ਬਲਦੇ ਬਿਰਖ ਦੀ ਛਾਂ. ਡਾ. ਜਗਤਾਰ, ਗੁਰਭਜਨ ਗਿੱਲ ਦੀ ਕਲਮ ਤੋਂ
ਬਲਦੇ ਬਿਰਖ ਦੀ ਛਾਂ ਜਿਹਾ ਸੀ ਸਾਡਾ ਸ਼ਾਇਰ ਡਾ. ਜਗਤਾਰ। ਜੜ੍ਹਾਂ ਸਲਾਮਤ, ਚਾਰ-ਚੁਫੇਰੇ ਫੈਲਿਆ, ਪਰ ਹਰ ਪਲ ਬੇਚੈਨ। ਉਸਦੇ ਟਾਹਣਾਂ ਨਾਲ ਹਿੰਮਤੀ ਬੰਦਾ ਹੀ ਪੀਂਘ ਪਾ ਸਕਦਾ ਸੀ। ਮੈਨੂੰ ਮਾਣ ਹੈ ਕਿ ਮੈਂ ਡਾ. ਜਗਤਾਰ ਦੇ ਟਾਹਣਾਂ ਨਾਲ ਕਈ ਵਰ੍ਹੇ ਲਗਾਤਾਰ ਪਿਆਰ ਪੀਂਘਾ ਝੂਟੀਆਂ ਹਨ। ਉਹ ਦਹਿਸ਼ਤਗਰਦ ਨਹੀਂ ਸੀ, ਪਰ ਸਾਹਿਤ ਦੇ ਖੇਤਰ ’ਚ ਬਹੁਤ ਬੰਦੇ ਉਸਤੋਂ ਕੰਨ ਭੰਨਦੇ ਸਨ। ਨੇੜੇ ਆਉਣ ਤੋਂ ਤ੍ਰਭਕਦੇ।
ਹੱਥ ਨਾ ਲਾਈਂ ਕਸੁੰਭੜੇ, ਜਲ ਜਾਸੀ ਢੋਲਾ।
ਮੈਂ ਕਸੁੰਭੜਾ ਚੁਣਿਆ ਹੈ, ਇਸਦੇ ਪੱਕੇ ਚੌਲ ਝਾੜ-ਝਾੜ ਚੱਬੇ ਹਨ। ਚਿੱਟੇ-ਚਿੱਟੇ ਕਸੁੰਭੜੇ ਦੇ ਬੀਜ। ਕੰਡਿਆਲੇ ਫੁੱਲਾਂ ’ਚ ਏਨੀ ਕੋਮਲਤਾ ਵੀ ਹੋ ਸਕਦੀ ਹੈ, ਪਹਿਲੀ ਵਾਰੀ ਅੱਖੀਂ ਵੇਖਿਆ।
ਮੈਂ ਡਾ. ਜਗਤਾਰ ਨੂੰ 1970 ’ਚ ਪਹਿਲੀ ਵਾਰ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ (ਗੁਰਦਾਸਪੁਰ) ’ਚ ਹੋਏ ਗੁਰੂ ਨਾਨਕ ਦੇਵ ਸ਼ਤਾਬਦੀ ਕਵੀ ਦਰਬਾਰ ’ਚ ਸੁਣਿਆ। ਮੇਰੇ ਅਧਿਆਪਕ ਤੇ ਸ਼ਾਇਰ ਪ੍ਰੋ..ਸੁਰਿੰਦਰ ਗਿੱਲ ਦੀ ਹਿੰਮਤ ਸਦਕਾ ਇਹ ਵਿਸ਼ਾਲ ਕਵੀ ਦਰਬਾਰ ਹੋ ਸਕਿਆ। ਇਸ ਵਿੱਚ ਪ੍ਰੋ. ਮੋਹਨ ਸਿੰਘ, ਸਰਦਾਰ ਸੂਬਾ ਸਿੰਘ, ਸ.ਸ.