ਖ਼ਾਲਸੇ ਪੰਥ ਦਿਹਾੜੇ ਨੂੰ ਸਮਰਪਿਤ ਨਜ਼ਮ : ਡਾ.ਗੁਰਵਿੰਦਰ ਸਿੰਘ ਦੀ ਕਲਮ ਤੋਂ
ਖਾਲਸਾ ਪੰਥ ਨੂੰ ਸਤਿਗੁਰਾਂ,
ਬਖਸ਼ਿਆ ਹੈ ਇਹ ਮਾਣ।
ਮਾਨਵਤਾ ਇਕ ਰੂਪ ਹੈ,
ਸਭ ਦੀ ਇਕ ਪਛਾਣ।
ਮਾਨਸ ਦੀ ਇਕ ਜਾਤ ਵਿੱਚ
ਜਿਹੜੇ ਵੰਡੀਆਂ ਪਾਣ।
ਜ਼ੁਲਮ ਤਸ਼ੱਦਦ ਜਬਰ ਜੋ,
ਮਜ਼ਲੂਮਾਂ 'ਤੇ ਢਾਣ।
ਪਹਿਲਾਂ ਚਾਨਣ ਵੰਡ ਕੇ
ਦੂਰ ਕਰੋ ਅਗਿਆਨ।
ਫਿਰ ਵੀ ਜੇਕਰ ਹਟਣ ਨਾ,
ਬਣਜੇ ਆਉਧ ਨਿਧਾਨ।
ਜ਼ੁਲਮ ਮੁਕਾਉਣ ਲਈ ਜੇ,
ਸਭ ਰਸਤੇ ਬੰਦ ਹੋ ਜਾਣ।
ਨਿਸ਼ਚਾ ਕਰ ਫਿਰ ਫ਼ਤਿਹ ਦਾ,
ਜੂਝੋ ਵਿੱਚ ਮੈਦਾਨ।
ਅਤਿਆਚਾਰੀ ਸੋਧਣੇ
ਫੜ ਖੰਡਾ- ਕ੍ਰਿਪਾਨ।
ਅੱਜ ਦੇ 'ਔਰੰਗਜ਼ੇਬ' ਸਭ,
ਸੁਣ ਲਓ ਇਹ ਐਲਾਨ :
"ਚੂੰ ਕਾਰ ਅਜ਼ ਹਮਹ ਹੀਲਤੇ
ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ
ਬ-ਸ਼ਮਸ਼ੀਰ ਦਸਤ॥"
ਲੁਟਦੇ ਪਰਜਾ ਰਾਜੇ ਮੰਦੇ।
ਲੋਕ ਮਾਸੂਮ ਨੇ ਜਾਂਦੇ ਡੰਗੇ।
ਨੀਚਾਂ-ਊਚਾਂ ਅੰਦਰ ਵੰਡੇ।
ਮਾਨਸ ਕੀ ਇਕ ਜਾਤ ਦੇ ਬੰਦੇ।
ਅਣਖ ਵਿਹੂਣੇ ਮੁਰਦੇ ਵੇਖੇ।
ਵਿਚ ਗ਼ੁਲਾਮੀ ਝੁਰਦੇ ਵੇਖੇ।
ਗ਼ੈਰਤ ਛੱਡ ਕੇ ਰੋਂਦੇ ਵੇਖੇ।
ਵਿਪਰਾਂ ਦਾ ਗੰਦ ਢੋਂਦੇ ਵੇਖੇ।
ਉਹਨਾਂ ਨੂੰ ਸਿਰਦਾਰ ਬਣਾਇਆ।
ਇਕ ਬਾਟੇ ਵਿੱਚ ਪਾਹੁਲ ਛਕਾਇਆ।
ਊਚ-ਨੀਚ ਦਾ ਫਰਕ ਮਿਟਾਇਆ।
ਸਭਨਾਂ ਨੂੰ ਇਉਂ ਸਿੰਘ ਸਜਾਇਆ।
ਗਿਦੜਾਂ ਤਾਈਂ ਸ਼ੇਰ ਬਣਾਇਆ।
ਚਿੜੀਆਂ ਕੋਲੋਂ ਬਾਜ਼ ਤੁੜਾਇਆ।
