ਗਾਉਣਾ ਜਾ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਇਹ ਪਰਮਾਤਮਾਂ ਵੱਲੋ ਮਿਲਿਆ ਉਹ ਤੋਹਫ਼ਾ ਹੈ, ਜੋ ਬੜੇ ਘੱਟ ਲੋਕਾਂ ਦੇ ਹੱਥ ਆਉਦਾ ਹੈ। ਗੀਤਕਾਰੀ ਓਹੀ ਕਾਰਗਰ ਹੁੰਦੀ ਹੈ, ਜੋ ਸ੍ਰੋਤੇ ਤੇ ਛਾਪ ਛੱਡ ਜਾਵੇ। ਗਾਇਕ ਓਹੀ ਸਫਲ ਮੰਨਿਆ ਜਾਂਦਾ ਜੀਹਦੀ ਅਵਾਜ਼ ਵਿੱਚ ਕਸ਼ਸ਼ ਹੋਵੇ। ਮਿਊਜਕ ਓਹੀ ਅਨੰਦਮਈ ਹੁੰਦਾ ਜੋ ਤੁਹਾਨੂੰ ਕਿਸੇ ਵਿਸਮਾਦ ਵਿੱਚ ਲੈ ਜਾਵੇ। ਵੀਡੀਓ ਓਹੀ ਪ੍ਰਵਾਨ ਚੜਦੀ ਜਿਹੜੀ ਥੋੜੇ ਸਮੇਂ ਵਿੱਚ ਵੱਡਾ ਮੈਸਿਜ ਦੇ ਜਾਵੇ। ਜੀ ਹਾਂ, ਪਿਛਲੇ ਦਿਨੀ ਕੁਝ ਅਜਿਹੇ ਗੁਣਾ ਨਾਲ ਭਰਪੂਰ ਗੀਤ ‘ਸੱਜਣਾਂ ਵੇ’ ਯੂ-ਟੂਬ ਤੇ ਸੁਣਨ ਨੂੰ ਮਿਲਿਆ, ਇਸ ਗੀਤ ਨੂੰ ਲਿਖਿਆ ਅਤੇ ਗਾਇਆ ਹੈ ਫਰਿਜ਼ਨੋ ਨਿਵਾਸੀ ਗਾਇਕਾ ਅਤੇ ਹੋਸਟ ਜੋਤ ਰਣਜੀਤ ਕੌਰ ਨੇ।
ਇਸ ਗੀਤ ਦਾ ਕੰਨਾਂ ਵਿੱਚ ਰਸ ਘੋਲਦਾ ਮਿਊਜ਼ਿਕ ਜੱਸੀ ਬ੍ਰਦ੍ਰਜ਼ ਵੱਲੋ ਦਿੱਤਾ ਗਿਆ ਹੈ। ਇਸ ਗੀਤ ਦੇ ਬੋਲਾਂ ਤੇ ਖਰੀ ਉਤਰਦੀ ਵੀਡੀਓਗ੍ਰਾਫੀ ਜੱਸੀ ਧਨੋਆ ਨੇ ਰੂਹ ਲਾਕੇ ਕੀਤੀ ਹੈ। ਇਸ ਗੀਤ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਜ਼ੈਂਡਰ ਮੌਰਗਿਜ਼ ਵਾਲੇ ਮੋਹਨ ਚੀਮਾ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਗੀਤ ਨੂੰ ਸਪੀਡ ਰੈਕਰਡ ਵੱਲੋ ਵੱਡੇ ਪੱਧਰ ਤੇ ਰਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਜੋਤ ਰਣਜੀਤ ਕੌਰ ਨੇ ਜਿੰਨਾ ਵਧੀਆ ਲਿਖਿਆ, ਉਸ ਤੋ ਕਿਤੇ ਵਧੀਆ ਗਾਇਆ ਹੈ। ਇਹ ਗੀਤ ਦੋ ਰੂਹਾਂ ਦੇ ਪਿਆਰ ਦੇ ਇਜ਼ਹਾਰ ਦੀ ਕਹਾਣੀ ਹੈ। ਇਹ ਗੀਤ ਵਿਛੋੜੇ ਦੇ ਦਰਦ ਦੀ ਬਾਤ ਪਾਉਦਾ, ਬਿਰਹੋਂ ਵਿੱਚ ਗੜੁੱਚ ਸ਼ਾਇਰੀ ਦਾ ਸਿੱਖਰ ਹੈ।
ਇਸ ਗੀਤ ਨੂੰ ਵਾਰ ਵਾਰ ਸੁਣਨ ਨੂੰ ਦਿਲ ਕਰਦਾ ‘ਤੇ ਇਹ ਗੀਤ ਸੁਣਕੇ ਮਨ ਨੂੰ ਸਕੂਨ ਮਿਲਦਾ ਹੈ। ਅਦਾਕਾਰੀ ਪੱਖੋਂ ਗੁੰਨ੍ਹਿਆਂ ਗੀਤ ਹਰ ਪੱਖ ਤੋ ਸੰਪੂਰਨ ਨਜ਼ਰ ਆਉਦਾ ਹੈ। ਜੋਤ ਰਣਜੀਤ ਕੌਰ ਨੇ ਸੰਗੀਤ ਦੀ ਉਚੇਚੀ ਵਿੱਦਿਆ ਉਸਤਾਦ ਅਲੀ ਅਕਬਰ ਜੀ (ਮੁਹੰਮਦ ਸਾਦਿਕ ਦੇ ਭਤੀਜੇ) ਅਤੇ ਅਰਵਿੰਦਰ ਰੈਨਾ ਕੋਲੋ ਬਕਾਇਦਾ ਤੌਰ ਤੇ ਲਈ, ਸ਼ਾਇਦ ਇਸੇ ਕਰਕੇ ਜੋਤ ਰਣਜੀਤ ਕੌਰ ਨੂੰ ਸੁਰ-ਤਾਲ ਦਾ ਖ਼ੂਬ ਗਿਆਨ ਹੈ। ਜੋਤ ਰਣਜੀਤ ਕੌਰ ਜਦੋਂ ਕਿਸੇ ਵਜ਼ਦ ਵਿੱਚ ਆਕੇ ਗਾਉਂਦੀ ਹੈ ‘ਤਾਂ ਜਿਵੇਂ ਸਮਾਂ ਰੁੱਕ ਜਾਂਦਾ ਹੈ। ਮਿਲਾਪੜੇ ਸੁਭਾਅ ਦੀ ਕੋਮਲ ਜਿਹੀ ਕੁੜੀ ਜਦੋਂ ਮਾਇਕ ਤੇ ਖੜਕੇ ਬੋਲਦੀ ਹੈ ‘ਤਾਂ ਪਤਾ ਲਗਦਾ ਕਿ ਲਿਟਰੇਚਰ ਨਾਲ ਗੂੜਾ ਨਾਤਾ ਰੱਖਦੀ ਹੈ। ਢੱਡ ਫੜਕੇ ਜਦੋ ਢਾਡੀ ਕਲਾ ਦਾ ਰੰਗ ਵਿਖੇਰਦੀ ਹੈ ‘ਤਾਂ ਸ੍ਰੋਤੇ ਅੱਸ਼ ਅੱਸ਼ ਕਰ ਉੱਠਦੇ ਨੇ।
ਜੋਤ ਰਣਜੀਤ ਕੌਰ 2014 ਵਿੱਚ ਅਮਰੀਕਾ ਆਈ, ਓਦੋਂ ਤੋ ਲੈਕੇ ਹੁਣ ਤੱਕ ਜਿੱਥੇ ਉਸਨੇ ਵੱਖੋ-ਵੱਖ ਰੇਡੀਓ ਸਟੇਸ਼ਨਾਂ ਤੋਂ ਆਪਣੀ ਅਵਾਜ਼ ਨਾਲ ਸੇਵਾ ਕੀਤੀ, ਓਥੇ ਵੱਡੇ ਵੱਡੇ ਸ਼ੋਅ ਹੋਸਟ ਕਰਨ ਦਾ ਮਾਣ ਵੀ ਜੋਤ ਰਣਜੀਤ ਕੌਰ ਨੂੰ ਜਾਂਦਾ ਹੈ। ਜੋਤ ਰਣਜੀਤ ਕੌਰ ਦਾ ਪੰਜਾਬ ਵਿੱਚ ਪਿੰਡ ਤਲਵੰਡੀ ਭਾਈ ਜਿਲਾ ਫਿਰੋਜ਼ਪੁਰ ਵਿੱਚ ਪੈਂਦਾ ਹੈ। ਜੋਤ ਰਣਜੀਤ ਦਾ ਪਹਿਲਾ ਸੋਲੋ ਗੀਤ “ਸੁੱਖੇ ਜਿੰਦੇ ਦੀ ਘੋੜੀ” ਕਈ ਸਾਲ ਪਹਿਲਾ ਮਾਰਕੀਟ ਵਿੱਚ ਆਇਆ ਸੀ, ਜਿਸਨੂੰ ਸ੍ਰੋਤਿਆਂ ਵੱਲੋ ਬਹੁਤ ਪਿਆਰ ਮਿਲਿਆ । ਉਸਤੋਂ ਬਾਅਦ ਉਹਨਾਂ ਦਾ ਗੀਤਕਾਰ ਮੰਗਲ ਹਠੂਰ ਦਾ ਲਿਖਿਆ ਡਿਊਟ ਗੀਤ “ਫੋਟੋ ਖਿੱਚ ਮਾਹੀਆ” ਗਾਇਕ ਧਰਮਵੀਰ ਥਾਂਦੀ ਨਾਲ ਗਾਇਆ, ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸ਼ਿੰਗਾਰ ਬਣਿਆ, ਜਿਸਨੂੰ ਡੀਜੇ ਤੇ ਲੋਕਾਂ ਵੱਲੋ ਭਰਪੂਰ ਹੁੰਗਾਰਾ ਮਿਲਿਆ । ਆਉਣ ਵਾਲੇ ਸਮੇਂ ਵਿੱਚ ਜੋਤ ਰਣਜੀਤ ਕੌਰ ਦੇ ਹੋਰ ਵੀ ਬਹੁਤ ਸਾਰੇ ਗੀਤ ਮਾਰਕੀਟ ਵਿੱਚ ਆ ਰਹੇ ਹਨ। ਆਸ ਕਰਦੇ ਹਾਂ ਉਹ ਵੀ ਕੰਨ ਖਾਊ ਮਿਊਜ਼ਿਕ ਤੋ ਹਟਕੇ, ਮਿਆਰੀ ‘ਤੇ ਰੂਹ ਨੂੰ ਸਕੂਨ ਦੇਣ ਵਾਲੇ ਹੋਣਗੇ।
ਜੋਤ ਰਣਜੀਤ ਕੌਰ ਦੀ ਸ਼ਾਇਰੀ ਦਾ ਕੁਝ ਕੁ ਰੰਗ ਉਸਦੀਆਂ ਕਵਿਤਾਵਾਂ ਜ਼ਰੀਏ ਤੁਹਾਡੇ ਰੂਬਰੂ ਕਰ ਰਿਹਾ ਹਾਂ….
ਉਹ ਕਹਿੰਦੇ ਬਹਿਰ ਨੂੰ ਵੀ ਵੇਖਿਆ ਕਰ ,ਲਿਖਣ ਤੋ ਪਹਿਲਾਂ
ਮੈ ਪੁੱਛਿਆ...ਸੋਚਿਆ ਸੀ ਇੱਕ ਦੂਜੇ ਨੂੰ
ਮਿਲਣ ਤੋ ਪਹਿਲਾ ?
ਮੈਂ ਕੁਝ ਕੁ ਗੀਤ ਲਿਖੇ ਸੀ. ਉਹਦੇ ਤੁਰ ਜਾਣ ਦੇ ਮਗਰੋ
ਇਹਨਾਂ ਦੀ ਧੁਨ ਬਣਾ ਲਈਏ..ਓਹਦੇ ਮੁੜ ਆਉਣ ਤੋ ਪਹਿਲਾਂ
ਤਿੰਨਾ ਪੁਤਰਾਂ ਦੀ ਮਾਂ ਕਹਿੰਦੀ ਸੁਣੀ ਸੀ
ਆਸ਼ਰਮ ਦੇ ਵਿੱਚ
ਦੁਪੱਟਾ ਵੀ ਜ਼ਰੂਰੀ ਸੀ..ਕਿ ਇੱਕ ਦਸਤਾਰ ਤੋ ਪਹਿਲਾਂ
ਕਹਿੰਦੇ ਭੱਜ ਦੌੜ ਦਿਨ ਭਰ ਦੀ..ਗਮਾਂ ਨੂੰ ਤੋੜ ਦਿੰਦੀ ਏ
ਖਬਰ ਮਾੜੀ ਜੇ ਆਉਣੀ ਏ..ਤਾਂ ਆਵੇ ਰਾਤ ਤੋ ਪਹਿਲਾਂ..!
ਕਦੇ ਉਹ ਛੋਟੇ ਬਹਿਰ ਵਿੱਚ ਵੱਡਾ ਸੁਨੇਹਾ ਦਿੰਦੀ ਕੁਝ ਏਦਾਂ ਵੀ ਆਖ ਜਾਂਦੀ ਏ….
ਆਜਾ ਬਹਿਕੇ ਗੱਲ ਕਰ ਲਈਏ
ਵਿਗੜੇ ਮਸਲੇ ਹੱਲ ਕਰ ਲਈਏ
ਕੱਲ ਕੱਲ ਕਰਦੇ ਦੇਰ ਨਾ ਹੋਜੇ
ਚੱਲ ਇਹਨੂੰ ਅੱਜਕੱਲ ਕਰ ਲਈਏ..!
ਕਦੇ ਉਹ ਸ਼ਾਇਰੀ ਦੇ ਤੀਰ ਛੱਡਦੀ, ਪਿਆਰ ਮੁਹੱਬਤ ਦੀ ਬਾਤ ਪਾਉਂਦੀ, ਰੂਹਾਂ ਦੇ ਰਿਸ਼ਤੇ ਦੀ ਗੱਲ ਕਰਦੀ ਹੈ….
ਮੇਰੀ ਹਰ ਅਧੂਰੀ ਗਜ਼ਲ ਤੇ
ਨਜ਼ਰਾਂ ਇਲਾਹੀ ਪੈ ਗਈਆਂ
ਅੱਖਰ ਮੁਹੱਬਤ ਬਣ ਗਏ
ਬਹਿਰਾਂ ਇਬਾਦਤ ਹੋ ਗਈਆਂ
ਤੇਰਾ ਹੁਨਰ.. ਮੇਰਾ ਇਲਮ
ਇੱਕ ਨੂਰ ਹੋ ਜਾਣਾ ਕਦੇ
ਸਤਰਾਂ ਮੁਕੱਦਸ ਹੋ ਗਈਆਂ
ਨਜ਼ਮਾਂ ਨਾਂ.. ਨਜ਼ਮਾਂ ਰਹਿ ਗਈਆਂ..!
ਅਖੀਰ ਵਿੱਚ ਇਹੀ ਕਹਿਣਾ ਚਾਵਾਂਗਾ ਕਿ ਚੰਗੀ ਸ਼ਾਇਰੀ, ਚੰਗੇ ਗੀਤਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਮਿਆਰੀ ਗੀਤਾਂ ਨੂੰ ਹੁੰਗਾਰਾ ਦੇਣਾ ਚਾਹੀਦਾ, ਤਾਂਹੀ ਜੋਤ ਰਣਜੀਤ ਕੌਰ ਵਰਗੀਆਂ ਕਲਮਾਂ ਅਤੇ ਅਵਾਜ਼ਾਂ ਅੱਜ ਦੀ ਕਾਂਵਾਂ-ਰੌਲ਼ੀ ਵਿੱਚ ਵੱਖਰਾ ਹੋਕਾ ਦਿੰਦੀਆਂ ਰਹਿ ਸਕਣਗੀਆਂ। ਸਾਡੇ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਵੱਲੋ ਜੋਤ ਰਣਜੀਤ ਕੌਰ ਲਈ ਸ਼ੁੱਭਇੱਛਾਵਾਂ।
ਪੱਤਰਕਾਰ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
-
ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆ), ਲੇਖਕ ਤੇ ਪੱਤਰਕਾਰ
gptrucking134@gmail.com
559-333-5776
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.