ਪੰਜਾਬ ਸਿੰਹਾਂ--- ਉੱਜੜ ਉਹ ਵੀ ਜਾਂਦੇ ਨੇ ਜਿਹੜੇ ਕਿਸੇ ਦਾ ਵਸਦਾ ਘਰ ਨੇ ਓੁਜਾੜਦੇ
ਪੰਜਾਬ ਵਿੱਚ ਖਮੋਸੀ ਦਾ ਸੰਨਾਟਾ ਹੈ ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਬਾਅਦ
ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ਇਹ ਕੈਸਾ ਮਾਹੌਲ ਬਣ ਰਿਹਾ ਹੈ,ਜਿੱਥੇ ਨਾ ਕੋਈ
ਇਨਸਾਨੀਅਤ ,ਨਾ ਕੋਈ ਇਨਸਾਫ਼, ਨਾ ਕੋਈ ਸਿਧਾਂਤ, ਨਾ ਕੋਈ ਕਿਰਦਾਰ , ਹੁਣ ਤਾਂ ਇੱਥੇ ਜ਼ਿੰਦਗੀ ਜਿਊਣ ਦੀ ਨਹੀਂ ,ਜ਼ਿੰਦਗੀ ਖੋਹਣ ਦੀ ਹਫੜਾ ਤਫੜੀ ਮੱਚੀ ਪਈ ਹੈ ,ਪੰਜਾਬੀ ਤਾਂ ਖ਼ਾਸ ਕਰਕੇ ਸਿੱਖ ਇਕ ਵਧੀਆ ਇਖ਼ਲਾਕ ਵਾਲੇ ਜਾਣੇ ਜਾਂਦੇ ਸੀ, ਪਰ ਕਿੱਥੇ ਚਲੇ ਗਈ ਸਾਡੇ ਗੁਰੂਆਂ ਪੀਰਾਂ ਵੱਲੋਂ ਸਾਨੂੰ ਦੱਸੀ ਨਿਮਰਤਾ, ਸਚਾਈ , ਵੱਡਿਆਂ ਦੀ ਵਿਡਿਆਈ, ਦਸਾਂ ਨੂੰਹਆਂ ਦੀ ਕਿਰਤ, ਵੰਡ ਛਕੋ ,ਨਾਮ ਜਪੋ ਦੀ ਧਰਨਾ ।
ਅੱਜ ਦੇ ਪੰਜਾਬ ਵਸਦੇ ਪੰਜਾਬੀਆਂ ਦੇ ਪੱਲੇ ਕੀ ਹੈ ਹਥਿਆਰ, ਗੁਨਾਹ ,ਤਬਾਹੀ, ਭਾੜੇ ਦੇ ਕਾਤਲ, ਦੁਨੀਆਂ ਭਰ ਦੇ ਨਸ਼ੇ, ਇੱਥੇ ਫੇਲ੍ਹ ਹੋਇਆ ਨੂੰ ਮਖੌਲ ਨੇ ,ਕਾਮਯਾਬਾ ਨੂੰ ਪਿਸਤੌਲ ਨੇ, ਦਿਨ ਦਿਹਾੜੇ ਕਤਲ, ਪੰਜਾਬ ਵਿੱਚ ਚੱਲ ਰਹੇ ਰਾਜਨੀਤਕ ਸੌੜੀ ਸਿਆਸਤ ਨੇ ਪੰਜਾਬ ਨੂੰ ਰੜੇ ਮੈਦਾਨਾਂ ਦੀ ਕਤਲਗਾਹ ਬਣਾ ਦਿੱਤਾ ਹੈ। ਇਸੇ ਕਰਕੇ ਕੋਈ ਸਿਆਣਾ ਬੰਦਾ ,ਪਡ਼੍ਹਿਆ ਲਿਖਿਆ ਬੰਦਾ ,ਅਗਾਂਹ ਵਧੂ ਸੋਚ ਰੱਖਣ ਵਾਲਾ ਬੰਦਾ ਸਿਆਸਤ ਵਿੱਚ ਆਉਣ ਨੂੰ ਤਿਆਰ ਨਹੀਂ ਹੈ । ਬੀਤੇ ਦਿਨੀਂ ਉੱਘੇ ਗਾਇਕ ਸੁਖਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਹੋਇਆ ਹੈ । ਸਿੱਧੂ ਮੂਸੇਵਾਲ ਦੀ ਦੇ ਕਤਲ ਹੋਣ ਦੀ ਖਬਰ ਦਾ ਪੂਰੀ ਦੁਨੀਆਂ ਵਿੱਚ ਹੜਕੰਪ ਮੱਚ ਗਿਆ ਹੈ , ਪੰਜਾਬ ਵਸਦੇ ਉਸ ਦੇ ਪ੍ਰਸੰਸਕ ਬੱਚਿਆਂ ਅਤੇ ਨੌਜਵਾਨਾਂ ਵਿੱਚ ਖ਼ਾਮੋਸ਼ੀ ਦਾ ਵੱਡਾ ਸੰਨਾਟਾ ਹੈ ਪਰ ਹੁਣ ਹੋਣਾ ਕੁੱਝ ਨਹੀਂ , ਬੱਸ ਉਹੀ 5, 7 ਦਿਨ ਕਾਤਲਾਂ ਨੂੰ ਫੜਨ ਦਾ ,ਇਨਸਾਫ਼ ਲੈਣ ਦਾ ਰਾਮ ਰੌਲਾ ਪਵੇਗਾ, ਫਿਰ ਉਹੀ ਪਹਿਲਾਂ ਵਾਲੀ ਕਹਾਣੀ ਚੱਲੇਗੀ । ਕਿਉਂਕਿ ਇੱਥੇ ਤਾਂ 1984 ਸਿੱਖ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਇਨ੍ਹਾਂ ਕਤਲਾਂ ਦਾ ਤਾਂ ਇਨਸਾਫ਼ ਸਾਨੂੰ ਮਿਲਣਾ ਕੀ ਆਂ ? ਇਸ ਤੋਂ ਪਹਿਲਾਂ ਵੀ ਕਬੱਡੀ ਦੇ ਸਟਾਰ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਖੇਡ ਮੈਦਾਨ ਦੇ ਵਿਚ ਦਿਨ ਦਿਹਾੜੇ ਕਤਲ ਹੋਇਆ । ਸਿਆਸਤ ਵੱਲ ਨੂੰ ਉੱਭਰਦਾ ਸਿੱਖ ਨੌਜਵਾਨ, ਸਟੇਜ ਤੇ ਬੋਲਣ ਦਾ ਧਨੀ ਫਿਲਮ ਕਲਾਕਾਰ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਮੌਤ ਦਾ ਰਹੱਸ ਕਤਲ ਨਾਲੋਂ ਵੀ ਗੁੱਝਾ ਬਣਿਆ ਹੋਇਆ ਹੈ । ਇਹ ਤਿੰਨੋਂ ਨੌਜਵਾਨ ਆਪੋ ਆਪਣੇ ਖੇਤਰਾਂ ਦੇ ਪ੍ਰਮੁੱਖ ਹੀਰੋ ਸਨ,ਵੱਡੀ ਪੱਧਰ ਤੇ ਨੌਜਵਾਨੀ ਇਨ੍ਹਾਂ ਦੀ ਦੀਵਾਨੀ ਸੀ।
ਪੰਜਾਬ ਦੇ ਵਿੱਚ ਹਰ ਰੋਜ਼ ਜਵਾਨੀ, ਕੋਈ ਕਤਲਾਂ ਦੀ ਭੇਂਟ, ਕੋਈ ਨਸ਼ਿਆਂ ਦੀ ਭੇਂਟ , ਕੋਈ ਹਾਦਸਿਆਂ ਦੀ ਭੇੰਟ , ਕੋਈ ਆਪਸੀ ਧੜੇਬੰਦੀ ਜਾਂ ਦੁਸ਼ਮਣੀ ਦੀ ਭੇਟ ਚੜ੍ਹ ਰਿਹਾ ਹੈ। ਇੰਟੈਲੀਜੈਂਟ ਬੱਚੇ ਦਿਨੋਂ ਦਿਨ ਵਿਦੇਸ਼ਾਂ ਨੂੰ ਕੂਚ ਕਰੀ ਜਾਂਦੇ ਹਨ । ਪੰਜਾਬ ਚ ਕੋਈ ਰਹਿ ਕੇ ਰਾਜ਼ੀ ਨਹੀਂ ਹੈ। ਪੰਜਾਬੀਓ ਆਪ ਹੀ ਦੱਸੋ ਪੰਜਾਬ ਬਚੇਗਾ ਕਿਵੇਂ ?
