ਕਾਸ਼ ! ਮੈਂ ਸੈਂਸਰ ਬੋਰਡ ਵੱਲੋਂ ਲਾਏ ਕੱਟਾਂ , ਫ਼ਿਲਮ ਬਾਰੇ ਗਾਹੇ - ਗਾਹੇ - ਬਗਾਹੇ ਛਪੀਆਂ ਕੁੱਝ ਟਿੱਪਣੀਆਂ ਤੇ .. ਅਤੇ ਸੁਪਰੀਮ ਕੋਰਟ ਦੇ ਜੱਜ ਵੱਲੋਂ ਵਕੀਲ ਨੂੰ ਕੱਟ ਨੰਬਰ 5 ਦੇ ਵਿਚਲੇ ਸ਼ਬਦ ਅਦਾਲਤ ਵਿਚ ਬੋਲ ਕੇ ਸੁਣਾਉਣ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਘੱਟੋ ਘੱਟ ਆਪਣੇ ਪਰਿਵਾਰ ਦੇ ਦੋ ਮੈਂਬਰਾਂ ਨਾਲ ਤਾਂ ਉਡਤਾ ਪੰਜਾਬ ਦੇਖਣ ਕਦੀ ਨਾ ਜਾਂਦਾ .ਮੈਂ ਸੋਚਿਆ ਸੀ ਕਿ ਕੁੱਝ ਹਿੰਦੀ ਫ਼ਿਲਮਾਂ ਅਤੇ ਨਾਟਕਾਂ ਵਾਂਗ ਕਿਸੇ ਢੁਕਵੇਂ ਮੌਕੇ ਤੇ ਕੁੱਝ ਗਾਲ੍ਹਾਂ ਜਾਂ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੋਵੇਗੀ .
ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 17 ਵਿਚ ਨਵੇਂ ਬਣੇ ਟੀ ਡੀ ਆਈ ਮਾਲ ਵਿਚ ਜਦੋਂ ਫ਼ਿਲਮ ਦੇਖੀ ਤਾਂ ਵਾਰ -ਵਾਰ ਮੈਂਨੂੰ ਸਿਰਫ਼ ਇੱਕੋ ਅਹਿਸਾਸ ਹੋਇਆ ..ਸ਼ਰਮਿੰਦਗੀ ਦਾ .. ਸਿਰਫ਼ ਇਸ ਗੱਲ ਦੀ ਨਹੀਂ ਕਿ ਮੈਂਨੂੰ ਆਪਣੇ ਪਰਿਵਾਰ ਦੇ ਫੀਮੇਲ ਮੈਂਬਰ ਨਾਲ ਬੈਠ ਕੇ ਲੱਚਰ ਤੋਂ ਲੱਚਰ , ਬੇਹੂਦਾ ਅਤੇ ਗੰਦੀਆਂ ਗਾਲ੍ਹਾਂ ਸੁਣਨੀਆਂ ਪਈਆਂ , ਸਗੋਂ ਇਸ ਗੱਲ ਦੀ ਵੀ ਹੈ ਕਿ ਸਾਡਾ , ਸਾਡੇ ਪੰਜਾਬ ਦਾ ਅਤੇ ਸਾਡੇ ਲੋਕਾਂ ਦਾ ਕਿਹੋ ਜਿਹਾ ਅਕਸ ਪੇਸ਼ ਕੀਤਾ ਗਿਆ ਹੈ .ਕਰੀਨਾ ਕਪੂਰ ਜਾਂ ਇੱਕ ਅੱਧ ਐਕਟਰ ਨੂੰ ਛੱਡ ਕੇ ਸਾਰੀ ਫ਼ਿਲਮ ਵਿਚ ਕੋਈ ਅਜਿਹਾ ਕਰੈੱਕਟਰ ਹੀ ਨਹੀਂ ਜੋ ਗੰਦੀਆਂ ਗਾਲਾਂ ਤੋਂ ਬਿਨਾਂ ਕੋਈ ਡਾਇਲੌਗ ਪੂਰਾ ਕਰਦਾ ਹੋਵੇ , ਗਾਲ੍ਹ ਤੋਂ ਬਿਨਾਂ ਫ਼ਿਲਮ ਦੇ ਕਿਸ ਕਿਰਦਾਰ ਦਾ ਕੋਈ ਐਕਸ਼ਨ ਹੀ ਪੂਰਾ ਨਹੀਂ ਹੁੰਦਾ. . ਏਥੋਂ ਤੱਕ ਬਿਹਾਰਨ ਬਣਾਈ ਆਲੀਆ ਭੱਟ ਤੋਂ ਵੀ ਵਾਰ -ਵਾਰ ਗਾਲ਼ਾਂ ਕਢਾਈਆਂ ਗਈਆਂ ਨੇ .
