ਪੰਜਾਬ ਵਿਚ ਇਹ ਅਕਸਰ ਆਖਿਆ ਜਾਂਦਾ ਹੈ ਕਿ ਸਿੱਖਿਆ ਮੰਤਰੀ ਬਣਨਾ, ਕੰਡਿਆਂ ਦਾ ਤਾਜ ਪਹਿਨਣ ਦੇ ਬਾਰਾਬਰ ਹੈ। ਚਾਹੇ ਕੋਈ ਸਰਕਾਰ ਹੋਵੇ, ਤੇ ਕੋਈ ਵੀ ਸਮਾਂ ਹੋਵੇ, ਸਿੱਖਿਆ ਮੰਤਰੀ ਨੂੰ ਮਾਸਟਰ ਘੇਰਦੇ ਹੀ ਘੇਰਦੇ ਹਨ ਤੇ ਕੰਮ ਕਰਨ ਦਾ ਮੌਕਾ ਹੀ ਨਹੀਂ ਦਿੰਦੇ। ਜਦ ਭਗਵੰਤ ਮਾਨ ਦੀ ਸਰਕਾਰ ਬਣੀ ਤਾਂ ਮੀਤ ਹੇਅਰ ਪੰਜਾਬ ਦੇ ਸਿੱਖਿਆ ਮੰਤਰੀ ਬਣੇ। ਮਹੀਨਾ ਕੁ ਵਧੀਆ ਲੰਘ ਗਿਆ। ਮਾਸਟਰ ਸ਼ਾਂਤ ਰਹੇ। ਮੀਤ ਹੇਅਰ ਨੌਜਵਾਨ ਹੈ ਤੇ ਠੰਢੇ ਸੁਭਾਓ ਦਾ ਹੋਣ ਕਰਕੇ ਮਾਸਟਰ ਤਬਕੇ ਦੀ ਗੱਲ ਗਹੁ ਨਾਲ ਸੁਣਦਾ ਹੈ। ਉਸਦੇ ਪਿਤਾ ਸ੍ਰ ਚਮਕੌਰ ਸਿੰਘ ਵੀ ਮਾਸਟਰ ਰਹੇ ਹਨ।ਮਾਸਟਰ ਤਬਕੇ ਨੂੰ ਵੀ ਇਹ ਗੱਲ ਚੰਗੀ ਲੱਗ ਰਹੀ ਸੀ ਕਿ ਉਨਾਂ ਦਾ ਮੰਤਰੀ ਉਨਾਂ ਨਾਲ ਹਮਦਰਦੀ ਪੂਰਨ ਵਤੀਰਾ ਰੱਖ ਰਿਹਾ ਹੈ। ਪਰ ਜਲਦੀ ਹੀ ਇਹ ਸਾਰਾ ਏਧਰੋਂ ਓਧਰ, ਤੇ ਓਧਰੋਂ ਏਧਰ ਹੁੰਦਾ ਜਾਪਿਆ ਜਦ ਮਾਸਟਰਾਂ ਦੇ ਧਰਨੇ ਉਹਦੇ ਘਰ ਮੂਹਰੇ ਸ਼ੁਰੂ ਹੋ ਗਏ। ਇਹ ਕੋਈ ਨਵੀਂ ਗੱਲ ਨਹੀਂ ਸੀ ਤੇ ਇਹ ਹੋਣਾ ਹੀ ਸੀ। ਮੀਤ ਹੇਅਰ ਦੇ ਪਾਸ ਕੇਵਲ ਸਿੱਖਿਆ ਦਾ ਹੀ ਮਹਿਕਮਾ ਨਹੀਂ ਸਗੋਂ ਰਾਜ ਦੀ ਭਾਸ਼ਾ ਪੰਜਾਬੀ ਦਾ ਵੱਕਾਰੀ ਮਹਿਕਮਾ ਹੋਣ ਕਰਕੇ ਹੋਰ ਵੀ ਕਾਰਜ ਕਰਨ ਵਾਲੇ ਪਏ ਹਨ, ਪਰ ਮੈਂ ਵੇਖਿਆ ਹੈ ਕਿ ਉਸਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।ਉਸਦੀ ਚੰਗੀ ਗੱਲ ਇਹ ਵੀ ਲੱਗ ਰਹੀ ਹੈ ਕਿ ਉਹ ਰੋਜ ਹੀ ਪਿੰਡਾਂ ਦੇ ਸਕੂਲਾਂ ਵਿਚ ਬੱਚਿਆਂ ਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣਨ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿਚ ਸਿੱਖਿਆ ਸੁਧਾਰਾਂ ਲਈ ਮੀਤ ਹੇਅਰ ਨੂੰ ਉਤਸ਼ਾਹ ਵੀ ਦੇ ਰਹੇ ਹਨ ਤੇ ਦਿੱਲੀ ਦਾ ਸਿੱਖਿਆ ਸਿਸਟਮ ਵੀ ਮੁੱਖ ਮੰਤਰੀ ਜੀ ਤੇ ਮੰਤਰੀ ਮੀਤ ਹੇਅਰ ਦੇਖ ਆਏ ਹਨ, ਉਹੋ ਜਿਹਾ ਪੰਜਾਬ ਵਿਚ ਕਰਨ ਬਾਰੇ ਵੀ ਸੋਚਿਆ ਜਾ ਰਿਹਾ ਹੈ। ਖੈਰ!
