87ਵੇਂ ਜਨਮ ਦਿਨ ਤੇ ਜਗਦੇਵ ਸਿੰਘ ਜੱਸੋਵਾਲ ਨੂੰ ਯਾਦ ਕਰਦਿਆਂ, ਗੁਰਭਜਨ ਗਿੱਲ ਦੀ ਕਲਮ ਤੋਂ
ਜਗਦੇਵ ਸਿੰਘ ਜੱਸੋਵਾਲ ਨੂੰ ਚੇਤੇ ਕਰਦਿਆਂ ਡੂੰਘਾ ਹੌਕਾ ਨਿਕਲਦਾ ਹੈ ਧੁਰ ਅੰਦਰੋਂ। ਕਿੱਡੀ ਵੱਡੀ ਬੁੱਕਲ ਵਾਲਾ ਸੀ ਉਹ ਧਰਤੀ ਪੁੱਤਰ। ਸਿਆਸਤ, ਕਾਨੂੰਨ, ਸੱਭਿਆਚਾਰ ਤੇ ਖੇਡ ਵਿਹਾਰ ਨਾਲ ਜੁੜਿਆ ਮਰਦ ਬੱਚਾ।
1972 ਤੋਂ 2014 ਦੀ ਆਖਰੀ ਹਿਚਕੀ ਤੀਕ ਮੈ ਉਸ ਤੋਂ ਪਿਆਰ ਦੁਲਾਰ ਲਿਆ। ਮੇਰੇ ਵਰਗੇ ਕਿੰਨੇ ਹੋਰ ਹੋਣਗੇ ਉਸ ਦੀ ਬੁੱਕਲ ਚ ਬਹਿਣ ਵਾਲੇ। ਧਰਤੀ ਜਿੱਡਾ ਜੇਰਾ, ਅੰਬਰ ਜਿੱਡਾ ਪਿਆਰ ਕੈਨਵਸ। ਪੌਣਾਂ ਜਿਹੀ ਨਿਰਛਲਤਾ, ਕਿਣ ਮਿਣ ਕਣੀਆਂ ਵਰਗਾ ਸੁਭਾਅ।
ਹਮੇਸ਼ ਪੰਜਾਬ ਦਾ ਸੋਚਿਆ ਓਸ, ਮੂੰਹ ਵੱਲ ਬੁਰਕੀ ਨਾ ਕੀਤੀ ਕਦੇ ਉਸ ਨੇ। ਆਖਰੀ ਸਾਹਾਂ ਤੋਂ ਦੋ ਦਿਨ ਪਹਿਲਾਂ ਦਯਾਨੰਦ ਹਸਪਤਾਲ ਦੇ ਆਈ ਸੀ ਯੂ ਚ ਹਰਭਜਨ ਮਾਨ ਤੋਂ ਹੀਰ ਸੁਣਨ ਵਾਲਾ। ਉਦੋਂ ਬੋਲਣ ਸ਼ਕਤੀ ਜਾ ਚੁਕੀ ਸੀ। ਸਿਰਫ਼ ਇਸ਼ਾਰੇ ਸਨ ਜਾਂ ਰੀਝਾਂ ਦਾ ਵਿਸ਼ਾਲ ਸੰਸਾਰ।
ਪੰਜਾਬ ਵਿਧਾਨ ਸਭਾ ਦੇ ਤਤਕਾਲੀ ਸਪੀਕਰ ਚਰਨ ਜੀਤ ਸਿੰਘ ਅਟਵਾਲ ਨੂੰ ਆਖਰੀ ਸੁਨੇਹਾ ਦਿੱਤਾ, ਬੀਬਾ ਵੀਰ ਬਣ ਕੇ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਮੁਖਲਸਗੜ੍ਹ ਸੰਵਾਰਨ ਲਈ ਹਰਿਆਣਾ ਸਰਕਾਰ ਨੂੰ ਕਹਿ।
ਚਿਰਾਗ ਬੁਝ ਰਿਹਾ ਸੀ ਤੇ ਸੁਪਨੇ ਜਗ ਰਹੇ ਸਨ।
ਅੱਜ 30 ਅਪਰੈਲ ਉਸ ਦਾ 87ਵਾਂ ਜਨਮ ਦਿਨ ਹੈ। ਪਹਿਲੀ ਮਈ ਨੂੰ ਪ੍ਰੋਃ ਨਰਿੰਜਨ ਤਸਨੀਮ ਜੀ ਦਾ ਹੈ। ਦੋ ਮਈ ਨੂੰ ਮੇਰਾ। ਕਈ ਸਾਲ ਜੱਸੋਵਾਲ ਜੀ ਨਾਲ ਫੁੱਲਾਂ ਦੀ ਸਾਂਝ ਰਹੀ। ਹੁਣ ਯਾਦਾਂ ਸਲਾਮਤ ਨੇ। ਪਿਛਲੇ ਸਾਲ ਮੈਂ ਉਸ ਦਾ ਕਾਵਿ ਚਿਤਰ ਲਿਖਿਆ ਸੀ ਜੋ ਮੇਰੀ ਕਿਤਾਬ ਚਰਖ਼ੜੀ ਵਿੱਚ ਸ਼ਾਮਿਲ ਹੈ। ਤੁਸੀਂ ਵੀ ਪੜ੍ਹੋ।
