜੇ ਨੇ। ਗਾਰਗੀ ਉਸਤਾਦ ਬੜੇ ਗੁਲਾਮ ਅਲੀ ਖਾਂ ਵੱਲ ਵੇਖ ਵੇਖ ਮੁਸਕਰਾ ਰਿਹਾ। ਸੋਹਣ ਸਿੰਘ ਸ਼ੀਤਲ ਤੇ ਉਸਤਾਦ ਯਮਲਾ ਜੀ ਦੁਖ ਸੁਖ ਫੋਲ ਰਹੇ ਨੇ। ਕਿਤੇ ਉਸਤਾਦ ਦੀ ਆਲਮ ਲੋਹਾਰ ਨਾਲ ਜੱਫੀ ਹੈ। ਕਿਤੇ ਪੰਡਤ ਨਹਿਰੂ ਤੇ ਕੈਰੋਂ ਨਾਲ ਉਸਤਾਦ ਕਿਸੇ ਮਹਿਫਿਲ ਵਿਚ ਫੱਬ ਰਿਹੈ।ਪੂਰਨ ਸ਼ਾਹਕੋਟੀ ਤੇ ਬੇਬੇ ਮਥਰੋ ਧੁੱਪ ਸੇਕ ਰਹੇ ਰਹੇ ਕੋਠੇ ਉਤੇ ਗਦੈਲਾ ਵਿਛਾਕੇ।
ਬਾਬਾ ਜਸੋਵਾਲ ਜਗਤ ਸਿੰਘ ਜੱਗਾ ਦੇ ਮੂੰਹ 'ਚ ਲੱਡੂ ਪਾ ਰਿਹੈ । ਜਸਦੇਵ ਯਮਲਾ ਆਪਣੇ ਪਿਤਾ ਦੇ ਚੇਲਿਆਂ ਵਿਚ ਘਿਰਿਆ ਹੋਇਆ ਖੜਾ ਸ਼ੰਮਲਾ ਛੱਡਕੇ ਚਿੱਟੀ ਪਗੜੀ ਦਾ ਡੇਰਾ ਬਾਬਾ ਨਾਨਕ ਲਾਗੇ ਕਿਸੇ ਪਿੰਡ ਵਿਚ। ਕਿਧਰੇ ਪੰਮੀ ਬਾਈ ਲੁੱਡੀਆਂ ਪਾਉਂਦਾ ਫਿਰਦੈ। ਰਾਮੂਵਾਲੀਏ ਭਰਾ ਆਪਣੇ ਬਾਪੂ ਪਾਰਸ ਦੀ ਕਵੀਸ਼ਰੀ ਅਲਾਪ ਰਹੇ ਨੇ: ਜਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ। ਚਾਂਦੀ ਰਾਮ ਤੇ ਸ਼ਾਂਤੀ ਦੇਵੀ ਦਾ ਅਖਾੜਾ ਲੱਗਿਆ ਹੋਇਆ ਸ਼ੇਰ ਸਿੰਘ ਵਾਲੇ ਪਿੰਡ: ਲੈਜਾ ਛੱਲੀਆਂ ਭੁੰਨਾ ਲਈਂ ਦਾਣੇ ਵੇ ਮਿੱਤਰਾ ਦੂਰ ਦਿਆ। ਅਮਰਜੀਤ ਗੁਰਦਾਸਪੁਰੀ ਤੇ ਪਰਤਾਪ ਸਿੰਘ ਕੈਰੋਂ ਦੀ ਘੈਂਸ ਘੈਂਸ ਹੋ ਰਹੀ। ਹਰਚਰਨ ਗਰੇਵਾਲ ਦੀ ਖਾਮੋਸ਼ੀ ਦੇਖਣ ਵਾਲੀ ਹੈ। ਬੇਲੀ ਰਾਮ ਦੇ ਅਲਗੋਜਿਆਂ ਦੀ ਗੂੰਜਾਰ ਵਾਹਗਿਓਂ ਪਾਰ ਪੈ ਰਹੀ। ਚਮਕੀਲੇ ਤੇ ਅਮਰਜੋਤ ਦੀਆਂ ਲਾਸ਼ਾਂ ਦੁਆਲੇ ਰੋਣ ਕੁਰਲਾਉਣ ਹੈ।
ਦਿਲਸ਼ਾਦ ਅਖਤਰ ਆਖ ਰਿਹਾ: ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨੀਂ ਕਾਹਨੂੰ ਅੱਥਰੂ ਵਹਾਉਂਦੀ। ਇਕ ਪੰਨੇ ਉਤੇ ਧਰਮ ਕੰਮੇਆਣਾ ਲਿਖ ਰਿਹਾ: ਪਹਿਲਾਂ ਯਾਰ ਦੀ ਕੁਲੀ ਨੂੰ ਅੱਗ ਲਾਦੇ, ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀਂ। ਖੈਰ! ਪਤਾ ਨਹੀਂ, ਏਹ ਕਿਤਾਬ ਯੂਨੀਵਰਸਿਟੀ ਵਿਚੋਂ ਬਾਹਰ ਕਿਓਂ ਨਹੀਂ ਨਿਕਲੀ? ਵੈਸੇ ਪਹਿਲਾ ਐਡੀਸ਼ਨ ਮੁਕ ਚੁੱਕਾ ਦਸਦੇ ਨੇ। ਹੋ ਸਕਦੈ ਕਿ ਸੰਗੀਤ ਦੇ ਵਿਦਿਆਰਥੀਆਂ-ਖੋਜਾਰਥੀਆਂ ਨੇ ਖਰੀਦ ਕਰ ਲਈ ਹੋਵੇ ਏਹਦੀ। ਹੁਣ ਹੋਰ ਨਹੀ ਲਿਖ ਹੁੰਦਾ। ਜੇ ਕਿਸੇ ਨੂੰ ਪੜਨ ਦੀ ਚਾਹਤ ਹੋਵੇ, ਆਟਮ ਆਰਟ ਵਾਲਿਆਂ ਤੋਂ ਮੰਗਵਾ ਸਕਦੇ ਹੋ, ਕੋਰੀਅਰ ਤੇ ਡਾਕ ਰਾਹੀਂ ਘਰੇ ਘੱਲ ਦੇਣਗੇ। ਆਪਣਾ ਐਡਰੈੱਸ ਤੇ ਫੋਨ ਨੰਬਰ ਪਰੀਤੀ ਸ਼ੈਲੀ ਦੇ ਇਸ ਫੋਨ --9115872450-ਉਤੇ ਲਿਖ ਭੇਜੋ, ਵਿਚੇ ਡਾਕ ਖਰਚਾ ਪਾਕੇ ਤਿੰਨ ਸੌ ਵੀਹ ਰੁਪਏ ਲੱਗਣਗੇ। ਕਿਸੇ ਹੋਰ ਕਿਤਾਬ ਬਾਰੇ ਅਗਲੇ ਐਤਵਾਰ ਗੱਲ ਕਰਾਂਗੇ। ਧੰਨਵਾਦ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.