ਪੰਜਾਬ ਵਿੱਚ ਕਿਉਂ ਅਜਿਹੇ ਵਰਤਾਰੇ ਵਾਪਰ ਰਹੇ ਹਨ ?
ਇਹਨੀ ਦਿਨੀ ਪੰਜਾਬ ਵਿੱਚ ਸਮੇਂ ਸਮੇਂ ਤੇ ਕਈ ਅਜਿਹੇ ਵਰਤਾਰੇ ਹੋ ਰਹੇ ਹਨ ਜਿਹਨਾਂ ਵੱਲ ਦੇਖਦਿਆਂ ਕਈ ਗੰਭੀਰ ਚਿੰਤਾਵਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਹਾਲ ਹੀ ਵਿੱਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਹੋਇਆ ਕਤਲ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ। ਇਸ ਤੋਂ ਪਹਿਲਾਂ ਦੋ ਕੁ ਮਹੀਨੇ ਹੋਏ ਹਨ ਜਦੋਂ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਇੱਕ ਟੂਰਨਾਮੈਂਟ ਵਿੱਚ ਦਿਨ ਦਿਹਾੜੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਇਹ ਦੋ ਕਤਲਾਂ ਤੋਂ ਪਹਿਲਾਂ ਅਚਾਨਕ ਪ੍ਰਸਿੱਧ ਵਕੀਲ, ਪੰਜਾਬੀ ਐਕਟਰ ਤੇ ਨੌਜਵਾਨਾਂ ਦੇ ਚਹੇਤੇ ਦੀਪ ਸਿੱਧੂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੁੰਦੀ ਹੈ। ਜਿਸਨੂੰ ਬਹੁਤੇ ਲੋਕ ਇੱਕ ਸਿਆਸੀ ਕਤਲ ਵਜੋਂ ਮੰਨਦੇ ਹੋਏ ਇਸਨੂੰ ਸੋਚੀ ਸਮਝੀ ਸਾਜਿਸ਼ ਦੱਸਦੇ ਹਨ।
ਉਪਰੋਕਤ ਗੱਲਾਂ ਵੱਲ ਧਿਆਨ ਮਾਰੀਏ ਤਾਂ ਅਸੀਂ ਕੁਝ ਸਮੇਂ ਲਈ ਦੀਪ ਸਿੱਧੂ ਦੀ ਮੌਤ ਨੂੰ ਸੜਕ ਹਾਦਸਾ ਮੰਨ ਕੇ ਇੱਕ ਪਾਸੇ ਰੱਖ ਕੇ ਜੇਕਰ ਸੰਦੀਪ ਨੰਗਲ ਅੰਬੀਆਂ ਤੇ ਸਿੱਧੂ ਮੂਸੇਵਾਲਾ ਦੇ ਕਤਲਾਂ ‘ਤੇ ਹੀ ਵਿਚਾਰ ਕਰੀਏ ਤਾਂ ਕਾਲਜਾ ਮੂੰਹ ਨੂੰ ਆਉਂਦਾ ਹੈ। ਸੰਦੀਪ ਨਗਲ ਅੰਬੀਆਂ ਦਾ ਕਤਲ ਜਿਸ ਬੇਰਹਿਮੀ ਨਾਲ ਕੀਤਾ ਗਿਆ ਉਹ ਨਾ ਸਿਰਫ਼ ਕਬੱਡੀ ਖੇਡ ਤੇ ਕਬੱਡੀ ਪ੍ਰੇਮੀਆਂ ਜਾਂ ਖਿਡਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ ਸਗੋਂ ਸਮੁੱਚੇ ਦੇਸ਼ ਲਈ ਇੱਕ ਗੰਭੀਰ ਚਣੌਤੀ ਵੀ ਹੈ। ਕਿਉਂਕਿ ਇਹ ਦੇਸ ਵਿੱਚ ਰਹਿਣ ਵਾਲੇ ਆਮ ਨਾਗਰਿਕ ਦੀ ਸੁਰੱਖਿਆ ਨਾਲ ਜੁੜਿਆ ਅਹਿਮ ਮੁੱਦਾ ਹੈ।