ਹੁਣੇ ਆਏਗਾ ਪੌੜੀਆਂ ਚੜ੍ਹਦਾ
ਹੁਣੇ ਆਏਗਾ ਸਾਡੇ ਘਰ ਦੀਆਂ ਪੌੜੀਆਂ ਚੜ੍ਹਦਾ ।
ਨਾਲ ਹੋਣਗੇ ਦੁਨੀਆਂ ਭਰ ਦੇ ਫ਼ਿਕਰ ।
ਹੱਥਾਂ ਨਾਲ ਹਵਾ ’ਚ ਨਕਸ਼ੇ ਬਣਾਵੇਗਾ ।
ਅਨੇਕਾਂ ਸ਼ਬਦ ਚਿਤਰ ਉਲੀਕੇਗਾ,
ਬਿਨ ਕਾਗ਼ਜ਼ਾਂ ਤੋਂ ।
ਧਰਤੀ ’ਚ ਰੰਗ ਭਰੇਗਾ,
ਖਿੜੇਗਾ ਸੂਰਜਮੁਖੀ ਦੇ ਖੇਤ ਵਾਂਗ ।
ਸੁਰ ਅਲਾਪੇਗਾ ਤੇ ਕਹੇਗਾ ।
ਉੱਠ ਕੇ ਪਹਿਰ ਦੇ ਤੜਕੇ,
ਬਦਨਾਮੀ ਲੈ ਲਈ ।
ਆਹੋ ਜੀ ਬਦਨਾਮੀ ਲੈ ਲਈ ।
ਪਰ ਰੋਜ਼ ਤੜਕੇ ਉੱਠੇਗਾ ਤੇ ਕਹੇਗਾ ।
ਚਲੋ ਬਈ ਚਲੋ,
ਨਿਰਮਲਾ ਨਿੰਦਰਾ ਰਵਿੰਦਰਾ
ਚਲੋ ਬਟਾਲੇ
ਕੋਟਲਾ ਸ਼ਾਹੀਆ ਖੇਡਾਂ ਨੇ ।
ਪਿਰਥੀਪਾਲ ਉਡੀਕਦੈ ।
ਖਤਰਾਵੀਂ ਦਿਲਬਾਗ ਨਾਲ,
ਮੇਲੇ ਦੀ ਵਿਉਂਤ ਬਣਾਉਣੀ ਹੈ ।
ਰਾਹ ’ਚ ਮਿਲਣਾ ਹੈ ਜਥੇਦਾਰ ਕਰਮ ਸਿੰਘ ਨੂੰ
ਮੇਰਾ ਜੇਲ੍ਹ ਸਾਥੀ ਹੈ ਮੋਰਚਿਆਂ ਦਾ
ਕਾਮਰੇਡ ਜਗਜੀਤ ਸਿੰਘ ਆਨੰਦ ਵੀ ਢਿੱਲਾ ਹੈ ।
ਬਾਬੇ ਬਕਾਲੇ ਜੋਗਾ ਸਿੰਘ ਜੋਗੀ ਉਡੀਕਦੈ ।
ਬਰਕਤ ਸਿੱਧੂ ਵੀ ਬੀਮਾਰ ਹੈ ਮੋਗੇ ।
ਚਲੋ! ਚਲੋ! ਚਲੋ! ਭਾਈ!
ਪਰ ਹੁਣ ਕੋਈ ਨਹੀਂ ਪੌੜੀਆਂ ਚੜ੍ਹਦਾ
ਮੇਰੇ ਘਰ ਦੀਆਂ
ਏਨੇ ਫ਼ਿਕਰਾਂ ਵਿੰਨ੍ਹੇ ਮੱਥੇ ਵਾਲਾ
ਹਸਪਤਾਲ ’ਚ ਪਿਆ ਵੀ ਜੋ ਕਹੇ !
ਚਰਨਜੀਤ ਮੇਰਾ ਬੀਬਾ ਵੀਰ
ਮੁਲਖਸਗੜ੍ਹ ਯਾਦਗਾਰ ਬਣਵਾ ਦੇ
ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ।
ਬਸੀਆਂ ਕੋਠੀ ਤਾਂ ਬਣਵਾ ਲਈ
ਗੁਰਭਜਨ ਨੇ ਤੁਹਾਡੇ ਬਾਦਲ ਤੋਂ ।
ਚੱਲ! ਕਾਕਾ ਹਰਭਜਨ ਹੀਰ ਸੁਣਾ!
ਮਨ ਦਾ ਰਾਂਝਾ ਰਾਜ਼ੀ ਕਰੀਏ!