ਇਹ ਠੀਕ ਹੈ ਕਿ ਹਰ ਸਮਾਜ ਅਤੇ ਸਭਿਆਚਾਰ ਵਾਂਗ ਪੰਜਾਬੀ ਸਮਾਜ ਵਿਚ ਵੀ ਜਨਤਕ ਤੌਰ ਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ , ਗਾਲ੍ਹਾਂ ਅਤੇ ਅਸੱਭਿਅਕ ਮੰਨੀ ਜਾਂਦੀ ਭਾਸ਼ਾ ਦੀ ਵਰਤੋਂ ਹੁੰਦੀ ਹੈ . ਇਹ ਵੀ ਸੱਚ ਹੈ ਕਿ ਗ਼ੁੱਸੇ ਵਿਚ ਆਕੇ ਪੰਜਾਬੀ ਵੀ ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਨੇ , ਇਹ ਵੀ ਠੀਕ ਹੈ ਕਿ ਕਈ ਵਾਰ ਫ਼ਿਲਮਾਂ ਅਤੇ ਨਾਟਕਾਂ ਵਿਚ ਕਿਸੇ ਢੁੱਕਵੇਂ ਮੌਕੇ ਸਿਰਫ਼ ਚੋਣਵੇਂ ਪਾਤਰਾਂ ਦੇ ਮੂੰਹੋਂ ਅਜਿਹੇ ਬੋਲ- ਕਬੋਲ ਬੁਲਾਏ ਵੀ ਜਾਂਦੇ ਨੇ . ਇਹ ਵੀ ਸੱਚ ਹੈ ਕਿ ਹਿੰਦੀ ਫ਼ਿਲਮਾਂ ਅਤੇ ਸੰਗੀਤ ਐਲਬਮਾਂ ਵਿਚ ਕੁੱਢਰ ਢੰਗ ਨਾਲ ਜਿੰਨਾ ਨੰਗੇਜ਼ ਅਤੇ ਅਸ਼ਲੀਲਤਾ ਦਿਖਾਈ ਜਾ ਰਹੀ ਹੈ , ਇਹ ਦਿਨੋਂ- ਦਿਨ ਹੱਦ ਬੰਨੇ ਟੱਪ ਰਹੀ ਹੈ.ਇਸ ਅੱਗੇ ਹੌਲੀਵੁੱਡ ਦੀ ਰੰਗਤ ਵੀ ਫਿੱਕੀ ਪੈਣ ਲੱਗੀ ਹੈ .