ਮੀਸ਼ਾ, ਡਾ. ਜਗਤਾਰ, ਸਤਿੰਦਰ ਸਿੰਘ ਨੂਰ, ਹਰਭਜਨ ਸਿੰਘ ਹੁੰਦਲ, ਸੁਰਜੀਤ ਪਾਤਰ, ਕਸ਼ਮੀਰ ਕਾਦਰ, ਡਾ. ਹਰਿਭਜਨ ਸਿੰਘ,ਸਵਰਨ ਸਿੰਘ ਅਰਮਾਨ ਵਰਗੇ ਸ਼ਾਇਰ ਸ਼ਾਮਿਲ ਹੋਏ। ਕਵੀ ਦਰਬਾਰ ’ਚ ਸੁਰਿੰਦਰ ਗਿੱਲ ਨੇ ਜਦ ਡਾ. ਜਗਤਾਰ ਨੂੰ ਪੇਸ਼ ਕੀਤਾ ਤਾਂ ਦੱਸਿਆ ਕਿ ਅਸਾਂ ਲੋਕਾਂ ਨੇ ਡਾ. ਜਗਤਾਰ ਵਰਗੇ ਪਰਪੱਕ ਸ਼ਾਇਰਾਂ ਨੂੰ ਪੜ੍ਹ-ਪੜ੍ਹ ਕੇ ਲਿਖਣਾ ਸਿੱਖਿਆ ਹੈ। ਅਸੀਂ ਕੰਨ ਖੜ੍ਹੇ ਕਰ ਲਏ।
ਡਾ. ਜਗਤਾਰ ਨੇ ਨਜ਼ਮ ਛੋਹੀ।
ਆਓ ਪੁਰਾਣੀ ਰਸਮ ਦੁਹਰਾਈਏ।
ਇਸ ਨਜ਼ਮ ’ਚ ਗੱਲ ਇਹੀ ਸੀ ਕਿ ਕਿਸੇ ਦੀਵਾਰ, ਛੁੱਟੜ ਖੂਹ ਸਾਂ, ਰੁੱਖ ਦੀ ਖੋੜ ’ਚ ਉੱਗਣ ਦਾ ਕੀ ਫਾਇਦਾ੍ਰ ਜੇ ਉੱਗਣਾ ਹੈ ਤਾਂ ਧਰਤੀ ’ਚ ਉੱਗੀਏ। ਉਸਦਾ ਕਰਾਰਾ ਅੰਦਾਜ਼ ਮੈਨੂੰ ਭਾਇਆ। ਚਿਣ ਕੇ ਬੱਧੀ ਦਸਤਾਰ, ਕਤਰਵੀਂ ਦਾਹੜੀ, ਵੇਖਣ ਨੂੰ ਉਹੋ ਸ਼ਾਇਰ ਘੱਟ ਤੇ ਪੁਲਸ ਅਧਿਕਾਰੀ ਵੱਧ ਲੱਗਦਾ। ਉਸਦਾ ਰੋਅਬਦਾਰ ਸਲੀਕਾ ਉਸਨੂੰ ਆਮ ਸ਼ਾਇਰਾਂ ਤੋਂ ਨਿਖੇੜਦਾ। ਸਕੂਲ ਅਧਿਆਪਕ ਹੋ ਕੇ ਵੀ ਉਹ ਯੂਨੀਵਰਸਿਟੀਆਂ ਦੇ ਪੋਸਟ ਗਰੈਜੁਏਟ ਸਿਲੇਬਸ ’ਚ ਪੜ੍ਹਾਇਆ ਜਾਂਦਾ ਸੀ। ਮੈਨੂੰ ਉਹਨਾਂ ਦੀ ਇੱਕ ਹੋਰ ਨਜ਼ਮ ‘‘ਨਿਆਂਸ਼ਾਲਾ ਵਿੱਚ ਲਿਆਂਦਾ ਗਿਆ ਦੋਸ਼ੀ’’ ਤ੍ਰੈਮਾਸਿਕ ਪੱਤਰ ਸਿਰਜਣਾ ਵਿੱਚ ਪੜ੍ਹਨ ਨੂੰ ਮਿਲੀ। ਮੈਂ ਇਹ ਕਵਿਤਾ ਪੜ੍ਹ ਕੇ ਝੰਜੋੜਿਆ ਗਿਆ। ਬਿਲਕੁੱਲ ਨਵਾਂ ਅੰਦਾਜ਼ ਲੱਗਿਆ, ਜਿਵੇਂ ਕਿ ਉਹ ਤੁਹਾਡੇ ਨਾਲ ਗੱਲਾਂ ਕਰਦਾ ਹੈ। 