ਅੱਜ ਸ਼ਾਮੀਂ ਮੇਰੀ ਮਾਂ ਵਿੱਛੜੀ ਸੀ 2007 ਵਿੱਚ /-ਗੁਰਭਜਨ ਗਿੱਲ
ਸੱਚੀ ਗੱਲ ਹੈ ਕਿ ਸਾਰਾ ਦਿਨ ਰੁਝੇਵੇਂ ਕਾਰਨ ਚੇਤਾ ਹੀ ਨਹੀਂ ਆਇਆ ਕਿ ਪੰਦਰਾਂ ਸਾਲ ਪਹਿਲਾਂ ਅੱਜ ਦੇ ਦਿਨ ਸ਼ਾਮੀਂ ਸਾਡੀ ਮਾਂ ਅੰਮ੍ਰਿਤਸਰ ਦੇ ਐਸਕਾਰਟ ਹਸਪਤਾਲ ਵਿੱਚ ਸਾਥ ਛੱਡ ਗਈ ਸੀ। ਵੱਡੇ ਭਾ ਜੀ ਸੁਖਵੰਤ ਦਾ ਸੁਨੇਹਾ ਪੜ੍ਹਿਆ ਤਾਂ ਮਾਂ ਚੇਤੇ ਆਈ। ਉਂਝ ਤਾਂ ਹਾਲੇ ਪਰਸੋਂ ਹੀ ਆਪਣੀ ਮਾਂ ਨੂੰ ਮੈਂ ਯਾਦ ਕਰ ਰਿਹਾ ਸਾਂ।
ਜਿਸ ਥਾਂ ਉਨ੍ਹਾਂ ਦਾ ਤਖ਼ਤਪੋਸ਼ ਹੁੰਦਾ ਸੀ ਉਥੇ ਹੁਣ ਮੇਰਾ ਲਿਖਣ ਪੜ੍ਹਨ ਵਾਲਾ ਮੇਜ਼ ਕੁਰਸੀ ਹੈ। ਯਾਦ ਆਇਆ ਮਰਨ ਤੋਂ ਸਾਲ ਕੁ ਪਹਿਲਾਂ ਵੀ ਨੇੜੇ ਬੁਲਾ ਕੇ ਮੈਨੂੰ ਪਟੋਕੀ ਮਾਰ ਲੈਂਦੇ ਸਨ। ਮੈਂ ਹੱਸ ਛੱਡਦਾ। ਹੁਣ ਯਾਦ ਕਰਕੇ ਰੋ ਪੈਂਦਾ ਹਾਂ। ਮਾਂ ਬਿਨ ਅੱਥਰੂ ਕੋਈ ਨਹੀਂ ਪੂੰਝਦਾ।
ਅਸੀਂ ਆਪਣੀ ਮਾਂ ਨੂੰ ਬੀਬੀ ਜੀ ਕਹਿੰਦੇ ਹੁੰਦੇ ਸਾਂ। ਹੁਣ ਵੀ।
ਮਾਂ ਨਾਲ ਸਬੰਧਿਤ ਮੇਰੀਆਂ ਚਰਖ਼ੜੀ ਕਾਵਿ ਪੁਸਤਕ ਚ ਕਈ ਕਵਿਤਾਵਾਂ ਹਨ। ਇੱਕੋ ਪੇਸ਼ ਕਰਕੇ ਮਾਂ ਆਪਣੀ ਨੂੰ ਚੇਤੇ ਕਰ ਰਿਹਾਂ।
ਮੇਰੀ ਮਾਂ
ਮੇਰੀ ਮਾਂ ਨੂੰ,
ਸਵੈਟਰ ਬੁਣਨਾ ਨਹੀਂ ਸੀ ਆਉਂਦਾ,
ਪਰ ਉਹ ਰਿਸ਼ਤੇ ਬੁਣਨੇ ਜਾਣਦੀ ਸੀ ।
ਮਾਂ ਨੂੰ ਤਰਨਾ ਨਹੀਂ ਸੀ ਆਉਂਦਾ,
ਪਰ ਉਹ ਤਾਰਨਾ ਜਾਣਦੀ ਸੀ ।
ਸਰੋਵਰ ਚ ਵਾੜ ਕੇ ਆਖਦੀ,
ਡਰ ਨਾ, ਮੈਂ ਤੇਰੇ ਨਾਲ ਹਾਂ ।
ਹੁਣ ਵੀ ਜਦ ਕਦੇ ਗ਼ਮ ਦੇ ਸਾਗਰ ਜਾਂ,
ਮਨ ਦੇ ਵਹਿਣ ਚ ਵਹਿਣ ਲੱਗਦਾ ਹਾਂ,
ਤਾਂ ਮਾਂ ਡੁੱਬਣ ਨਹੀਂ ਦਿੰਦੀ ।
ਮਰਨ ਮਗਰੋਂ ਅਜੇ ਵੀ ਮੇਰੇ ਕੋਲ ਆ ਖਲੋਂਦੀ,
ਮੇਰੀਆਂ ਅੱਖਾਂ ਪੂੰਝਦੀ ਹੈ ਆਖਦੀ ਹੈ,
ਤੂੰ ਮੇਰਾ ਪੁੱਤ ਹੈ ਤੇਰੀ ਅੱਖ ਵਿੱਚ ਅੱਥਰੂ?
