ਹਵਾ ਪਾਣੀ ਮਿੱਟੀ ਦੀ ਗੱਲ ਕਰਦਾ ਰੱਬ ਦਾ ਬੰਦਾ
ਰਾਜ ਸਭਾ ਮੈਂਬਰ ਪੰਜਾਬ ਤੋਂ ਚੁਣੇ ਗਏ ਸੰਤ ਬਲਬੀਰ ਸਿੰਘ ਸੀਚੇਵਾਲ
“ਆਲੋਚਨਾ ਨਾਲੋਂ ਜ਼ਿਆਦਾ ‘ਬਦਲ’ ਦੇਣ ਦਾ ਇਰਾਦਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸੇ ਸਮੱਸਿਆ ਦਾ ਹੱਲ ਕੀ ਕੱਢਦੇ ਹਾਂ।” – ਸੰਤ ਬਲਬੀਰ ਸਿੰਘ ਸੀਚੇਵਾਲ
ਸ਼ਾਮ ਦਾ ਸਮਾਂ-4 ਵਜੇ-ਸੰਨ 1981 ਇੱਕ ਮੁੰਡਾ ਬੀ.ਏ ਦੇ ਦੂਜੇ ਸਾਲ ‘ਚ ਪੜ੍ਹਦਾ ਨਕੋਦਰ ਤੋਂ ਪਿੰਡ ਸੀਚੇਵਾਲ ਨੂੰ ਆ ਰਿਹਾ ਸੀ।ਉਸੇ ਬੱਸ ‘ਚ ਨਿਰਮਲੇ ਸੰਪਰਦਾ ਦੇ ਸੰਤ ਅਵਤਾਰ ਸਿੰਘ ਸਫ਼ਰ ਕਰ ਰਹੇ ਸਨ।ਸੰਤ ਪੁੱਛਦੇ ਹਨ ਕਿ ਜਵਾਨ ਕੀ ਕਰਦੈਂ? ਜਵਾਬ ਹੈ ਜੀ ਪੜ੍ਹਦਾਂ।ਸੰਤ ਬੋਲੇ,“ਬੜੀ ਚੰਗੀ ਗੱਲ ਹੈ ਪਰ ਕਰਦਾ ਕੀ ਐਂ?” ਕਹਿੰਦੇ ਨੇ ਕਿ ਉਹ ਪਹਿਲੇ ਬਚਨ ਬਿਲਾਸ ‘ਚ ਹੀ ਮੁੱਛ ਫੁੱਟ ਗੱਭਰੂ ਦੀ ਜ਼ਿੰਦਗੀ ਨੂੰ ਨਵਾਂ ਮਕਸਦ ਮਿਲਿਆ ਅਤੇ ਉਹ ਸੰਤ ਅਵਤਾਰ ਸਿੰਘ ਨਾਲ ਹੀ ਹੋ ਤੁਰੇ। ਰਾਹਾਂ ਦੀ ਸਫਾਈ ਤੋਂ ਲੈਕੇ ਰੁੱਖ ਬੂਟੇ ਲਾਉਂਦੇ ਹੋਏ ਉਹਨਾਂ 165 ਕਿਲੋਮੀਟਰ ਕਾਲੀ ਵੇਂਈ ਨਦੀ ਨੂੰ ਹਜ਼ਾਰਾਂ ਸੰਗਤਾਂ ਨਾਲ ਮਿਲਕੇ ਸਾਫ ਕਰ ਦਿੱਤਾ।ਉਹਨਾਂ ਮੁਤਾਬਕ ਪੰਜਾਬ ਦੇ ਫ਼ਲਸਫਿਆਂ ‘ਚ ਕੁਦਰਤ ਦੀ ਅਰਾਧਣਾ ਸਾਡੇ ਗੁਰੂਆਂ ਦਾ ਉਪਦੇਸ਼ ਹੈ ਅਤੇ ਉਹਨਾਂ ਰਾਹਵਾਂ ‘ਤੇ ਤੁਰਨਾ ਹੀ ਸਾਡਾ ਉਦੇਸ਼ ਹੋਣਾ ਚਾਹੀਦਾ ਹੈ।1988 ‘ਚ ਪੰਜਾਬ ਦੇ ਕਾਲੇ ਦੌਰ ਅੰਦਰ ਸੰਤ ਅਵਤਾਰ ਸਿੰਘ ਦਾ ਕਤਲ ਹੋ ਗਿਆ।ਇਸ ਤੋਂ ਬਾਅਦ ਨਿਰਮਲ ਕੁਟੀਆ ਸੀਚੇਵਾਲ ਦੀ ਸੇਵਾ ਇਹਨਾਂ ਨੂੰ ਮਿਲੀ।ਇਹ ਕਹਾਣੀ ਹੈ ਉਮੀਦ ਦੀ,ਇਰਾਦੇ ਦੀ,ਪੰਜਾਬ ਦੇ ਫਲਸਫਿਆਂ ‘ਚ ਪ੍ਰਣਾਏ ਬੰਦੇ ਦੀ ! ਇਹ ਹੈੇ ਹਵਾ ਪਾਣੀ ਮਿੱਟੀ ਦੀ ਗੱਲ ਕਰਦਾ ਰੱਬ ਦਾ ਬੰਦਾ ‘ਸੰਤ ਬਲਬੀਰ ਸਿੰਘ ਸੀਚੇਵਾਲ’
ਕਾਲੀ ਵੇਂਈ ਦੀ ਕਹਾਣੀ
ਮੁਕੇਰੀਆਂ ਦੇ ਨੇੜੇ ਪਿੰਡ ਧਨੋਆ ਕੋਲ ਬਿਆਸ ਦਰਿਆ ਇੱਕ ਹੋਰ ਰਾਹ ਪੈਂਦਾ ਹੈ।ਇਹੋ ਕਾਲੀ ਵੇਂਈ ਨਦੀ ਹੈ ਜੋ ਭੁੱਲਥ ਕਾਂਜਲੀ ਤੋਂ ਹੁੰਦੀ ਸੁਲਤਾਨਪੁਰ ਲੋਧੀ ਪਹੁੰਚਦੀ ਹੈ।ਇੱਥੋਂ ਅੱਗੇ ਇਹ ਨਦੀ ਮੁੜ ਹਰੀਕੇ ਪੱਤਣ ਕੋਲ ਬਿਆਸ ‘ਚ ਹੀ ਸਮਾਂ ਜਾਂਦੀ ਹੈ।