1971 ’ਚ ਮੈਂ ਲੁਧਿਆਣੇ ਪੜ੍ਹਨ ਆ ਗਿਆ। ਏਥੇ ਡਾ. ਐੱਸ.ਪੀ. ਸਿੰਘ ਜੀ ਦੇ ਕਹਿਣ ’ਤੇ ਮੈਂ ਡਾ. ਜਗਤਾਰ ਦੀ ਕਾਵਿ ਪੁਸਤਕ ‘ਦੁੱਧ ਪੱਥਰੀ’ ਪੜ੍ਹੀ। ਉਸਦੇ ਕੁੱਝ ਪੁਰਾਣੇ ਗੀਤ ਸਾਹਿਤਕ ਮੈਗਜ਼ੀਨ ਵਿੱਚੋਂ ਪੜ੍ਹੇ। ਇੱਕ ਗੀਤ ਸੀ
‘ਹਵਾ ਦੇ ਵਿੱਚ ਉੱਡਦੀ ਫਿਰੇ ਮੇਰੀ ਤਿੱਤਰਾਂ ਵਾਲੀ ਫੁਲਕਾਰੀ।
ਅੱਗੇ ਅੱਗੇ ਮੈਂ ਤੁਰਦੀ, ਮੇਰੇ ਤੁਰਦੇ ਨੇ ਮਗਰ ਸ਼ਿਕਾਰੀ।’
ਇਹ ਗੀਤ ਪੜ੍ਹ ਕੇ ਮੈਂ ਸਰੂਰਿਆ ਗਿਆ। ਇਹਨਾਂ ਦਿਨਾਂ ’ਚ ਹੀ ਉਹਨਾਂ ਦੀ ਕਿਤਾਬ ‘ਲਹੂ ਦੇ ਨਕਸ਼’ ਆਈ। ਇਸ ਕਿਤਾਬ ਨੇ ਵੀ ਪੂਰੇ ਪੰਜਾਬ ਨੂੰ ਹਲੂਣਿਆਂ। ਗਜ਼ਲਾਂ ’ਚ ਕਮਾਲ ਦੀ ਰਵਾਨੀ ਸੀ।
ਹਰ ਮੋੜ ’ਤੇ ਸਲੀਬਾਂ ਹਰ ਪੈਰ ’ਤੇ ਹਨ੍ਹੇਰਾ
ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ।
ਇੱਕ ਹੋਰ ਗਜ਼ਲ ਸੀ
ਖੂਨ ਲੋਕਾਂ ਦਾ ਹੈ, ਇਹ ਪਾਣੀ ਨਹੀਂ।
ਇਸਦੀ ਸੁਰਖੀ ਕਦੇ ਜਾਣੀ ਨਹੀਂ।
ਤੇਰੇ ਲਈ ਛਣਕਾ ਕੇ ਲੰਘੇ ਬੇੜੀਆਂ
ਤੂੰ ਹੀ ਸਾਡੀ ਚਾਲ ਪਹਿਚਾਣੀ ਨਹੀਂ।
