ਡਾਃ ਬਰਜਿੰਦਰ ਸਿੰਘ ਹਮਦਰਦ ਦੀ ਆਡਿਉ ਸੀ ਡੀ ਚੇਤਰ ਦਾ ਵਣਜਾਰਾ ਦੇ ਲੋਕ ਅਰਪਨ ਸਮਾਗਮ
ਸੀ ਟੀ ਯੂਨੀਵਰਸਿਟੀ ਜਲੰਧਰ ਦੇ ਸਾਊਥ ਕੈਂਪਸ ਵਿਖੇ ਹੋਇਆ। ਮੰਚ ਸੰਚਾਲਕ ਡਾਃ ਲਖਵਿੰਦਰ ਜੌਹਲ ਤੇ ਸੀ ਟੀ ਯੂਨੀਵਰਸਿਟੀ ਦੇ ਚਾਂਸਲਰ ਸਃ ਚਰਨਜੀਤ ਸਿੰਘ ਚੰਨੀ ਦੇ ਸੁਆਗਤੀ ਸ਼ਬਦਾਂ ਨਾਲ ਸਮਾਗਮ ਦਾ ਆਰੰਭ ਹੋਇਆ।
ਪ੍ਰੋਃ ਮੋਹਨ ਸਿੰਘ ਦੇ ਗੀਤ
ਨੀ ਅਜ ਕੋਈ ਆਇਆ ਸਾਡੇ ਵੇਹੜੇ,
ਤਕਣ ਚੰਨ ਸੂਰਜ ਢੁਕ ਢੁਕ ਨੇੜੇ ।
ਲਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂੰ,
ਆਇਆ ਨੀ ਖ਼ੌਰੇ ਅੰਬਰ ਘੁਮ ਘੁਮ ਕਿਹੜੇ ।
ਆਇਆ ਨੀ ਲੱਖ ਨਾਲ ਬਹਾਰਾਂ ਲੈ ਕੇ,
ਭਰੇ ਸੂ ਸਾਡੇ ਅੰਗ ਅੰਗ ਦੇ ਵਿਚ ਖੇੜੇ ।
ਚੁੰਮੋ ਨੀ ਇਹਦੇ ਹੱਥ ਚੰਬੇ ਦੀਆਂ ਕਲੀਆਂ,
ਧੋਵੋ ਨੀ ਇਹਦੇ ਪੈਰ ਮਖਣ ਦੇ ਪੇੜੇ ।
ਰਖੋ ਨੀ ਇਹਨੂੰ ਚੁਕ ਚੁਕ ਚਸ਼ਮਾਂ ਉੱਤੇ,
ਕਰੋ ਨੀ ਇਹਨੂੰ ਘੁਟ ਘੁਟ ਜਿੰਦ ਦੇ ਨੇੜੇ ।
ਬੰਨ੍ਹੋ ਨੀ ਕੋਈ ਪਹਾੜ ਸਮੇਂ ਦੇ ਪੈਰੀਂ,
ਡਕੋ ਨੀ ਕੋਈ ਰਾਤ ਦਿਵਸ ਦੇ ਗੇੜੇ ।
ਪੁਛੋ ਨਾ ਇਹ ਕੌਣ ਤੇ ਕਿਥੋਂ ਆਇਆ,
ਤਕੋ ਨੀ ਇਹਦਾ ਰੂਪ ਭੁਲਾ ਸਭ ਝੇੜੇ ।
ਨੀ ਅਜ ਕੋਈ ਆਇਆ ਸਾਡੇ ਵੇਹੜੇ,
ਤਕਣ ਚੰਨ ਸੂਰਜ ਢੁਕ ਢੁਕ ਨੇੜੇ ।
ਨਾਲ ਆਰੰਭ ਹੋਇਆ।
ਅੰਮ੍ਰਿਤਾ ਪ੍ਰੀਤਮ ਦੀ ਕਵਿਤਾ
ਚੇਤਰ ਦਾ ਵਣਜਾਰਾ ਆਇਆ ਨਾਲ ਮਾਹੌਲ ਪੁਰਸੋਜ਼ ਹੋਇਆ।
ਭਾਈ ਵੀਰ ਸਿੰਘ ਦੀ ਨਜ਼ਮ
ਸੀਨੇ ਖਿੱਚ ਜਿੰਨ੍ਹਾਂ ਨੇ ਖਾਧੀ
ਉਹ ਕਰ ਆਰਾਮ ਨਹੀਂ ਬਹਿੰਦੇ
ਨਿਹੁੰ ਵਾਲੇ ਨੈਣਾਂ ਕੀ ਨੀਂਦਰ
ਉਹ ਦਿਨੇ ਰਾਤ ਪਏ ਵਹਿੰਦੇ।
ਨੇ ਪ੍ਰੋਗ੍ਰਾਮ ਸਿਖ਼ਰ ਵੱਲ ਵਧਾਇਆ।
ਡਾਃ ਸਰਬਜੀਤ ਸੰਧਾਵਾਲੀਆ ਦੀਆਂ ਦੋ ਗ਼ਜ਼ਲਾਂ ਤੇ ਬਲਵਿੰਦਰ ਬਾਲਮ ਦੀ ਇੱਕ ਗ਼ਜ਼ਲ ਸੁਣਾ ਕੇ ਡਾਃ ਬਰਜਿੰਦਰ ਸਿੰਘ ਜੀ ਨੇ ਅੰਤ ਵਿੱਚ ਹਾਸ਼ਮ ਸ਼ਾਹ ਦੇ ਦੋਹੜਿਆਂ
ਮੂਰਖ ਲੋਕ ਸਦਾ ਸੁਖ ਸੌਂਦੇ
ਤੇ ਖੂਬ ਕਮਾਉਂਦੇ ਪੈਸਾ।
ਨਾ ਉਹ ਜ਼ਾਤ ਨਾ ਪਾਤ ਪਛਾਨਣ
ਤੇ ਪ੍ਰੇਮ ਨਾ ਜਾਨਣ ਕੈਸਾ
ਨਾਲ ਸਮਾਗਮ ਦੀ ਸਮਾਪਤੀ ਕੀਤੀ।