ਸੰਦੀਪ ਦੀ ਮੌਤ ਅਜੇ ਤੱਕ ਲੋੋਕਾਂ ਦੇ ਮਨਾਂ ਵਿੱਚ ਜਿਉਂ ਦੀ ਤਿਉਂ ਹੈ ਅਤੇ ਹੁਣ ਦਿਨ ਦਿਹਾੜੇ ਤਿੰਨ ਪਾਸਿਆਂ ਤੋਂ ਘੇਰਾਬੰਦੀ ਕਰਕੇ ਇੱਕ ਪਿੰਡ ਵਿੱਚ ਮਾਰੂ ਹਥਿਆਰਾਂ ਨਾਲ ਅੰਨੇਵਾਹ ਗੋਲੀਬਾਰੀ ਕਰਦਿਆਂ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸਾਵਾਲਾ ਨੂੰ ਕਤਲ ਕਰ ਦਿੱਤਾ ਜਾਂਦਾ ਹੈ। ਇਹ ਦੋਵੇਂ ਕਤਲ ਕਿਸੇ ਆਮ ਕਾਤਲ ਨੇ ਨਹੀਂ ਕੀਤੇ ਹਨ ਸਗੋਂ ਇਹਨਾਂ ਨੂੰ ਅੰਜਾਮ ਦੇਣ ਵਾਲੇ ਹਰ ਤਰ੍ਹਾਂ ਨਿਪੁੰਨ ਹਥਿਆਰਬੰਦ ਕਾਤਲ ਸਨ। ਉਹਨਾਂ ਨੇ ਆਪਣੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਪੂਰੀ ਤਰ੍ਹਾਂ ਵਿਉਂਤਬੱਧ ਕਰਕੇ ਹਰ ਕਦਮ ਅੱਗੇ ਵਧਾਇਆ। ਉਹ ਫਿਲਮੀ ਅੰਦਾਜ਼ ਵਿੱਚ ਆਉਂਦੇ ਹਨ ਅਤੇ ਬੜੀ ਹੁਸਿ਼ਆਰੀ ਨਾਲ ਆਪਣਾ ਨਿਸ਼ਾਨਾ ਬਣਨ ਵਾਲੇ ਨੂੰ ਆਲੇ ਦੁਆਲੇ ਤੋਂ ਘੇਰਦੇ ਹਨ। ਉਹ ਇੰਨੇ ਹੌਂਸਲੇ ਤੇ ਵਿਸ਼ਵਾਸ਼ ਨਾਲ ਕਤਲ ਕਰਦੇ ਹਨ ਕਿ ਸਿ਼ਕਾਰ ਹੋਣ ਵਾਲਾ ਇੱਕ ਪ੍ਰਤੀਸ਼ਤ ਵੀ ਬਚ ਸਕਣ ਦੀ ਸਥਿਤੀ ਵਿੱਚ ਨਹੀਂ ਰਹਿੰਦਾ। ਇੱਕ ਦੋ ਨਹੀਂ ਸਗੋਂ ਦਸ ਬਾਰਾਂ ਕੀ ਵੀਹ ਪੰਜਾਹ ਗੋਲੀਆਂ ਤੱਕ ਵੀ ਦਾਗਣ ਤੋਂ ਕਾਤਲ ਗੁਰੇਜ਼ ਨਹੀਂ ਕਰਦੇ। ਉਹ ਕਿਸੇ ਤਰ੍ਹਾਂ ਦੀ ਕਾਹਲੀ ਜਾਂ ਜਲਦਬਾਜ਼ੀ ਨਾ ਕਰਕੇ ਆਪਣੇ ਕੰਮ ਨੂੰ ਪੂਰਾ ਕਰਦੇ ਹਨ। ਉਹਨਾਂ ਦੇ ਹਥਿਆਰ ਵੀ ਆਮ ਹਥਿਆਰਾਂ ਤੋਂ ਵੱਧ ਮਾਰੂ ਲੱਗਦੇ ਹਨ। ਜਿਹਨਾਂ ਦੀ ਮਾਰ ਹੇਠ ਆਉਣ ਵਾਲਾ ਬਚਣ ਬਾਰੇ ਸੋਚ ਵੀ ਨਹੀਂ ਸਕਦਾ। ਇੱਥੇ ਫਿਰ ਉਹੀ ਪਹਿਲਾਂ ਵਾਲੀ ਗੱਲ ਕਿ ਇਹ ਮਾਰੂ ਹਥਿਆਰ ਕਾਤਲਾਂ ਨੂੰ ਕਿੱਥੋਂ ਤੇ ਕਿਵੇਂ ਮਿਲੇ?