ਸਿੱਖ ਧਰਮ ਨਾਲ ਕਾਲੀ ਵੇਂਈ ਦਾ ਰਿਸ਼ਤਾ ਗੁਰੁ ਨਾਨਕ ਦੇਵ ਜੀ ਤੋਂ ਜੁੜਦਾ ਹੈ।ਜਦੋਂ ਤਲਵੰਡੀ ਨਨਕਾਣੇ ਤੋਂ ਗੁਰੁ ਸਾਹਿਬ ਸੁਲਤਾਨਪੁਰ ਲੋਧੀ ਆਪਣੀ ਭੈਣ ਬੇਬੇ ਨਾਨਕੀ ਕੋਲ ਰਹਿਣ ਆ ਗਏ ਤਾਂ ਇੱਥੇ ਉਹ 14 ਸਾਲ 9 ਮਹੀਨੇ 13 ਦਿਨ ਰਹੇ।ਇਸੇ ਦੌਰਾਨ ਸਾਲ ਦੀ ਘਟਨਾ ਹੈ ਕਿ ਉਹ ਕਾਲੀ ਵੇਂਈ ‘ਚ ਤਿੰਨ ਦਿਨ ਲਈ ਅਲੋਪ ਹੋ ਗਏ।ਸਿੱਖ ਧਰਮ ‘ਚ ਇਹਨੂੰ ਨਿਰਵਾਣ ਮੰਨਿਆ ਜਾਂਦਾ ਹੈ।ਜਦੋਂ ਕਾਲੀ ਵੇਂਈ ਤੋਂ ਤਿੰਨ ਦਿਨਾਂ ਬਾਅਦ ਗੁਰੁ ਨਾਨਕ ਦੇਵ ਜੀ ਮੁੜ ਪ੍ਰਗਟ ਹੋਏ ਤਾਂ ਸੁਲਤਾਨਪੁਰ ਲੋਧੀ ਦੀ ਇਸੇ ਧਰਤੀ ‘ਤੇ ਉਹਨਾਂ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ।
ਕਾਰ-ਸੇਵਾ
150 ਪਿੰਡ ਅਤੇ 8 ਸ਼ਹਿਰਾਂ ਦੀ ਗੰਦਗੀ ਪਵਿੱਤਰ ਕਾਲੀ ਵੇਂਈ ‘ਚ ਪੈ ਰਹੀ ਸੀ।80ਵੇਂਆ ਦਹਾਕਿਆਂ ‘ਚ ਕਾਲੀ ਵੇਂਈ ਗੰਦੇ ਨਾਲੇ ਤੋਂ ਵੱਧਕੇ ਕੁਝ ਨਹੀਂ ਸੀ।ਇਸ ਨਦੀ ਦੀ ਧਾਰਮਿਕ ਮਹੱਤਤਾ ਹੋਣ ਕਰਕੇ ਇਹਨੂੰ ਸਾਫ ਕਰਨ ਲਈ ਕਈ ਬੈਠਕਾਂ ਹੁੰਦੀਆਂ ਰਹੀਆਂ ਪਰ ਤਹੱਈਆ ਕਰਨ ਨੂੰ ਕੋਈ ਤਿਆਰ ਨਹੀਂ ਸੀ।10 ਜੁਲਾਈ 2000 ਦੇ ਦਿਨ ਜਲੰਧਰ ‘ਚ ਹੋਈ ਬੈਠਕ ਨੇ ਸਭ ਕੁਝ ਬਦਲ ਦਿੱਤਾ।ਇਸ ਬੈਠਕ ‘ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਅਤੇ ਇਸ ਲਈ ਸਾਨੂੰ ਖੁਦ ਵੇਂਈ ‘ਚ ਵੜਣਾ ਪੈਣਾ ਹੈ।
ਇਸੇ ਸਾਲ ਇਸੇ ਮਹੀਨੇ 14 ਤਾਰੀਖ਼ ਸਾਉਣ ਦੀ ਸੰਗਰਾਦ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਆਪਣੇ ਸੇਵਾਦਰ ਨਾਲ ਕਾਲੀ ਵੇਂਈ ‘ਚ ਕੁੱਦ ਪਏ ਅਤੇ ਸਾਫ ਸਫਾਈ ਸ਼ੁਰੂ ਕਰ ਦਿੱਤੀ।ਪ੍ਰੋ ਹਰਨੇਕ ਸਿੰਘ ਦੱਸਦੇ ਹਨ ਕਿ ਹੁਣ ਤਾਂ ਮਸ਼ੀਨਰੀ ਦੀ ਮਦਦ ਨਾਲ ਸਾਫ ਸਫਾਈ ਕੀਤੀ ਜਾਂਦੀ ਹੈ ਪਰ ਉਦੋਂ ਹਜ਼ਾਰਾਂ ਸੰਗਤਾਂ ਕਾਲੀ ਵੇਂਈ ‘ਚੋਂ ਗੰਦਗੀ ਹੱਥੀਂ ਸੇਵਾ ਕਰਕੇ ਕੱਢ ਰਹੀਆਂ ਸਨ।ਮੁਸ਼ਕ,ਗੰਦੀ ਬੂਟੀ ਅਤੇ ਕੀੜੇ ਮਕੌੜਿਆਂ ਦੀ ਪਰਵਾਹ ਕੀਤੇ ਬਿਨਾਂ ਸੰਗਤਾਂ ਨੇ ਸ਼ਰਧਾ ਦੇ ਸੈਲਾਬ ‘ਚ ਗੁਰੁ ਨਾਨਕ ਸਾਹਿਬ ਦੇ ਪਵਣੁ ਗੁਰੁ ਪਾਣੀ ਪਿਤਾ ਦੇ ਸੰਦੇਸ਼ ਨੂੰ ਮੰਨਿਆ ਅਤੇ ਲਗਾਤਾਰ ਸੇਵਾ ਕੀਤੀ।
ਪ੍ਰੋ ਕੁਲਵਿੰਦਰ ਸਿੰਘ ਕਹਿੰਦੇ ਹਨ ਕਿ ਉਹਨਾਂ ਸਮਿਆਂ ‘ਚ ਅਸੀਂ ਸਕੂਲ ਪੜ੍ਹਦੇ ਸੀ।ਅਸੀਂ ਆਪ ਵੀ ਸੇਵਾ ਕੀਤੀ ਅਤੇ ਸੰਤ ਸੀਚੇਵਾਲ ਨੂੰ ਅਸੀਂ ਵੇਖਿਆ ਹੈ ਕਿ ਕਿੰਝ ਉਹ ਘੰਟਿਆ ਤੱਕ ਪਾਣੀ ‘ਚ ਰਹਿੰਦੇ ਸਨ।ਸਫਾਈ ਦੀ ਇਸ ਸੇਵਾ ‘ਚ ਉਹਨਾਂ ਕਈ ਵਾਰ ਰੋਟੀ ਵੀ ਨਦੀ ‘ਚ ਖੜੋਤਿਆਂ ਖਾਣੀ।