ਸਿੱਧੂ ਮੂਸੇਵਾਲਾ ਦਾ ਕਸੂਰ ਸਿਰਫ ਇਹ ਸੀ ਕਿ ਉਂਹ ਆਪਣੀ ਜਵਾਨੀ ਵਿਚ ਮਸਤ ਸੀ, ਚੋਟੀ ਦਾ ਗਾਇਕ ਸੀ, ਬੱਚੇ ਅਤੇ ਨੌਜਵਾਨ ਉਸ ਦੇ ਵੱਡੀ ਪੱਧਰ ਤੇ ਫੈਂਨ ਸੀ, ਸੁਭਾਅ ਦਾ ਅੜੀਅਲ ਸੀ , ਆਪਣੀ ਕਲਾਕਾਰੀ ਨਾਲ ਮੋਟਾ ਪੈਸਾ ਕਮਾਉਂਦਾ ਸੀ ਜੱਟ ਬਾਅਦ ਉਸ ਤੇ ਭਾਰੂ ਸੀ, ਦੁਨੀਆਂ ਵਿਚ ਉਸ ਦੀ ਚੜ੍ਹਤ ਸੀ । ਈਨ ਕਿਸੇ ਦੀ ਓਹ ਮੰਨਦਾ ਨਹੀਂ ਸੀ ਅਤੇ ਇਸੇ ਕਰਕੇ ਉਸ ਦੇ ਵਿਰੋਧੀਆਂ ਤੋਂ ਉਸਦਾ ਇਹ ਸਭ ਕੁਝ ਬਰਦਾਸ਼ਤ ਨਹੀਂ ਹੋਇਆ ਤੇ ਉਸ ਦਾ ਦਿਨ ਦਿਹਾੜੇ ਕਤਲ ਹੋ ਗਿਆ। ਸਕਿਉਰਿਟੀ ਦਾ ਨਾ ਹੋਣਾ ਉਸ ਦੇ ਕਤਲ ਦਾ ਇਕ ਬਹਾਨਾ ਬਣ ਗਿਆ ਪਰ ਇਨ੍ਹਾਂ ਕਤਲਾਂ ਲਈ ਭਾਵੇਂ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ , ਭਾਵੇਂ ਨੰਗਲ ਅੰਬੀਆਂ ਦਾ ਕਤਲ ਹੋਵੇ ਜਾਂ ਦੀਪ ਸਿੱਧੂ ਦਾ ਹੋਵੇ ਜ਼ਿੰਮੇਵਾਰ ਸਾਡਾ ਰਾਜਨੀਤਿਕ ਕੁਰੱਪਟ ਸਿਸਟਮ ਹੈ । ਜੋ ਪੰਜਾਬ ਦੀ ਜਵਾਨੀ ਦੀ ਸਾਰ ਨਹੀਂ ਲੈ ਰਿਹਾ, ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਰਿਹਾ ,ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣ ਦੀ ਬਜਾਏ ਕੁਰਾਹੇ ਪਾ ਰਿਹਾ ਹੈ, ਜੇਲ੍ਹਾਂ ਦੇ ਵਿੱਚ ਗੈਂਗਸਟਰ ਸਿਸਟਮ ਰਾਜਨੀਤੀ ਦੀ ਆੜ ਹੇਠ ਕਾਇਮ ਹੋ ਰਿਹਾ ਹੈ । ਗੱਲਾਂ ਹੋ ਰਹੀਆਂ ਨੇ ਪੰਜਾਬ ਨੂੰ ਬਚਾਉਂਣ ਦੀਆਂ ਪਰ ਉਹ ਪੰਜਾਬ ਜਿੱਥੇ ਕਬੱਡੀ ਖੇਡ ਦੇ ਵੀ ਫ਼ੈਸਲੇ ਜੇਲ੍ਹਾਂ ਚ ਬੈਠਿਆਂ ਹੋਣ ,ਜਿੱਥੇ ਨਾਮੀ ਲੋਕਾਂ ਦੇ ਕਤਲਾਂ ਦੀਆਂ ਸਕੀਮਾਂ ਜੇਲ੍ਹਾਂ ਚ ਘੜੀਆਂ ਜਾਣ, ਜਿੱਥੇ ਪੰਜਾਬ ਦੀ ਰਾਜਨੀਤੀ ਦੇ ਫ਼ੈਸਲੇ ਜੇਲ੍ਹਾਂ ਚ ਬੈਠੇ ਰਾਜਨੀਤਿਕ ਆਕਾ ਕਰਦੇ ਹੋਣ, ਇਹ ਸੀਨ ਕਿਸੇ ਵਕਤ ਫ਼ਿਲਮਾਂ ਵਿੱਚ ਤਾਂ ਅਸੀਂ ਵੇਖਦੇ ਹੁੰਦੇ ਸੀ ਪਰ ਅੱਜ ਪੰਜਾਬ ਦੇ ਵਿੱਚ ਅਸਲੀਅਤ ਰੂਪ ਵਿੱਚ ਵੇਖਣ ਨੂੰ ਮਿਲਦੇ ਹਨ ਫਿਰ ਉੱਥੇ ਪੰਜਾਬ ਦੇ ਭਲੇ ਦੀ ਕਿਹੜੀ ਆਸ ਰੱਖ ਸਕਦੇ ਹਾਂ ?