ਇਹ ਵੀ ਸੱਚ ਹੈ ਕਿ ਅਸ਼ਲੀਲਤਾ ਅਤੇ ਲੱਚਰਪੁਣੇ ਦੇ ਅਰਥ ਵੀ ਸਮੇਂ ਅਤੇ ਸਥਾਨ ਮੁਤਾਬਿਕ ਬਦਲਦੇ ਰਹਿੰਦੇ ਨੇ ਅਤੇ ਰੋਜ਼ਾਨਾ ਬਦਲ ਰਹੇ ਨੇ ਪਰ ਫਿਰ ਵੀ ਇਹ ਕਿਥੋਂ ਦੀ ਕਲਾਕਾਰੀ ਹੈ ਕਿ ਪੰਜਾਬੀ ਫ਼ਿਲਮ ਵਿਚਲਾ ਹਰ ਕਰੈੱਕਟਰ ਬਿਨਾਂ ਗਾਲ੍ਹ ਤੋਂ ਕੋਈ ਗੱਲ ਹੀ ਨਾ ਕਰੇ .ਇਹ ਕਿਥੋਂ ਦਾ ਇਨਸਾਫ਼ ਹੈ ਕਿ ਹਰ ਪੰਜਾਬੀ , ਮਾਂ -ਭੈਣ ਦੀ ਗਾਲ੍ਹ ਤੋਂ ਬਿਨਾਂ ਕੋਈ ਵਾਰਤਾਲਾਪ ਹੀ ਨਾ ਕਰੇ ? ਦੁੱਖ ਇਸ ਗੱਲ ਦਾ ਹੈ ਕਿ ਇਸ ਵਰਤਾਰੇ ਨੂੰ ਪੰਜਾਬੀ ਸੁਭਾਅ ਦੇ ਇੱਕ ਲੱਛਣ ਵਜੋਂ ਨਹੀਂ ਸਗੋਂ ਇਸ ਦੇ ਡੌਮੀਨੈਂਟ ਖ਼ਾਸੇ ( ਚਰਿੱਤਰ ) ਵਜੋਂ ਪੇਸ਼ ਕੀਤਾ ਗਿਆ ਹੈ ਜੋ ਕਿ ਅਸਲ ਵਿਚ ਹੈ ਨਹੀਂ .ਗਾਲਾਂ ਅਤੇ ਨਸ਼ੇ ਪੰਜਾਬੀ ਕਰੈੱਕਟਰ ਦਾ ਇੱਕ ਪਾਸਾ ਹੈ ਸਮੁੱਚੀ ਤਸਵੀਰ ਨਹੀਂ .
ਮੇਰੀ ਇਹ ਲਿਖਤ ਪੜ੍ਹਨ ਵਾਲੇ ਜਾਂ ਫ਼ਿਲਮ ਦੇਖਣ ਵਾਲੇ ਲੋਕ ਇਹ ਖ਼ੁਦ ਸੋਚਣ ਕਿ ਸਾਡੇ ਪੰਜਾਬੀ ਪਰਿਵਾਰਾਂ ਅਤੇ ਪੰਜਾਬੀ ਲੋਕਾਂ ਅਤੇ ਪੰਜਾਬੀ ਪਰਿਵਾਰਾਂ ਵਿਚੋਂ ਕਿੰਨੇ ਫ਼ੀ ਸਦੀ ਅਜਿਹੇ ਨੇ ਜਿਹੜੇ ਗਾਲ੍ਹ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ ? ਮੈ ਖ਼ੁਦ ਪਿੰਡ ਦਾ ਜੰਮ ਪਲ ਹਾਂ ਅਤੇ ਪੱਤਰਕਾਰ ਹੋਣ ਕਰ ਕੇ ਪਿੰਡਾਂ ਦੇ ਅਨੇਕਾਂ ਲੋਕਾਂ ਅਤੇ ਪਰਿਵਾਰਾਂ ਨਾਲ ਰੋਜ਼ਾਨਾ ਮੇਰਾ ਵਾਹ ਪੈਂਦਾ ਹੈ ਜਿਨ੍ਹਾਂ ਵਿਚੋਂ ਵੱਡੀ ਬਹੁਗਿਣਤੀ ਵਿਚ ਗੱਲ -ਗੱਲ 'ਤੇ ਅਜਿਹੀਆਂ ਗਾਲਾਂ ਕੱਢਣ ਦਾ ਕੋਈ ਰਿਵਾਜ ਨਹੀਂ .
