ਇਕ ਯੁੱਧ ਮੈਂ
ਤੇਰੇ ਨਾਂ ਵੀ ਕਰਨਾ ਹੈ
ਇਕ ਮੇਰਾ ਖ਼ੰਜ਼ਰ
ਤੇਰੀ ਹਿੱਕ ਤੇ ਵੀ ਮਰਨਾ ਹੈ
ਜ਼ਰਾ ਸ਼ਬਦਾਂ ਦੇ ਤੀਰ
ਨਜ਼ਮਾਂ ਵਿਚ ਬੀੜ ਲਵਾਂ
ਇਕ ਮੇਰੇ ਨਗ਼ਮੇ ਨੇ
ਤੇਰੇ ਸੀਨੇ ਤੇ ਵੀ ਤਰਨਾ ਹੈ
ਕਰ ਲੈ ਜਰਾ ਹਥਿਆਰ ਤਿੱਖੇ
ਤਿਆਰ ਕਰ ਲੈ ਮਿਜ਼ਾਈਲਾਂ
ਫਿਰ ਮਿਣ ਲੈ ਇਕ ਵਾਰ ਛਾਤੀ
ਮੇਰੇ ਅੰਗਿਆਰੇ ਲਫ਼ਜ਼ਾਂ ਨੇ
ਤੇਰਾ ਵੀ ਕਤਲ ਕਰਨਾ ਹੈ
ਵਾਰ ਕਰਨ ਜੋਗਾ ਹੋਵੀਂ
ਤੇਰੇ ਨਾਲ ਵੀ ਇਕ ਹੱਥ ਕਰਨਾ ਹੈ
ਜੰਗ ਸਦਾ
ਹਥਿਆਰਾਂ ਨਾਲ ਹੀ ਨਹੀਂ ਲੜੇ ਜਾਂਦੇ
ਚਾਨਣ ਲਈ
ਚੰਦ ਸਿਤਾਰੇ ਨਹੀਂ ਸਦਾ ਫੜੇ ਜਾਂਦੇ
ਮੱਥਿਆਂ ਦੀ ਲੋਅ ਚ ਵੀ
ਯੁੱਧ ਲਿਖਿਆ ਹੁੰਦਾ ਹੈ
ਪਰਾਂ ਦਾ ਜ਼ੋਰ ਵੀ
ਅਰਸ਼ ਦੇ ਸਫ਼ੇ ਤੇ ਹਰ ਵਾਰ
ਯੁੱਧ ਲਿਖਣ ਜਾਂਦਾ ਹੈ
ਰਾਹੀ ਮੰਜ਼ਿਲ ਤੇ
ਜਿੱਤ ਦਾ ਪਰਚਮ ਗੱਡਦਾ ਹੈ ਯੁੱਧ ਕਰਕੇ
ਮੱਥਿਆਂ ਮੱਥਿਆਂ ਵਿੱਚ ਵੀ
ਯੁੱਧ ਹੁੰਦਾ ਹੈ ਕਈਆਂ ਤਰ੍ਹਾਂ ਦਾ ਖੁਣਿਆਂ
ਸਿਰਾਂ ਧੜਾਂ ਵਿੱਚ ਵੀ ਸੰਘਰਸ਼ ਹੁੰਦਾ ਹੈ ਅਨੋਖੇ ਨਕਸ਼ਾਂ ਰੰਗਾ
ਲੱਖਾਂ ਸਿਰਾਂ ਵਿੱਚ
ਕੁੱਝ ਵੀ ਨਹੀਂ ਲਿਖਿਆ ਹੁੰਦਾ
ਸਿਰਫ਼ ਮੈਡਲਾਂ ਦੀ ਰੀਝ ਹੁੰਦੀ ਹੈ
ਜਾਂ ਫਿਰ ਉੱਚ ਦਰਬਾਰਾਂ ਦੀਆਂ ਪੌੜੀਆਂ ਚੜ੍ਹਨ ਦਾ ਚਾਅ
ਕਿਸੇ ਧੜ ਤੇ ਸਿਰ ਵੀ ਹੁੰਦਾ ਹੈ
ਫਿਰ ਵੀ ਬੇਦਾਵਾ ਲਿਖ ਦਿੰਦਾ ਹੈ
ਜੂਝਨ ਤੋਂ ਡਰਦਾ
ਕੋਈ ਧੜ
ਸਿਰ ਬਗੈਰ ਵੀ ਥੱਕਦਾ
ਹਾਰਦਾ ਨਹੀਂ ਲੜਦਾ
ਥੱਕੇ ਹਾਰੇ
ਸੂਰਜਾਂ ਕੀ ਹਨੇਰੇ ਪੂੰਝਣੇ
ਇਕੱਲਾ ੨ ਜੁਗਨੂੰ ਜਦੋਂ ਜਗ ਪਿਆ
ਲੱਖਾਂ ਕਾਲੀਆਂ ਰਾਤਾਂ ਰੌਸ਼ਨ ਕਰਨਗੇ
ਮੇਰੀ ਰੂਹ ਦਾ ਸੁਪਨਾ ਤੈਨੂੰ ਠਾਰੇਗਾ
ਜਦ ਹੱਕ ਮੰਗਦਾ
ਮੇਰਾ ਹਰ ਤੀਰ ਨਗ਼ਮਾ ਤੈਨੂੰ ਲਲਕਾਰੇਗਾ
ਤੇਰੇ ਵਰਗੇ ਹਰੇ ਹੋਏ
ਨਾਲ ਕੀ ਲੜਨਾ
ਮਰੇ ਹੋਏ ਦੀ ਛਾਤੀ
ਕੀ ਖੰਜਰ ਧਰਨਾ
ਕੰਬਦੇ ਬਹੁੜੀਆਂ ਪਾਉਂਣ ਵਾਲੇ ਦਾ
ਕੀ ਕਤਲ ਕਰਨਾ
ਤੂੰ ਤਾਂ ਮੇਰੇ
ਅੱਖਰਾਂ ਦਾ ਇਕ ਵਾਰ ਵੀ ਨਹੀਂ ਸਹੇਂਗਾ
ਤੇਰੀ ਛਾਤੀ ਵਿਚ ਡੋਬ ਕੇ
ਮਹਿੰਗਾ ਤੀਰ ਕਿਉਂ ਖਰਾਬ ਕਰਨਾ
-
ਅਮਰਜੀਤ ਟਾਂਡਾ, ਲੇਖਕ
drtanda101@gmail.com
**********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.