ਜੇ ਮੇਰਾ ਪੁੱਤਰ ਹੈ ਤਾਂ
ਇਹ ਗਲੇਡੂ ਨਾ ਵਹਾਈਂ ।
ਕੋਈ ਬੇਗਾਨਾ ਨਹੀਂ,
ਪੂੰਝਦਾ ਬਾਹਰੋਂ ਆ ਕੇ ।
ਆਪ ਹੀ ਉੱਠਣਾ ਪੈਂਦਾ ਹੈ, ਡਿੱਗ ਕੇ ।
ਮੇਰੀ ਮਾਂ ਨੂੰ ਉੱਡਣਾ ਨਹੀਂ ਸੀ ਆਉਂਦਾ
ਪਰ ਸਾਨੂੰ ਸਵੇਰ ਸ਼ਾਮ
ਸੁਪਨਿਆਂ ਦੇ ਖੰਭ ਲਾਉਂਦੀ
ਤੇ ਅਨੰਤ ਅੰਬਰੀਂ ਉਡਾਉਂਦੀ ।
ਮੇਰੀ ਮਾਂ ਨੂੰ ਮੰਗਣਾ ਨਹੀਂ ਸੀ ਆਉਂਦਾ,
ਵੰਡਣਾ ਹੀ ਜਾਣਦੀ ਸੀ ।
ਘਰ ਦੀਆਂ ਵਿੱਥਾਂ ਵਿਰਲਾਂ 'ਚ ਪੋਟਲੀਆਂ ਅੰਦਰ,
ਰਹਿਮਤਾਂ ਬੰਨ੍ਹ ਕੇ ਲੁਕਾਈ ਰੱਖਦੀ ।
ਮਾਂ ਕੋਲ ਕਿੰਨਾ ਕੁਝ ਸੀ ।
ਨਾਂਹ ਤੋਂ ਬਗੈਰ, ਹੋਰ ਸਾਰਾ ਕੁਝ ।
ਮਾਂ ਊੜੇ ਨੂੰ ਜੂੜੇ ਤੋਂ ਪਛਾਣ ਕੇ ਅਕਸਰ ਆਖਦੀ,
ਪੁੱਤ ਇਹਦਾ ਪੱਲਾ ਨਾ ਛੱਡੀਂ ।
ਇਹੀ ਤਾਰਨਹਾਰ ਹੈ ।
ਸ਼ਾਮੀਂ ਕੁਵੇਲੇ ਘਰ ਪਰਤਣ ਕਰਕੇ,
ਬਿਰਧ ਉਮਰੇ ਵੀ ਉਹ,
ਮੰਜੀ ਤੇ ਪਈ ਲਾਡ ਨਾਲ,
ਆਪਣੇ ਕੋਲ ਬੁਲਾਉਂਦੀ ।
ਮੈਨੂੰ ਪੋਲੇ ਜਿਹੇ ਹੱਥ ਨਾਲ,
ਮੇਰੇ ਪੁੱਤਰ ਪੁਨੀਤ ਸਾਹਮਣੇ,
ਰੰਗੀ ਹੋਈ ਦਾੜ੍ਹੀ ਤੇ,
ਪੋਲਾ ਜਿਹਾ ਹੱਥ ਮਾਰਦੀ ਤੇ ਆਖਦੀ,
ਹੁਣ ਤੇ ਸੁਧਰ ਜਾਹ ਪੁੱਤ ਬਰਾਬਰ ਦਾ ਹੋ ਗਿਆ ।
ਜੇ ਕੱਲ੍ਹ ਨੂੰ ਇਹ ਵੀ ਤੇਰੇ ਵਾਂਗ ਕਰੇਗਾ,
ਤਾਂ ਕੀ ਕਰੇਂਗਾ ?
ਅੱਜ ਦੇ ਦਿਨ ਤੁਰ ਗਈ ਦੂਰ ਬਹੁਤ ਦੂਰ
ਵਿਸਾਖੀ ਉਦਾਸ ਕਰ ਗਈ ਮਾਂ
ਵਿਸਾਖੀ ਵਾਲੇ ਦਿਨ ਗੁਲਗੁਲੇ, ਗੁਣੇ, ਨਮਕੀਨ ਮੱਠੀਆਂ
ਬਣਾਉਂਦੀ ਸੀ ਬੜੇ ਸਵਾਦ ।
ਹੁਣ ਜਦ ਕਦੇ ਕੜਾਹੀ ਚੜ੍ਹਦੀ ਹੈ,
ਸਰ੍ਹੋਂ ਦਾ ਤੇਲ ਉੱਬਲਦਾ ਹੈ,
ਤਾਂ ਬਹੁਤ ਯਾਦ ਆਉਂਦੀ ਹੈ ਮਾਂ ।
ਗੁਰਭਜਨ ਗਿੱਲ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.