ਜੋ ਗੱਲਾਂ ਦਾ ਅਸੀਂ ਉੱਪਰ ਜਿ਼ਕਰ ਕੀਤਾ ਹੈ ਉਹ ਬਹੁਤ ਗੰਭੀਰ ਹਨ। ਆਖਿਰ ਇਹ ਕਤਲ ਕਰਨ ਵਾਲੇ ਕੌਣ ਲੋਕ ਹਨ? ਇਹਨਾਂ ਨੂੰ ਕਿਸ ਤਾਕਤ ਦਾ ਸਹਾਰਾ, ਸ਼ਹਿ ਜਾਂ ਕਿਸਦੇ ਇਸ਼ਾਰਿਆਂ ਉੱਪਰ ਇਹ ਲੋਕ ਇੰਨੀ ਦਰਿੰਦਗੀ ਨਾਲ ਪੇਸ਼ ਆਉਂਦੇ ਹਨ? ਇਸ ਤਰ੍ਹਾਂ ਕਤਲ ਕਰਨ ਦੀ ਸਿੱਖਿਆ ਇਹਨਾਂ ਲੋਕਾਂ ਨੇ ਕਿਸ ਤੋਂ ਲਈ ਹੈ? ਇੰਨੇ ਮਾਰੂ ਹਥਿਆਰ ਇਹ ਲੋਕ ਕਿੱਥੋਂ ਪ੍ਰਾਪਤ ਕਰਦੇ ਹਨ? ਕੀ ਸਾਡੇ ਦੇਸ਼ ਦਾ ਖੁਫੀਆ ਤੰਤਰ ਇਹਨਾਂ ਦੀਆਂ ਕਾਰਵਾਈਆਂ ਤੋਂ ਪੂਰੀ ਤਰਾਂ ਅਨਜਾਣ ਹੈ ਜਾਂ ਫਿਰ ਜਾਣ ਬੱੁਝ ਕੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ? ਕੀ ਇਹ ਗੈਂਗਵਾਦ ਸਿਆਸੀ ਸ਼ਹਿ ਉੱਪਰ ਪਲ ਰਿਹਾ ਹੈ? ਕੀ ਸਰਕਾਰ ਇਸ ਨਾਮੁਰਾਦ ਬੀਮਾਰੀ ਨਾਲ ਨਜਿੱਠਣ ਦੇ ਸਮਰੱਥ ਹੈ ਜਾਂ ਨਹੀਂ? ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਹਨਾਂ ਦੇ ਉੱਤਰ ਸ਼ਾਇਦ ਕਿਸੇ ਕੋਲ ਹੋਣ ਜਾਂ ਨਾ, ਪਰ ਅੱਜ ਲੋਕ ਇੱਕ ਸਕਤੇ ਵਿੱਚ ਨਜ਼ਰ ਆ ਰਹੇ ਹਨ। ਆਮ ਲੋਕਾਂ ਵਿੱਚ ਹੀ ਨਹੀਂ ਸਗੋਂ ਅਸਰ ਰਸੂਖ ਵਾਲੇ ਲੋਕਾਂ ਵਿੱਚ ਵੀ ਇਹ ਚਰਚਾ ਆਮ ਸੁਣੀ ਜਾ ਸਕਦੀ ਹੈ ਕਿ ਬੰਦੇ ਦਾ ਕੀ ਮੁੱਲ ਹੈ? ਕੀ ਇੱਕ ਇਨਸਾਨ ਇੰਨਾ ਅਸਰੁਖਿਅਤ ਹੈ ਕਿ ਉਸਨੂੰ ਕਿਸੇ ਵੀ ਰਾਹ ਜਾਂਦਿਆਂ ਕਤਲ ਕੀਤਾ ਜਾ ਸਕਦਾ ਹੈ?
