ਅੱਜ 6 ਜੂਨ ਹੈ।
ਘੱਲੂਘਾਰਾ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ।
ਇਸਦੇ ਨਾਲ ਹੀ ਅੱਜ ਦੇ ਦਿਨ ਪਿਤਾ ਜੀ ਬੜਾ ਚੇਤੇ ਆਏ ਹਨ। ਅੱਜ ਦੇ ਦਿਨ ਆਥਣੇ ਉਨਾਂ ਨੂੰ ਸਸਕਾਰ ਆਇਆ ਸਾਂ। 10 ਸਾਲ ਹੋ ਚੱਲੇ ਨੇ, ਕੋਈ ਦਿਨ ਐਸਾ ਨਹੀਂ ਲੰਘਿਆ,ਜਦ ਪਿਤਾ ਚੇਤੇ ਨਾ ਆਇਆ ਹੋਵੇ, ਦੁੱਖ ਵਿਚ ਵੀ ਤੇ ਸੁਖ ਵਿਚ ਵੀ।
ਖਰਾ ਬੰਦਾ ਸੀ ਪਿਤਾ ਸਾਡਾ। ਦਿਲ 'ਚ ਕੁਝ ਨਹੀ ਸੀ ਰੱਖਦਾ। ਅੰਤ ਤੀਕ ਖੇਤੀ ਤੇ ਹੱਟੀ ਕਰਦਾ ਰਿਹਾ। ਮੈਨੂੰ ਕਹਿੰਦਾ ਰਿਹਾ ਕਿ ਪੁੱਤਰਾ ਸੰਭਲ ਜਾ, ਮੇਰੇ ਮਗਰੋਂ ਪਛਤਾਏਂਗਾ ਤੂੰ, ਕੋਈ ਮਰਦਾ ਹੈ, ਤੇ ਤੂੰ ਪਿਟਦਾ ਫਿਰਦਾ ਹੈਂ,ਕੋਈ ਜੰਮਦਾ ਹੈ, ਤੂੰ ਭੰਗੜੇ ਪਾਉਂਦਾ ਫਿਰਦਾ ਹੈਂ। ਜੇਹੜੇ "ਏਹ ਕੁਛ ਕੁ" ਲੋਕਾਂ ਦਾ ਤੂੰ ਫਿਕਰ ਕਰਦਾ ਐਂ ਤੇ ਇਨਾਂ ਪਿਛੇ ਆਵਦੇ ਘਰੇ ਲੜਦਾ ਐਂ,ਮੇਰੇ ਮਗਰੋਂ ਏਹੀ ਲੋਕ ਤੇਰੇ ਪੈਰਾਂ ਹੇਠ ਕੰਡੇ ਬੀਜਣਗੇ,ਸੰਭਲ ਜਾਹ ਪੁੱਤਰਾ ਤੂੰ। ਪਿਤਾ ਦੀ ਇਹ ਗੱਲ ਸੁਣ ਮੈਂ ਭੜਕ ਜਾਂਦਾ ਤੇ ਸਗੋਂ ਉਨਾਂ ਨੂੰ ਵੀ ਬੁਰਾ ਭਲਾ ਆਖ ਜਾਂਦਾ ਸਾਂ।
ਗਾਇਕ ਮਿੱਤਰ ਹਰਦੇਵ ਮਾਹੀਨੰਗਲ ਇਕ ਵਾਰ ਨਿਊਜ਼ੀਲੈਂਡ ਤੋਂ ਏਧਰ ਆਇਆ ਹੋਇਆ ਸੀ। ਸਾਡੇ ਕੋਲ ਪਿੰਡ ਆਕੇ ਇਕ ਰਾਤ ਰਹਿੰਦਾ ਹੁੰਦਾ। ਆਖਣ ਲੱਗਿਆ ਕਿ ਐਂਕਲ ਜੀ ਤਾਂ ਚਲੇ ਗਏ ਨੇ, ਤਰੀ ਵਾਲਾ ਚਿਕਨ ਕਿਥੋਂ ਖਾਵਾਂਗੇ? ਮੈਂ ਆਖਿਆ "ਅਹੁ ਦੇਖ, ਬਣਿਆ ਪਿਆ ਐ, ਮੈਂ ਬਣਾਇਆ ਐ।" ਚੌਬਾਰੇ ਦੀ ਛੱਤ ਉਤੇ ਬੈਠੇ ਸਾਂ। ਮਾਹੀਨੰਗਲ ਨੇ ਉਦਾਸ ਹੋਕੇ ਗਾਇਆ:
ਬਾਬਲ ਮਰ ਜਾਵਣ ਦਾ ਦੁਖ ਡਾਹਢਾ ਹੋਇਆ ਏ
ਸੱਪ ਵਾਂਗ ਸ਼ਰੀਕਾ ਵੀ, ਹੁਣ ਉਠ ਖਲੋਇਆ ਏ।
ਟਿਕੀ ਰਾਤ, ਗਮਗੀਨ ਗੀਤ ਸੁਣ ਅਸੀਂ ਸਾਰੇ ਰੋਣ ਲੱਗੇ ਤੇ ਬਾਪੂ ਨੂੰ ਯਾਦ ਕਰਦੇ ਰਹੇ।
