ਜਨਮ ਦਿਨ 'ਤੇ ਵਿਸ਼ੇਸ਼ : ਲੋਕਾਂ ਲਈ ਜੂਝਣ ਵਾਲਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ
ਜੁਝਾਰੂ ਅਤੇ ਕ੍ਰਾਂਤੀਕਾਰੀ ਲੋਕ ਕਵੀ ਸੰਤ ਰਾਮ ਉਦਾਸੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸ. ਮੇਹਰ ਸਿੰਘ ਦੇ ਘਰ, ਮਾਤਾ ਧੰਨ ਕੌਰ ਦੀ ਕੁੱਖੋਂ 29 ਅਪ੍ਰੈਲ 1939 ਨੂੰ ਗਰੀਬ ਦਲਿਤ ਪਰਿਵਾਰ ਵਿੱਚ ਜਨਮੇ। ਆਪ ਨੇ ਨਕਸਲਵਾਦੀ ਲਹਿਰ ਤੋਂ ਲੈ ਕੇ ਪੰਜਾਬ ਵਿਚਲੇ ਸਿੱਖ ਸੰਘਰਸ਼ ਦੇ ਦੌਰ ਤਕ ਦੇ ਸਮੇਂ ਨੂੰ, ਆਪਣੀਆਂ ਕਵਿਤਾਵਾਂ 'ਚ ਬਿਆਨ ਕੀਤਾ। ਦੇਸ਼ ਦੀ ਵੰਡ ਮਗਰੋਂ ਸਰਕਾਰ ਨੇ ਇਨਕਲਾਬੀ ਲੋਕਾਂ ਨਾਲ ਜੋ ਧੱਕੇਸ਼ਾਹੀ ਕੀਤੀ, ਉਦਾਸੀ ਦੀ ਕਵਿਤਾ ਉਸ ਨੂੰ ਬਾਖ਼ੂਬੀ ਬਿਆਨ ਕਰਦੀ ਹੈ। ਚੁਰਾਸੀ ਦੇ ਦੌਰ ਵਿੱਚ ਦਰਬਾਰ ਸਾਹਿਬ 'ਤੇ ਹਮਲੇ ਅਤੇ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ, ਉਨ੍ਹਾਂ ਲੋਕ ਪੱਖੀ ਮੁਹਾਵਰੇ ਵਿੱਚ ਉਭਾਰਿਆ। ਜੁਝਾਰੂ ਅਤੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਵੱਲੋਂ ਹੇਕ ਲਾ ਕੇ ਗਾਏ ਇਨਕਲਾਬੀ ਗੀਤ, ਅੱਜ ਵੀ ਲੋਕ ਮਨਾਂ ਦੀ ਤਰਜਮਾਨੀ ਕਰਦੇ ਹਨ। ਉਦਾਸੀ ਦੀਆਂ ਰਚਨਾਵਾਂ 'ਕੰਮੀਆਂ ਦਾ ਵਿਹੜਾ', 'ਲਹੂ ਭਿੱਜੇ ਬੋਲ', 'ਸੈਨਤਾਂ', 'ਚੋੌ-ਨੁਕਰੀਆਂ ਸੀਖਾਂ' ਅਤੇ ਬਹੁਤ ਸਾਰੀਆਂ ਅਣਛਪੀਆਂ ਰਚਨਾਵਾਂ ਨੂੰ ਰਾਜਵਿੰਦਰ ਸਿੰਘ ਰਾਹੀ ਨੇ ਸੰਪਾਦਿਤ ਕਰਕੇ, ਸਿਮਰਤੀ ਗ੍ਰੰਥ 'ਸੰਤ ਰਾਮ ਉਦਾਸੀ ਜੀਵਨ ਅਤੇ ਸਮੁੱਚੀ ਰਚਨਾ' ਤੋਂ ਇਲਾਵਾ 'ਕੰਮੀਆਂ ਦੇ ਵਿਹੜੇ ਦਾ ਸੂਰਜ ਲੋਕ ਕਵੀ ਸੰਤ ਰਾਮ ਉਦਾਸੀ' ਪੁਸਤਕਾਂ ਵਿੱਚ ਪ੍ਰਕਾਸ਼ਤ ਕੀਤਾ ਹੈ। ਅੱਜ ਅਜਿਹੇ ਮਹਾਨ ਸ਼ਾਇਰ ਨੂੰ ਯਾਦ ਕਰਦਿਆਂ, ਸਥਾਪਤੀ ਖ਼ਿਲਾਫ਼ ਮੂੰਹ ਨਾ ਖੁੱਲ੍ਹਣ ਵਾਲੀ ਸਰਕਾਰ -ਪੱਖੀ ਅਸਾਹਿਤਕ ਜਮਾਤ ਨੂੰ, ਸਾਹਿਤਕ ਫ਼ਰਜ਼ਾਂ ਦੀ ਕੋਤਾਹੀ ਦਾ ਅਹਿਸਾਸ ਦਬਾਉਣ ਦੀ ਲੋੜ ਹੈ। ਅੱਜ ਦਾ ਦੌਰ ਉਦਾਸੀ ਦੇ ਦੌਰ ਤੋਂ ਵੀ ਭਿਅੰਕਰ ਹੋ ਰਿਹਾ ਹੈ, ਇਸ ਕਾਰਨ ਉਨ੍ਹਾਂ ਦੀ ਕਵਿਤਾ ਦੀ ਅਹਿਮੀਅਤ ਅੱਜ ਹੋਰ ਵੀ ਵਧ ਗਈ ਹੈ। ਲੋਕ ਕਵੀ ਸੰਤ ਰਾਮ ਉਦਾਸੀ ਦੀ ਸੋਚ ਵਾਲੇ ਸਾਹਿਤਕਾਰਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਨੂੰ 'ਸ਼ਹਿਰੀ ਨਕਸਲੀ' ਕਰਾਰ ਦੇ ਕੇ, ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜੁਝਾਰੂ ਕਵੀ ਸੰਤ ਰਾਮ ਉਦਾਸੀ ਦੀ ਸੋਚ ਅਨੁਸਾਰ ਅਜਿਹੇ ਫਾਸ਼ੀਵਾਦੀ ਸਟੇਟ ਨੂੰ ਵਤਨ ਕਹਿਣਾ ਨਾਮੁਮਕਿਨ ਹੈ।ਲੋਕ ਕਵੀ ਸੰਤ ਰਾਮ ਉਦਾਸੀ ਦੀਆਂ ਕੁਝ ਰਚਨਾਵਾਂ ਯਾਦਗਾਰੀ ਦਿਨ 'ਤੇ ਸਾਂਝੀਆਂ ਕਰ ਰਹੇ ਹਾਂ।