ਡਾਃ ਜਗਤਾਰ ਦੀ ਗ਼ਜ਼ਲ ਸੁਣਦਿਆਂ ਇੰਜ ਲੱਗਾ ਜਿਵੇਂ ਸਾਹਾਂ ਚ ਗੁਲਕੰਦ ਘੁਲਦੀ ਹੋਵੇ।
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਪੱਥਰ 'ਤੇ ਨਕਸ਼ ਹਾਂ ਮੈਂ, ਮਿੱਟੀ 'ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖ਼ੂਨ ਮੇਰਾ।
ਇਤਿਹਾਸ ਦੇ ਸਫ਼ੇ 'ਤੇ, ਤੇ ਵਕਤ ਦੇ ਪਰਾਂ 'ਤੇ,
ਉਂਗਲਾਂ ਡੁਬੋ ਲਹੂ ਵਿੱਚ, ਲਿਖਿਆ ਹੈ ਨਾਮ ਤੇਰਾ।
ਹਰ ਕਾਲ ਕੋਠੜੀ ਵਿੱਚ ਤੇਰਾ ਹੈ ਜ਼ਿਕਰ ਏਦਾਂ,
ਗਾਰਾਂ 'ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ।
ਆ ਆ ਕੇ ਯਾਦ ਤੇਰੀ, ਜੰਗਲ ਗ਼ਮਾਂ ਦਾ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।
ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।
ਮੇਰੇ ਵੀ ਪੈਰ ਚੁੰਮ ਕੇ, ਇੱਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਐ, ਮਹਿਬੂਬ ਅੰਤ ਮੇਰਾ।
ਸਮਾਗਮ ਵਿੱਚ ਦੇਸ਼ ਦੀਆਂ ਸਿਰਕੱਢ ਹਸਤੀਆਂ ਵਿੱਚੋਂ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਤੇ ਮੈਂਬਰ ਰਾਜ ਸਭਾ ਸਃ ਤਰਲੋਚਨ ਸਿੰਘ, ਸਾਬਕਾ ਗਵਰਨਰ ਪੁਡੀਚੇਰੀ ਡਾਃ ਇਕਬਾਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਃ ਜਸਪਾਲ ਸਿੰਘ ਸੰਧੂ, ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਤੇ ਡਾ. ਜਸਪਾਲ ਸਿੰਘ, ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਣਸ਼ਿਆਮ ਥੋਰੀ, ਰੋਪੜ ਰੇਂਜ ਦੇ ਡੀ ਆਈ ਜੀ ਸਃ ਗੁਰਪ੍ਰੀਤ ਸਿੰਘ ਭੁੱਲਰ, ਸਃ ਬਲਵੰਤ ਸਿੰਘ ਰਾਮੂਵਾਲੀਆ ਸਾਬਕਾ ਕੇਂਦਰੀ ਮੰਤਰੀ, ਡਾਃ ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਪੰਜਾਬ, ਤੇਜਿੰਦਰ ਸਿੰਘ ਬਿੱਟੂ ਸਕੱਤਰ, ਆਲ ਇੰਡੀਆ ਕਾਂਗਰਸ ਕਮੇਟੀ, ਸਃ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਖੇਡ ਮੰਤਰੀ ਪੰਜਾਬ, ਸਃ ਪ੍ਰੇਮ ਸਿੰਘ ਐਡਵੋਕੇਟ ਚੇਅਰਮੈਨ ਡਾਃ ਸਾਧੂ ਸਿੰਘ ਹਨਦਰਦ ਯਾਦਗਾਰੀ ਟਰਸਟ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਸੁਰਿੰਦਰ ਸਿੰਘ ਸੁੰਨੜ, ਬਿਕਰਮਜੀਤ ਸਿੰਘ ਬਿੱਕੀ,ਪ੍ਰੋਃ ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਡਾਃ ਸਰਬਜੀਤ ਕੌਰ ਸੰਧਾਵਾਲੀਆ,ਸਤਨਾਮ ਸਿੰਘ ਮਾਣਕ, ਤ੍ਰੈਲੋਚਨ ਲੋਚੀ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ, ਤਿੰਨ ਡੀ ਸੀ ਪੀ ਜਲੰਧਰ ਜਸਕਰਨਜੀਤ ਸਿੰਘ ਤੇਜਾ, ਸਃ ਜਗਮੋਹਨ ਸਿੰਘ ਤੇ ਸਃ ਹਰਪਾਲ ਸਿੰਘ ਰੰਧਾਵਾ, ਪੁਰਦਮਨ ਸਿੰਘ ਜੌਲੀ, ਡਾਃ ਜਗਜੀਤ ਕੌਰ, ਸਰਦਾਰਨੀ ਸਰਬਜੀਤ ਕੌਰ ਸੁਪਤਨੀ ਡਾਃ ਬਰਜਿੰਦਰ ਸਿੰਘ ਹਮਦਰਦ, ਲਵਲੀ ਯੂਨੀਵਰਸਿਟੀ ਤੋਂ ਰਮੇਸ਼ ਮਿੱਤਲ,ਸੋਨਾਲੀਕਾ ਟਰੈਕਟਰਜ਼ ਤੋਂ ਅੰਮ੍ਰਿਤ ਲਾਲ ਮਿੱਤਲ, ਹਵੇਲੀ ਵਾਲੇ ਸਤੀਸ਼ ਜੈਨ, ਦੋਆਬਾ ਵਿਦਿਅਕ ਸੰਸਥਾਵਾਂ ਦੇ ਮਾਲਕ ਸਃ ਮਨਜੀਤ ਸਿੰਘ, ਪੰਜਾਬੀ ਗਾਇਕ ਤੇ ਇਸ ਕੈਸਿਟ ਦੇ ਸੰਗੀਤਕਾਰ ਸਃ ਗੁਰਦੀਪ ਸਿੰਘ ਹੋਸ਼ਿਆਰਪੁਰ, ਡਾਃ ਸੁਖਨੈਨ, ਯਾਕੂਬ, ਹਰਿੰਦਰ ਸੋਹਲ, ਸਮਾਜ ਸੇਵਿਕਾ ਸ਼੍ਰੀਮਤੀ ਪਰਮਿੰਦਰ ਬੇਰੀ, ਪੂਰਨਿਮਾ ਬੇਰੀ, ਦੀਪਕ ਬਾਲੀ, ਹਰਦੀਪ ਸਿੰਘ ਸਿਆਲ, ਆਤਮ ਪ੍ਰਕਾਸ਼ ਸਿੰਘ ਬਬਲੂ ਤੇ ਅਨੇਕਾਂ ਹੋਰ ਸਿਰਕੱਢ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਡਾਃ ਸਰਬਜੀਤ ਕੌਰ ਸੰਧਾਵਾਲੀਆ ਤੇ ਸੰਗੀਤਕਾਰ ਗੁਰਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਸੀ ਟੀ ਯੂਨੀਵਰਸਿਟੀ ਤੇ ਵਿਦਿਅਕ ਸੰਸਥਾਵਾਂ ਸਮੂਹ ਵੱਲੋਂ ਸਃ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਰਤਨ ਤੇ ਸਰਦਾਰਨੀ ਸਰਬਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਮੈਨੂੰ ਮਾਣ ਹੈ ਕਿ ਮੈਂ ਇਸ ਸਮਾਗਮ ਨੂੰ ਅੱਖੀਂ ਵੇਖ ਸਕਿਆ।
-
ਗੁਰਭਜਨ ਸਿੰਘ ਗਿੱਲ,
gurbhajansinghgill@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.