ਲਗਾਤਾਰ ਪਾਣੀ ‘ਚ ਰਹਿਣ ਕਾਰਨ ਸੰਗਤਾਂ ਦੇ ਸੰਤ ਸੀਚੇਵਾਲ ਦੇ ਪੈਰ ਤੱਕ ਗਲ਼ ਗਏ ਸਨ।ਅਖੀਰ ਮਿਹਨਤ ਰੰਗ ਲਿਆਈ ਅਤੇ 160 ਕਿਲੋਮੀਟਰ ਲੰਮੀ ਕਾਲੀ ਵੇਂਈ ਨਦੀ ਨੂੰ ਸਾਫ ਕੀਤਾ ਗਿਆ।ਇਹ ਮਨੁੱਖੀ ਘਾਲਣਾ ਦੀ ਅੱਦੁਤੀ ਮਿਸਾਲ ਹੈ।ਉਹਨਾਂ ਸਮਿਆਂ ਦੇ ਰਾਸ਼ਟਰਪਤੀ ਡਾ.ਅਬਦੁਲ ਕਲਾਮ ਨੇ ਕਾਲੀ ਵੇਂਈ ਦੀ ਸੇਵਾ ਨੂੰ ‘9 ਅਚੀਵਮੈਂਟ ਆਫ ਇੰਡੀਆ’ ‘ਚੋਂ ਇੱਕ ਕਿਹਾ ਸੀ।
ਇਸ ਮਿਸਾਲ ਦੀ ਚਰਚਾ ਐਸੀ ਹੋਈ ਕਿ 6 ਅਕਤੂਬਰ 2008 ਦੇ ਟਾਈਮ ਰਸਾਲੇ ਨੇ ਆਪਣੀ ਕਵਰ ਸਟੋਰੀ ‘ਹੀਰੋਜ਼ ਆਫ ਦੀ ਇਨਵਾਰਿਨਮੈਂਟ 2008’ ‘ਚ 255 ਦੇਸ਼ਾਂ ਦੀਆਂ ਉਹਨਾਂ ਸ਼ਖਸੀਅਤਾਂ ਅਤੇ ਕਹਾਣੀਆਂ ਨੂੰ ਥਾਂ ਦਿੱਤੀ ਜਿਹਨਾਂ ਨੇ ਸੰਸਾਰ ‘ਚ ਆਬੋ ਹਵਾ ਲਈ ਕੰਮ ਕੀਤੇ।ਇਸ ਕਹਾਣੀ ‘ਚ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੀ ਜ਼ਿਕਰ ਸੀ।
ਅਸਰ
ਸੁਲਤਾਨਪੁਰ ਲੋਧੀ ਤੋਂ ਗੁਰਵਿੰਦਰ ਸਿੰਘ ਦੱਸਦੇ ਹਨ ਕਿ ਸੰਗਤਾਂ ਦੇ ਇਸ ਜਜ਼ਬੇ ਨੇ ਕਾਲੀ ਵੇਂਈ ਦੀ ਸੇਵਾ ਤੋਂ ਜਿਹੜੀ ਮਿਸਾਲ ਪੇਸ਼ ਕੀਤੀ ਹੈ ਉਹਨੇ ਪੰਜਾਬ ਅਤੇ ਦੁਨੀਆਂ ਨੂੰ ਸਾਫ ਸ਼ੁੱਧ ਪਾਣੀ ਅਤੇ ਆਬੋ ਹਵਾ ਲਈ ਪ੍ਰੇਰਿਆ ਹੈ।ਉਹਨਾਂ ਸਮਿਆਂ ‘ਚ 100-150 ਟਰੈਕਟਰ,ਹਜ਼ਾਰਾਂ ਸੰਗਤਾਂ ਨੇ ਜੋ ਕੀਤਾ ਉਹਦਾ ਅਸਰ ਅੱਜ ਵੇਖਣ ਨੂੰ ਮਿਲਦਾ ਹੈ।
ਕਾਲੀ ਵੇਂਈ ਨਦੀ ‘ਚ ਗੰਦਗੀ ਪੈਣੀ ਬੰਦ ਹੋ ਗਈ ਹੈ ਅਤੇ ਨੇੜਲੇ ਇਲਾਕਿਆਂ ਦੀ ਖੇਤੀ ‘ਚ ਖਾਦਾਂ ਦੀ ਵਰਤੋਂ ਘਟੀ ਹੈ।ਭੂਮੀ ਰੱਖਿਆ ਮਹਿਕਮਾ ਪੰਜਾਬ ਸਰਕਾਰ ਦੀ ਰਿਪੋਰਟ ਹੈ ਕਿ ਪੰਜਾਬ ਦੇ 138 ਬਲਾਕ ਬਲੈਕ ਜ਼ੋਨ ‘ਚ ਹਨ ਜਿੰਨ੍ਹਾਂ ਦਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ।ਇਹਨਾਂ ‘ਚੋਂ ਸੁਲਤਾਨਪੁਰ ਲੋਧੀ ਦਾ ਬਲਾਕ ਹੀ ਅਜਿਹਾ ਹੈ ਜਿੱਥੇ 2.5 ਮੀਟਰ ਦੇ ਹਿਸਾਬ ਨਾਲ 2005 ਤੋਂ 2014 ਤੱਕ ਉੱਪਰ ਆਇਆ ਹੈ।
ਦੁਆਬ ਦੇ ਖੇਤਰ ‘ਚ ਬਿਆਸ ਦਰਿਆ ਉੱਚੇ ਥਾਂ ਵਗਣ ਕਰਕੇ ਦੁਆਬੇ ਦੀ ਜ਼ਮੀਨ ‘ਚ ਸੇਮ ਬਹੁਤ ਰਹਿੰਦੀ ਸੀ।ਕਾਲੀ ਵੇਂਈ ਦਾ ਪਾਣੀ ਬੰਦ ਹੋਣ ਕਰਕੇ ਅਜਿਹਾ ਸੀ।ਪਰ ਜਦੋਂ ਤੋਂ ਬਿਆਸ ਦੀ ਸਹਾਇਕ ਨਦੀਂ ਕਾਲੀ ਵੇਂਈ ਮੁੜ ਸੁਰਜੀਤ ਹੋਈ ਤਾਂ ਹੇਠਲੇ ਇਲਾਕਿਆਂ ਦੀ ਸੇਮ ਵੀ ਖਤਮ ਹੋਈ ਹੈ।ਇਸ ਤੋਂ ਇਲਾਵਾ ਕਾਲੀ ਵੇਂਈ ਨਾਲ ਰੁੱਖਾਂ ਦੇ ਵਧਣ ਨਾਲ ਪੰਛੀਆਂ ਦਾ ਵਾਧਾ ਵੀ ਹੋਇਆ ਹੈ ਅਤੇ 45 ਕਿਸਮਾਂ ਦੇ ਜਲਚਰ ਜੀਵਾਂ ਨੂੰ ਨਵਾਂ ਠਿਕਾਣਾ ਮਿਲਿਆ ਹੈ।ਮੰਡ ਦੇ ਖੇਤਰ ‘ਚ ਹੜ੍ਹਾਂ ਦੀ ਸਮੱਸਿਆ ਵੀ ਬਹੁਤ ਸੀ।ਕਾਲੀ ਵੇਂਈ ਦੇ 4 ਕਿਲੋਮੀਟਰ ਦੇ ਬੰਨ੍ਹ ਉਸਾਰਨ ‘ਤੇ ਹੜ੍ਹਾਂ ਦੀ ਰੋਕਥਾਮ ਵੀ ਕੁਦਰਤੀ ਢੰਗ ਨਾਲ ਬੰਦ ਹੋ ਗਈ ਹੈ।