*ਕਿਸ ਨੂੰ ਵਤਨ ਕਹਾਂ
ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਕੌਣ ਸਿਆਣ ਕਰੇ ਮਾਂ ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇਕੋ ਜੀ
ਕਿਸ ਕਿਸ ਲਈ ਮੈਂ ਕਫ਼ਨ ਲਊਂਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆਂ ਦਾਦੀ ਮਾਂ ਦੀਆਂ ਬਾਤਾਂ
ਕਿੰਝ ਬੀਤੇ ਦਾ ਹਵਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
ਜਜ਼ਬੇ ਸਾਂਭ ਮੇਰੇ ਸਰਕਾਰੇ
ਮੋੜ ਦੇ ਮੇਰੇ ਗੀਤ ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ
*ਵਸੀਅਤ
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।
ਮੇਰੀ ਵੀ ਜਿੰਦਗੀ ਕੀ ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ੱਕ ਨਾ ਲਾਇਓ ।
ਹੋਣਾ ਨਹੀਂ ਮੈ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,
ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ ਜਲਾਇਓ ।
ਵਲਗਣ 'ਚ ਕੈਦ ਹੋਣਾ, ਮੇਰੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ 'ਤੇ ਹੀ ਜਲਾਇਓ ।
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ, ਓਸੇ ਹੀ ਰਾਹ ਲਿਜਾਇਓ ।
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।
* ਸੂਰਜ ਕਦੇ ਮਰਿਆ ਨਹੀਂ
ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ ।
ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ ।
ਵਿੱਛੜੀਆਂ ਕੁਝ ਮਜਲਸਾਂ 'ਤੇ ਉੱਠ ਗਏ ਕੁਝ ਗਾਉਣ ਹੋ,
ਪਰ ਸਮਾਂ ਹੈ ਸਮਝਦਾ, ਸੱਦ ਸਮੇਂ ਦੀ ਲਾਉਣ ਹੋ,
ਵਿਚ ਝਨਾਂ ਦੇ ਰੂਪ ਖਰਿਆ, ਇਸ਼ਕ ਤਾਂ ਖਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................
ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੈ ਰੀਸ ਹੋ,
ਉਹ ਕੀ ਜਾਣੇ ਤਲੀਆਂ 'ਤੇ ਵੀ ਉੱਗ ਖਲੋਂਦੇ ਸੀਸ ਹੋ,
ਵਰਮੀਆਂ 'ਤੇ ਵਾਸ ਜਿਸ ਦਾ ਨਾਗ ਤੋਂ ਡਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................
ਝਾਂਬਿਆਂ ਦੇ ਨਾਲ ਬੇਸ਼ੱਕ ਝੜ ਗਏ ਕੁਝ ਗੀਤ ਹੋ,
ਸੰਗ ਸਿਰਾਂ ਦੇ ਸਿਦਕ ਦੀ ਪਰ ਓੜਕ ਨਿਬਹੀ ਪ੍ਰੀਤ ਹੋ,
ਰਾਤ ਚੰਨ ਦੀ ਮੌਤ ਜਰ ਜੇ, ਸੂਰਜ ਤਾਂ ਜਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................