ਫ਼ਿਲਮ ਦੇ ਕੋ- ਲੇਖਕ ਅਤੇ ਡਾਇਰੈਕਟਰ ਅਭਿਸ਼ੇਕ ਚੌਬੇ ਯੂ ਪੀ ਦੇ ਜੰਮਪਲ ਨੇ. ਉਸ ਨੇ ਅਜਿਹਾ ਕਿਉਂ ਕੀਤਾ ? ਉਸਨੂੰ ਸਾਡੇ ਪੰਜਾਬੀ ਸਮਾਜ ਦਾ ਅਕਸ ਹੀ ਸਿਰਫ਼ ਅਜਿਹਾ ਕਿਵੇਂ
ਦਿੱਸਿਆ ? ਕੀ ਵਾਕਿਆ ਹੀ ਉਸਨੇ ਇਸ ਨੂੰ ਪੰਜਾਬੀ ਸੁਭਾ ਮੰਨ ਕੇ ਅਜਿਹੀ ਪੇਸ਼ਕਾਰੀ ਕੀਤੀ ਜਾਂ ਇਸ ਪਿੱਛੇ ਕੋਈ ਵਿਸ਼ੇਸ਼ ਮਨਸ਼ਾ ਸੀ ? ਇਨ੍ਹਾਂ ਸਵਾਲਾਂ ਦੇ ਜਵਾਬ ਤਾਂ ਅਜੇ ਨਹੀਂ ਮਿਲੇ ਪਰ ਇੱਕ ਹਕੀਕਤ ਦਾ ਸੰਕੇਤ ਜ਼ਰੂਰ ਮਿਲਦਾ ਹੈ. ਫ਼ਿਲਮ ਵਿਚ ਉਸਨੇ ਹਰ ਖੇਤਰ ਦੇ 90 ਫ਼ੀਸਦੀ ਪੰਜਾਬੀਆਂ ਨੂੰ ਕਰੱਪਟ ਅਤੇ ਬਿਮਾਰ ਮਾਨਸਿਕਤਾ ਵਾਲੇ ਦਿਖਾਇਆ ਹੈ ਪਰ ਮੈਂਨੂੰ ਸ਼ੱਕ ਹੈ ਕਿ ਉਸਦੀ ਅਤੇ ਉਸਦੇ ਸਾਥੀ ਫਿਲਮਕਾਰਾਂ ਨੇ ਜਾਣੇ ਜਾਂ ਅਨਜਾਣੇ ਆਪਣੀ ਬਿਮਾਰ ਜਾਂ ਕਾਣ -ਭਰਪੂਰ ਮਾਨਸਿਕਤਾ ਦਾ ਇਜ਼ਹਾਰ ਕੀਤਾ ਹੈ ਕਿਉਂ ਕੇ ਲੱਚਰ ਮੰਨੀ ਜਾਂਦੀ ਭਾਸ਼ਾ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਇੱਕ ਪਬਲਿਕ ਮੰਚ ਤੇ ਕਰ ਕੇ ਅਜਿਹੀ ਮਨੋ- ਦਸ਼ਾ ਵਾਲਿਆਂ ਨੂੰ ਹੀ ਸਕੂਨ ਮਿਲ ਸਕਦਾ ਹੈ . ਮੈਂ ਸਿਨਮਾ ਹਾਲ ਵਿਚ ਬੈਠਾ ਦੇਖ ਰਿਹਾ ਸੀ ਕਿ ਵਾਰ ਵਾਰ ਗਾਲਾਂ ਦੀ ਵਰਤੋ ਸੁਣ ਕੇ ਮਨਚਲੇ ਨੌਜਵਾਨ ਦਰਸ਼ਕਾਂ ਦਾ ਇੱਕ ਹਿੱਸਾ ਹੱਸ ਹੱਸ ਕੇ ਮਜ਼ੇ ਲੈ ਰਿਹਾ ਸੀ .