ਹੁਣ ਲੋਕ ਸੁਲਤਾਨਪੁਰ ਲੋਧੀ ‘ਚ ਸਵੇਰੇ ਸੈਰ ਵੱਖਰੀ ਕਰਦੇ ਹਨ।ਪਿਛਲੇ 18 ਸਾਲਾਂ ਤੋਂ ਝਾੜੂ ਦੀ ਸੇਵਾ ਨਾਲ ਸਫਾਈ ਵੱਖਰੀ ਰੱਖੀ ਜਾ ਰਹੀ ਹੈ ਅਤੇ ਪੰਜਾਬ ਲਈ ਬੇਪਛਾਣੀਆਂ ਕਨੋਇੰਗ ਅਤੇ ਕਾਈਕਿੰਗ ਜਹੀਆਂ ਖੇਡਾਂ ਨੂੰ ਵੀ ਆਸਰਾ ਮਿਲਿਆ ਹੈ।ਕਾਲੀ ਵੇਂਈ ਨਦੀ ਦਾ ਵਹਿਣ ਬਹੁਤ ਸ਼ਾਂਤ ਹੈ।ਇਸ ਨਦੀ ਦਾ ਭਰਪੂਰ ਇਸਤੇਮਾਲ ਸੰਤ ਸੀਚੇਵਾਲ ਸਪੋਰਟਸ ਸੈਂਟਰ ਵੱਲੋਂ ਕੀਤਾ ਜਾ ਰਿਹਾ ਹੈ।ਇਹ ਸੈਂਟਰ ਨੋਕਾ,ਕਿਸ਼ਤੀ ਦੋੜ ਦਾ ਅਭਿਆਸ ਕੇਂਦਰ ਬਣ ਗਿਆ ਹੈ।ਅਜਿਹਾ ਸੈਂਟਰ ਇਸ ਤੋਂ ਪਹਿਲਾਂ ਪੰਜਾਬ ‘ਚ ਸਿਰਫ ਸੁਖ਼ਨਾ ਝੀਲ ਚੰਡੀਗੜ੍ਹ ਜਾਂ ਤਲਵਾੜਾ ਡੈਮ ਸੀ।ਮਹਿੰਗੀ ਖੇਡ ਹੋਣ ਕਾਰਨ 15000 ਪ੍ਰਤੀ ਮਹੀਨਾ ਖਰਚਾ ਕਰਨਾ ਵੀ ਕਾਫੀ ਔਖਾ ਹੈ।ਪਰ ਖਿਡਾਰੀਆਂ ਨੂੰ ਇੱਥੇ ਨਿਰਮਲ ਕੁਟੀਆ ਅਤੇ ਗੁਰਦੁਆਰਾ ਬੇਰ ਸਾਹਿਬ ਰਹਾਇਸ਼ ਅਤੇ ਖਾਣ ਪੀਣ ਦਾ ਬੰਦੋਬਸਤ ਹੋ ਜਾਂਦਾ ਹੈ।ਇਸ ਖੇਡ ਤੋਂ ਹੁਣ ਤੱਕ 28 ਬੱਚੇ ਇੱਥੋਂ ਸਰਕਾਰੀ ਨੌਕਰੀਆਂ ‘ਚ ਗਏ ਹਨ ਅਤੇ ਕਈ ਕੌਮਾਂਤਰੀ ਖੇਡਾਂ ‘ਚ ਹਿੱਸਾ ਲੈ ਰਹੇ ਹਨ।ਪੰਜਾਬ ਸਰਕਾਰ ਵੱਲੋਂ ਇੱਥੇ ਕੋਚ ਮੁਹੱਈਆ ਕਰਵਾਇਆ ਗਿਆ ਹੈ।
ਕਲਾਮ ਦਾ ਸਲਾਮ
ਭਾਰਤ ਦੇ ਰਾਸ਼ਟਰਪਤੀ ਡਾ ਅਬਦੁਲ ਕਲਾਮ ਨੇ ਜਦੋਂ ਪਹਿਲੀ ਵਾਰ ਕਾਲੀ ਵੇਂਈ ਦੀ ਸੇਵਾ ਬਾਰੇ ਸੁਣਿਆ ਤਾਂ ਉਹਨਾਂ ਨੂੰ ਸੇਵਾ ਦੀ ਇਸ ਬੇਮਿਸਾਲ ਕਹਾਣੀ ਨੇ ਛੂਹਿਆ।16 ਅਗਸਤ 2006 ਨੂੰ ਉਹ ਉੱਚੇਚਾ ਸੁਲਤਾਨਪੁਰ ਲੋਧੀ ਇਸ ਅਲੌਕਿਕ ਨਜ਼ਾਰੇ ਨੂੰ ਵੇਖਣ ਆਏ।ਇਸ ਤੋਂ ਬਾਅਦ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਤੋਂ ਬਾਅਦ 28 ਜੁਲਾਈ 2008 ਨੂੰ ਉਹ ਮੁੜ ਆਏ।ਡਾ. ਕਲਾਮ ਨੇ ਕਾਲੀ ਵੇਂਈ ਦੀ ਸੇਵਾ ਦੀ ਇਸ ਕਹਾਣੀ ਨੂੰ ‘9 ਅਚੀਵਮੈਂਟ ਆਫ ਇੰਡੀਆ’ ਵਿੱਚ ਮੰਨਿਆ ਅਤੇ ਆਪਣੀਆਂ 50 ਤੋਂ ਵੱਧ ਕੌਮਾਂਤਰੀ ਤਕਰੀਰਾਂ ‘ਚ ਕਾਲੀ ਵੇਂਈ ਦੀ ਸੇਵਾ ਦਾ ਜ਼ਿਕਰ ਕੀਤਾ।
ਡਾ. ਕਲਾਮ ਨੇ ਕਿਹਾ ਸੀ- “ਜਿਸ ਥਾਂ ‘ਤੇ ਸਾਫ ਸੁੱਧ ਹਵਾ ਪਾਣੀ ਹੋਵੇ ਅਸਲ ਮੰਦਰ ਉਹੋ ਹੈ।ਇਹ ਸਾਡੇ ਜਿਊਣ ਦੇ ਅਧਿਕਾਰ ਦੀ ਪਰਵਾਹ ਕਰਦੇ ਉੱਧਮ ਹਨ।ਸਿਆਸਤ ਅਤੇ ਮੁਨਾਫੇ ਭਰੀ ਦੁਨੀਆਂ ਨੂੰ ਸਧਾਰਨ ਜਨ ਦੀ ਇਸ ਕੌਸ਼ਿਸ਼ ਤੋਂ ਕੁਝ ਸਿੱਖਣਾ ਚਾਹੀਦਾ ਹੈ।”
ਬਦਲੀਆਂ ਜ਼ਿੰਦਗੀਆਂ
ਪਿੰਡ ਸ਼ੇਰਪੁਰ ਦੋਨਾ ਤੋਂ ਮਾਤਾ ਗਿਆਨ ਕੌਰ ਕਹਿੰਦੇ ਨੇ ਉਹ ਆਪਣੇ ਮੁੰਡੇ ਨੂੰ ਲੈਕੇ ਬੜਾ ਪਰੇਸ਼ਾਨ ਰਹੇ ਸਨ।ਨਿਤ ਦੇ ਉਲਾਂਭੇ,ਸ਼ਕਾਇਤਾਂ,ਕੁੱਟ ਮਾਰ ‘ਚ ਮੈਨੂੰ ਆਪਣੇ ਪੁੱਤ ਦੀ ਦਿਨ ਰਾਤ ਫ਼ਿਕਰ ਰਹਿਣੀ।ਜਵਾਨੀ ਦਾ ਇਹ ਖ਼ੂਨ ਨਾ ਸਾਡਾ ਸਵਾਰ ਰਿਹਾ ਸੀ ਅਤੇ ਨਾ ਆਪਣਾ।ਉਹਦੀਆਂ ਇੱਧਰੋਂ ਉਧਰੋਂ ਸ਼ਕਾਇਤਾਂ ਆਉਂਦੀਆਂ ਰਹਿਣੀਆਂ ਅਤੇ ਮੈਂ ਸਿਵਾਏ ਸ਼ਰਮਿੰਦਗੀ ਅਤੇ ਬੇਬੱਸੀ ਦੇ ਕੁਝ ਨਹੀਂ ਸੀ ਕਰ ਸਕਦੀ।ਫਿਰ ਪਿੰਡ ‘ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਰਾਹਵਾਂ ਦੀ ਸੇਵਾ ਕਰਨ ਨੂੰ ਕਿਹਾ।ਰਾਹਵਾਂ ਦੀ ਸੇਵਾ ਕਰਦਾ,ਰੁੱਖ ਲਾਉਂਦਾ,ਕਾਲੀ ਵੇਂਈ ਦੀ ਕਾਰ ਸੇਵਾ ‘ਚ ਸ਼ਾਮਲ ਹੁੰਦਾ ਮੇਰਾ ਪੁੱਤ ਇੱਕ ਦਿਨ ਹੀਰਾ ਬਣ ਗਿਆ।ਅੱਜ ਉਹ ਇਟਲੀ ‘ਚ ਹੈ ਸੋਹਣਾ ਪਰਿਵਾਰ ਹੈ ਅਤੇ ਮੇਰੇ ਦਿਲ ‘ਚ ਰੱਝਵਾਂ ਆਰਾਮ ਹੈ,ਸਕੂਨ ਹੈ।ਇੱਕ ਮਾਂ ਦੀ ਫ਼ਿਕਰ ਇਹੋ ਹੁੰਦੀ ਹੈ ਕਿ ਉਹਦਾ ਪੁੱਤ ਕੁਰਾਹੇ ਨਾ ਪੈ ਜਾਵੇ।ਅਜਿਹੇ ਕਈ ਕੁਰਾਹੇ ਪਏ ਨੌਜਵਾਨਾਂ ਨੂੰ ਕਾਲੀ ਵੇਂਈ ਦੀ ਸੇਵਾ ਨੇ ਮਕਸਦ ਦਿੱਤਾ ਅਤੇ ਜ਼ਿੰਦਗੀ ਨੂੰ ਮਾਇਨੇ ਮਿਲੇ।ਅੱਜ ਅਜਿਹੇ ਕਈ ਨੌਜਵਾਨ ਸਾਡੇ ਇਲਾਕੇ ‘ਚ ਹੋਰਾਂ ਲਈ ਪ੍ਰੇਰਣਾ ਹਨ।ਇਸ ਸੇਵਾ ਨੇ ਸਾਡੀਆਂ ਜਵਾਨੀਆਂ ਸਾਂਭ ਲਈਆਂ।ਉਹਨਾਂ ਦੇ ਅੰਦਰ ਦੀ ਊਰਜਾ ਨੂੰ ਸੇਧ ਮਿਲ ਗਈ।
ਆਬੋ ਹਵਾ ਲਈ ਜੰਗ
ਚਿੱਟੀ ਵੇਂਈ,ਕਾਲੀ ਵੇਂਈ,ਬੁੱਢਾ ਨਾਲ਼ਾ,ਸਤਲੁਜ ਦਰਿਆ ਸਮੇਤ ਪੰਜਾਬ ਦੀਆਂ ਨਿੱਕੀਆਂ ਵੱਡੀਆਂ ਨਦੀਆਂ ਪ੍ਰਦੂਸ਼ਿਤ ਹੋ ਰਹੀਆਂ ਹਨ।ਅਜਿਹੇ ਮੁੱਦਿਆਂ ਦੇ ਮਾਹਰ ਡਾ ਅਮਰ ਆਜ਼ਾਦ ਕਹਿੰਦੇ ਹਨ ਕਿ ਪੰਜਾਬ ‘ਚ ਕੈਂਸਰ,ਜਨਾਨੀਆਂ ‘ਚ ਬਾਂਝਪਣ ਅਤੇ ਬੰਦਿਆਂ ਦੇ ਸ਼ੁਕਰਾਣੂਆਂ ਦੀ ਗੁਣਵੱਤਾ ਤੱਕ ਅਸਰ ਪੈ ਰਿਹਾ ਹੈ।ਜਲੰਧਰ ਦਾ ਚਮੜਾ ਕਾਰੋਬਾਰ,ਡਾਇੰਗ ਇੰਡਸਟਰੀ ਵੱਲੋਂ ਬਿਨਾਂ ਟ੍ਰੀਟਮੈਂਟ ਤੋਂ ਛੱਡੇ ਪਾਣੀ ਦਾ ਵੱਡਾ ਅਸਰ ਦੁਆਬੇ ਤੋਂ ਲੈਕੇ ਮਾਲਵਾ,ਰਾਜਸਥਾਨ ਤੱਕ ਪਿਆ ਹੈ।