*ਵਾਰਸਾਂ ਦੇ ਨਾਂ
ਸਾਡਾ ਅੰਮੀਓਂ ਜ਼ਰਾ ਨਾ ਕਰੋ ਝੋਰਾ,
ਸਾਨੂੰ ਜ਼ਿੰਦਗੀ ਸੁਰਖੁਰੂ ਕਰਨ ਦੇਵੋ ।
ਅਸੀਂ ਜੰਮੇ ਹਾਂ ਹਾਉਕੇ ਦੀ ਲਾਟ ਵਿਚੋਂ,
ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ ।
ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ,
ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ ।
ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਉਂਂ,
ਹਾੜੇ ਬਣਿਉਂ ਨਾ ਕਿਤੇ ਪੰਜਾਬ ਮਾਤਾ ।
ਸਾਡੇ ਸਿਰਾਂ ਉੱਤੇ ਨਿਹਚਾ ਰੱਖ ਬਾਪੂ,
ਨੰਗੀ ਹੋਣ ਨਾ ਦਿਆਂਗੇ ਕੰਡ ਤੇਰੀ ।
ਤਿੱਪ ਤਿੱਪ ਜਵਾਨੀ ਦੀ ਡੋਲ੍ਹ ਕੇ ਵੀ,
ਹੌਲੀ ਕਰਾਂਗੇ ਗ਼ਮਾਂ ਦੀ ਪੰਡ ਤੇਰੀ ।
ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ,
ਐਪਰ ਹੱਕਾਂ ਨੂੰ ਠੰਡ ਲੁਆਈ ਤਾਂ ਨਹੀਂ ।
ਸਾਡਾ ਕਾਤਿਲ ਹੀ ਕੱਚਾ ਨਿਸ਼ਾਨਚੀ ਸੀ,
ਅਸੀਂ ਗੋਲੀ ਤੋਂ ਕੰਡ ਭੰਵਾਈ ਤਾਂ ਨਹੀਂ ।
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ ।
ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ,
ਏਡੀ ਲੰਮੀ ਹੈ ਸਾਡੀ ਕਤਾਰ ਬਾਪੂ ।
ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ,
ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ ।
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ,
ਅਸੀਂ ਲੁੱਟ ਦਾ ਤਾਪ ਨੀ ਚੜ੍ਹਨ ਦੇਣਾ ।
*ਇੱਕ ਤਾਅਨਾ
(ਆਜ਼ਾਦੀ ਦੇ ਨਾਂ)
ਝੁਰੜੇ ਚਿਹਰਿਆਂ 'ਤੇ ਨਿੱਤ ਕਲੀ ਕਰਕੇ
ਭੁੱਖ ਢਿੱਡਾਂ ਦੀ ਨਹੀ ਲੁਕਾ ਸਕਦੇ ।
ਜੇਕਰ ਹੱਕਾਂ ਦੀਆਂ ਲੱਤਾਂ ਕੰਬਦੀਆਂ ਨੇ
ਭਾਰ ਫ਼ਰਜ਼ਾਂ ਦਾ ਕਿਵੇਂ ਢੁਆ ਸਕਦੇ ।
ਬਿਨਾਂ ਬਾਲਣੋ ਢਿੱਡਾਂ ਦੀ ਭੱਠ ਅੰਦਰ
ਨਹੀਂ ਗਾਡਰ ਅਨੁਸ਼ਾਸਨ ਦੀ ਢਲ ਸਕਦੀ ।
ਗੱਡੀ ਦਿੱਲੀ ਦੀ ਪਿੰਡਾਂ ਦੇ ਪਹੇ ਅੰਦਰ,
ਬਿਨਾਂ ਰੋਟੀ ਦੇ ਪਹੀਏ ਨਾ ਚੱਲ ਸਕਦੀ ।
ਛੋਟੇ ਕਿਰਤੀ, ਮੁਲਾਜ਼ਮ, ਕਿਸਾਨ ਤਾਈਂ,
ਹੱਥ ਪਾੜਦੇ ਨੇ ਬੰਦੇ ਕੱਬਿਆਂ ਦੇ ।
ਜਿਵੇਂ ਬਿਨਾਂ ਸਿਫ਼ਾਰਸ਼ੋਂ ਕੋਈ ਅਰਜ਼ੀ
ਰੱਦੀ ਕਾਗਜ਼ ਜਿਉਂ ਵੋਟਾਂ ਦੇ ਡੱਬਿਆਂ ਦੇ ।
ਹਾਏ ਨੀ ! ਹੀਰ ਅਜ਼ਾਦੀਏ ਬਹਿਲ, ਰੰਨੇ,
ਸਾਨੂੰ ਖੰਧੇ ਚਰਾਇਆਂ ਦਾ ਕੀ ਫਾਇਦਾ ।
ਜੇ ਤੂੰ ਖੇੜੇ ਸਰਦਾਰ ਦੀ ਸੇਜ ਸੌਣਾ
ਸਾਨੂੰ ਕੰਨ ਪੜਵਾਇਆਂ ਦਾ ਕੀ ਫਾਇਦਾ ।
-
(ਡਾ ਗੁਰਵਿੰਦਰ ਸਿੰਘ), ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਟਸਫੋਰਡ, ਕੈਨੇਡਾ
singhnewscanada@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.