ਜਿੱਥੋਂ ਤੱਕ ਸਬੰਧ ਹੈ ਡਰੱਗ ਦੇ ਮਾਮਲੇ ਵਿਚ ਪੰਜਾਬ ਦੀ ਤਸਵੀਰ ਪੇਸ਼ ਕਰਨ ਦਾ .ਇਹ ਠੀਕ ਹੈ ਕਿ ਕੈਮੀਕਲ ਨਸ਼ੇ ਪੰਜਾਬੀ ਸਮਾਜ ਅਤੇ ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਦੀ ਬਹੁਤ ਗੰਭੀਰ ਸਮਸਿਆ ਹੈ ਜਿਸ ਨੂੰ ਫ਼ਿਲਮ ਵਿਚ ਦਰਸਾਉਣ ਦਾ ਯਤਨ ਕੀਤਾ ਗਿਆ ਹੈ . ਪਰ ਮੇਰੇ ਹਿੱਸਾਬ ਨਾਲ ਤਾਂ ਇਸ ਸਮੱਸਿਆ ਨੂੰ ਵੀ ਬਹੁਤ ਸਤਈ ਜਿਹੇ ਢੰਗ ਨਾਲ ਹੀ ਦਿਖਾਇਆ ਗਿਆ ਹੈ , ਨਾ ਹੀ ਇਸ ਵਿਚ ਕੋਈ ਗਹਿਰਾਈ ਹੈ ਅਤੇ ਨਾ ਹੀ ਇਸ ਦੇ ਖ਼ਾਤਮੇ ਦਾ ਕੋਈ ਰਾਹ ਦੱਸਿਆ ਗਿਆ . ਲੱਚਰ ਭਾਸ਼ਾ ਦੀ ਬੇਲੋੜੀ ਵਰਤੋਂ ਨੇ ਫ਼ਿਲਮ ਦੇ ਅਸਲ ਵਿਸ਼ੇ ਦੀ ਗੰਭੀਰਤਾ ਨੂੰ ਪੇਤਲਾ ਪਾਇਆ ਹੈ .
ਜਿੱਥੋਂ ਤੱਕ ਡਰੱਗਜ਼ ਅਤੇ ਸਮਗਲਿੰਗ ਦੇ ਕਾਰੋਬਾਰ ਨੂੰ ਸਿਆਸੀ ਨੇਤਾਵਾਂ ਦੀ ਸਰਪ੍ਰਸਤੀ ਅਤੇ ਪੁਲਿਸ ਨਾਲ ਮਿਲੀ ਭੁਗਤ ਨਾਲ ਚਲਦਾ ਦਿਖਾਇਆ ਗਿਆ ਹੈ , ਸਿਆਸਤਦਾਨਾਂ ਦਾ ਦੰਭੀ ਅਤੇ ਦੋਗਲਾ ਕਿਰਦਾਰ ਤਾਂ ਇਸ ਨਾਲੋਂ ਵੱਧ ਅਤੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਵਿਚ ਪੇਸ਼ ਕੀਤਾ ਜਾਂਦਾ ਰਿਹਾ ਹੈ .ਜੋ ਕੁੱਝ ਇਸ ਫ਼ਿਲਮ ਵਿਚ ਨਸ਼ਿਆਂ ਬਾਰੇ ਦੀਖਿਆ ਗਿਆ ਹੈ ਇਸਤੋਂ ਕਈ ਗੁਣਾ ਵੱਧ ਅਸਲੀਅਤ ਲੋਕ ਪਹਿਲਾਂ ਹੀ ਜਾਣਦੇ ਨੇ .