ਸੰਤ ਬਲਬੀਰ ਸਿੰਘ ਸੀਚੇਵਾਲ ਕਹਿੰਦੇ ਹਨ,“ਅਸੀਂ ਲੋਕਾਂ ਦੀ ਮਦਦ ਨਾਲ ਇਹਨਾਂ ਫੈਕਟਰੀਆਂ ਦੇ ਮੁਹਾਨੇ 2008 ‘ਚ ਬੰਦ ਕਰ ਦਿੱਤੇ ਸਨ।ਸਾਡੀ ਮੰਗ ਸੀ ਕਿ ਜਦੋਂ ਤੱਕ ਇਹ ਦੂਸ਼ਿਤ ਪਾਣੀ ਦਾ ਹੱਲ ਨਹੀਂ ਕਰਦੇ ਅਸੀਂ ਇਹਨਾਂ ਪਾਣੀਆਂ ਨੂੰ ਆਪਣੇ ਕੁਦਰਤੀ ਸੋਮਿਆਂ ‘ਚ ਰਲਾਉਣ ਨਹੀਂ ਦੇਣਾ।ਇਹਦਾ ਨਤੀਜਾ ਇਹ ਹੋਇਆ ਕਿ 2008 ‘ਚ ਪੰਜਾਬ ‘ਚ 3 ਟ੍ਰੀਟਮੈਂਟ ਪਲਾਂਟ ਸਨ ਜਿਹਨਾਂ ਦੀ ਗਿਣਤੀ ਹੁਣ 41 ਹੈ।ਪਰ ਸਮੱਸਿਆ ਇਹ ਹੈ ਕਿ ਪਲਾਂਟ ਹੋਣ ਦੇ ਬਾਵਜੂਦ ਇਹ ਅਜੇ ਵੀ ਪੂਰੀ ਤਰ੍ਹਾਂ ਕਾਰਜਸ਼ੀਲ ਨਹੀਂ ਹਨ।ਇਸ ਲਈ ਅਸੀਂ 2011 ‘ਚ ਮੁੜ ਬੰਨ੍ਹ ਲਾਇਆ ਸੀ।2018 ‘ਚ ਵੀ ਸਮੱਸਿਆ ਜਿਉਂ ਦੀ ਤਿਉਂ ਹੈ।ਪਿਛਲੇ ਦਿਨਾਂ ‘ਚ ਸਾਡੇ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਰਿਪੋਰਟ ਵੀ ਸੌਂਪੀ ਗਈ ਸੀ।ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਐੱਨ.ਜੀ.ਟੀ ਵੱਲੋਂ 50 ਕਰੋੜ ਦਾ ਜੁਰਮਾਨਾ ਵੀ ਲਾਇਆ ਗਿਆ ਹੈ।”
ਜ਼ਿਕਰਯੋਗ ਹੈ ਕਿ ਸੰਤ ਬਲੀਰ ਸਿੰਘ ਸੀਚੇਵਾਲ ਨੂੰ ਪਿਛਲੇ ਦਿਨਾਂ ‘ਚ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਦੀ ਮੈਂਬਰੀ ਤੋਂ ਹਟਾ ਦਿੱਤਾ ਗਿਆ ਸੀ।ਇਸ ਫੈਸਲੇ ਦਾ ਵਿਰੋਧ ਹੋਣ ਤੋਂ ਬਾਅਦ ਮੈਂਬਰੀ ਮੁੜ ਬਹਾਲ ਵੀ ਕੀਤੀ ਗਈ।ਸੰਤ ਸੀਚੇਵਾਲ 2008 ਤੋਂ ਬੋਰਡ ਦੇ ਮੈਂਬਰ ਹਨ।ਸੰਤ ਬਲਬੀਰ ਸਿੰਘ ਸੀਚੇਵਾਲ ਕਹਿੰਦੇ ਹਨ ਕਿ ਇਹਨਾਂ ਸਿਆਸੀ ਬਾਰੀਕੀਆਂ ‘ਚ ਕੋਈ ਇਹ ਗੱਲ ਨਾ ਭੁੱਲੇ ਕਿ ਇਹਨਾਂ ਪਾਣੀਆਂ ਨਾਲ ਦੁਆਬੇ ਤੋਂ ਰਾਜਸਥਾਨ ਤੱਕ ਲੋਕ ਕੈਂਸਰ,ਕਾਲਾ ਪੀਲੀਆ ਨਾਲ ਮਰੇ ਹਨ ਅਤੇ ਉਹਨਾਂ ਦੀ ਪੂਰਤੀ 50 ਕਰੋੜ ਨਾਲ ਨਹੀਂ ਹੋ ਸਕਦੀ।ਇਹ ਫੈਕਟਰੀਆਂ 1974 ਦੇ ਵਾਤਾਵਰਨ ਸਬੰਧੀ ਕਾਨੂੰਨ ਨੂੰ ਤੋੜ ਰਹੇ ਹਨ।
ਸਰਪੰਚ ਬਾਬਾ
ਪੰਜਾਬ ਦੀਆਂ ਸੱਥਾਂ ‘ਚ ਇਹ ਕਹਾਣੀ ਵੀ ਉਮੀਦ ਭਰੀ ਹੈ।ਪਿੰਡਾਂ ‘ਚ ਸਿਆਸਤ ਨੇ ਤਕਰਾਰਾਂ ਅਤੇ ਦੁਸ਼ਮਣੀਆਂ ਨੂੰ ਜਨਮ ਦਿੱਤਾ ਹੈ।ਇਸੇ ਲਿਹਾਜ਼ ਤੋਂ ਸੀਚੇਵਾਲ ‘ਚ ਸ਼ੁਰੂਆਤ ਕੀਤੀ ਗਈ ਕਿ ਚੋਣਾਂ ਵੇਲੇ ਕਿਸੇ ਵੀ ਤਰ੍ਹਾਂ ਦਾ ਸਿਆਸੀ ਪਛਾਣ ਵਾਲਾ ਸਿਆਸੀ ਬੂਥ ਨਹੀਂ ਲੱਗੇਗਾ।ਪਿੰਡ ਸੀਚੇਵਾਲ ਦੇ ਲੋਕਾਂ ਨੇ 2003 ਤੋਂ 2013 ਤੱਕ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਹੀ ਆਪਣਾ ਸਰਪੰਚ ਬਣਾਇਆ।ਇਹਨਾਂ ਸਮਿਆਂ ‘ਚ ਹੀ ਪਿੰਡ ਸੀਚੇਵਾਲ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਕੋਲੋਂ 2008 ‘ਚ ਨਿਰਮਲ ਗ੍ਰਾਮ ਪੁਰਸਕਾਰ ਮਿਲਿਆ।ਪਿੰਡ ਸੀਚੇਵਾਲ ਨੇ ਆਪਣੇ ਪਿੰਡ ‘ਚ ਸੀਵਰੇਜ ਸਿਸਟਮ ‘ਤੇ ਕੰਮ ਕੀਤਾ ਹੈ।ਆਬੋ ਹਵਾ ਨੂੰ ਸ਼ੁੱਧ ਬਣਾਉਣ ਦੇ ਸਿਲਸਿਲੇ ‘ਚ ਵੱਧ ਤੋਂ ਵੱਧ ਰੁੱਖ ਲਗਾਏ ਹਨ।ਇਸੇ ਬਣਤਰ ਨੂੰ ਹੀ ‘ਸੀਚੇਵਾਲ ਮਾਡਲ’ ਕਿਹਾ ਜਾਂਦਾ ਹੈ।ਘੱਟ ਖਰਚਾ ਸੀਮਤ ਸਾਧਨਾਂ ਨਾਲ ਪਾਣੀ ਟ੍ਰੀਟ ਕਰਕੇ ਕਿਵੇਂ ਸਿੰਜਾਈ ਲਈ ਵਰਤਣਾ ਹੈ।ਇਸ ਮਾਡਲ ਨੂੰ ਹਰਿਆਣੇ ਦੇ 50 ਪਿੰਡ ਲਾਗੂ ਕਰ ਰਹੇ ਹਨ।ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਹਜਹਾਨਪੁਰ ਦੇ ਪਿੰਡ ਚਨੌਰ ਤੋਂ ਸ਼ੁਰੂ ਹੋਕੇ 5 ਸੂਬਿਆਂ (ਉੱਤਰਾਖੰਡ,ਯੂਪੀ,ਬਿਹਾਰ,ਝਾਰਖੰਡ,ਬੰਗਾਲ) ਦੇ 1657 ਪਿੰਡਾਂ ‘ਚ ਸੀਚੇਵਾਲ ਮਾਡਲ ਦੀ ਵਿਉਂਬੰਦੀ ਕੀਤੀ ਜਾ ਰਹੀ ਹੈ।ਭਾਰਤ ਸਰਕਾਰ ਦੇ ਨਿਮਾਮੀ ਗੰਗੇ ਪ੍ਰੋਜੈਕਟ ਅਧੀਨ ਜਿਹੜੇ ਪਿੰਡ ਗੰਗਾ ਕੰਢੇ ਲੱਗਦੇ ਹਨ ਉਹਨਾਂ ਪਿੰਡਾਂ ਨੂੰ ਇਸੇ ਤਰਜ ‘ਤੇ ਨਿਰਮਾਣ ਅਧੀਨ ਲਿਆਉਣ ਦਾ ਵਿਚਾਰ ਹੈ।ਪੰਜਾਬ ਦੇ ਸੀਚੇਵਾਲ ਪਿੰਡ ਦੇ ਇਸ ਮਾਡਲ ਨੂੰ ਵੇਖਣ ਲਈ 800 ਪਿੰਡਾਂ ਦੀਆਂ ਪੰਚਾਇਤਾਂ ਸੀਚੇਵਾਲ ਦਾ ਦੌਰਾ ਕਰ ਚੁੱਕੀਆਂ ਹਨ।
ਨਿਰਮਲੇ ਪੰਥ
ਕਹਿੰਦੇ ਹਨ ਇਹ ਗਾਥਾ ਖ਼ਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਦੀ ਹੈ।ਦੱਸਵੇਂ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਹੁਣਾਂ ਪੰਜ ਸਿੱਖਾਂ ਨੂੰ ਦੂਜੇ ਧਰਮਾਂ ਦਾ ਅਧਿਐਨ ਕਰਨ ਹਰਿਦੁਆਰ ਭੇਜਿਆ ਸੀ।ਇਹਨਾਂ ਪੰਜ ਸਿੱਖਾਂ ਨੂੰ ਪੰਥ ਦੇ ਨਿਰਮਲੇ ਕਿਹਾ ਸੀ।ਇਹਨਾਂ ਘੁੰਮਤਰੀ ਸਾਧਾਂ ਤੋਂ ਨਿਰਮਲੇ ਸੰਪਰਦਾ ਦੀ ਸ਼ੁਰੂਆਤ ਹੋਈ।ਕਹਿੰਦੇ ਹਨ ਜਦੋਂ ਖ਼ਾਲਸਾ ਜੰਗਾਂ ਯੁੱਧਾਂ ‘ਚ ਸੀ ਤਾਂ ਗੁਰੂ ਸਾਹਿਬ ਨੇ ਨਿਰਮਲੇ ਸਿੱਖਾਂ ਦੀ ਜ਼ਿੰਮੇਵਾਰੀ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਲਾਈ ਸੀ।ਨਿਰਮਲੇ ਸੰਪਰਦਾ ਦੇ ਅਖਾੜੇ ਦਾ ਮੁੱਖ ਕੇਂਦਰ ਕੰਨਖਲ ਹਰਿਦੁਆਰ ਹੈ।ਕੁੰਭ ਮੇਲੇ ‘ਚ ਜਦੋਂ ਸੰਤ ਸਮਾਜ ਦੇ 14 ਅਖਾੜੇ ਪਹੁੰਚਦੇ ਹਨ ਉਦੋਂ ਇਹਨਾਂ ‘ਚ ਦੋ ਅਖਾੜੇ ਅਜਿਹੇ ਵੀ ਹੁੰਦੇ ਹਨ ਜਿੰਨ੍ਹਾਂ ਦਾ ਰਿਸ਼ਤਾ ਸਿੱਖੀ ਨਾਲ ਵੀ ਹੈ।