ਜੇਕਰ ਦੇਖਿਆ ਜਾਵੇ ਤਾਂ ਸਿੱਧੂ ਮੂਸਾਵਾਲਾ ਇੱਕ ਆਮ ਇਨਸਾਨ ਨਹੀ ਸੀ। ਉਹ ਸੰਸਾਰ ਭਰ ਵਿੱਚ ਇੱਕ ਵੱਖਰੀ ਪਹਿਚਾਣ ਰੱਖਣ ਵਾਲਾ ਪੰਜਾਬੀ ਗਾਇਕ ਸੀ। ਉਸ ਕੋਲ ਹਰ ਸੁੱਖ ਸਹੂਲਤ ਸੀ ਅਤੇ ਉਹ ਇੱਕ ਸਿਆਸੀ ਪਾਰਟੀ ਨਾਲ ਵੀ ਸੰਬੰਧ ਰੱਖਦਾ ਸੀ। ਪਰ ਮਾਰਨ ਵਾਲਿਆਂ ਸ਼ਰੇਆਮ ਉਸਨੂੰ ਗੋਲੀਆਂ ਨਾਲ ਭੁੰਨ ਦਿੱਤਾ। ਸਿਆਸੀ ਮਾਹਿਰ ਆਪਣੇ ਅੰਦਾਜੇ ਲਾ ਰਹੇ ਹਨ ਅਤੇ ਰਾਜਸੀ ਦਲ ਆਪਣੀ ਰਾਜਨੀਤੀ ਦੀ ਖੇਡ ਨੂੰ ਚਮਕਾਉਣ ਵਿੱਚ ਵਿਆਸਥ ਹਨ। ਮੀਡੀਆ ਵਾਲੇ ਆਪਣੇ ਵੱਲੋਂ ਕਈ ਤਰ੍ਹਾਂ ਦੇ ਸ਼ੰਕੇ ਤੇ ਟਿੱਪਣੀਆਂ ਕਰ ਰਹੇ ਹਨ। ਲੋਕ ਆਪਣੀ ਸਮਝ ਮੁਤਾਬਿਕ ਹਰ ਗੱਲ ਦਾ ਮਤਲਬ ਕੱਢ ਰਹੇ ਹਨ। ਸਰਕਾਰ ਜਾਂ ਪ੍ਰਸ਼ਾਸ਼ਨ ਆਪਣੇ ਵੱਲੋਂ ਪੂਰੀ ਵਾਹ ਲਾ ਰਿਹਾ ਹੈ ਕਿ ਗੱਲ ਨੂੰ ਜਲਦ ਤੋਂ ਜਲਦ ਠੰਡਾ ਕੀਤਾ ਜਾ ਸਕੇ। ਪਰ ਕੀ ਹੋਵੇਗਾ ਇਹ ਅਜੇ ਕੋਈ ਵੀ ਨਹੀਂ ਜਾਣਦਾ।
ਉਪਰੋਕਤ ਘਟਨਾਵਾਂ ਦਾ ਹੋਣਾ ਪੰਜਾਬ ਲਈ ਕਿਸੇ ਤਰ੍ਹਾਂ ਵੀ ਚੰਗੇ ਸੰਕੇਤ ਨਹੀਂ ਹਨ। ਕਿਉਂਕਿ ਪੰਜਾਬ ਨੂੰ ਪਹਿਲਾਂ ਹੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਰਾਜਨੀਤਕ, ਆਰਥਿਕ, ਸਮਾਜਿਕ ਤੇ ਧਾਰਮਿਕ ਹਾਲਾਤ ਬਹੁਤੇ ਸਾਜ਼ਗਾਰ ਨਾ ਹੋਣ ਕਾਰਨ ਸਥਿਤੀ ਹੋਰ ਵੀ ਗੰਭੀਰ ਨਜ਼ਰ ਆ ਰਹੀ ਹੈ। ਮੌਜੂਦਾ ਸਰਕਾਰ ਲਈ ਅਜੇ ਹੋਰ ਬਹੁਤ ਸਾਰੀਆਂ ਚਣੌਤੀਆਂ ਤੇ ਮੁਸ਼ਕਿਲਾਂ ਹਨ ਜਿਹਨਾਂ ਦੇ ਹੱਲ ਸਰਕਾਰ ਲਈ ਬੜੇ ਟੇਡੇ ਸਵਾਲ ਪੈਦਾ ਕਰ ਰਹੇ ਹਨ। ਪਰ ਹੁਣ ਅਜਿਹੇ ਕਤਲ ਸਰਕਾਰ ਲਈ ਹੋਰ ਵੀ ਔਖੇ ਸਵਾਲ ਪੈਦਾ ਕਰ ਰਹੇ ਹਨ। ਇਸਦੇ ਇਲਾਵਾ ਪੰਜਾਬੀਆਂ ਦਾ ਦੇਸ਼ ਭਰ ਵਿੱਚ ਅਜਿਹੀਆਂ ਘਟਨਾਵਾਂ ਕਾਰਨ ਅਕਸ ਵੀ ਖਰਾਬ ਹੁੰਦਾ ਹੈ। ਕਿਉਂਕਿ ਰਾਸ਼ਟਰੀ ਮੀਡੀਆ ਦਾ ਬਹੁਤਾ ਹਿੱਸਾ ਚੀਕ ਚੀਕ ਕੇ ਕਹਿ ਰਿਹਾ ਹੈ ਕਿ ਪੰਜਾਬ ਵਿੱਚ ਗੈਂਗਵਾਰ ਚੱਲ ਰਹੀ ਹੈ। ਪੰਜਾਬ ਵਿੱਚ ਹਾਲਾਤ ਕਿਸੇ ਸਮੇਂ ਵੀ ਵਿਘੜ ਸਕਦੇ ਹਨ। ਪੰਜਾਬ ਵਿੱਚ ਅੱਤਵਾਦੀ ਤਾਕਤਾਂ ਸਿਰ ਚੁੱਕ ਰਹੀਆਂ ਹਨ। ਅਜਿਹੇ ਹੋਰ ਬਹੁਤ ਸਾਰੇ ਸਿਰਲੇਖ ਰਾਸ਼ਟਰੀ ਮੀਡੀਆ ਬੜੀ ਤੇਜੀ ਨਾਲ ਪ੍ਰਚਾਰ ਰਿਹਾ ਹੈ। ਜੋ ਕਿ ਬਲਦੀ ਉੱਪਰ ਤੇਲ ਪਾਉਣ ਤੋਂ ਇਲਾਵਾ ਹੋਰ ਕੋਈ ਸਾਰਥਿਕ ਭੂਮਿਕਾ ਨਹੀਂ ਕਹੀ ਜਾ ਸਕਦੀ।
ਜੇਕਰ ਦੇਖਿਆ ਜਾਵੇ ਤਾਂ ਇਹ ਵਰਤਾਰਾ ਜੋ ਸ਼ਰੇਆਮ ਹੋ ਰਿਹਾ ਹੈ ਉਹ ਅਸਲੀਅਤ ਵਿੱਚ ਪੰਜਾਬ ਲਈ ਬਹੁਤ ਘਾਤਕ ਸਿੱਧ ਸਕਦਾ ਹੈ ਅਤੇ ਹੋ ਵੀ ਰਿਹਾ ਹੈ। ਇੱਕ ਕਬੱਡੀ ਖਿਡਾਰੀ ਦਾ ਦਿਨ ਦਿਹਾੜੇ ਕਤਲ ਤੇ ਦੋਸ਼ੀਆਂ ਦਾ ਆਸਾਨੀ ਨਾਲ ਨਿੱਕਲ ਜਾਣਾ। ਇੱਕ ਮਸ਼ਹੂਰ ਪੰਜਾਬੀ ਗਾਇਕ ਦਾ ਕਤਲ ਤੇ ਦੋਸ਼ੀਆਂ ਦਾ ਫਿਰ ਆਸਾਨੀ ਨਾਲ ਨਿੱਕਲ ਜਾਣਾ। ਜੇਲਾਂ ਵਿੱਚ ਬੰਦ ਗੈਂਗਸਟਰਾਂ ਵੱਲੋਂ ਰਣਨੀਤੀ ਬਣਾਏ ਜਾਣ ਬਾਰੇ ਅਫਵਾਵਾਂ ਭਾਂਵੇ ਸੱਚੀਆਂ ਹੋਣ ਜਾਂ ਝੂਠੀਆਂ ਉਹ ਸਮਾਂ ਦੱਸੇਗਾ। ਪਰ ਕੀ ਸਾਡੇ ਦੇਸ਼ ਦੀਆਂ ਜੇਲਾਂ ਦਾ ਇੰਨਾ ਬੁਰਾ ਹਾਲ ਹੈ ਕਿ ਅਪਰਾਧੀ ਜੇਲਾਂ ਵਿੱਚ ਰਹਿ ਕੇ ਵੀ ਆਪਣੇ ਜੁਰਮ ਦੀ ਦੁਨੀਆਂ ਨੂੰ ਰਿਮੋਟ ਕੰਟਰੋਲ ਵਾਂਗ ਚਲਾ ਰਹੇ ਅਤੇ ਸਰਕਾਰਾਂ ਤੇ ਪੁਲਿਸ ਪ੍ਰਸ਼ਾਸ਼ਨ ਮੂਕ ਦਰਸ਼ਕ ਵਜੋਂ ਸਾਰੇ ਵਰਤਾਰੇ ਨੂੰ ਦੇਖ ਰਹੇ ਹਨ। ਇਸ ਤੋਂ ਵੱਧ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਹੋਰ ਕਿਹੜੀ ਗੱਲ ਹੋ ਸਕਦੀ ਹੈ।