ਮੈਂ ਇੱਕ ਨੌਜਵਾਨ ਲੇਖਕ ਜਸਪ੍ਰੀਤ ਸਿੰਘ ਦੀ ਇਸ ਟਿੱਪਣੀ ਨਾਲ ਸਹਿਮਤ ਹਾਂ ਕਿ ਪੰਜਾਬ ਦਾ ਨਾਂਅ ਇਸ ਫ਼ਿਲਮ ਦੇ ਨਾਲ ਨਾਂਅ ਵੀ ਜੋੜਿਆ ਜਾਂਦਾ ਤਾਂ ਵੀ ਇਹ ਇੱਕ ਆਮ ਹਿੰਦੀ ਫ਼ਿਲਮ ਵਾਂਗ ਹੀ ਲਈ ਜਾਣੀ ਸੀ .
ਇਹ ਠੀਕ ਹੈ ਕਿ ਬਹੁਤੇ ਐਕਟਰਾਂ ਨੇ ਆਪਣੇ -ਆਪਣੇ ਰੋਲ ਬਾਖ਼ੂਬੀ ਨਿਭਾਏ ਨੇ ਪਰ ਸਮੁੱਚੇ ਤੌਰ ਤੇ ਇਹ ਫ਼ਿਲਮ ਬੇਹਿਸਾਬੀ ਜਿਹੀ ਹੈ .ਫ਼ਿਲਮ ਦਾ ਅੰਤ ਇਸ ਤਰ੍ਹਾਂ ਯੱਕ ਦਮ ਹੁੰਦਾ ਹੈ ਕਿ ਦਰਸ਼ਕ ਸੋਚਦੈ , " ਬੱਸ ਖ਼ਤਮ " . ਫ਼ਿਲਮ ਬਣਾਉਣ ਵਾਲਿਆਂ ਨੇ ਦਰਸ਼ਕਾਂ ਨਾਲ ਫ਼ਿਲਮ ਦੇ ਨਾਂਅ ਦੇ ਮਾਮਲੇ ਵਿਚ ਵੀ ਠੱਗੀ ਮਾਰੀ ਹੈ . ਸਮਝ ਨਹੀਂ ਆਈ ਇਸ ਮੂਵੀ ਦਾ ਨਾਂਅ " ਢਹਿੰਦਾ ਪੰਜਾਬ " ਕਿਉਂ ਨਹੀਂ ਰਖਿਆ ਗਿਆ ?
ਜਿੱਥੋਂ ਤੱਕ ਆਪਣੇ ਵਿਚਾਰ ਜ਼ਾਹਰ ਕਰਨ ਜਾਂ ਸਮਾਜਿਕ ਵਰਤਾਰਿਆਂ ਨੂੰ ਕਲਾਕਾਰ ਦੀ ਨਜ਼ਰ ਨਾਲ ਪੇਸ਼ ਕਰ ਦੀ ਖੁੱਲ੍ਹ ਦੇਣ ਦਾ ਸਵਾਲ ਹੈ , ਇਸ ਖੁੱਲ੍ਹ ਹੋਣੀ ਚਾਹੀਦੀ ਹੈ ਪਰ ਕੋਈ ਵੀ ਅਜਿਹੀ ਆਜ਼ਾਦੀ ਖ਼ਲਾਅ ਵਿਚ ਨਹੀਂ ਹੁੰਦੀ ਭਾਵ ਐਬਸੋਲਿਊਤ ਆਜ਼ਾਦੀ ਕਦੇ ਵੀ ਅਤੇ ਕਿਸੇ ਨੂੰ ਵੀ ਨਹੀਂ ਹੁੰਦੀ . ਇਹ ਸਮੇਂ , ਸਥਾਨ ਅਤੇ ਸਮਾਜਿਕ ਹਾਲਤ ਦੇ ਅਨੁਕੂਲ ( ਰੈਲੇਟਿਵ ) ਹੁੰਦੀ ਹੈ .
