ਗੁਰਮੀਤ ਸਿੰਘ ਪਲਾਹੀ ਦਾ ਕਾਵਿ ਸੰਗ੍ਰਹਿ ‘ਕੁੱਝ ਤਾਂ ਬੋਲ’ ਬਗ਼ਾਬਤੀ ਸੁਰਾਂ ਦਾ ਪੁਲੰਦਾ
ਗੁਰਮੀਤ ਸਿੰਘ ਪਲਾਹੀ ਜਾਣਿਆਂ ਪਛਾਣਿਆਂ ਕਾਲਮ ਨਵੀਸ, ਕਹਾਣੀਕਾਰ ਅਤੇ ਕਵੀ ਹੈ। ਮੁਢਲੇ ਤੌਰ ‘ਤੇ ਉਹ ਸੂਖ਼ਮ ਦਿਲ ਵਾਲਾ ਕਵੀ ਹੈ ਪ੍ਰੰਤੂ ਅੱਜ ਕਲ੍ਹ ਪ੍ਰਬੁੱਧ ਕਾਲਮ ਨਵੀਸ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਉਸ ਦੇ ਕਵੀ ਹੋਣ ਕਰਕੇ ਵਾਰਤਕ ਕਾਵਮਈ ਬਣ ਗਈ ਹੈ। ਉਸ ਦੀਆਂ ਹੁਣ ਤੱਕ 7 ਪੁਸਤਕਾਂ ਜਿਨ੍ਹਾਂ ਵਿੱਚ ਦੋ ਕਹਾਣੀਆਂ, ਚਾਰ ਲੇਖਾਂ ਅਤੇ ਇਕ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕਾ ਹੈ। ‘ਕੁੱਝ ਤਾਂ ਬੋਲ’ ਉਸਦੀ 8ਵੀਂ ਤੇ ਦੂਜਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿਚ 61 ਲੰਬੀਆਂ ਅਤੇ ਛੋਟੀਆਂ ਕਵਿਤਾਵਾਂ ਹਨ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹੁੰਦੇ ਹਨ। ਇਨਸਾਨੀ ਦਰਦ, ਨਸ਼ੇ, ਖੁਦਕਸ਼ੀਆਂ, ਬੇਰੋਜ਼ਗਾਰੀ, ਮਾਪਿਆਂ ਦੀ ਅਣਵੇਖੀ, ਵਾਤਾਵਰਨ, ਧੀਆਂ ਦੇ ਦਰਦ, ਕਿਸਾਨ-ਮਜ਼ਦੂਰ ਦੀ ਦੁਰਦਸ਼ਾ, ਸਿਆਸਤਦਾਨਾਂ ਦੇ ਲਾਰੇ ਅਤੇ ਹੋਰ ਸਮਾਜ ਵਿੱਚ ਵਾਪਰ ਰਹੀਆਂ ਅਨੇਕ ਦੁਸ਼ਾਵਰੀਆਂ ਸ਼ਾਮਲ ਹਨ। ਭਾਵ ਸਮਾਜਿਕ ਵਿਸੰਗਤੀਆਂ ਨਾਲ ਸੰਬੰਧਤ ਕਵਿਤਾਵਾਂ ਹਨ। ਗੁਰਮੀਤ ਸਿੰਘ ਪਲਾਹੀ ਖੁਲ੍ਹੀ ਕਵਿਤਾ ਲਿਖਦਾ ਹੈ। ਖੁਲ੍ਹੀ ਕਵਿਤਾ ਵਿਚਾਰ ਪ੍ਰਧਾਨ ਹੁੰਦੀ ਹੈ।
ਕਵੀ ਦੀ ਇਕ ਕਵਿਤਾ ਵਿੱਚ ਹੀ ਲੋਕਾਈ ਦੇ ਅਨੇਕਾਂ ਦਰਦਾਂ ਦੀ ਦਾਸਤਾਂ ਹੁੰਦੀ ਹੈ। ਭਾਵ ਇਕ ਕਵਿਤਾ ਵਿੱਚ ਅਨੇਕ ਵਿਸ਼ੇ ਛੂਹੇ ਹੁੰਦੇ ਹਨ। ਕਵੀ ਦਾ ਦਿਲ ਨਾਜ਼ਕ ਹੁੰਦਾ ਹੈ, ਉਹ ਜਲਦੀ ਹੀ ਲੋਕਾਈ ਦੀਆਂ ਮੁਸ਼ਕਲਾਂ ਵੇਖ ਕੇ ਭਾਵਕ ਹੋ ਜਾਂਦਾ ਹੈ। ਉਸੇ ਤਰ੍ਹਾਂ ਗੁਰਮੀਤ ਸਿੰਘ ਪਲਾਹੀ ਦੀਆਂ ਕਵਿਤਾਵਾਂ ਜਿਥੇ ਵਿਚਾਰਾਂ ਨਾਲ ਲਬਰੇਜ ਹੁੰਦੀਆਂ ਹਨ, ਉਥੇ ਹੀ ਉਨ੍ਹਾਂ ਵਿੱਚ ਜ਼ਜ਼ਬਾਤਾਂ ਦੀ ਭਰਮਾਰ ਹੁੰਦੀ ਹੈ। ਕਿਤੇ ਕਿਤੇ ਇਸ਼ਕ ਮੁਸ਼ਕ ਦੇ ਤੁਣਕੇ ਵੀ ਹਨ ਪ੍ਰੰਤੂ ਉਨ੍ਹਾਂ ਦੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਤਾਣੇ ਬਾਣੇ ਵਿੱਚ ਆਈਆਂ ਕੁਰੀਤੀਆਂ ਦਾ ਪਰਦਾ ਫਾਸ਼ ਕਰਦੀਆਂ ਹਨ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਬਥੇਰਾ ਕੁਫ਼ਰ ਤੋਲ ਲਿਆ ਤੂੰ’ ਲੰਬੀ ਕਵਿਤਾ ਹੈ। ਕਵਿਤਾ ਦਾ ਬਗਾਬਤੀ ਸੁਰ ਅਸਿਧੇ ਤੌਰ ਤੇ ਸਿਆਸਤਦਾਨਾ ਖਾਸ ਕਰਕੇ ਭਾਰਤ ਦੇ ਇਕ ਮੁੱਖ ਸਿਆਸਤਦਾਨ ਨੂੰ ਚਟਕਾਰੇ ਲਾ ਕੇ ਵਿਅੰਗ ਕਸ ਰਿਹਾ ਹੈ। ਇਸ ਕਵਿਤਾ ਤੋਂ ਪਤਾ ਲਗਦਾ ਹੈ ਕਿ ਕਵੀ ਵਰਤਮਾਨ ਸਿਆਸਤਦਾਨਾ ਦੀਆਂ ਕੋਝੀਆਂ ਚਾਲਾਂ ਤੋਂ ਲੋਕਾਂ ਦਾ ਖਹਿੜਾ ਛੁਡਾਉਣਾ ਚਾਹੁੰਦਾ ਹੈ। ਵੈਸੇ ਤਾਂ ਗੁਰਮੀਤ ਸਿੰਘ ਪਲਾਹੀ ਸੂਝਵਾਨ ਸਲੀਕੇ ਨਾਲ ਵਿਚਰਨ ਵਾਲਾ ਇਨਸਾਨ ਹੈ ਪ੍ਰੰਤੂ ਤੂੰ ਸ਼ਬਦ ਦੀ ਵਰਤੋਂ ਕਰਨੀ ਕਵੀ ਦੇ ਗੁੱਸੇ ਅਤੇ ਵੇਦਨਾ ਦਾ ਪ੍ਰਗਟਾਵਾ ਹੈ। ‘ਉਹ ਮੁੜ ਨਹੀਂ ਪਰਤਿਆ’ ਪੰਜਾਬ ਦੀ ਬੇਰੋਜ਼ਗਾਰੀ ਦੀ ਤ੍ਰਾਸਦੀ ਦੀ ਮੂੰਹ ਬੋਲਦੀ ਤਸਵੀਰ ਹੈ। ਮਾਪੇ ਮਜ਼ਬੂਰੀ ਵਸ ਬੱਚਿਆਂ ਵਿੱਚ ਬੇਰੋਜ਼ਗਾਰੀ ਕਰਕੇ ਆਈ ਉਦਾਸੀ ਨੂੰ ਵੇਖ ਕੇ ਪਰਵਾਸ ਵਿੱਚ ਭੇਜ ਦਿੰਦੇ ਹਨ। ਫਿਰ ਉਨ੍ਹਾਂ ਦੇ ਫਿਕਰ ਵਿਚ ਗ੍ਰਸੇ ਰਹਿੰਦੇ ਹਨ ਕਿ ਉਹ ਆਪਣੀ ਵਿਰਾਸਤ ਤੋਂ ਬਗ਼ੈਰ ਕਿਸ ਤਰ੍ਹਾਂ ਜੀਵਨ ਬਸਰ ਕਰ ਰਹੇ ਹੋਣਗੇ। ਪਰਵਾਸ ਵਿੱਚ ਨਸਲੀ ਵਿਤਕਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ‘ ਆਪਾਂ ਪੰਜਾਬ ਕਦੋਂ ਜਾਣਾ?’ ਪੰਜਾਬ ਵਿੱਚ ਨਸ਼ਿਆਂ ਦੀ ਭਰਮਾਰ ਅਤੇ ਖੁਦਕਸ਼ੀਆਂ ਦੇ ਅੰਬਾਰ ਲੱਗੇ ਹੋਏ ਦਰਸਾਉਂਦੀ ਹੈ। ‘ ਇਹ ਕੇਹੀ ਹਵਾ ਚਲੀ ਹੈ ’ ਕਵਿਤਾ ਵਿੱਚ ਮੋਬਾਈਲ ਕਰਕੇ ਰਿਸ਼ਤਿਆਂ ਵਿੱਚ ਗਿਰਾਵਟ, ਸ਼ਾਜ਼ਸ਼ੀ ਕਰਤੂਤਾਂ, ਭੈੜੀ ਰਾਜਨੀਤੀ, ਸਵਾਰਥ, ਭੁਖਮਰੀ, ਚਾਪਲੂਸੀ, ਫਰੇਬ ਅਤੇ ਸਭਿਆਚਾਰ ਤੋਂ ਮੁਨਕਰ ਹੋਣਾ ਆਦਿ ਭਾਰੂ ਹੋ ਗਿਆ ਹੈ। ਇਨਸਾਨ, ਇਨਸਾਨ ਦਾ ਦੁਸ਼ਮਣ ਬਣ ਗਿਆ ਹੈ। ‘ਸਮਾ ਤੁਰਦਾ ਰਿਹਾ, ਮੈਂ ਖੜ੍ਹਾ ਰਿਹਾ’ ਕਵਿਤਾ ਵਿੱਚ ਅਨੁਸ਼ਾਸ਼ਨ ਵਿੱਚ ਰਹਿਣ ਵਾਲੇ, ਆਦਰਸ਼ਵਾਦੀ ਅਤੇ ਆਪਣੇ ਰਾਹ ਆਪ ਬਣਾਉਣ ਵਾਲੇ ਧੋਖੇ ਖਾ ਰਹੇ ਹਨ ਪ੍ਰੰਤੂ ਗ਼ੈਰ ਸਮਾਜੀ ਲੋਕ ਫਰੇਬ ਕਰਕੇ ਆਨੰਦ ਮਾਣਦੇ ਰਹੇ।
