ਵਿਸ਼ਵ ਪੁਸਤਕ ਦਿਵਸ ਦੀ ਮਹੱਤਤਾ (ਪੁਸਤਕ ਤਿਉਹਾਰ)
ਸ਼ਵ ਪੁਸਤਕ ਹਰੇਕ ਸਾਲ 23 ਅਪਰੈਲ ਨੂੰ ਵਿਸ਼ਵ ਪੁਸਤਕ ਅਤੇ ਪ੍ਰਕਾਸ਼ਨ ਅਧਿਕਾਰ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਹ ਦਿਨ ਪੁਸਤਕਾਂ ਪੜ੍ਹਨ ਅਤੇ ਪ੍ਰਕਾਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਕਾਸ਼ਨ ਅਧਿਕਾਰ ਰਾਹੀਂ ਬੌਧਿਕ ਸੰਪਤੀ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਯੂਨੈਸਕੋ ਵੱਲੋਂ ਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 23 ਅਪਰੈਲ 1995 ਈਸਵੀ ਨੂੰ ਹੋਈ ਸੀ। ਇਸ ਦੀ ਪ੍ਰੇਰਨਾ ਕੈਟਾਲੋਨੀਆ (ਸਪੇਨ) ਤੋਂ ਲਈ ਗਈ ਹੈ। 23 ਅਪਰੈਲ 1923 ਈਸਵੀ ਤੋਂ ਪਹਿਲਾਂ ਸਪੇਨ ਵਿਚ ਇਹ ਦਿਨ ਰੋਜ਼ ਡੇ (ਗੁਲਾਬ ਦਿਵਸ) ਦੇ ਤੌਰ ’ਤੇ ਮਨਾਇਆ ਜਾਂਦਾ ਸੀ।
ਇਸ ਦਿਨ ਸਪੇਨ ਵਾਸੀ ਇੱਕ ਦੂਸਰੇ ਨੂੰ ਗੁਲਾਬ ਦਾ ਫੁੱਲ ਭੇਂਟ ਕਰਦੇ ਸਨ। 23 ਅਪਰੈਲ 1923 ਈਸਵੀ ਨੂੰ ਸਪੇਨ ਦੇ ਲੋਕਪ੍ਰਿਆ ਮਹਾਨ ਲੇਖਕ ਮਿਗੁਏਲ ਦੀ ਸਰਵਾਂਤੇਸ ਦੀ ਮੌਤ ਹੌਣ ਕਾਰਨ ਸਪੇਨ ਵਾਸੀਆਂ ਨੇ ਉਸ ਨੂੰ ਪਿਆਰ ਸਹਿਤ ਸ਼ਰਧਾਜਲੀ ਭੇਂਟ ਕਰਨ ਲਈ ਰਵਾਇਤੀ ਗੁਲਾਬ ਦੇ ਫੁੱਲਾਂ ਦੀ ਜਗ੍ਹਾ ਪੁਸਤਕਾਂ ਭੇਂਟ ਕੀਤੀਆਂ। ਇਹ ਘਟਨਾ ਵਿਸ਼ਵ ਪੁਸਤਕ ਦਿਵਸ ਮਨਾਉਣ ਦਾ ਆਧਾਰ ਬਣੀ। 23 ਅਪਰੈਲ ਨੂੰ ਹੀ ਇੰਗਲੈਂਡ ਦੇ ਮਹਾਨ ਲੇਖਕ ਵਿਲਿਅਮ ਸ਼ੈਕਸਪੀਅਰ, ਪੇਰੂ ਦੇ ਇੰਕਾ ਗਾਰਸੀਲਾਸੋ ਡੀ ਲਾ ਵੇਗਾ, ਫਰਾਂਸ ਦੇ ਟਰੈਸਾ ਡੀ ਲਾ ਪਾਰਾ, ਸਪੇਨ ਦੇ ਜੋਸੇਪ ਪਲਾ ਦਾ ਵੀ ਦੇਹਾਂਤ ਹੋਇਆ ਸੀ, ਇਸੇ ਤਰ੍ਹਾਂ 23 ਅਪਰੈਲ ਨੂੰ ਰੂਸੀ- ਅਮਰੀਕੀ ਮਹਾਨ ਲੇਖਕ ਵਲਾਦੀਮੀਰ ਨੇਬੋਕਾਵ, ਆਈਸਲੈਂਡ ਦੇ ਹਾਲਦਾਰ ਲੇਕਸਨੈਸ, ਫਰਾਂਸ ਦੇ ਮਾਹਿਸੇ ਡੁਆਨ, ਅਮਰੀਕਾ ਦੇ ਅਵਰਮ ਡੇਵਿਡਸਨ, ਮੈਨੁਏਲ ਮੀਜਾਂ ਅਤੇ ਕਈ ਹੋਰ ਮਹਾਨ ਲੇਖਕਾਂ ਦਾ ਜਨਮ ਦਿਨ ਵੀ ਹੈ। ਇਨ੍ਹਾਂ ਸਾਰੇ ਮਹਾਨ ਸਾਹਿਤਕ ਲੇਖਕਾਂ ਨੂੰ ਯਾਦ ਕਰਨ ਲਈ ਯੂਨੈਸਕੋ ਨੇ 23 ਅਪ੍ਰੈਲ 1995 ਨੂੰ ’ਵਿਸ਼ਵ ਪੁਸਤਕ ਅਤੇ ਕਾਪੀ ਰਾਇਟ ਦਿਵਸ’ ਮਨਾਉਣ ਦੀ ਸ਼ੁਰੂਆਤ ਕੀਤੀ। ਇਹ ਦਿਵਸ ਵਿਸ਼ਵ ਦੇ ਹਰੇਕ ਵਰਗ ਦੇ ਅਮੀਰ-ਗ਼ਰੀਬ ਲੋਕਾਂ, ਬੱਚੇ, ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਪੁਸਤਕਾਂ ਪੜ੍ਹਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਸ਼ਵ ਭਰ ਦੇ ਲੇਖਕ, ਪ੍ਰਕਾਸ਼ਕ, ਪੁਸਤਕ ਵਿਕਰੇਤਾ ਅਤੇ ਪੁਸਤਕ ਪ੍ਰੇਮੀ ’ਪੁਸਤਕ ਤਿਉਹਾਰ’ ਦੇ ਤੌਰ ’ਤੇ ਮਨਾਉਂਦੇ ਹਨ। ਇਹ ਦਿਵਸ ਲੇਖਕਾਂ, ਪ੍ਰਕਾਸ਼ਕਾਂ, ਪੁਸਤਕ ਵਿਕਰੇਤਾਵਾਂ ਦਾ ਪੁਸਤਕ ਪ੍ਰੇਮੀਆਂ ਨਾਲ ਆਪਸੀ ਸਾਹਿਤਕ ਸਬੰਧ ਬਣਾਉਣ ਦਾ ਦਿਵਸ ਹੈ, ਜੋ ਕਿ ਹਰੇਕ ਵਰਗ ਦੇ ਪਾਠਕਾਂ ਦੀ ਰੁਚੀ ਅਨੁਸਾਰ ਸਾਹਿਤ ਦੀ ਰਚਨਾ, ਪ੍ਰਕਾਸ਼ਨ ਅਤੇ ਵਿਕਰੀ ਦਾ ਸਾਧਨ ਬਣਦਾ ਹੈ। ਇਹ ਦਿਵਸ ਲੇਖਕਾਂ ਦੀ ਬੌਧਿਕ ਪ੍ਰਾਪਰਟੀ ਪ੍ਰਾਪਤ ਕਰਨ ਲਈ ਆਪਸੀ ਮੇਲ-ਜੋਲ ਵਧਾਉਣ ਦਾ ਵੀ ਕਾਰਨ ਬਣਦਾ ਹੈ। ਅਜੋਕੇ ਇੰਟਰਨੈੱਟ ਦੇ ਯੱੁਗ ਵਿੱਚ ਪੁਸਤਕਾਂ ਦਾ ਮਹੱਤਵ ਘਟ ਰਿਹਾ ਹੈ। ਪੁਸਤਕਾਂ ਨਾਲੋਂ ਪਾਠਕ ਇੰਟਰਨੈੱਟ, ਸੋਸ਼ਲ ਨੈਟਵਰਕਿੰਗ ’ਤੇ ਚੈਟਿੰਗ ਕਰਨ ਅਤੇ ਕੰਪਿਊਟਰ ਗੇਮ ਖੇਡਣ ਉੱਪਰ ਜ਼ਿਆਦਾ ਸਮਾਂ ਅਤੇ ਪੈਸਾ ਲਗਾ ਰਹੇ ਹਨ। ਜਿਸ ਨਾਲ ਉਨ੍ਹਾਂ ਦੇ ਸਰੀਰ, ਅੱਖਾਂ ਅਤੇ ਦਿਮਾਗ ਉੱਪਰ ਮਾੜਾ ਪ੍ਰਭਾਵ ਪੈ ਰਿਹਾ ਹੈ, ਮਨੁੱਖ ਜ਼ਿਆਦਾ ਸਵਾਰਥੀ, ਅਸਹਿਣਸ਼ੀਲ ਅਤੇ ਹਿੰਸਕ ਹੋ ਰਿਹਾ ਹੈ। ਜਦਕਿ ਪੁਸਤਕਾਂ ਮਨੁੱਖ ਨੂੰ ਬਿਹਤਰ ਜੀਵਨ ਜੀਉਣ ਦਾ ਰਸਤਾ ਪ੍ਰਦਾਨ ਕਰਦੀਆਂ ਹਨ। ਪੁਸਤਕਾਂ ਮਨੁੱਖੀ ਜੀਵਨ ਦੇ ਹਰੇਕ ਪਲ ਵਿੱਚ ਸਾਥ ਦਿੰਦੀਆ ਹਨ। ਪੁਸਤਕਾਂ ਦੀ ਮਹੱਤਤਾ ਕਰਕੇ ਯੂਨੈਸਕੋ ਹਰੇਕ ਸਾਲ ਵਿਸ਼ਵ ਦੇ ਕਿਸੇ ਇੱਕ ਸ਼ਹਿਰ ਨੂੰ ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ ਦਾ ਦਰਜਾ ਦਿੰਦੀ ਹੈ। ਮੈਡਰੀਡ ਤੋਂ ਸ਼ੁਰੂਆਤ ਹੋ ਕੇ ਇੰਚੀਉਨ ਨੂੰ ਹੁਣ 15ਵੀਂ ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ ਦਾ ਦਰਜਾ ਦਿੱਤਾ ਗਿਆ ਹੈ।
ਦੱਖਣੀ ਕੋਰੀਆ ਦੇ ਇਸ ਸ਼ਹਿਰ ਇੰਚੀਉਨ ਨੂੰ ਪੁਸਤਕਾਂ ਦੇ ਉਤਥਾਨ ਲਈ ਪ੍ਰੋਗਰਾਮ ਆਯੋਜਿਤ ਕਰਨ, ਰਵਾਇਤੀ ਪੁਸਤਕਾਂ ਅਤੇ ਆਧੁਨਿਕ ਬਿਜਲਈ ਪੁਸਤਕਾਂ ਨੂੰ ਪ੍ਰਕਾਸ਼ਤ ਕਰਨ ਵਾਲੇ ਸਾਰੇ ਪ੍ਰਕਾਸ਼ਕਾਂ ਦੇ ਯੋਗਦਾਨ ਅਤੇ ਪੁਸਤਕ ਪ੍ਰੇਮੀਆਂ ਨੂੰ ਪੁਸਤਕਾਂ ਦੇ ਨਾਲ ਪ੍ਰੇਮ ਕਰਨ ਲਈ ਉਤਸ਼ਾਹਤ ਕਰਨ ਕਰਕੇ ਸਾਲ 2015 ਦੀ ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ ਦਾ ਦਰਜਾ ਦਿੱਤਾ ਗਿਆ ਹੈ। ਨਵੀਂ ਦਿੱਲੀ ਨੂੰ ਵੀ 2003 ਵਿੱਚ ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ ਦਾ ਦਰਜਾ ਪ੍ਰਾਪਤ ਹੋ ਚੁੱਕਿਆ ਹੈ। ਆਓ ਸਾਰੇ ਰਲ ਕੇ ਅੱਜ ‘ਵਿਸ਼ਵ ਪੁਸਤਕ ਅਤੇ ਕਾਪੀ ਰਾਈਟ ਦਿਵਸ’ ਤੇ ਸਮਾਜ ਦੇ ਸਾਰੇ ਵਰਗਾਂ ਵਿਚ ਪੁਸਤਕਾਂ ਪੜ੍ਹਨ ਦਾ ਸੱਭਿਆਚਾਰ ਵਿਕਸਤ ਕਰੀਏ। ਪੁਸਤਕਾਂ ਖ਼ਰੀਦ ਕੇ ਪੜ੍ਹੀਆਂ ਜਾਣ। ਇੱਕ ਵਾਰੀ ਖ਼ਰੀਦੀ ਪੁਸਤਕ ਸਾਰੀ ਉਮਰ ਸਾਥ ਨਿਭਾਉਂਦੀ ਹੈ। ਵੱਖ-ਵੱਖ ਸਮਾਗਮਾਂ ਸਮੇਂ ਇਨਾਮਾਂ, ਸਨਮਾਨਾਂ, ਸੌਗਾਤਾਂ ਵਿਚ ਟਰਾਫ਼ੀਆਂ ਜਾਂ ਹੋਰ ਮਹਿੰਗੇ ਤੋਹਫ਼ਿਆਂ ਦੀ ਜਗ੍ਹਾ ਪੁਸਤਕਾਂ ਦਿੱਤੀਆਂ ਜਾਣ ਦਾ ਰੁਝਾਨ ਪੈਦਾ ਕਰਨ ਦੀ ਜ਼ਰੂਰਤ ਹੈ। ਪੁਸਤਕਾਂ ਪ੍ਰਤੀ ਸਨਮਾਨ, ਪ੍ਰੇਮ ਅਤੇ ਪੜ੍ਹਨ ਦੀ ਰੁਚੀ ਪੈਦਾ ਕਰਨ ਦੀ ਜ਼ਰੂਰਤ ਹੈ। ਪੁਸਤਕਾਂ ਨਾਲ ਘਰ ਵਿੱਚ ਇੱਕ ਨਿੱਜੀ ਲਾਇਬ੍ਰੇਰੀ ਹੋਂਦ ਵਿਚ ਆਉਣ ਨਾਲ ਘਰ ਦਾ ਮਾਹੌਲ ਸਾਹਿਤਕ ਬਣ ਸਕਦਾ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.