‘ਸੰਯੁਕਤ ਰਾਸ਼ਟਰ ਸੰਘ’ ਦੀ ਜਰਨਲ ਅਸੈਂਬਲੀ ਵੱਲੋਂ 4 ਦਸੰਬਰ, 2000 ਨੂੰ ਇਸ ਅਸੈਂਬਲੀ ਦੀ ਪੰਜਾਹਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਮਤਾ ਨੰਬਰ 55/76 ਵਿੱਚ ਆਉਣ ਵਾਲੇ ਅਗਲੇ ਨਵੇਂ ਸਾਲ 2001 ਦੀ ਤਰੀਕ 20 ਜੂਨ ਨੂੰ ‘ਵਿਸ਼ਵ ਸ਼ਰਨਾਰਥੀ ਦਿਵਸ’ ਵਜੋਂ ਮਨਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਉਸਤੋਂ ਬਾਅਦ ਹਰ ਸਾਲ ਪੂਰੇ ਵਿਸ਼ਵ ਵਿੱਚ 20 ਜੂਨ ਨੂੰ ਵਿਸ਼ਵ ਸ਼ਰਨਾਰਥੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਲੋਕਾਂ ਨੂੰ ਸਮਰਪਿਤ ਕਰਕੇ ਮਨਾਇਆ ਜਾਂਦਾ ਹੈ ਜੋ ਆਪਣੀਆਂ ਜਾਨਾਂ ਬਚਾਕੇ ਕਿਸੇ ਮਜਬੂਰੀ ਵੱਸ ਆਪਣਾ ਘਰ-ਬਾਰ ਇੱਥੋਂ ਤੱਕ ਕਿ ਕਈ ਵਾਰ ਦੇਸ਼ ਛੱਡਕੇ ਵੀ ਕਿਸੇ ਦੂਜੇ ਦੇਸ਼ ਵਿੱਚ ਪਨਾਹ ਲੈਂਦੇ ਹਨ। ਘਰ ਬਾਰ ਛੱਡ ਕੇ ਭੁੱਖੇ ਤਿਹਾਏ ਕਿਸੇ ਦੂਜੀ ਜਗ੍ਹਾ, ਦੂਜੇ ਦੇਸ਼ ਅਤੇ ਉੱਥੋਂ ਦੇ ਲੋਕਾਂ ਵਿੱਚ ਸ਼ਰਨ ਲੈਣ ਵਾਲ਼ਿਆਂ ਨੂੰ ਸ਼ਰਨਾਰਥੀ ਅਤੇ ਅੰਗਰੇਜ਼ੀ ਵਿੱਚ ਰਫਿਊਜੀ ਕਹਿੰਦੇ ਨੇ।
ਨਵੀਂ ਜਗ੍ਹਾ ਤੇ ਜਾ ਕੇ ਨਵੇਂ ਲੋਕਾਂ ਵਿੱਚ ਵਿਚਰਨਾ ਅਤੇ ਉੱਥੇ ਵੱਸਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਅੱਜ-ਕੱਲ੍ਹ ਵੀ ਵਿਸ਼ਵ ਦੇ ਕਈ ਮੁਲਕਾਂ ਵਿੱਚ ਉੱਥਲ ਪੁੱਥਲ ਚੱਲ ਰਹੀ ਹੈ, ਜਿਸਦੀ ਵਜ੍ਹਾ ਨਾਲ ਹੁਣ ਵੀ ਕਰੋੜਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਆਪਣੇ ਘਰ ਛੱਡਕੇ ਦਰ-ਬ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ ਅਤੇ ਸ਼ਰਨਾਰਥੀ ਕੈਂਪਾਂ ਵਿੱਚ ਰੁਲ਼ ਰਹੇ ਹਨ। ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੀ ਮਨੁੱਖ ਨੇ ਇਤਿਹਾਸ ਵਿੱਚ ਹੋਈਆਂ ਗਲਤੀਆਂ ਤੋਂ ਹਜੇ ਤੱਕ ਵੀ ਕੁਝ ਨਹੀਂ ਸਿੱਖਿਆ!!? ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾਰ ਰਫਿਊਜੀਸ (UNHCR) ਅਤੇ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ (UNRWA) ਦੀਆਂ ਰਿਪੋਰਟਾਂ ਮੁਤਾਬਕ ਸਾਲ 2017 ਵਿੱਚ ਪੂਰੇ ਵਿਸ਼ਵ ਵਿੱਚ ਤਕਰੀਬਨ ਢਾਈ ਕਰੋੜ ਲੋਕ ਸ਼ਰਨਾਰਥੀਆਂ ਵਜੋਂ ਵਿਸ਼ਵ ਦੇ ਅਲੱਗ ਅਲੱਗ ਮੁਲਕਾਂ ਵਿੱਚ ਰਹਿ ਰਹੇ ਹਨ। ਕਈ ਵਿਕਸਿਤ ਮੁਲਕਾਂ ਨੇ ਤਾਂ ਆਪਣੇ ਦਰਵਾਜ਼ੇ ਸ਼ਰਨਾਰਥੀਆਂ ਲਈ ਹਮੇਲਾਂ ਖੁੱਲ੍ਹੇ ਰੱਖੇ ਹੋਏ ਹਨ। ਪਰ ਕਈ ਮੁਲਕਾਂ ਨੇ ਆਪਣੇ ਸਾਧਨਾਂ ਉੱਪਰ ਹੋਰ ਦਬਾਅ ਦੇ ਡਰੋਂ ਸ਼ਰਨਾਰਥੀਆਂ ਦਾ ਪ੍ਰਵੇਸ਼ ਬਿਲਕੁਲ ਹੀ ਬੰਦ ਕਰ ਦਿੱਤਾ ਹੈ। ਨਤੀਜੇ ਵਜੋਂ ਕਈ ਵਿਕਾਸਸ਼ੀਲ ਦੇਸ਼ ਸ਼ਰਨਾਰਥੀਆਂ ਨੂੰ ਸੰਭਾਲ ਰਹੇ ਹਨ।
ਪਿਛਲੇ ਮਹੀਨਿਆਂ ਦੌਰਾਨ ਰੂਸ-ਯੂਕਰੇਨ ਯੁੱਧ ਵਿੱਚ ਲੱਖਾਂ ਯੂਕਰੇਨੀ ਨਾਗਰਿਕ ਆਪਣੀਆਂ ਜਾਨਾਂ ਬਚਾਕੇ ਗੁਆਂਢੀ ਦੇਸ਼ਾਂ ਵਿੱਚ ਚਲੇ ਗਏ ਅਤੇ ਹੁਣ ਵੀ ਉੱਥੇ ਲੱਗੇ ਕੈਂਪਾਂ ਵਿੱਚ ਰਹਿ ਰਹੇ ਹਨ। ਸੀਰੀਆ ਗ੍ਰਹਿ ਯੁੱਧ ਦੌਰਾਨ ਵੀ ਬਹੁਤੇ ਸੀਰੀਆਈ ਨਾਗਰਿਕਾਂ ਨੇ ਯੂਰਪੀ ਦੇਸ਼ਾਂ ਅਤੇ ਕੈਨੇਡਾ ਵਿੱਚ ਸ਼ਰਨ ਲਈ। 1980-2000 ਸਾਲਾਂ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨਾਂ ਦੇ ਸਿਖਰ ਵੇਲੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੋਂ ‘ਹਿੰਦੂ’ ਅਤੇ ‘ਸਿੱਖ’ ਸ਼ਰਨਾਰਥੀ ਬਣਕੇ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਗਏ। ਹੱਸਦੇ ਵੱਸਦੇ ਲੋਕਾਂ ਦੇ ਇਸ ਤਰ੍ਹਾਂ ਉੱਜੜਨ ਦੀਆਂ ਬਹੁਤ ਉਦਾਹਰਣਾਂ ਮਿਲ ਸਕਦੀਆਂ ਹਨ। ਸਭ ਕੁਝ ਲੁਟਾਕੇ ਸਿਰਫ ਤਨ ਦੇ ਕੱਪੜੇ ਅਤੇ ਜਾਨਾਂ ਬਚਾਉਣ, ਸ਼ਰਨਾਰਥੀ ਬਣਕੇ ਸ਼ਰਨਾਰਥੀ ਕੈਂਪਾਂ ਵਿੱਚ ਰੁਲਣ ਦੀ ਪੀੜ ਪੰਜਾਬੀਆਂ ਤੋਂ ਵੱਧ ਆਖ਼ਰ ਕੌਣ ਜਾਣ ਸਕਦਾ ਏ?! ਕਿਉਂਕਿ ਪੰਜਾਬੀਆਂ ਦੇ ਉਜਾੜੇ ਦੀ ਦਾਸਤਾਨ ਹੁਣ ਤੱਕ ਦੇ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡੀ ਉਜਾੜੇ ਦੀ ਦਾਸਤਾਨ ਹੈ। 1947 ਵਿੱਚ ਜਦੋਂ ਪੰਜਾਬ ਤੇ ਬੰਗਾਲ ਦੀ ਵੰਡ ਹੋਈ ਤਾਂ ਇੱਕ ਕਰੋੜ ਤੋਂ ਵੀ ਵੱਧ ਲੋਕ ਬੇਘਰ ਹੋ ਗਏ ਅਤੇ ਲੱਖਾਂ ਲੋਕ ਮਾਰੇ ਗਏ।
ਇਨ੍ਹਾਂ ਉਜੜਨ ਅਤੇ ਮਰਨ ਵਾਲ਼ਿਆਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੀ ਸੀ। ਕਈ ਮਹੀਨਿਆਂ ਦੀ ਲੰਬੀ ਕਤਲੋਗਾਰਤ ਅਤੇ ਲੁੱਟਾਂ ਖੋਹਾਂ ਤੋਂ ਬਾਅਦ ਦੋਵੇਂ ਪਾਸੇ ਅਬਾਦੀ ਦਾ ਤਬਾਦਲਾ ਤਾਂ ਹੋ ਗਿਆ, ਪਰ ਅੱਗੇ ਆਉਣ ਵਾਲੇ ਕਈ ਸਾਲ ਸੰਘਰਸ਼ ਭਰੇ ਰਹੇ। ਅਜ਼ਾਦ ਹੋਏ ਦੋਨਾਂ ਨਵਿਆਂ ਦੇਸ਼ਾਂ ਦੀਆਂ ਸਰਕਾਰਾਂ ਦੀ ਸਭ ਤੋਂ ਪਹਿਲੀ ਮੁਸ਼ਕਿਲ ਇਨ੍ਹਾਂ ਸ਼ਰਨਾਰਥੀਆਂ ਦਾ ਮੁੜ ਵਸੇਬਾ ਸੀ। ਜਿਸਨੂੰ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਗਈ ਉੱਥੇ ਉੱਥੇ ਬੈਠਦੇ ਗਏ। ਪਿੱਛੇ ਖੇਤੀ-ਬਾੜੀ ਵਾਲ਼ੀਆਂ ਜ਼ਮੀਨਾਂ ਛੱਡਕੇ ਆਉਣ ਵਾਲ਼ਿਆਂ ਨੂੰ ਜ਼ਮੀਨਾਂ, ਕਾਰੋਬਾਰ ਛੱਡਣ ਵਾਲ਼ਿਆਂ ਨੂੰ ਕਾਰੋਬਾਰ ਅਤੇ ਘਰ ਅਲਾਟ ਕੀਤੇ ਗਏ। ਅਲਾਟਮੈਂਟ ਵਾਲੀਆਂ ਜ਼ਮੀਨਾਂ, ਕਾਰੋਬਾਰ ਅਤੇ ਘਰ ਭਾਂਵੇ ਪਿੱਛੇ ਰਹਿ ਗਏ ਸਰਮਾਏ ਜਿਹੇ ਚੰਗੇ ਨਹੀਂ ਮਿਲ ਸਕੇ ਪਰ ਹੌਲੀ ਹੌਲੀ ਮਿਹਨਤ ਨਾਲ ਪੰਜਾਬੀਆਂ ਨੇ ਸਭ ਕੁਝ ਅਬਾਦ ਕਰ ਲਿਆ ਅਤੇ ਜ਼ਿੰਦਗੀ ਦੀ ਗੱਡੀ ਫਿਰ ਤੋਂ ਇੱਕ ਵਾਰ ਰਿੜਨ ਲੱਗੀ। ਸਮੇਂ ਦੇ ਨਾਲ ਨਾਲ ਇਨ੍ਹਾਂ ਪੰਜਾਬੀਆਂ ਨੇ ਹੋਰ ਵੀ ਬਹੁਤ ਤਰੱਕੀ ਕੀਤੀ। ਜਾਨਾਂ ਗੁਆਉਣ ਵਾਲੇ ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਪੁਰਾਣੇ ਪਿੰਡਾਂ ਜਾਂ ਸ਼ਹਿਰਾਂ ਨੂੰ ਇਹ ਕਦੇ ਵੀ ਨਹੀਂ ਭੁੱਲੇ। ਜ਼ਿੰਦਗੀ ਦੇ ਆਖ਼ਰੀ ਪਲਾਂ ਵਿੱਚ ਵੀ ਬਹੁਤਿਆਂ ਨੇ ਵਾਪਸੀ ਦੀ ਉਮੀਦ ਨਹੀਂ ਛੱਡੀ। ਪਰ ਮਨੁੱਖ ਹੱਥੋਂ ਮਨੁੱਖ ਦੀ ਹੋਈ ਇਸ ਬਰਬਾਦੀ ਨਾਲ ਵਾਪਸੀ ਨਾਮੁਮਕਿਨ ਸੀ।
ਵੰਡ ਤੋਂ ਬਾਅਦ ਪੰਜਾਬ ਦੇ ਦੋਵੇਂ ਪਾਸੇ ਨਵੇਂ ਆਏ ਲੋਕਾਂ ਨੂੰ ਕਈ ਥਾਂਵਾਂ ਤੇ ਸਥਾਨਕ ਲੋਕਾਂ ਦਾ ਸਹਿਯੋਗ ਵੀ ਮਿਲਿਆ ਅਤੇ ਨਾਲ ਨਾਲ ਵਿਰੋਧੀਆਂ ਦਾ ਸਾਹਮਣਾ ਵੀ ਕਰਨਾ ਪਿਆ। ਸਹਿਯੋਗ ਦੇਣ ਵਾਲਿਆਂ ਦੇ ਦਿਲਾਂ ਵਿੱਚ ਜਿੱਥੇ ਇਨ੍ਹਾਂ ਲਈ ਤਰਸ ਸੀ ਉੱਥੇ ਹੀ ਵਿਰੋਧੀ ਇਨ੍ਹਾਂ ਪ੍ਰਤੀ ਘ੍ਰਿਣਾ ਨਾਲ ਭਰੇ ਹੋਏ ਸਨ। ਜੋ ਇਹ ਸਮਝਦੇ ਸਨ ਕਿ ਇੱਥੇ ਖਾਲ਼ੀ ਹੋਈਆਂ ਜ਼ਮੀਨਾਂ, ਘਰਾਂ ਅਤੇ ਕਾਰੋਬਾਰਾਂ ਉੱਪਰ ਸਿਰਫ ਉਨ੍ਹਾਂ ਦਾ ਅਧਿਕਾਰ ਹੈ। ਇਸ ਤਰ੍ਹਾਂ ਦੇ ਮਸਲਿਆਂ ਉੱਪਰ ਕਈ ਵਾਰ ਲੜਾਈ ਝਗੜੇ ਵੀ ਹੋ ਜਾਂਦੇ ਸਨ। ਇਹੋ ਜਿਹੀਆਂ ਘਟਨਾਵਾਂ ਅਤੇ ਹੋਰਨਾਂ ਕਾਰਨਾਂ ਕਰਕੇ ਕਈਆਂ ਨੂੰ ਬਾਅਦ ਵਿੱਚ ਵੀ ਵਾਰ ਵਾਰ ਥਾਂਵਾਂ ਬਦਲਣ ਲਈ ਮਜਬੂਰ ਹੋਣਾ ਪਿਆ। ਉਸ ਸਮੇਂ ਇਨ੍ਹਾਂ ਦੀ ਮਨੋਸਥਿਤੀ ਕਿਹੋ ਜਿਹੀ ਰਹੀ ਹੋਵੇਗੀ, ਇਸ ਬਾਰੇ ਸਿਰਫ ਉਹੀ ਜਾਣਦੇ ਹੋਣਗੇ। ਭਾਰਤ ਵਿੱਚ ਪੰਜਾਬ ਦੀ ਧਰਤੀ ਤੋਂ ਦੂਰ ਜਾ ਕੇ ਵੱਸਣ ਵਾਲੇ ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਵੀ ਹੌਲੀ ਹੌਲੀ ਦੂਰ ਹੁੰਦੀਆਂ ਗਈਆਂ।
ਚੜ੍ਹਦੇ ਪੰਜਾਬ ਵਿੱਚ ਅੱਜ ਵੀ ਕਈ ਇਲਾਕਿਆਂ ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਪੰਜਾਬੀਆਂ ਲਈ ਹੁਣ ਵੀ ‘ਰਫਿਊਜੀ’ ਲਫ਼ਜ਼ ਵਰਤਿਆ ਜਾਂਦਾ ਹੈ ਅਤੇ ਲਹਿੰਦੇ ਪੰਜਾਬ ਵਿੱਚ ਇਧਰੋਂ ਗਏ ਲੋਕਾਂ ਨੂੰ ‘ਮੁਹਾਜਿਰ’ ਕਹਿੰਦੇ ਨੇ। ਇਹ ਸਭ ਬੀਤਿਆਂ ਅੱਜ ਸੱਤਰ ਸਾਲ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ, ਪਰ ਇਨ੍ਹਾਂ ਸ਼ਬਦਾਂ ਨੇ ਹਜੇ ਤੱਕ ਵੀ ਇਨ੍ਹਾਂ ਪੰਜਾਬੀਆਂ ਦੀਆਂ ਅਗਲੀਆਂ ਨਸਲਾਂ ਦਾ ਵੀ ਪਿੱਛਾ ਨਹੀਂ ਛੱਡਿਆ। ਹੁਣ ਵਾਲੇ ਨਵੇਂ ਬੱਚੇ ਭਾਂਵੇ ਆਪਣੀ ਪਹਿਚਾਣ ਹੀ ਇਨ੍ਹਾਂ ਸ਼ਬਦਾਂ ਨਾਲ ਕਰਵਾਉਣੀ ਚਾਹੁੰਦੇ ਹਨ ਪਰ ਮੈਂ ਜਿੱਥੋਂ ਤੱਕ ਦੇਖਿਆ ਹੈ ਕਿ ਜੇ ਕਿਸੇ ਬਜ਼ੁਰਗ ਕੋਲ ਉਨ੍ਹਾਂ ਨੂੰ ਇਨ੍ਹਾਂ ਸ਼ਬਦਾਂ ਨਾਲ ਸੰਬੋਧਿਤ ਕਰੀਏ ਤਾਂ ਅੱਜ ਵੀ ਉਨ੍ਹਾਂ ਦੇ ਪੁਰਾਣੇ ਜ਼ਖ਼ਮ ਹਰੇ ਹੋ ਜਾਂਦੇ ਹਨ। ਹੁਣ ਉਹ ਬਜ਼ੁਰਗ ਆਪਣੇ ਆਪ ਨੂੰ ‘ਰਫਿਊਜੀ’ ਜਾਂ ‘ਮੁਹਾਜਿਰ’ ਨਹੀਂ ਅਖਵਾਉਣਾ ਚਾਹੁੰਦੇ। ਜੇ ਦੇਖਿਆ ਜਾਵੇ ਤਾਂ ਇਹ ਕਾਫੀ ਹੱਦ ਤੱਕ ਸਹੀ ਵੀ ਹੈ, ਕਿਉਕਿ ਹੁਣ ਉਹ ਅਤੇ ਉਨ੍ਹਾਂ ਦੇ ਬੱਚੇ ਸਥਾਨਕ ਲੋਕਾਂ ਵਿੱਚ ਰਚਮਿਚ ਗਏ ਹਨ। ਇਨ੍ਹਾਂ ਨੇ ਸਥਾਨਕ ਲੋਕਾਂ ਨਾਲ ਆਪਣਾ ਸੱਭਿਆਚਾਰ ਸਾਂਝਾ ਕੀਤਾ ਅਤੇ ਕੁਝ ਚੀਜ਼ਾਂ ਉਨ੍ਹਾਂ ਦੇ ਸੱਭਿਆਚਾਰ ਦੀਆਂ ਅਪਣਾਈਆਂ। ਪਹਿਲਾਂ ਪਹਿਲ ਸਥਾਨਕ ਲੋਕ ਆਪਣੇ ਬੱਚਿਆਂ ਦੇ ਰਿਸ਼ਤੇ ਵੀ ਇਨ੍ਹਾਂ ਦੇ ਬੱਚਿਆਂ ਨਾਲ ਨਹੀਂ ਕਰਦੇ ਸਨ ਅਤੇ ਨਵੇਂ ਲੋਕ ਵੀ ਅਜਿਹਾ ਕਰਨ ਤੋਂ ਟਾਲਾ ਵੱਟਦੇ ਸਨ। ਪਰ ਸਮੇਂ ਦੇ ਬਦਲਣ ਨਾਲ ਅੱਜ-ਕੱਲ੍ਹ ਇਹ ਸਭ ਵੀ ਹੋਣ ਲੱਗ ਗਿਆ ਹੈ। ਇਨ੍ਹਾਂ ਪੰਜਾਬੀਆਂ ਨੇ ਬਹੁਤ ਕੁਝ ਗੁਆ ਕੇ ਵੀ ਬਹੁਤ ਕੁਝ ਬਣਾ ਲਿਆ, ਆਪਣੇ ਔਖੇ ਵੇਲੇ ਵਿੱਚ ਆਪਣੇ ਵਰਗਿਆਂ ਦਾ ਹੀ ਸਹਾਰਾ ਬਣੇ ਤੇ ਅੱਜ ਹਰ ਪੱਖੋਂ ਸੰਪੰਨ ਨੇ।
ਪਿਛਲੇ ਦਿਨੀਂ ਮੇਰੇ ਇੱਕ ਦੋਸਤ ਨਾਲ ਮੇਰੀ ਗੱਲ ਹੋਈ ਜੋ ਹੁਣ ਇਸ ਵਕਤ ਕੈਨੇਡਾ ਵਿੱਚ ਹੈ। ਉਸਨੇ ਦੱਸਿਆ ਕਿ ਉਸਨੂੰ ਉੱਥੇ ਇੱਕ ਸੀਰੀਆਈ ਸ਼ਰਨਾਰਥੀ ਮਿਲਿਆ ਜੋ ਆਪਣੇ ਪਰਿਵਾਰ ਨਾਲ ਉੱਥੇ ਰਹਿ ਰਿਹਾ ਹੈ। ਉਸਨੇ ਉਸਨੂੰ ਪੁੱਛਿਆ ਕਿ ਕੀ ਉਹ ਵਾਪਸ ਸੀਰੀਆ ਜਾਣਾ ਚਾਹੁੰਦਾ ਹੈ ਜਾਂ ਨਹੀਂ? ਤਾਂ ਉਸ ਸੀਰੀਆਈ ਨੇ ਜਵਾਬ ਵਿੱਚ ਕਿਹਾ ਕਿ ਉਹ ਇੱਕ ਨਾ ਇੱਕ ਦਿਨ ਜ਼ਰੂਰ ਵਾਪਸ ਆਪਣੇ ਵਤਨ ਜਾਵੇਗਾ ਕਿਉਕਿ ਇੱਥੇ ਉਸਦੀ ਪਹਿਚਾਣ ਇੱਕ ਸ਼ਰਨਾਰਥੀ ਤੋਂ ਵੱਧ ਹੋਰ ਕੁਝ ਵੀ ਨਹੀਂ ਅਤੇ ਉਹ ਨਹੀਂ ਚਾਹੁੰਦਾ ਕਿ ਉਹ ਹਮੇਸ਼ਾ ਲਈ ਸ਼ਰਨਾਰਥੀ ਬਣਕੇ ਇੱਥੇ ਹੀ ਰਹੇ। ਮੇਰਾ ਦੋਸਤ ਇਹ ਗੱਲ ਕਰਦੇ ਕਰਦੇ ਜ਼ਰਾ ਭਾਵੁਕ ਵੀ ਹੋ ਗਿਆ। ਜਦੋਂ ਮੈਂ ਉਸਨੂੰ ਇਸਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦੇ ਦਾਦਾ ਜੀ ਵੀ ਵੰਡ ਵੇਲੇ ਪਾਕਿਸਤਾਨ ਤੋਂ ਆਪਣੇ ਪਰਿਵਾਰ ਸਮੇਤ ਸ਼ਰਨਾਰਥੀ ਬਣਕੇ ਭਾਰਤੀ ਪੰਜਾਬ ਆਏ ਸਨ। ਪਰ ਉਹ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਜੀਅ ਆਪਣੇ ਆਪ ਨੂੰ ਰਫਿਊਜੀ ਜਾਂ ਸ਼ਰਨਾਰਥੀ ਕਹਾਉਣਾ ਪਸੰਦ ਨਹੀਂ ਸੀ ਕਰਦਾ। ਜਦੋਂਕਿ ਉਨ੍ਹਾਂ ਦੇ ਬੱਚੇ ਆਪਣੀ ਪਹਿਚਾਣ ਹੀ ਕਿਸੇ ਨਾਲ ਰਫਿਊਜੀ ਵਜੋਂ ਕਰਾਉਂਦੇ ਸਨ। ਉਸਨੇ ਇਹ ਵੀ ਦੱਸਿਆ ਕਿ ਹੁਣ ਉਸਦੇ ਦਾਦਾ ਜੀ ਇਸ ਦੁਨੀਆਂ ਵਿੱਚ ਨਹੀਂ ਹਨ ਪਰ ਅੱਜ ਉਸਨੂੰ ਉਸਦੇ ਦਾਦਾ ਜੀ ਦੀ ਉਹ ਤਕਲੀਫ਼ ਮਹਿਸੂਸ ਹੋ ਰਹੀ ਹੈ ਕਿ ਉਹ ਕਿਉਂ ਆਪਣੇ ਆਪ ਨੂੰ ਰਫਿਊਜੀ ਕਹਾਉਣਾ ਪਸੰਦ ਨਹੀਂ ਕਰਦੇ ਸਨ ਜਾਂ ਉਨ੍ਹਾਂ ਨੂੰ ਇਸ ਪਛਾਣ ਤੋਂ ਕਿਉਂ ਰੋਕਦੇ ਸਨ। ਉਹ ਹਮੇਸ਼ਾ ਆਪਣੇ ਪਿਛਲੇ ਪਿੰਡ ਵਾਪਸ ਜਾਣਾ ਚਾਹੁੰਦੇ ਸਨ, ਪਰ ਉਨ੍ਹਾਂ ਦੀ ਇਹ ਇੱਛਾ ਕਦੇ ਵੀ ਪੂਰੀ ਨਾ ਹੋ ਸਕੀ।
ਅਸੀਂ ਪੰਜਾਬੀ ਨਿੱਤ ਦਿਨ ਸੈਂਕੜੇ ਗੁਰਦੁਆਰਿਆਂ ਵਿੱਚ ਸਵੇਰੇ ਸ਼ਾਮ ਹੋਣ ਵਾਲੀਆਂ ਅਰਦਾਸਾਂ ਵਿੱਚ ‘ਸਰਬਤ ਦਾ ਭਲਾ’ ਮੰਗਣ ਵਾਲੀ ਕੌਮ ਹਾਂ। ਅੱਜ ਦੇ ਇਸ ਦਿਨ ਅਸੀਂ ਇਹ ਅਰਦਾਸ ਵੀ ਕਰੀਏ ਕਿ ਦੁਨੀਆਂ ਵਿੱਚ ਕੋਈ ਵੀ ਕਦੇ ਸ਼ਰਨਾਰਥੀ ਨਾ ਬਣੇ। ਸਮੁੱਚੀ ਲੋਕਾਈ ਆਪਣੇ ਘਰਾਂ ਵਿੱਚ ਹਮੇਸ਼ਾ ਰਾਜ਼ੀ ਖ਼ੁਸ਼ੀ ਵੱਸੇ, ਕਿਉਕਿ ਦਰ-ਬ-ਦਰ ਦੀਆਂ ਠੋਕਰਾਂ ਖਾਣੀਆਂ ਕਿਸੇ ਸ਼ਰਾਪ ਤੋਂ ਘੱਟ ਨਹੀਂ। ‘ਜਿਸ ਤਨ ਲੱਗੇ, ਸੋ ਤਨ ਜਾਣੇ। ਕੌਣ ਜਾਣੇ ਪੀੜ ਪਰਾਈ’ ਸੱਚਮੁੱਚ ਹੀ ਸ਼ਰਨਾਰਥੀ ਹੋਣ ਦਾ ਦਰਦ ਪੰਜਾਬੀਆਂ ਤੋਂ ਬਿਹਤਰ ਹੋਰ ਕੋਈ ਨਹੀਂ ਜਾਣ ਸਕਦਾ। ਜਦੋਂਕਿ ਬਾਕੀਆਂ ਲਈ ਤਾਂ ਮਹਿਜ਼ ਇਹ ਸਿਰਫ ਤੇ ਸਿਰਫ ਗੱਲਾਂ ਹੀ ਹੋ ਸਕਦੀਆਂ ਨੇ।
-
ਲਖਵਿੰਦਰ ਜੌਹਲ ‘ਧੱਲੇਕੇ’, ਲੇਖਕ
johallakwinder@gmail.com
91 9815959476
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.