ਸਵਾ ਲੱਖ ਨਾਲ ਇਕ ਲੜਾਇਆ।
ਐਸਾ ਖਾਲਸਾ ਪੰਥ ਸਜਾਇਆ।।
ਸਿੱਖ ਨਿਆਰਾ ਸੋਚ ਨਿਆਰੀ।
ਖਾਲਸੇ ਨੂੰ ਬਖਸ਼ੀ ਸਿਰਦਾਰੀ।
ਗੁਰਬਾਣੀ ਸੰਗ ਪੰਜ ਕਕਾਰੀ।
ਛੱਡ ਕੁਰਿਹਤਾਂ ਰਹਿਤ ਪਿਆਰੀ।
ਸਿੰਘ ਸਜਾ ਕੇ ਇਕ ਸਾਮਾਨ।
ਬਖਸ਼ੀ ਵੱਖਰੀ ਕੌਮੀ ਸ਼ਾਨ।
ਬਾਣੀ -ਬਾਣਾ ਦੋਏ ਮਹਾਨ।
ਖਾਲਸਾ ਪੰਥ ਦੀ ਇਕੋ ਜਾਨ।
ਪਰ ਐ ਲੇਖਕ! ਵਿਚ ਗੁਮਾਨ,
ਕੈਸੇ ਤੇਰਾ ਸੋਚ ਗਿਆਨ।
ਕਾਹਦਾ ਤੂੰ ਵੱਡਾ ਵਿਦਵਾਨ,
ਜਾਬਰ ਮੂਹਰੇ ਬੰਦ ਜ਼ੁਬਾਨ।
ਖਾਲਸਾ ਪੰਥ ਦੀ ਰੂਹ ਛੁਟਿਆ ਕੇ।
ਇਸ ਨੂੰ 'ਮੁਲਕ' ਦੀ ਫੌਜ ਬਣਾ ਕੇ।
ਫਾਸ਼ੀਵਾਦ ਦਾ ਨਾਅਰਾ ਲਾ ਕੇ।
ਸੌੜੇ ਹਿੱਤਾਂ ਨੂੰ ਪਰਨਾ ਕੇ।
ਵਿਪਰਾਂ ਵਾਲੀ ਰੀਤ ਚਲਾ ਕੇ।
ਇਤਿਹਾਸ ਨੂੰ ਭਗਵੀਂ ਰੰਗਤ ਲਾ ਕੇ।
'ਸ਼ਾਮ ਦਾਮ ਭੇਦ ਦੰਡ' ਦੀਆਂ ਚਾਲਾਂ।
ਤੇਰੀਆਂ ਦੰਭ- ਪਖੰਡ ਦੀਆਂ ਚਾਲਾਂ।
ਦੱਬੇ ਕੁਚਲੇ ਲੋਕਾਂ ਮਿਲਕੇ,
ਸੀ ਖੜਕਾਇਆ ਖੰਡਾ।
ਛੱਡ ਬੈਰਾਗ ਤੇ ਵਿੱਚ ਮੈਦਾਨੀਂ
ਆਣ ਗਰਜਿਆ ਬੰਦਾ।
ਰੱਤ ਪੀਣੀਆਂ ਜੋਕਾਂ ਤਾਈਂ,
ਲੋਕਾਂ ਸੋਧਾ ਲਾਇਆ,
ਲੋਕ ਰਾਜ ਤਦ ਕਾਇਮ ਹੋਇਆ,
ਝੁੱਲੇ 'ਖਾਲਸਾ' ਝੰਡਾ।
-
ਡਾ. ਗੁਰਵਿੰਦਰ ਸਿੰਘ, ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.) ਐਬਟਸਫੋਰਡ, ਕੈਨੇਡਾ
singhnewscanada@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.