ਅਨਮੋਲ ਰਿਸ਼ਤੇ
ਜਨਮ ਤੋਂ ਲੈ ਕੇ ਮੌਤ ਤਕ ਰਿਸ਼ਤੇ ਸਾਡੇ ਅੰਗ-ਸੰਗ ਵਿਚਰਦੇ ਰਹਿੰਦੇ ਹਨ, ਸਗੋਂ ਕਈ ਰਿਸ਼ਤਿਆਂ ਦੀ ਉਮਰ ਸਾਡੀ ਉਮਰ ਨਾਲੋਂ ਵੀ ਸਦੀਆਂ ਲੰਮੀ ਹੁੰਦੀ ਹੈ। ਕਈ ਰਿਸ਼ਤਿਆਂ ਦਾ ਅਹਿਸਾਸ ਭਾਦੋਂ ਦੀ ਗਰਮੀ ਵਿੱਚ ਠੰਢੀ ਹਵਾ ਦੇ ਬੁੱਲ੍ਹੇ ਵਰਗਾ ਹੁੰਦਾ ਹੈ ਤੇ ਕਈ ਰਿਸ਼ਤੇ ਅਸੀਂ ਨਾ ਚਾਹੁੰਦੇ ਹੋਏ ਵੀ ਬੋਝੇ ਵਿੱਚ ਪਾਈ ਫਿਰਦੇ ਰਹਿੰਦੇ ਹਾਂ, ਅਜਿਹੇ ਰਿਸ਼ਤੇ ਅਕੇਵੇਂ ਅਤੇ ਤਣਾਅ ਤੋਂ ਬਿਨਾਂ ਹੋਰ ਕੁਝ ਨਹੀਂ ਦਿੰਦੇ। ਅੱਜ ਦੇ ਇਸ ਯੁੱਗ ਵਿੱਚ, ਜਦੋਂ ਖ਼ੂਨ ਦੇ ਰਿਸ਼ਤੇ ਟੁੱਟ ਰਹੇ ਨੇ, ਪੈਸੇ ਦੀ ਅੰਨ੍ਹੀ ਦੌੜ ਵਿੱਚ ਖ਼ੂਨ ਸਫ਼ੈਦ ਹੋ ਰਿਹਾ ਹੈ, ਇਸ ਦੌਰ ਦੀ ਭਿਆਨਕ ਸਥਿਤੀ ਵਿੱਚ ਵੀ ਕੁਝ ਚਿਹਰੇ ਅਜਿਹੇ ਮਿਲਦੇ ਹਨ, ਜਿਨ੍ਹਾਂ ਨਾਲ ਭਾਵੇਂ ਸਾਡਾ ਕੋਈ ਖ਼ੂਨ ਦਾ ਰਿਸ਼ਤਾ ਤਾਂ ਨਹੀਂ ਹੁੰਦਾ ਪਰ ਉਨ੍ਹਾਂ ਨਾਲ ਮੇਲ ਹੋਣ ’ਤੇ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਪਿਛਲੇ ਜਨਮ ਦਾ ਕੋਈ ਸਬੰਧ ਹੋਵੇ, ਅਜਿਹੀਆਂ ਪਾਕਿ ਰੂਹਾਂ ਮਨ ਨੂੰ ਸਕੂਨ ਦਿੰਦੀਆਂ ਹਨ, ਜਿਨ੍ਹਾਂ ਦੇ ਸਾਥ ਵਿੱਚ ਆਪਣਾ-ਆਪ ਤੁੱਛ ਜਿਹਾ ਲੱਗਦਾ ਹੈ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਵਾਰ-ਵਾਰ ਸਿਜਦਾ ਕਰਨ ਨੂੰ ਦਿਲ ਕਰਦਾ ਹੈ।