ਜੇਕਰ ਅਜੇ ਵੀ ਪੰਜਾਬ ਸਰਕਾਰ ਨੇ ਜੇਲ੍ਹਾਂ ਚ ਬੈਠੇ ਗੈਂਗਸਟਰਾਂ ਨੂੰ ,ਕਾਤਲਾਂ ਨੂੰ, ਡਰੱਗ ਮਾਫੀਏ ਨੂੰ ,ਰੇਤ ਮਾਫੀਏ ਨੂੰ , ਪੰਜਾਬ ਨੂੰ ਤਬਾਹ ਕਰਨ ਵਾਲੇ ਹਰ ਗਰੋਹ ਨੂੰ ਨੱਥ ਨਾ ਪਾਈ ਤਾਂ ਇਸ ਪੰਜਾਬ ਦੇ ਵਿੱਚ ਫਿਰ ਇੱਥੇ ਰਹਿਣਾ ਕਿਸੇ ਨੇ ਪਸੰਦ ਨਹੀਂ ਕਰਨਾ , ਚੰਗਿਆਂ ਨੇ ਤਾਂ ਅਮਰੀਕਾ ,ਕੈਨੇਡਾ ਆਸਟ੍ਰੇਲੀਆ ਭੱਜ ਜਾਣਾ ਤੇ ਮਾੜਿਆਂ ਨੇ ਬੰਗਲਾਦੇਸ਼ ਭੂਟਾਨ ਵਰਗੇ ਮੁਲਕਾਂ ਵੱਲ ਨੂੰ ਚਾਲੇ ਪਾ ਦੇਣੇ ਹਨ। ਬਚਾਲੋ ਜੇ ਬਚਦਾ ਪੰਜਾਬ ਪੰਜਾਬੀਓ । ਸਿੱਧੂ ਮੂਸੇਵਾਲਾ ਅਤੇ ਸੰਦੀਪ ਨੰਗਲ ਅੰਬੀਆਂ ਦੇ ਕਾਤਲੋ ਕਤਲ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ , ਜੇ ਕੋਈ ਮਸਲਾ ਹੈ ਉਸ ਨੂੰ ਬੈਠ ਕੇ ਸੁਲਝਾ ਲਵੋ , ਮਾਵਾਂ ਦੇ ਪੁੱਤ ਨਾ ਮਾਰੋ, ਅਕਲ ਨੂੰ ਹੱਥ ਮਾਰੋ,ਪੁੱਤਰਾਂ ਤੋਂ ਵਾਂਝੀਆਂ ਹੋਈਆਂ ਮਾਵਾਂ ਦੀਆਂ ਬਦ- ਦੁਆਵਾਂ ਤੁਹਾਨੂੰ ਲੈ ਡੁੱਬਣਗੀਆਂ ਕਿਉਂਕਿ ਉੱਜੜ ਉਹ ਵੀ ਜਾਂਦੇ ਨੇ, ਜਿਹੜੇ ਕਿਸੇ ਦਾ ਵਸਦਾ ਘਰ ਉਜਾੜਦੇ ਨੇ।
ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸਮੱਤ ਦੇਵੇ, ਮੇਰੇ ਹੱਸਦੇ ਵੱਸਦੇ ਪੰਜਾਬ ਦਾ ਰੱਬ ਰਾਖਾ ।
ਦੀਪ ਸਿੱਧੂ
ਸੰਦੀਪ ਅੰਬੀਆ
-
ਜਗਰੂਪ ਸਿੰਘ ਜਰਖੜ , ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.