ਭਾਸ਼ਾ ਦਾ ਮੁੱਦਾ
ਮੈਂ ਦੇਖਿਆ ਕਿ ਮੀਤ ਹੇਅਰ ਬੜੀ ਠੇਠ ਪੰਜਾਬੀ ਬੋਲਦਾ ਹੈ ਸੰਗਰੂਰੀ ਨਿਰੋਲ ਪੰਜਾਬੀ। ਕਦੇ- ਕਦੇ ਚੰਗੀ ਕਿਤਾਬ ਹੱਥ ਲੱਗ ਜਾਏ, ਪੜ ਕੇ ਅਨੰਦ ਲੈਂਦਾ ਹੈ। ਇੱਕ ਦਿਨ ਕਾਫੀ ਸਮਾਂ ਇਕੱਠੇ ਬੈਠੇ ਤਾਂ ਮੈਂ ਇਕ ਲੇਖਕ ਵਜੋਂ ਆਪਣੀ ਜਿੰਮੇਵਾਰੀ ਸਮਝਦਿਆਂ ਮੀਤ ਹੇਅਰ ਨੂੰ ਉਸਦੇ ਅਧੀਨ ਆਉਂਦੇ ਭਾਸ਼ਾ ਵਿਭਾਗ ਬਾਬਤ ਕਾਫੀ ਕੁਝ ਅਪਡੇਟ ਕੀਤਾ। ਭਾਸ਼ਾ ਵਿਭਾਗ ਦਾ ਗੌਰਵਮਈ ਇਤਿਹਾਸ ਵੀ ਦੱਸਿਆ ਤੇ ਮੌਜੂਦ ਹੋਈ ਡਾਵਾਂਡੋਲ ਸਥਿਤੀ ਵੀ। ਇਹ ਵੀ ਦੱਸਿਆ ਕਿ ਭਾਸ਼ਾ ਵਿਭਾਗ ਦਾ ਮੰਤਰੀ ਹੋਣਾ ਆਪ ਦਾ ਇਕ ਮਾਣਮਤਾ ਸੁਭਾਗ ਹੈ। ਭਾਸ਼ਾ ਕਿਸੇ ਵੀ ਪਰਾਂਤ ਦੀ ਰੀੜ ਦੀ ਹੱਡੀ ਹੁੰਦੀ ਹੈ,ਜੇ ਇਹੋ ਹੀ ਕਮਜ਼ੋਰ ਪੈ ਗਈ ਤਾਂ ਰਾਜ ਵਿਚ ਭਾਸ਼ਾ ਬਚੇਗੀ ਕਿਥੋਂ? ਮੈਂ ਤੇ ਮੀਤ ਗੱਲਾਂ ਕਰ ਰਹੇ ਸਾਂ ਤਾਂ ਗੱਲੀ ਗੱਲੀਂ ਇਹ ਮਹਿਸੂਸ ਹੋਇਆ ਕਿ ਪੰਜਾਬ ਦੇ ਭਾਸ਼ਾ ਵਿਭਾਗ ਦੀ ਇਸ ਵੇਲੇ ਬਦਤਰ ਹੋ ਚੁੱਕੀ ਹਾਲਤ ਬਾਰੇ ਉਸਨੂੰ ਪਹਿਲਾਂ ਹੀ ਪਤਾ ਹੈ ਤੇ ਉਹ ਕਾਫੀ ਚਿੰਤਤ ਵੀ ਹੈ ਪਰ ਸਿੱਖਿਆ ਵਿਭਾਗ ਦੇ ਅਣਗਿਣਤ ਤੇ ਅਣ ਸੁਲਝੇ ਬਖੇੜੇ ਸਾਹ ਲੈਣ ਦੇਣ, ਤਾਂ ਹੀ ਉਹ ਕੁਝ ਭਾਸ਼ਾ ਵਿਭਾਗ ਬਾਰੇ ਸੋਚੇਗਾ।