ਅਜਿਹੇ ਭਾਵਨਾਤਮਕ ਰਿਸ਼ਤੇ ਬੜੇ ਉੱਚੇ-ਸੁੱਚੇ ਅਤੇ ਪਾਕਿ ਹੁੰਦੇ ਹਨ, ਜਿਨ੍ਹਾਂ ਵਿੱਚ ਸੁਆਰਥ ਜਾਂ ਨਿੱਜ ਵਰਗੀ ਭਾਵਨਾ ਦੀ ਕੋਈ ਸੰਭਾਵਨਾ ਨਹੀਂ ਰਹਿੰਦੀ। ਇਨ੍ਹਾਂ ਰਿਸ਼ਤਿਆਂ ਵਿੱਚ ਮੁਰਸ਼ਦ ਤੇ ਮੁਰੀਦ ਵਰਗਾ ਅਹਿਸਾਸ ਹੁੰਦਾ ਹੈ, ਜਿਸ ਦੀ ਰਜ਼ਾ ਵਿੱਚ ਰਹਿਣਾ ਚੰਗਾ-ਚੰਗਾ ਲੱਗਦਾ ਤੇ ਅਜਿਹੇ ਰਿਸ਼ਤੇ ਲਈ ਕੀਤੀ ਕੋਈ ਵੀ ਕੁਰਬਾਨੀ ਤੇ ਤਿਆਗ ਰੂਹ ਦਾ ਖੇੜਾ ਬਣਦੀ ਹੈ। ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਅਜਿਹੇ ਪੈਗੰਬਰ ਇਨਸਾਨੀ ਜਾਮੇ ਵਿੱਚ ਆਉਂਦੇ ਹਨ ਕਦੇਂ ਮਾਂ-ਬਾਪ ਦੇ ਰਿਸ਼ਤੇ ਵਿੱਚ, ਕਦੇ ਕਿਸੇ ਵੀ ਹੋਰ ਰਿਸ਼ਤੇ ਵਿੱਚ। ਅਜਿਹੇ ਪਲਾਂ ਨੂੰ ਮਾਨਣ ਲਈ ਸਾਨੂੰ ਤੇਰ-ਮੇਰ ਦੀ ਐਨਕ ਲਾਹ ਕੇ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਣ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਅਜਿਹੇ ਰਿਸ਼ਤਿਆਂ ਦੀ ਪਛਾਣ ਹੋ ਜਾਂਦੀ ਹੈ ਉਨ੍ਹਾਂ ਲਈ ਇਹ ਦੁਨੀਆਂ ਸਵਰਗ ਬਣ ਜਾਂਦੀ ਹੈ ਤੇ ਕੁਦਰਤ ਦਾ ਨਜ਼ਾਰਾ ਬਹਿਸ਼ਤੀ ਪੀਂਘਾਂ ਦੇ ਹੁਲਾਰਿਆਂ ਵਰਗਾ ਲੱਗਦਾ ਹੈ ਤੇ ਫਿਰ ਅਜਿਹੇ ਰਿਸ਼ਤੇ ਨੂੰ ਕੋਈ ਇੱਕ ਨਾਂ ਦੇਣਾ ਵੀ ਭਾਵਨਾਵਾਂ ਦੇ ਪੈਰਾਂ ਵਿੱਚ ਪਾਈਆਂ ਬੇੜੀਆਂ ਵਰਗਾ ਲੱਗਦਾ ਹੈ। ਰਿਸ਼ਤਿਆਂ ਵਿੱਚ ਹਰ ਰਿਸ਼ਤੇ ਦਾ ਨਿੱਘ ਮਹਿਸੂਸ ਹੁੰਦਾ ਹੈ।
ਇਹ ਰੂਹ ਦੇ ਰਿਸ਼ਤੇ ਬੇਨਾਮ ਅਤੇ ਬੇਮੁਥਾਜ ਹੋ ਕੇ ਵਿਚਰਦੇ ਹਨ। ਇਸ ਵਿੱਚ ਆਜ਼ਾਦੀ ਅਤੇ ਨਿਰ-ਸੁਵਾਰਥ ਦੀ ਭਾਵਨਾ ਹੀ ਰਵਾਨੀ ਅਤੇ ਤਾਜ਼ਗੀ ਬਣਦੀ ਹੈ। ਇਹ ਸਾਂਝ ਸਮੇਂ ਤੇ ਸਥਾਨ ਦੀਆਂ ਹੱਦਾਂ ਪਾਰ ਕਰਕੇ, ਆਜ਼ਾਦ ਫ਼ਿਜ਼ਾ ਵਿੱਚ ਵਿਚਰਦੇ ਹੋਏ ਕੋਹਾਂ ਦੇ ਫ਼ਾਸਲੇ ਮਿਟਾ ਦਿੰਦੀ ਹੈ। ਹੋਰ ਤਾਂ ਹੋਰ ਅਜਿਹੇ ਰਿਸ਼ਤਿਆਂ ਵਿੱਚ ਪਏ ਵਿਛੋੜੇ ਦਾ ਵੀ ਵੱਖਰਾ ਹੀ ਆਨੰਦ ਹੁੰਦਾ ਹੈ। ਅਜਿਹੇ ਪਿਆਰੇ ਮਹਿਰਮ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਨ ਲਈ ਅਸੀਂ ਆਪਣਾ-ਆਪਾ ਮਿਟਾ ਦਿੰਦੇ ਹਾਂ ਤੇ ਉਸ ਦੀ ਯਾਦ ਰੂਹ ਨੂੰ ਨਸ਼ੱਈ ਕਰੀਂ ਰੱਖਦੀ ਹੈ। ਹੁਣ ਜ਼ਰਾ, ਸੋਚ ਵਿਚਾਰ ਕਰਿਓ... ਕਿ ਅਸੀਂ ਕਿਉਂ ਹਰ ਰੋਜ਼ ਖ਼ੂਨ ਸਫ਼ੈਦ ਹੋਣ ਦਾ ਰੌਲਾ ਪਾਉਂਦੇ ਰਹਿੰਦੇ ਹਾਂ। ਮੰਨਿਆ ਕਿ ਅੱਜ ਹਰ ਕੋਈ ਪੈਸੇ ਦੀ ਅੰਨ੍ਹੀ ਦੌੜ ਵਿੱਚ ਸ਼ਾਮਲ ਹੋ ਕੇ ਇਨ੍ਹਾਂ ਅਨਮੋਲ ਰਿਸ਼ਤਿਆਂ ਤੋਂ ਮੂੰਹ ਮੋੜ ਰਿਹਾ ਹੈ ਪਰ ਕਿਉਂ ਸਾਡੀਆਂ ਅੱਖਾਂ ਵਿੱਚ ਓਹੀ ਚਿਹਰੇ ਰੜਕਦੇ ਰਹਿੰਦੇ ਹਨ, ਜੋ ਸਾਨੂੰ ਨਫ਼ਰਤ ਕਰਦੇ ਹਨ ਜਾਂ ਜਿਨ੍ਹਾਂ ਨੂੰ ਅਸੀਂ ਨਫ਼ਰਤ ਕਰਦੇ ਹਾਂ? ਕਿਉਂ ਅਸੀਂ ਉਨ੍ਹਾਂ ਨਜ਼ਰਾਂ ਨੂੰ ਚੇਤੇ ਨਹੀਂ ਰੱਖਦੇ ਜਿਨ੍ਹਾਂ ਵਿੱਚ ਪਿਆਰ ਝਲਕਦਾ ਹੈ? ਤੁਸੀਂ ਕਦੇ ਸੋਚ ਕੇ ਦੇਖਿਓ ਕਿ ਕਿੰਨੇ ਮੋਤੀ ਅਸੀਂ ਰੋਜ਼ ਬੇਧਿਆਨੇ ਹੀ ਪੈਰਾਂ ਥੱਲੇ ਰੋਲ ਕੇ ਬੇਖ਼ਬਰ ਅਗਾਂਹ ਲੰਘ ਜਾਂਦੇ ਹਾਂ, ਕਿੰਨੀਆਂ ਪਿਆਰ ਭਰੀਆਂ ਮਾਸੂਮ ਨਜ਼ਰਾਂ ਰੱਬੀ ਨੂਰ ਦਾ ਝਾਉਲਾ ਪਾਉਂਦੀਆਂ ਹਨ। ਆਓ, ਇਨ੍ਹਾਂ ਪਿਆਰ ਭਰੀਆਂ ਮਾਸੂਮ ਭੋਲੀਆਂ ਨਜ਼ਰਾਂ ਦੀ ਕਦਰ ਪਾਈਏ...ਜੋ ਸਾਨੂੰ ਸਬਰ, ਸੰਤੋਖ ਤੇ ਰੱਬ ਦੀ ਰਜ਼ਾ ਵਿੱਚ ਜ਼ਿੰਦਗੀ ਜਿਊਣ ਦਾ ਵੱਲ ਸਿਖਾਉਂਦੀਆਂ ਹਨ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.