ਇਹ ਨਿਰਮਲੇ ਅਤੇ ਉਦਾਸੀ ਸੰਪਰਦਾਵਾਂ ਹਨ।ਜਦੋਂ ਇੱਥੇ ਬਾਕੀ ਸੰਤ ਸਮਾਜ ਸ਼ਾਹੀ ਇਸ਼ਨਾਨ ‘ਚ ਹਿੱਸਾ ਲੈਂਦਾ ਹੈ ਉਸ ਸਮੇਂ ਨਿਰਮਲੇ ਸੰਪਰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਨਗਰ ਕੀਰਤਨ ਕਰਦੇ ਹਨ।ਇੰਝ ਇਹ ਦੁਨੀਆਂ ਦੇ ਸਭ ਤੋਂ ਵੱਡੇ ਕੁੰਭ ਮੇਲੇ ‘ਚ ਹਿੱਸਾ ਲੈਂਦੇ ਸ਼ਬਦ ਗੁਰੂ ਦੀ ਪ੍ਰੰਪਰਾ ਨੂੰ ਤੋਰਦੇ ਹੋਏ ਗੁਰੂ ਨਾਨਕ ਸਾਹਿਬ ਦੀ ਉਸੇ ਵਿਰਾਸਤ ਨੂੰ ਤੋਰਦੇ ਹਨ ਜਿਸ ‘ਚ ਉਹਨਾਂ ਆਪਣੇ ਸਮੇਂ ਦੇ ਸੱਭਿਆਚਾਰਾਂ ਨਾਲ ਫਾਸਲਾ ਨਹੀਂ ਸਗੋਂ ਸੰਵਾਦ ਰਚਾਇਆ ਸੀ।ਲੋਕ ਧਾਰਾ ‘ਚ ਧਰਮਾਂ ਦੇ ਸਾਂਝੇ ਸੱਭਿਆਚਾਰ ਦੀ ਇਹ ਵੀ ਇੱਕ ਵਿਲੱਖਣ ਉਦਾਹਰਨ ਹੈ।
ਸੇਵਾ ਦਾ ਜ਼ਿਕਰ
ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਗਤਾਂ ਦੀ ਇਸ ਕਾਰ ਸੇਵਾ ਬਾਰੇ ਖੁਸ਼ਹਾਲ ਲਾਲੀ ਦੀ ਕਿਤਾਬ ਬਾਬੇ ਦਾ ਮਿਸ਼ਨ ਹੈ।ਦਲਜੀਤ ਅਮੀ ਨੇ ਇਸ ਬਾਰੇ ਕਾਰ ਸੇਵਾ ਨਾਮ ਦੀ ਦਸਤਾਵੇਜ਼ੀ ਫ਼ਿਲਮ ਬਣਾਈ ਹੈ।ਸੁਰਿੰਦਰ ਮਨਣ ਦੀ ਦਸਤਾਵੇਜ਼ੀ ਫ਼ਿਲਮ ‘ਦੀ ਬਲੈਕ ਮਿਰਰ’ ਨੂੰ ਗ੍ਰੀਸ ਫ਼ਿਲਮ ਫੈਸਟੀਵਲ ‘ਚ ਗੋਲਡ ਮੈਡਲ ਮਿਲਿਆ ਹੈ।ਅਮਿਤਾਬ ਬੱਚਨ ਦੇ ਸ਼ੋਅ ਆਜ ਕੀ ਰਾਤ ਹੈ ਜ਼ਿੰਦਗੀ ‘ਚ ਇਸਦਾ ਜ਼ਿਕਰ ਹੋਇਆ ਹੈ।ਸੰਤ ਸੀਚੇਵਾਲ ਦੇ ਕੰਮਾਂ ਨੂੰ ਲੈਕੇ ਵੱਖ ਵੱਖ ਯੂਨੀਵਰਸਿਟੀ ‘ਚ 3 ਪੀ.ਐੱਚ.ਡੀ ਹੋਈਆਂ ਹਨ,ਇਹਨਾਂ ‘ਚੋਂ ਇੱਕ ਖੋਜ ਕਾਰਜ ਪਟਿਆਲਾ ਤੋਂ ਜਸਬੀਰ ਸਿੰਘ ਨੇ ਕੀਤਾ ਹੈ।ਇੱਕ ਮਾਸਟਰ ਡਿਗਰੀ ਮਨੀਟੋਬਾ ਯੂਨੀਵਰਸਿਟੀ ਮਿੱਸੀਸਾਗਾ ਕਨੇਡਾ ਤੋਂ ਮਨਪ੍ਰੀਤ ਕੌਰ ਨੇ ਕੀਤੀ ਹੈ।ਭਾਵਾਂਕਿ ਇਹਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਪਰ ਰਣਦੀਪ ਹੁੱਡਾ ਬਾਲੀਵੁੱਡ ‘ਚ ਸੰਤ ਸੀਚੇਵਾਲ ਦੀ ਬਾਇਓਪਿਕ ਬਣਾਉਣਾ ਚਾਹੁੰਦੇ ਹਨ।
ਸੰਤ ਬਲਬੀਰ ਸਿੰਘ ਸੀਚੇਵਾਲ
ਜਨਮ : 2 ਫਰਵਰੀ 1962
ਕਾਰਜ ਖੇਤਰ : ਕਾਲੀ ਵੇਂਈ ਦੀ ਕਾਰ ਸੇਵਾ,ਬੂਟੇ ਲਾਉਣੇ,ਰਾਹਵਾਂ ਦੀ ਸੇਵਾ,ਸਿੱਖਿਆ ਦੇ ਖੇਤਰ ‘ਚ ਕਾਰਜ
ਸਨਮਾਣ : ਪਦਮ ਸ਼੍ਰੀ 30 ਮਾਰਚ 2017
ਡੀ.ਲਿਟ ਪੰਜਾਬੀ ਯੂਨੀਵਰਸਿਟੀ 4 ਫਰਵਰੀ 2012
ਬਲਵਿੰਦਰ ਸਿੰਘ ਧਾਲੀਵਾਲ
-
ਬਲਵਿੰਦਰ ਸਿੰਘ ਧਾਲੀਵਾਲ,
balwinderdhaliwal127@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.