‘ਚਿੜੀ ਵਿਚਾਰੀ ਕੀ ਕਰੇ’ ਚਿੜੀ ਦੇ ਸਿੰਬਲ ਰਾਹੀਂ ਔਰਤ ਦੀ ਵਰਤਮਾਨ ਸਮਾਜ ਵਿੱਚ ਹੋ ਰਹੀ ਦੁਰਦਸ਼ਾ ਦਾ ਪ੍ਰਗਟਾਵਾ ਕਰਦੀ ਹੈ। ‘ਤਾਰਾ ਚੰਦਾ ਆਏਂਗਾ ਤੂੰ’ ਸਮਾਜ ਵਿੱਚ ਕਈ ਤਰ੍ਹਾਂ ਦੇ ਚਲ ਰਹੇ ਮਾਫੀਏ ਬਾਰੇ ਹੈ, ਜਿਸ ਕਰਕੇ ਆਮ ਜਨਤਾ ਪਿਸਦੀ ਜਾ ਰਹੀ ਹੈ। ਕਵੀ ਭਲੇ ਵੇਲੇ ਦੀ ਆਸ ਕਰਦਾ ਹੈ ਕਿ ਲੋਕ ਸੁਖ ਦਾ ਸਾਹ ਲੈਣਗੇ। ‘ਤੂੰ ਅਤੇ ਮੈਂ’ ਕਵਿਤਾ ਪਤੀ ਪਤਨੀ ਦੇ ਰੂਪ ਵਿੱਚ ਵਿਚਰਦੇ ਹੋਏ ਡਰ ਅਤੇ ਸਹਿਮ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹਨ। ਔਰਤ ਘਰਾਂ ਵਿੱਚ ਦੁੱਖ ਸਹਿੰਦੀ ਕੁੱਖਾਂ ਵਿੱਚ ਕਤਲ ਕਰਾਉਂਦੀ ਜੀਵਨ ਬਸਰ ਕਰਦੀ ਹੈ। ਬਾਬੇ ਨਾਨਕ ਦੀ ਨਸੀਹਤ ਦਾ ਦੁਨੀਆਂ ਤੇ ਕੋਈ ਅਸਰ ਨਹੀਂ ਹੁੰਦਾ ਪ੍ਰੰਤੂ ਔਰਤ ਫਿਰ ਵੀ ਆਸਮੰਦ ਰਹਿੰਦੀ ਹੈ। ‘ਤੂੰ ਫੇਰ ਕਦੇ ਆਈਂ’ ਅਤੇ ‘ਮੈਂ ਇਕ ਬੱਚਾ, ਮੈਂ ਇਕ ਮਰਦ’ ਦੋਵੇਂ ਭਾਵਨਾਤਮਿਕ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਇਨਸਾਨੀ ਦੁਸ਼ਾਵਰੀਆਂ ਨਸ਼ੇ ਅਤੇ ਮਾਪਿਆਂ ਦੀ ਅਣਵੇਖੀ ਵਰਗੇ ਵਿਸ਼ੇ ਸਨਸਨੀ ਪੈਦਾ ਕਰਦੇ ਹਨ। ‘ਲਾਸ਼’ ਕਵਿਤਾ ਸਿਆਸਤਦਾਨਾ ਦੀਆਂ ਕੂੜ ਚਾਲਾਂ ਨਾਲ ਹੋ ਰਹੇ ਇਨਸਾਨੀ ਨੁਕਸਾਨ ਦਾ ਪ੍ਰਗਟਾਵਾ ਕਰਦੀ ਹੈ। ਹਾਕਮਾ ਅੱਗੇ ਲੋਕਾਈ ਬੇਬਸ ਹੈ। ਲੋਕਾਂ ਨੂੰ ਬੇਵਜਾਹ ਹੀ ਆਪਸ ਵਿੱਚ ਲੜਾਈ ਰੱਖਦੇ ਹਨ। ‘ਵੇ ਤੂੰ ਰਾਜੇ ਖੇਤ ਨਾ ਜਾਈਂ ਵੇ!’ ਇਹ ਕਵਿਤਾ ਵੀ ਸਿੰਬਾਲਿਕ ਹੈ। ਰਾਜਾ ਅਤੇ ਤੋਤਾ ਦੋਵੇਂ ਪ੍ਰਤੀਕ ਹਨ। ਭਾਵ ਸਿਆਸਤਦਾਨ ਲੋਕਾਂ ਨੂੰ ਲੜਾ ਕੇ ਆਪਣਾ ਉਲੂ ਸਿੱਧਾ ਕਰਦੇ ਹਨ। ਕਵੀ ਫਿਰ ਵੀ ਉਮੀਦ ਲਾਈ ਬੈਠਾ ਹੈ ਕਿ ਇਕ ਦਿਨ ਇਕਲਾਬ ਜਰੂਰ ਆਵੇਗਾ। ‘ਉਡਾਰੀ’ ਕਵਿਤਾ ਵੀ ਇਸਤਰੀ ਦੀ ਦੁਰਦਸ਼ਾ ਦਾ ਪ੍ਰਤੀਕ ਹੈ। ਕਾਵਿ ਸੰਗ੍ਰਹਿ ਦੇ ਨਾਮ ਵਾਲੀ ਕਵਿਤਾ ‘ਕੁੱਝ ਤਾਂ ਬੋਲ’ ਪੰਜਾਬ ਦਾ ਪ੍ਰਤੀਕ ਹੈ। ਇਸ ਕਵਿਤਾ ਵਿੱਚ ਕਵੀ ਪੰਜਾਬੀਆਂ ਦੀ ਦਲੇਰੀ, ਬਹਾਦਰੀ ਅਤੇ ਨਿਡਰਤਾ ਦੀ ਪ੍ਰਸੰਸਾ ਕਰਦਾ ਪੰਜਾਬੀਆਂ ਨੂੰ ਤਾਕੀਦ ਕਰਦਾ ਹੈ ਕਿ ਹੁਣ ਤਾਂ ਅੱਤ ਹੋ ਗਈ ਹੈ।
( ਗੁਰਮੀਤ ਸਿੰਘ ਪਲਾਹੀ)
ਹੁਣ ਤੁਹਾਨੂੰ ਸਮਾਜਿਕ ਬੁਰਾਈਆਂ ਦੇ ਵਿਰੁੱਧ ਲਾਮਬੰਦ ਹੋਣਾ ਪਵੇਗਾ। ‘ਇਨਸਾਫ’ ਕਿਸਾਨ ਅੰਦੋਲਨ ਦੀ ਤਸਵੀਰ ਪੇਸ਼ ਕਰਦੀ ਹੈ। ‘ਸੰਕਟ ਮੋਚਕ’ ਸਿਆਸਤਦਾਨਾ ਦੀਆਂ ਲੂੰਬੜਚਾਲਾਂ ਦਾ ਚਿੱਠਾ ਹੈ। ‘ਇਛਾਵਾਂ ਦਾ ਕਤਲ’ ਵੀ ਸਮਾਜ ਦੇ ਸਤਾਏ ਹੋਏ ਇਨਸਾਨ ਦੀ ਦਾਸਤਾਂ ਬਿਆਨ ਕਰਦੀ ਹੋਈ ਲੋਕਾਈ ਨੂੰ ਜਦੋਜਹਿਦ ਕਰਨ ਲਈ ਪ੍ਰੇਰਦੀ ਹੈ। ‘ਨਜ਼ਮ’ ਦੇ ਵਿੱਚ ਕਵੀ ਲਿਖਦਾ ਹੈ ਕਿ ਕਵੀਆਂ ਨੂੰ ਸੁੰਦਰ ਲੜਕੀਆਂ ਦੇ ਨੰਗੇਜ਼ ਦੀਆਂ ਕਵਿਤਾਵਾਂ ਨਹੀਂ ਲਿਖਣੀਆਂ ਚਾਹੀਦੀਆਂ ਸਗੋਂ ਮਨੁੱਖੀ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਲਿਖਣੀਆਂ ਚਾਹੀਦੀਆਂ ਹਨ। ‘ਮਾਂ’ ਕਵਿਤਾ ਬੜੀ ਭਾਵਨਾਤਮਿਕ ਹੈ, ਜਿਸ ਵਿੱਚ ਮਾਂ ਦੇ ਰਹਿਮੋ ਕਰਮ ਅਤੇ ਦਿਆਨਤਦਾਰੀ ਦੇ ਤੋਹਫਿਆਂ ਦਾ ਜ਼ਿਕਰ ਕੀਤਾ ਗਿਆ ਹੈ। ਮਾਂ ਨੂੰ ਰੱਬ ਦਾ ਦੂਜਾ ਨਾਮ ਦਿੱਤਾ ਹੈ। ‘ਮੇਰੇ ਨਾਲ ਤੁਰ’ ਕਵਿਤਾ ਵਿੱਚ ਇਸਤਰੀ ਨੂੰ ਉਤਸ਼ਾਹਤ ਕੀਤਾ ਗਿਆ ਹੈ ਕਿ ਤੂੰ ਅੱਗੇ ਵਧ ਸਮਾਂ ਤੇਰਾ ਸਾਥ ਦੇਵੇਗਾ। ਹਮੇਸ਼ਾ ਸੱਚਾਈ ਸਥਾਈ ਹੁੰਦੀ ਹੈ। ‘ਮੈਂ ਕਹਿਨੀ ਆਂ’ ਕਵਿਤਾ ਵਿੱਚ ਇਸਤਰੀ ਸਮਾਜ ਵਿੱਚ ਵਿਚਰਦੀ ਹੋਈ ਜੋ ਮਹਿਸੂਸ ਕਰਦੀ ਹੈ, ਉਹ ਲਿਖਿਆ ਗਿਆ ਹੈ। ਸੰਸਾਰ ਇਸਤਰੀ ਨੂੰ ਹਮੇਸ਼ਾ ਮਾੜੀਆਂ ਨਿਗਾਹਾਂ ਨਾਲ ਵੇਖਦਾ ਹੈ। ‘ਲਾਟ ਦਾ ਸੇਕ’ ਸੋਚ ਦਾ ਪ੍ਰਤੀਕ ਹੈ। ਸੋਚ ਹਮੇਸ਼ਾ ਸਥਾਈ ਰਹਿੰਦੀ ਹੈ। ਸੋਚ ਨਾਲ ਹੀ ਸੰਸਾਰ ਵਿੱਚ ਅੱਗੇ ਵਧਿਆ ਜਾ ਸਕਦਾ ਹੈ।
‘ਭੋਲੇ ਭਾਲੇ ਸ਼ਬਦ’ ਕਵਿਤਾ ਇਨਸਾਨ ਦੇ ਬਚਪਨ ਤੋਂ ਬੁਢਾਪੇ ਤੱਕ ਦੇ ਸਫਰ ਦੀ ਬਾਤ ਪਾਉਂਦੀ ਹੈ। ਕਿਸ ਪ੍ਰਕਾਰ ਦੇ ਹਾਲਾਤ ਵਿੱਚੋਂ ਲੰਘਦਿਆਂ ਤਸੀਹੇ ਝਲਣੇ ਪੈਂਦੇ ਹਨ। ‘ਸੂਰਜ ਨਹੀਂ ਚੜ੍ਹਿਆ’ ਅਤੇ ‘ਬਚਕੇ ਮੋੜ ਤੋਂ’ ਕਵਿਤਾਵਾਂ ਵਿੱਚ ਕਵੀ ਨੂੰ ਹਾਲਾਤ ਮਾੜੇ ਹੋਣ ਦੇ ਬਾਵਜੂਦ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਕਵੀਆਂ ਨੂੰ ਲੋਕ ਹਿੱਤਾਂ ‘ਤੇ ਪਹਿਰਾ ਦੇਣ ਲਈ ਪ੍ਰੇਰਦੀਆਂ ਹਨ। ‘ਧਰਤ ਸੁਹਾਗਣ‘, ‘ ਕਦੇ ਮੈਂ ਤੁਰਦੇ ਰਹੋ’ ਅਤੇ ‘ਚੰਗਾ ਬਈ ਦੋਸਤੋ’ ਕਵਿਤਾਵਾਂ ਬਚਪਨ, ਜਵਾਨੀ, ਬੇਰੋਜਗਾਰੀ, ਭਟਕਣਾ, ਦੋਸਤੀਆਂ ਅਤੇ ਜ਼ਬਰ ਸਹਿ ਸਹਿ ਕੇ ਜ਼ਿੰਦਗੀ ਜੀਣ ਦੀ ਬਾਤ ਪਾਉਂਦੀਆਂ ਹਨ। ‘ਕੈਦ’ ਕਵਿਤਾ ਵਿੱਚ ਇਸਤਰੀ ਦੀ ਦੁੱਖ ਭਰੀ ਜ਼ਿੰਦਗੀ ਕਹਾਣੀ ਹੈ। ‘ਇਕ ਖ਼ਤ ਪ੍ਰਦੇਸੀ ਯਾਰ ਨੂੰ’ ਕਵਿਤਾ ਵਿੱਚ ਦੇਸ਼ ਵਿੱਚ ਪਈ ਹਨ੍ਹੇਰ ਗਰਦੀ ਬਾਰੇ ਦੱਸਿਆ ਗਿਆ ਹੈ। ‘ਤੇਰੀ ਬਹੁਤੀ ਲੋੜ ਬਾਬਾ’ ਕਵਿਤਾ ਵਿੱਚ ਗੁਰੂ ਵਿਚਾਰਧਾਰਾ ‘ਤੇ ਪਹਿਰਾ ਨਾ ਦੇਣ ਦਾ ਸੰਤਾਪ ਦੱਸਿਆ ਗਿਆ ਹੈ। ‘ਆ ਰਲ ਬਹੀਏ’ ‘ਸੱਚ ਜਾਣੀ’ ‘ਤੂੰ ਆ’ ‘ਮੇਰੀ ਅੱਖੀਆਂ ਰਾਹ ਬਣਾਇਆ’ ‘ਲੋਕੋ ਵੇ!’ ‘ਦਸਤਕ’ ‘ਸੰਗੀਤ ਦੀ ਦੇਵੀ’ ਅਤੇ ‘ਸੱਜਣ ਵੇ’ ‘ਨੀ ਕੁੜੀਏ’ ਅਤੇ ‘ਗੱਲ ਏਥੇ ਹੀ ਨਹੀਂ ਮੁਕਦੀ’ ਵੈਰਾਗ, ਵਿਛੋੜੇ ਅਤੇ ਇਸ਼ਕ ਮੁਸ਼ਕ ਦੀਆਂ ਪਿਆਰ ਪਰੁਚੀਆਂ ਕਵਿਤਾਵਾਂ ਹਨ। ‘ਖਿਡੌਣਾ’ ਭਾਵਨਾਤਮਿਕ ਕਵਿਤਾ ਹੈ। ‘ਕੁਰਸੀ’, ਅਤੇ ‘ਰਾਜਨੀਤੀ’ ਸਿਆਸਤਦਾਨਾ ਦੀਆਂ ਚਾਲਾਂ ਦੇ ਪੋਤੜੇ ਖੋਲ੍ਹਦੀਆਂ ਹਨ। ‘ਐ ਜ਼ਿੰਦਗੀ’ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਹੈ। ਇਸ ਤੋਂ ਇਲਾਵਾ ਕੁਝ ਗੀਤ ਅਤੇ ਛੋਟੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੇ ਸੋਹਲੇ ਗਾਉਣ ਵਾਲੀਆਂ ਹਨ। 144 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਪਰਮਿੰਦਰਜੀਤ ਸਿੰਘ ਨੇ ਸੰਪਾਦਿਤ ਕੀਤੀ ਹੈ ਅਤੇ ਪੰਜਾਬੀ ਵਿਰਸਾ ਟਰੱਸਟ (ਰਜਿ) ਪਲਾਹੀ, ਫਗਵਾੜਾ ਨੇ ਪ੍ਰਕਾਸ਼ਤ ਕੀਤੀ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.