ਜੇਕਰ ਇਸ ਫ਼ਿਲਮ ਤੇ ਰਾਜਨੀਤੀ ਨਾ ਹੁੰਦੀ ਅਤੇ ਅਕਾਲੀ ਅਤੇ ਹੋਰ ਲੋਕ ਵਿਰੋਧ ਕਰਨ ਦੀ ਮੂਰਖਤਾ ਨਾ ਕਰਦੇ ਤਾਂ ਫ਼ਿਲਮ ਹੋਰ ਫ਼ਿਲਮਾਂ ਵਾਂਗ ਹੀ ਹਫ਼ਤਾ ਦੋ ਹਫ਼ਤੇ ਮਸਾਂ ਚੱਲਣੀ ਸੀ .ਰੌਲ਼ੇ ਵਾਲੀ ਫ਼ਿਲਮ ਕਰਨ ਹੁਣ ਲੋਕਾਂ ਨੇ ਦੇਖਣੀ ਵੀ ਜ਼ਰੂਰ ਹੈ . ਇਸ ਲਈ ਅਕਾਲੀ ਦਲ ਅਤੇ ਬੀ ਜੇ ਪੀ ਦੋਵੇਂ ਜ਼ਿੰਮੇਵਾਰ ਨੇ .ਇਸ ਗੱਠਜੋੜ ਦੀ ਲੀਡਰਸ਼ਿਪ ਤੇ " ਨਾਲੇ ਛਿੱਤਰ ਵੀ ਖਾਧੇ ਨਾਲੇ ਗੰਢੇ ਵੀ .." ਵਾਲੀ ਪੰਜਾਬੀ ਅਖਾਣ ਖ਼ੂਬ ਢੁਕਦੀ ਹੈ . ਡਰੱਗਜ਼ ਦੇ ਮਾਮਲੇ ਤੇ ਬਦਨਾਮੀ ਵੀ ਹੋਰ ਖੱਟ ਲਈ ਅਤੇ ਫ਼ਿਲਮ ਨੂੰ ਵੀ ਨਹੀਂ ਰੋਕ ਸਕੇ .
ਫ਼ਿਲਮ ਪ੍ਰੋਡਿਊਸਰ ਕਪੂਰ ਫੈਮਲੀ ਨੇ ਕਰੋੜਾਂ ਦੀ ਕਮਾਈ ਵੀ ਕਰ ਜਾਵੇਗੀ .ਪਰ ਇੱਕ ਗ਼ਲਤ ਰਵਾਇਤ ਪਈ ਗਈ ਕਿ ਫ਼ਿਲਮਾਂ ਜਾਂ ਕਿਸੇ ਹੋਰ ਪੇਸ਼ਕਾਰੀ ਵਿਚ ਕਿਸੇ ਵੀ ਕੁੱਢਰ ਢੰਗ ਨਾਲ -ਕਿਸੇ ਵਰਗ , ਕਿਸੇ ਸੂਬੇ ਜਾਂ ਕਿਸੇ ਖ਼ਿੱਤੇ ਦੇ ਲੋਕਾਂ ਦਾ ਅਜਿਹਾ ਗੈਰ-ਹਕੀਕੀ ਅਕਸ ਕਲਾ ਦੇ ਨਾਂਅ ਤੇ ਪੇਸ਼ ਕੀਤਾ ਸਕਦਾ ਹੈ .ਅਫ਼ਸੋਸ ਤਾਂ ਇਸ ਗੱਲ ਦਾ ਵੀ ਹੈ ਕਿ ਇਸ ਸਾਰੇ ਵਰਤਾਰੇ ਉੱਤੇ ਸਾਡੇ ਮੁਲਕ ਦੀ ਸਰਬਉੱਚ ਅਦਾਲਤ ਦੀ ਵੀ ਮੋਹਰ ਲੱਗ ਗਈ ਹੈ .
19 ਜੂਨ 2016
ਬਲਜੀਤ ਬੱਲੀ
ਸੰਪਾਦਕ
ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
+91-9915177722
-
ਬਲਜੀਤ ਬੱਲੀ, ਸੰਪਾਦਕ , ਬਾਬੂਸ਼ਾਹੀ ਡਾਟ ਕਾਮ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.