ਹੁਣ ਸਮਾਂ ਪੈਕੇ ਜਦ ਤਿੱਖੇ ਤਿੱਖੇ ਕੰਡੇ ਚੁਭੇ ਹਨ, ਪਿਤਾ ਨੂੰ ਚੇਤੇ ਕਰ ਕਰ ਫਿਰ ਰੋਇਆ ਹਾਂ ਕਿ ਮੈਂ ਬਾਪੂ ਤੇਰਾ ਆਖਿਆ ਮੰਨਿਆ ਹੁੰਦਾ,ਕਿੰਨਾ ਚੰਗਾ ਰਹਿੰਦਾ ਮੈਂ। ਮੈਨੂੰ "ਸ਼ਰੀਕਾਂ" ਤੇ "ਰਿਸ਼ਤਿਆਂ" ਦੀ ਸਮਝ ਪਿਤਾ ਦੇ ਸੰਸਾਰ ਤੋਂ ਚਲੇ ਜਾਣ ਬਾਅਦ ਹੀ ਆਈ ਹੈ।
ਕਿਹਾ ਕਰਦੇ ਨੇ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਵਿਚ ਈ ਪਤਾ ਲਗਦਾ ਹੁੰਦਾ। ਬਾਪੂ ਤੇਰਾ ਸੁਰਗੀਂ ਵਾਸਾ ਹੋਵੇ! ਹੁਣ ਮੈਂ ਤੇਰੇ ਆਖੇ ਲੱਗਿਆ ਕਰੂੰਗਾ,ਸੁਪਨੇ ਵਿਚ ਆ ਕੇ ਸਮਝਾਇਆ ਕਰੀਂ ਮੈਨੂੰ! ਹੁਣ ਨੀ ਗਲਤੀ ਕਰਦਾ ਮੈਂ ਬਾਪੂ।
ਤੇਰਾ ਬੇਟਾ ਨਿੰਦਰ।
(ਓਹੜ ਪੋਹੜ)
ਮੇਰੀ ਦਾਦੀ ਦੇ ਓਹੜ ਪੋਹੜ ਅਜੇ ਵਿਸਾਰੇ ਨਹੀਂ ਮੈਂ। ਭਲੀ ਭਾਂਤ ਚੇਤੇ ਨੇ ਮੈਨੂੰ ਦਾਦੀ ਤੇ ਦਾਦੀਆਂ ਜਿਹੀਆਂ ਕਈ ਮਾਈਆਂ ਦੇ ਓਹੜ ਪੋਹੜ। ਕਦੇ ਕਦੇ ਹੁਣ ਵੀ ਅਜਮਾ ਲੀ ਲਈਦੇ ਨੇ ਓਹ ਓਹੜ ਪੋਹੜ। ਪਰਸੋਂ ਦੀ ਗੱਲ।
ਤਾਏ ਤੇ ਪਿਓ ਦੀ ਗੱਲ ਕਰਾਂ ਤਾਂ ਨਿਆਣਾ ਸਾਂ ਮੈਂ ਉਦੋਂ। ਉਨਾਂ ਨਾਲ ਅਕਸਰ ਈ ਖੇਤ ਚਲਿਆ ਜਾਂਦਾ। ਪੱਠੇ ਵਢਦਿਆਂ ਤਾਏ ਜਾਂ ਪਿਤਾ ਦੇ ਦਾਤਰੀ ਵੱਜ ਜਾਣੀ, ਲਹੂ ਵਗਣਾ, ਉਨਾਂ ਉਦੋਂ ਈ ਵੱਢੀ ਉਂਗਲ ਉਤੇ ਝਟ ਮੂਤ ਲੈਣਾ।ਲਹੂ ਵਗਣਾ ਬੰਦ ਤੇ ਉਂਗਲ ਪੱਕਦੀ ਵੀ ਨਾ।(ਸੋਚਦਾ ਸਾਂ ਕਿ ਸ਼ਾਇਦ ਇਥੋਂ ਈ ਇਹ ਮੁਹਾਵਰਾ ਬਣਿਆ ਹੋਵੇ ਕਿ ਫਲਾਣਾਂ ਤਾਂ ਵੱਢੀ ਉਂਗਲ ਉਤੇ ਨਹੀਂ ਮੂਤਦਾ)।
ਕਮਾਲ ਦੇ ਦਿਨ ਹੁੰਦੇ ਸਨ ਨਿੱਕੇ ਨਿੱਕੇ ਨੁਸਕਿਆਂ ਨੂੰ ਓਹੜ ਪੋਹੜ ਆਖਣ ਲੱਗ ਗਏ! ਪੇਂਡੂ ਪਰਿਵਾਰ ਰੋਜਾਨਾ ਦੀ ਜਿੰਦਗੀ ਵਿਚ ਓਹੜ ਪੋਹੜ ਕਰਦੇ ਰਹਿੰਦੇ। ਨਾ ਵੈਦ ਹਕੀਮ ਜਾਣ ਦੀ ਲੋੜ, ਤੇ ਨਾ ਕੋਈ ਹੋਰ ਤਰੱਦਦ। ਇਨਾਂ ਓਹੜਾਂ ਪੋਹੜਾਂ ਵਿਚ ਸਾਡੇ ਅਟੁੱਟ ਵਿਸ਼ਵਾਸ਼, ਸੇਵਾ ਭਰੀ ਭਾਵਨਾ ਤੇ ਵੱਡੀ ਆਸ ਹੁੰਦੀ ਸੀ। ਆਸ ਪੂਰੀ ਹੁੰਦੀ, ਲੋਕ ਰਬ ਦਾ ਸੌ ਸੌ ਸ਼ੁਕਰਾਨਾ ਕਰਦੇ ਸਨ।
(ਬਾਕੀ ਫੇਰ)
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.