ਹਾਕੀ ਓਪਨ ਵਿੱਚ ਮੈਲਬੋਰਨ ਯੂਨਾਈਟਿਡ ਕਲੱਬ ਅਤੇ ਮਾਸਟਰਜ਼ ਅਤੇ ਜੂਨੀਅਰ ਵਿੱਚ ਸਿਡਨੀ ਦੀਆਂ ਹਾਕੀ ਕਲੱਬਾਂ ਰਹੀਆਂ ਜੇਤੂ
ਕਬੱਡੀ ਵਿੱਚ ਬਾਬਾ ਦੀਪ ਸਿੰਘ ਕਲੱਬ ਵੁੂਲਗੂਲਗਾ ਅਤੇ ਟੈਨਿਸ ਵਿੱਚ ਹਰਦੀਪ ਮਾਨ ਦਾ ਰਿਹਾ ਜੇਤੂ ਦਬਦਬਾ
--------------------------
34ਵੀਆਂ ਆਸਟਰੇਲਿਆਈ ਸਿੱਖ ਖੇਡਾਂ ਸਮਾਜ ਨੂੰ ਇਕ ਨਵਾਂ ਸੁਨੇਹਾ ਦੇਂਦੀਆਂ ਹੋਈਆਂ ਅਗਲੇ ਵਰ੍ਹੇ 2023 ਵਿੱਚ ਬ੍ਰਿਸਬੇਨ ਵਿਖੇ ਮਿਲਣ ਦੇ ਵਾਅਦੇ ਨਾਲ ਧੂਮ ਧੜੱਕੇ ਨਾਲ ਸਮਾਪਤ ਹੋਈਆਂ। ਪੰਜਾਬੀਆਂ ਦੇ ਮਾਣ ਸਤਿਕਾਰ ਨਾਲ ਸਜੇ ਕਸਬੇ ਵੁਲਗੁਲਗਾ ਵਿਖੇ 34ਵੀਆਂ ਸਿੱਖ ਖੇਡਾਂ ਨੇ ਇਕ ਇਤਿਹਾਸ ਦਾ ਨਵਾਂ ਪੰਨਾ ਸਿਰਜਿਆ । ਇਨ੍ਹਾਂ ਖੇਡਾਂ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ ,ਮਲੇਸ਼ੀਆ, ਇੰਗਲੈਂਡ ਭਾਰਤ ਤੋਂ ਇਲਾਵਾ ਵੱਖ ਵੱਖ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਖਿਡਾਰੀ, ਖੇਡ ਪ੍ਰੇਮੀ , ਮਹਿਮਾਨ ਅਤੇ ਪ੍ਰਬੰਧਕਾਂ ਨੇ ਆਪਣੀ ਸ਼ਮੂਲੀਅਤ ਕੀਤੀ ।
ਪੰਜਾਬੀਆਂ ਦੀ ਮਕਬੂਲ ਖੇਡ ਕੱਬਡੀ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਮੁੱਖ ਆਕਰਸ਼ਣ ਰਹੀ । ਕਬੱਡੀ ਦੇ ਫਾਈਨਲ ਮੁਕਾਬਲੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਵੁੂਲਗੂਲਗਾ ਨੇ ਕਿੰਗਜ਼ ਕਬੱਡੀ ਕਲੱਬ ਮੈਲਬੌਰਨ ਨੂੰ 29-18 ਅੰਕਾਂ ਨਾਲ ਹਰਾਇਆ । ਦੁਨੀਆਂ ਦੀ ਕਬੱਡੀ ਦਾ ਧੜੱਲੇਦਾਰ ਜਾਫ਼ੀ ਪਾਲਾ ਜਲਾਲਪੁਰ ਅਤੇ ਘੁੱਦਾ ਕਾਲਾਸੰਘਿਆ ਸਰਵੋਤਮ ਸਟੌਪਰ ਬਣੇ ਜਦਕਿ ਸੰਦੀਪ ਸਲਤਾਨ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਸਭ ਤੋਂ ਵਧੀਆ ਧਾਵੀ ਚੁਣਿਆ ਗਿਆ ।