ਇਸ ਸਮੇਂ ਤੀਕ ਮੈਂ ਡਾ. ਜਗਤਾਰ ਨੂੰ ਕਦੇ ਨਹੀਂ ਸੀ ਮਿਲਿਆ। ਇਸ ਕਿਤਾਬ ਨੂੰ ਪੜ੍ਹ ਕੇ ਮਿਲਣ ਦੀ ਤਾਂਘ ਜਾਗੀ। ਉਦੋਂ ਉਹ ਪੰਜਾਬ ਯੂਨੀਵਰਸਿਟੀ ’ਚ ਜਾ ਚੁੱਕੇ ਸਨ। ਡਾ. ਵਿਸ਼ਵ ਨਾਥ ਤਿਵਾੜੀ ਦੀ ਕੋਸ਼ਿਸ਼ ਸੀ ਕਿ ਡਾ. ਜਗਤਾਰ ਸਕੂਲ ਅਧਿਆਪਨ ਛੱਡ ਕੇ ਯੂਨੀਵਰਸਿਟੀ ਜਾਂ ਕਾਲਜ ’ਚ ਪੜ੍ਹਾਵੇ। ਬਾਬਾ ਫਰੀਦ ਚੇਅਰ ਵਾਂਗ ਹੀ ਜਦ ਭਾਈ ਵੀਰ ਸਿੰਘ ਚੇਅਰ ਦੀ ਸਥਾਪਨਾ ਹੋਈ ਤਾਂ ਡਾ. ਤਿਵਾੜੀ ਇਸ ਚੇਅਰ ਦੇ ਚੇਅਰਮੈਨ ਬਣੇ। ਡਾ. ਜਗਤਾਰ ਇਸ ਯੂਨੀਵਰਸਿਟੀ ਵਿੱਚ ਰਿਸਰਚ ਫੈਲੋ ਵਜੋਂ ਕਾਰਜਸ਼ੀਲ ਸਨ। ਇਸ ਵਕਤ ਹੀ ਉਹਨਾਂ ਪਾਕਿਸਤਾਨ ਦੀ ਪੰਜਾਬੀ ਕਵਿਤਾ ਦਾ ਮੁੱਲਵਾਨ ਸੰਗ੍ਰਹਿ ‘ਦੁੱਖ ਦਰਿਆਓਂ ਪਾਰ ਦੇ’ ਡਾ. ਜਗਤਾਰ ਨਾਲ ਰਲ ਕੇ ਸੰਪਾਦਿਤ ਕੀਤਾ। ਇਸ ਕਿਤਾਬ ਨੇ ਹੀ ਅਸਲ ਵਿੱਚ ਪਾਕਿਸਤਾਨ ’ਚ ਲਿਖੀ ਜਾ ਰਹੀ ਕਵਿਤਾ ਨੂੰ ਏਧਰਲੇ ਪੰਜਾਬ ਨਾਲ ਮਿਲਵਾਇਆ। ਭਾਈ ਵੀਰ ਸਿੰਘ ਸੰਦਰਭ ਕੋਸ਼ ਵੀ ਉਹਨਾਂ ਦੀ ਮਹੱਤਵਪੂਰਨ ਖੋਜ ਪੁਸਤਕ ਸੀ। ਇਵੇਂ ਹੀ ਸੂਫੀ ਕਵਿਤਾ ’ਚ ‘ਪਿਛੋਕੜ’ ਵੀ ਡਾ. ਜਗਤਾਰ ਦੀ ਵੱਡਮੁੱਲੀ ਕਿਰਤ ਬਣੀ।
ਇਸ ਸਮੇਂ ਦੌਰਾਨ ਮੈਂ 1975-76 ’ਚ ਐੱਮ.ਏ. ਕਰਦਿਆਂ ਕਵੀ ਦਰਬਾਰਾਂ ’ਚ ਜਾਣਾ ਸ਼ੁਰੂ ਕਰ ਦਿੱਤਾ ਸੀ। ਇੱਕ ਕਵੀ ਦਰਬਾਰ ਗੌਰਮਿੰਟ ਕਾਲਜ ਫਾਰ ਵਿਮਨ ਪਟਿਆਲਾ ’ਚ ਪ੍ਰੋ. ਮਨੋਹਰ ਕੌਰ ਅਰਪਣ ਜੀ ਨੇ ਕਰਵਾਇਆ। ਜਿਸ ਵਿੱਚ ਸੱਭ ਤੋਂ ਨਿੱਕੀ ਉਮਰ ਦਾ ਕਵੀ ਮੈਂ ਹੀ ਸਾਂ। ਮੈਨੂੰ ਦੱਸਿਆ ਗਿਆ ਕਿ ਸਿਰਜਣਾ ’ਚ ਛਪੀ ਮੇਰੀ ਕਵਿਤਾ ‘ਸ਼ੀਸ਼ਾ ਝੂਠ ਬੋਲਦਾ ਹੈ’ ਸਦਕਾ ਪ੍ਰੋ. ਮਨੋਹਰ ਕੌਰ ਦੇ ਪਤੀ ਤੇ ਪ੍ਰਸਿੱਧ ਨਾਟਕਕਾਰ ਡਾ. ਸੁਰਜੀਤ ਸਿੰਘ ਸੇਠੀ ਨੇ ਮੇਰੀ ਸਿਫਾਰਸ਼ ਕੀਤੀ ਸੀ। ਇਸ ਕਵੀ ਦਰਬਾਰ ’ਚ ਡਾ. ਜਗਤਾਰ ਨੂੰ ਮੈਂ ਪਹਿਲੀ ਵਾਰ ਮਿਲਿਆ। ਮਿਲਾਇਆ ਵੀ ਵੱਡੇ ਵੀਰ ਤੇ ਸ਼ਾਇਰ ਤਿਰਲੋਚਨ (ਬੱਤਾ) ਰੋਪੜ ਵਾਲੇ ਨੇ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਜੀ ਨੇ ਕੀਤੀ ਸੀ।
ਕਵੀ ਦਰਬਾਰ ਤੋਂ ਬਾਅਦ ਤਿਰਲੋਚਨ ਟਹਿਲ ਸੇਵਾ ਲਈ ਡਾ. ਜਗਤਾਰ ਨੂੰ ਆਪਣੇ ਕਮਰੇ ਵਿੱਚ ਲੈ ਕੇ ਜਾਣਾ ਚਾਹੁੰਦਾ ਸੀ। ਡਾ. ਜਗਤਾਰ ਨੇ ਮੈਨੂੰ ਵੀ ਨਾਲ ਤੋਰ ਲਿਆ। ਮੈਂ ਲੁਧਿਆਣਿਓਂ ਡਾ. ਰਣਧੀਰ ਸਿੰਘ ਚੰਦ ਨਾਲ ਬੱਸ ਚੜ੍ਹ ਕੇ ਪਟਿਆਲੇ ਗਿਆ ਸਾਂ। ਉਦੋਂ ਇਹੀ ਰਿਵਾਜ਼ ਸੀ, ਹੁਣ ਵਾਂਗ ਕਾਰਾਂ ਵਾਲੇ ਕਵੀ ਨਹੀਂ ਸਨ ਹੁੰਦੇ। ਚੰਦ ਤੇ ਡਾ. ਜਗਤਾਰ ਦਾ ਮਨ ਮੁਟਾਵ ਜੱਗ ਜਾਹਰ ਸੀ। ਦੋਹਾਂ ਦਾ ਪਹਿਲਾਂ ਪਿਆਰ ਵੀ ਮਿਸਾਲੀ ਸੀ ਤੇ ਮਗਰੋਂ ਦੁਸ਼ਮਣੀ ਵੀ। ਦੋਵੇਂ ਇੱਕ ਦੂਜੇ ਨੂੰ ਭੋਰਾ ਨਹੀਂ ਸੀ ਜਰਦੇ। ਡਾ. ਚੰਦ ਨੇ ਜਗਤਾਰ ਨਾਲ ਤੁਰਨਾ ਨਹੀਂ ਸੀ ਤੇ ਮੇਰੀ ਨਾਂਹ ਕਰਨ ਦੀ ਹਿੰਮਤ ਨਾ ਪਵੇ। ਅਖੀਰ ਤਿਰਲੋਚਨ ਨੇ ਡਾ. ਚੰਦ ਨੂੰ ਨਾਲ ਤੁਰਨ ਲਈ ਮਨਾਂ ਲਿਆ। ਅੱਧਾ ਪੌਣਾ ਕਿਲੋਮੀਟਰ ਤੁਰੇ ਜਾਂਦਿਆਂ ਤਿਰਲੋਚਨ ਨੇ ਸੁਲਾਹ ਸਫਾਈ ਦੀ ਗੱਲ ਛੋਹ ਕੇ ਕਮਰੇ ਤੀਕ ਪਹੁੰਚਣ ਤੋਂ ਪਹਿਲਾਂ ਦੋਹਾਂ ਨੂੰ ਬਗਲਗੀਰ ਕਰ ਦਿੱਤਾ। ਇਸ ਮਗਰੋਂ ਦੋਵੇਂ ਅੱਥਰੂ ਅੱਥਰੂ ਸਨ। ਸਿਆਣੀ ਉਮਰ ਦੇ ਸ਼ਾਇਰ ਮੈਂ ਪਹਿਲੀ ਵਾਰ ਪਛਤਾਵੇ ਦੇ ਅੱਥਰੂ ਕੇਰਦੇ ਦੇਖੇ। ਹੁਣ ਦੇ ਸਮੇਂ ’ਚ ਤਾਂ ਫਾਲ ਲਾਉਣ ਦਾ ਵੇਲਾ ਨਹੀਂ ਖੁੰਝਾਉਂਦੇ।
ਇਸ ਮੁਲਾਕਾਤ ਤੋਂ ਮਗਰੋਂ ਡਾ. ਜਗਤਾਰ ਮੇਰੇ ਲਈ ਵੱਡੇ ਭਾਈ ਬਣ ਗਏ। ਉਹਨਾਂ ਦੀ ਹਰ ਪੁਸਤਕ ਨੂੰ ਸਭ ਤੋਂ ਪਹਿਲਾਂ ਖਰੀਦ ਕੇ ਪੜ੍ਹਨਾ ਮੇਰਾ ਸ਼ੌਕ ਬਣ ਗਿਆ। ਡਾ. ਜਗਤਾਰ ਦੀ ਗਜ਼ਲ ਤੇ ਨਜ਼ਮ ਦਾ ਇੱਕੋ ਜਿਹਾ ਕਦਰਦਾਨ ਹਾਂ। ਵਾਰਤਕ ਵਿੱਚ ਤਾਂ ਉਹ ਹੋਰ ਵੀ ਤਰਲ ਹੋ ਜਾਂਦੇ।
ਡਾ. ਜਗਤਾਰ ਦਾ ਸ਼ੌਕ ਪੁਰਾਣੇ ਸਿਕਿਆਂ ਨੂੰ ਇਕੱਠਾ ਕਰਨਾ ਵੀ। ਪੁਰਾਣੇ ਕੰਧ ਚਿੱਤਰਾਂ ਨੂੰ ਕੈਮਰਾ ਫੋਟੋਆਂ ਰਾਹੀਂ ਉਹਨਾਂ ਬਹੁਤ ਫਿਰ ਤੁਰ ਕੇ ਸੰਭਾਲਿਆ। ਉਹਨਾਂ ਦਾ ਇਹ ਖੋਜ ਕਾਰਜ ਹਾਲੇ ਤੀਕ ਅਣਛਪਿਆ ਪਿਆ ਹੈ। ਪਰਿਵਾਰ ਦੀ ਮਦਦ ਨਾਲ ਇਹ ਕੰਮ ਪੰਜਾਬ ਦੀ ਕਿਸੇ ਯੂਨੀਵਰਸਿਟੀ ਜਾਂ ਆਰਟ ਕੌਂਸਲ ਨੂੰ ਕਰ ਲੈਣਾ ਚਾਹੀਦਾ ਹੈ।
ਲੰਮੇ ਲੇਖ ਵਿੱਚੋਂ.....
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
*******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.