ਇਥੇ ਇਹ ਗੱਲ ਪਾਸੇ ਸੁੱਟਣ ਵਾਲੀ ਨਹੀਂ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿਚ ਪ੍ਰਗਟ ਸਿੰਘ ਨੂੰ ਸਿੱਖਿਆ ਮੰਤਰੀ ਹੁੰਦੇ ਹੋਏ ਨਾਲ ਨਾਲ ਭਾਸ਼ਾ ਵਿਭਾਗ ਵੀ ਮਿਲਿਆ ਸੀ ਤੇ ਲਗਪਗ ਸੌ ਦਿਨ ਕੰਮ ਕਰਦਿਆਂ ਪ੍ਰਗਟ ਸਿੰਘ ਭਾਸ਼ਾ ਵਿਭਾਗ ਵਾਸਤੇ ਕੁਝ ਚੰਗੇ ਕਾਰਜ ਵੀ ਕਰ ਗਏ। ਉਨਾਂ ਦੇ ਵੱਡੇ ਕਾਰਜਾਂ ਵਿੱਚ ਲੈਕਚਰਾਰ ਲੇਖਕਾਂ ਤੇ ਕਵੀਆਂ ਨੂੰ ਡੈਪੂਟੇਸ਼ਨ ਉਤੇ ਭਾਸ਼ਾ ਵਿਭਾਗ ਦੇ ਜ਼ਿਲਿਆਂ ਵਿਚ ਖਾਲੀ ਪਏ ਜਿਲਾ ਭਾਸ਼ਾ ਅਫਸਰਾਂ ਦੇ ਦਫਤਰਾਂ ਵਿਚ ਤਾਇਨਾਤ ਕਰਨਾ ਸੀ। ਹੁਣ ਜਿਲਾ ਭਾਸ਼ਾ ਅਫਸਰਾਂ ਦੇ ਦਫਤਰਾਂ ਵਿਚ ਕੰਮ ਨੇ ਵੀ ਰਫਤਾਰ ਫੜੀ ਹੈ ਤੇ ਰੌਣਕਾਂ ਵੀ ਲੱਗਣ ਲੱਗੀਆਂ ਹਨ,ਸਿੱਟੇ ਵਜੋਂ ਮੋਹਾਲੀ ਤੇ ਫਰੀਦਕੋਟ ਦੇ ਦਫਤਰ ਵੇਖੇ ਜਾ ਸਕਦੇ ਹਨ ਪਰ ਫਿਰ ਪੰਜਾਬ ਵਿਚ ਭਾਸ਼ਾ ਸੁਧਾਰਾਂ ਵਾਸਤੇ ਜਰੂਰੀ ਯਤਨਾਂ ਦੀ ਅਹਿਮ ਲੋੜ ਹੈ ਤੇ ਅਸੀਂ ਭਾਸ਼ਾ ਮੰਤਰੀ ਦਾ ਸਾਥ ਤੇ ਸਹਿਯੋਗ ਦੇਣ ਲਈ ਤਿਆਰ ਹਾਂ। ਇਸ ਵੇਲੇ ਪੰਜਾਬ ਦੇ ਭਾਸ਼ਾ ਵਿਭਾਗ ਦਾ ਡਾਇਰੈਕਟਰ ਹੀ ਨਹੀਂ ਲਾਇਆ ਗਿਆ, ਜੋ ਵਿਭਾਗ ਵਿਚੋਂ ਹੀ ਤਰੱਕੀ ਦੇਕੇ ਲਾਉਣਾ ਹੁੰਦਾ ਹੈ। ਬਕਾਇਆ ਪਏ ਕੰਮਾਂ ਦੀ ਸੂਚੀ ਬੜੀ ਲੰਬੀ ਹੈ। ਪੰਜਾਬ ਦੇ ਲੇਖਕ, ਭਾਸ਼ਾ ਪ੍ਰੇਮੀ ਤੇ ਭਾਸ਼ਾ ਨਾਲ ਜੁੜੀਆਂ ਸੰਸਥਾਵਾਂ ਭਾਸ਼ਾ ਮੰਤਰੀ ਮੀਤ ਹੇਅਰ ਤੋਂ ਪੰਜਾਬੀ ਭਾਸ਼ਾ ਪ੍ਰਤੀ ਚੰਗੇ ਤੇ ਨੇਕ ਕਦਮਾਂ ਦੀ ਉਡੀਕ ਵਿਚ ਹਨ।
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.