ਕਬੱਡੀ ਤੋਂ ਬਾਅਦ ਪੰਜਾਬੀਆਂ ਦੀ ਚਹੇਤੀ ਖੇਡ ਹਾਕੀ ਦਾ ਆਸਟ੍ਰੇਲੀਆਈ ਸਿੱਖ ਖੇਡਾਂ ਵਿੱਚ ਪੂਰੀ ਤਰ੍ਹਾਂ ਦਬਦਬਾ ਰਿਹਾ। ਹਾਕੀ ਓਪਨ ਦੇ ਫਾਈਨਲ ਮੁਕਾਬਲੇ ਵਿਚ ਮੈਲਬੌਰਨ ਯੂਨਾਈਟਿਡ ਹਾਕੀ ਕਲੱਬ ਨੇ ਨਿਊ ਸਾਊਥ ਵੇਲਜ਼ ਹਾਕੀ ਕਲੱਬ ਸਿਡਨੀ ਨੂੰ 5-0 ਗੋਲਾਂ ਨਾਲ ਹਰਾ ਕੇ ਜੇਤੂ ਟਰਾਫੀ ਆਪਣੇ ਕਬਜ਼ੇ ਹੇਠ ਕੀਤੀ ਜਦ ਕਿ ਮਾਸਟਰਜ਼ ਹਾਕੀ ਮੁਕਾਬਲੇ ਵਿਚ ਸਿਡਨੀ ਲਾਇਨਜ਼ ਹਾਕੀ ਕਲੱਬ ਨੇ ਨਿਊ ਸਾਊਥ ਵੇਲਜ਼ ਸਿਡਨੀ ਨੂੰ ਕਰੜੇ ਮੁਕਾਬਲੇ ਵਿੱਚ 2 -1 ਗੋਲਾਂ ਨਾਲ ਹਰਾਇਆ ਬੱਚਿਆਂ ਦੇ ਜੂਨੀਅਰ ਹਾਕੀ ਮੁਕਾਬਲਿਆਂ ਵਿਚ ਸਿਡਨੀ ਦਾ ਪੂਰੀ ਤਰ੍ਹਾਂ ਜੇਤੂ ਦਬਦਬਾ ਰਿਹਾ ਸਿਡਨੀ ਦੀਆਂ ਦੋਵੇਂ ਕਲੱਬਾਂ ਜੇਤੂ ਅਤੇ ਉਪ ਜੇਤੂ ਬਣੀਆ। ਸਿਡਨੀ ਲੁਇਜ਼ ਹਾਕੀ ਕਲੱਬ ਦੇ ਬੱਚਿਆਂ ਦਾ ਹਾਕੀ ਹੁਨਰ ਸਿਰ ਚੜ੍ਹ ਕੇ ਬੋਲਿਆ ਖਾਸ ਕਰਕੇ ਜ਼ਿਆਦਾਤਰ ਕੇਸਧਾਰੀ ਖਿਡਾਰੀਆਂ ਦੀ ਆਮਦ ਹਾਕੀ ਮੁਕਾਬਲਿਆਂ ਵਿੱਚ ਮੁੱਖ ਖਿੱਚ ਦਾ ਕੇਂਦਰ ਰਹੀ । ਇਸ ਤੋਂ ਇਲਾਵਾ ਟੈਨਿਸ ਦੇ ਸਿੰਗਲਜ਼ ਅਤੇ ਡਬਲਜ਼ ਮੁਕਾਬਲੇ ਵਿਚ ਫ਼ਰੀਦਕੋਟੀਆਂ ਹਰਦੀਪ ਸਿੰਘ ਮਾਨ ਪੂਰੀ ਤਰ੍ਹਾਂ ਆਸਟ੍ਰੇਲੀਆਈ ਸਿੱਖ ਖੇਡਾਂ ਵਿੱਚ ਛਾਇਆ ਰਿਹਾ । ਇਸ ਤੋਂ ਇਲਾਵਾ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਨੈੱਟਬਾਲ ਕੁਸ਼ਤੀ ਫੁੱਟਬਾਲ ਅਥਲੈਟਿਕਸ ਆਦਿ ਖੇਡਾਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਰਹੇ । 7 ਲੱਖ ਦੇ ਕਰੀਬ ਬਜਟ ਵਾਲੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਵਿੱਚ ਕੁੱਲ 180 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ । ਜਿਨ੍ਹਾਂ ਵਿੱਚ 3 ਹਜ਼ਾਰ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਆਪਣੇ ਖੇਡ ਹੁਨਰ ਦਾ ਲੋਹਾ ਮਨਵਾਇਆ ।
ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਧਾਨ ਦਲਜੀਤ ਸਿੰਘ ਧਾਮੀ , ਕੌਮੀ ਪ੍ਰਧਾਨ ਸਰਬਜੀਤ ਸਿੰਘ ਢਿੱਲੋਂ ,ਮੀਤ ਪ੍ਰਧਾਨ ਰੌਕੀ ਭੁੱਲਰ, ਜਨਰਲ ਸਕੱਤਰ ਜਗਦੀਪ ਸਿੰਘ ਭਿੰਡਰ, ਗੁਰਜੀਤ ਸਿੰਘ , ਕਲਚਰਲ ਕੋਆਰਡੀਨੇਟਰ ਰਨਦੀਪ ਜੌਹਲ ,ਸ਼ਰਬਜੀਤ ਸਿੰਘ ਢਿੱਲੋਂ ਪ੍ਰਧਾਨ ,ਰੁਪਿੰਦਰ ਸਿੰਘ ਬਰਾੜ , ਕਲਚਰਲ ਕਮੇਟੀਆਂ ਦੇ ਕੋਆਰਡੀਨੇਟਰ ਮਨਜੀਤ ਸਿੰਘ ਲਾਲੀ ਬੋਪਾਰਾਏ, ਪਰਮਵੀਰ ਸਿੰਘ ਸੰਘਾ ,ਗਰਦਿਆਲ ਰਾਏ ਸਾਬੀ ਘੁੰਮਣ ,ਨਵਤੇਜ ਤੇਜਾ , ਬਾਬਾ ਨਰਾਇਣ ਸਿੰਘ ਗਰੇਵਾਲ, ਉੱਘੇ ਖੇਡ ਕੁਮੈਂਟੇਟਰ ਰਣਜੀਤ ਸਿੰਘ ਖੇੜਾ ਇਲਾਵਾ ਹੋਰ ਪੰਜਾਬੀ ਭਾਈਚਾਰੇ ਦਾ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਦਾ ਵੱਡਾ ਸਹਿਯੋਗ ਰਿਹਾ। ਆਸਟਰੇਲਿਆਈ ਸਿੱਖ ਖੇਡਾਂ ਦੌਰਾਨ ਸਰਕਾਰੇ ਦਰਬਾਰੇ ਦੇ ਅਧਿਕਾਰੀ, ਚੁਣੇ ਹੋਏ ਨੁਮਾਇੰਦੇ, ਆਸਟ੍ਰੇਲੀਆ ਵਸਦੇ ਗੋਰੇ ਅਤੇ ਹੋਰ ਮਹਿਮਾਨਾਂ ਨੇ ਵੱਡੇ ਰੂਪ ਵਿੱਚ ਸ਼ਿਰਕਤ ਕੀਤੀ ।
ਅਗਲੇ ਵਰ੍ਹੇ 2023 ਦੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਬ੍ਰਿਸਬੇਨ ਵਿਖੇ ਹੋਣਗੀਆਂ
----------------------------------------------
ਆਸਟ੍ਰੇਲੀਆਈ ਸਿੱਖ ਖੇਡਾਂ ਦੇ ਬਣੇ ਵਿਧੀ ਵਿਧਾਨ ਮੁਤਾਬਕ ਅਗਲੇ ਵਰ੍ਹੇ ਦੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਕਿਊਨਜ਼ਲੈਂਡ ਸਟੇਟ ਨੂੰ ਅਲਾਟ ਹੋਈਆਂ ਹਨ । ਇਹ ਖੇਡਾਂ ਅਪ੍ਰੈਲ ਮਹੀਨੇ ਦੇ ਈਸਟ ਹਫ਼ਤੇ ਦੌਰਾਨ ਬ੍ਰਿਸਬੇਨ ਵਿਖੇ ਹੋਣਗੀਆਂ ਯਾਦ ਰਹੇ ਬ੍ਰਿਸਬੈਨ ਉਹ ਸ਼ਹਿਰ ਹੈ ਜਿੱਥੇ 2032 ਦੀਆਂ ਓਲੰਪਿਕ ਖੇਡਾਂ ਹੋਣੀਆਂ ਹਨ । ਆਸਟ੍ਰੇਲੀਆ ਵੱਸਦੇ ਪੰਜਾਬੀਆਂ ਵੱਲੋਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਆਰੰਭੇ ਉਪਰਾਲੇ ਦੀ ਸ਼ਲਾਘਾ ਹਮੇਸ਼ਾਂ ਦੁਨੀਆਂ ਭਰ ਵਿੱਚ ਹੁੰਦੀ ਰਹੇਗੀ ਉਹ ਦਿਨ ਵੀ ਦੂਰ ਨਹੀਂ ਹਨ ਜਦੋਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਮੁਕਾਮ ਵੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਓਲੰਪਿਕ ਖੇਡਾਂ ਦੇ ਮਕਾਮ ਵਾਂਗ ਹੀ ਦੁਨੀਆ ਭਰ ਵਿਚ ਚਮਕੇਗਾ ।ਵਾਹਿਗੁਰੂ ਭਲੀ ਕਰੇ, ਰੱਬ ਰਾਖਾ ।
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.