ਅਖੀਰ ਵਿੱਚ ਇਹੀ ਕਹਿ ਸਕਦੇ ਹਾਂ ਕਿ ਰੱਬਾ ਭਲੀ ਕਰੀਂ। ਪੰਜਾਬ ਦੇ ਲੋਕਾਂ ਦਾ ਹੋਰ ਇਮਤਿਹਾਨ ਨਾ ਲੈ। ਇਹਨਾਂ ਲੋਕਾਂ ਨੇ ਪਹਿਲਾਂ ਹੀ ਬੜਾ ਦਰਦ ਸਹਿ ਲਿਆ ਹੈ। ਪਹਿਲਾਂ ਹੀ ਇਹ ਲੋਕ ਕਦੇ ਸੰਤਾਲੀ, ਕਦੇ ਚੁਰਾਸੀ ਵਿੱਚ ਆਪਣਾ ਬਚਪਨ, ਜਵਾਨੀ ਤੇ ਬੁਢਾਪਾ ਲੁਟਾ ਚੱੁਕੇ ਹਨ। ਕਦੇ ਇਹਨਾਂ ਨੇ ਨਸਿ਼ਆਂ ਕਰਕੇ ਸਭ ਕੁਝ ਉਝਾੜ ਲਿਆ ਹੈ। ਕਦੇ ਇੱਥੋਂ ਦੀ ਜਵਾਨੀ ਨੂੰ ਵਿਦੇਸ਼ ਖਿੱਚ ਕੇ ਲੈ ਗਿਆ ਹੈ। ਜੇ ਕੁਝ ਥੋੜਾ ਬਹੁਤ ਬਚਿਆ ਹੈ ਉਹ ਤਾਂ ਇਸ ਕੋਲ ਰਹਿ ਜਾਵੇ। ਨਹੀਂ ਤਾਂ ਆਉਣ ਵਾਲੀਆਂ ਪੀੜੀਆਂ ਲਈ ਪੰਜਾਬ ਇੱਕ ਕਹਾਣੀ ਬਣ ਕੇ ਰਹਿ ਜਾਵੇਗਾ। ਪੰਜਾਬੀਆਂ ਨੂੰ ਖੁਦ ਵੀ ਸੁਹਿਰਦ ਹੋ ਕੇ ਸੋਚਣ ਦੀ ਲੋੜ ਹੈ। ਪੰਜਾਬ ਨੂੰ ਬਚਾਉਣ ਖਾਤਰ ਲਾਮਬੰਦ ਹੋਣਾ ਪਵੇਗਾ। ਲੋਕਾਂ ਵਿੱਚ ਜਾਗਰਤੀ ਪੈਦਾ ਕਰਨੀ ਹੋਵੇਗੀ। ਲੋਕਾਂ ਨੂੰ ਰਾਜਨੀਤਕ, ਧਾਰਮਿਕ, ਸਮਾਜਿਕ, ਸਭਿਆਚਾਰਕ ਤੇ ਸਾਹਿਤਕ ਪੱਖ ਤੋਂ ਸੁਚੇਤ ਹੋਣ ਦੇ ਨਾਲ ਨਾਲ ਹੋਰ ਲੋਕਾਂ ਵਿੱਚ ਵਿਚਰ ਕੇ ਭਾਈਚਾਰਕ ਸਾਂਝ ਪੈਦਾ ਕਰਨੀ ਹੋਵੇਗੀ। ਅਜਿਹਾ ਪੰਜਾਬ ਦੁਬਾਰਾ ਉਸਾਰਨਾ ਹੋਵੇਗਾ ਜਿਸ ਉੱਪਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਮਾਣ ਕਰ ਸਕਣ। ਪੰਜਾਬ ਦੀ ਜਵਾਨੀ ਨੂੰ ਬਚਾਉਣਾ, ਸੰਭਾਲਣਾ ਤੇ ਉਸਨੂੰ ਸਹੀ ਦਿਸ਼ਾ ਮਾਰਗ ਉੱਪਰ ਲੈ ਕੇ ਜਾਣਾ ਸਾਡਾ ਪਹਿਲਾ ਤੇ ਆਖਰੀ ਕਦਮ ਹੋਣਾ ਚਾਹੀਦਾ ਹੈ।
ਬਲਵਿੰਦਰ ਸਿੰਘ ਚਾਹਲ ਯੂ ਕੇ
00447491073808
-
ਬਲਵਿੰਦਰ ਸਿੰਘ ਚਾਹਲ ਯੂ.ਕੇ, ਲੇਖਕ
bindachahal@gmail.com
00447491073808
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.