ਹੁਣ ਸਭ ਪਾਸੇ ਚੁੱਪ ਹੈ ।
ਉਹ ਵੱਡੀ ਸਾਰੀ ਧਰਤੀ ਸੀ
ਕਿਸੇ ਲਈ ਨੀਲਾ ਆਸਮਾਨ
ਸਿਰ ਤੇ ਧਰਿਆ ਬਾਬਲ ਦਾ ਹੱਥ ਸੀ
ਕਿਸੇ ਵਾਸਤੇ ਸੁਪਨਿਆਂ ਦਾ ਥਾਲ
ਬਹੁਤਿਆਂ ਲਈ ਵੱਡੀ ਸਾਰੀ ਬੁੱਕਲ ਸੀ
ਅਨੇਕ ਰੱਖਣਿਆਂ ਵਾਲਾ ਬੈਂਕ ਲਾਕਰ
ਬੜਿਆਂ ਲਈ ਰੁਜ਼ਗਾਰ ਦੀ ਪੌੜੀ
ਪਰ ਵਿਰਲਿਆਂ ਲਈ ਆਸਥਾ ਕੇਂਦਰ ।
ਖ਼ਾਨਗਾਹੇ ਬਲਦਾ ਮੱਧਮ ਚਿਰਾਗ ।
ਉਹ ਕਿਸੇ ਲਈ ਵੀ ਓਪਰਾ ਨਹੀਂ ਸੀ ।
ਵੱਡੀ ਸਾਰੀ ਪੋਟਲੀ ’ਚੋਂ ਸੁਪਨੇ ਕੱਢਦਾ
ਤੇ ਪੂਰੇ ਕਰਨ ਲਈ
ਬਲ ਬੁੱਧ ਮੁਤਾਬਕ ਵੰਡਦਾ ।
ਰਿਸ਼ਤਿਆਂ ਦੀਆਂ ਤੰਦਾਂ ਜੋੜਦਾ ।
ਅਮਰੀਕਾ ’ਚ ’ਵਾਜ਼ ਮਾਰਦਾ
ਉਇ ਰਿਆੜ ਹਰਵਿੰਦਰਾ
ਜਗਦੇਆਂ ਵਾਲਿਆ ਕੁਲਦੀਪ ਸਿੰਹਾਂ
ਉਦਾਸੀ ਦੀਏ ਧੀਏ ਪ੍ਰਿਤਪਾਲ
ਮੈਂ ਤਾਂ ਹੁਣ ਨਦੀ ਕਿਨਾਰੇ ਰੁੱਖੜਾ
ਮੇਰਾ ਹੁਣ ਕੀ ਏ ।
ਤੇ ਅਗਲੇ ਦਿਨ ਟਿਕਟ ਕਟਾ,
ਅਮਰੀਕਾ ਚੜ੍ਹ ਜਾਂਦਾ ।
ਸਾਥੋਂ ਚੋਰੀ ਚੋਰੀ,
ਹਸਨਪੁਰੀਏ ਸੂਰਤ ਸਿੰਘ ਖ਼ਾਲਸਾ ਨਾਲ ।
ਉੱਤਰਨ ਸਾਰ ਦੁੱਖ ਸੁਖ ਭੁਗਤਾਉਂਦਾ ।
ਆਖ਼ਰੀ ਰਾਤਾਂ ਰਿਆੜ ਕੋਲੋਂ,
ਸੁੱਜੇ ਪੈਰੀਂ ਮਾਲਸ਼ਾਂ ਕਰਵਾਉਂਦਾ ।
ਅਸੀਸਾਂ ਵੰਡਦਾ,
ਫ਼ਤਹਿ ਬੁਲਾਉਂਦਾ ।
ਵਤਨੀਂ ਪਰਤਦਾ ।
ਆਉਂਦਿਆ ਹਸਪਤਾਲ ਦਾ ਮੰਜਾ ਸੀ ।
ਉੱਥੋਂ ਹੀ ਗਾਉਂਦਾ ਵਜਾਉਂਦਾ,
ਰੇਤ ਵਾਂਗ ਹੱਥੋਂ ਕਿਰ ਗਿਆ ।
ਲੋਕ ਸੰਗੀਤ ਦੀ ਪਨੀਰੀ ਬੀਜਦਾ,
ਲਗਾਤਾਰ ਜਲ ਤਰੌਂਕਦਾ,
ਉਡਾਰ ਕਰਦਾ ਤੇ ਫੁਰਰਰਰਰ ਆਖ,
ਅੰਬਰਾਂ ਨੂੰ ਸੌਂਪਦਾ ।
ਪਾਰਸ ਛੋਹ ਬਖ਼ਸ਼ ਕੇ ।
ਜਹਾਨੋਂ ਜਾਣ ਵੇਲੇ ਵੀ,
ਇਤਿਹਾਸ ਦੀ ਚਿੰਤਾ ਸੀ ।
ਬੂਹਾ ਕਰ ਬੰਦ,
ਮੇਰਾ ਪੁੱਤਰ ਚੰਦ,
ਚੱਲ ਬਈ ਨਿੰਦਰਾ ਖੋਲ੍ਹ ਦੇ ਜਿੰਦਰਾ ।
ਜੰਗਾਲੀਆਂ ਯਾਦਾਂ ਨੂੰ ਹਵਾ ਲੁਆਈਏ ।
-
ਗੁਰਭਜਨ ਸਿੰਘ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.