ਰੱਤੋ ਰੱਤ ਵਿਸਾਖੀ ਨੂੰ ਚੇਤੇ ਕਰਦਿਆਂ
ਅੱਜ ਵਿਸਾਖੀ ਦਾ ਪੁਰਬ ਹੈ। ਸੰਗਰਾਂਦ ਵੀ ਹੈ। ਖ਼ਾਲਸਾ ਪੰਥ ਦੀ ਸਾਜਨਾ ਹੋਈ ਸੀ ਅੱਜ ਦੇ ਦਿਨ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਪਰ ਜੋੜ ਮੇਲ ਤਲਵੰਡੀ ਸਾਬੋ ਵਿੱਚ ਹੈ।
ਪੰਜਾ ਸਾਹਿਬ ਵਿੱਚੋਂ ਅੱਟਕ ਜੇਲ੍ਹ ਵੱਲ ਲਿਜਾਂਦੀ ਰੇਲ ਗੱਡੀ ਵਿੱਚ ਸਵਾਰ ਸੰਘਰਸ਼ੀਆਂ ਨੂੰ ਲੰਗਰ ਛਕਾਉਣ ਲਈ ਰੋਕਣ ਵਾਲੇ ਸਿਦਕੀਆਂ ਉੱਪਰੋਂ ਦੀ ਰੇਲ ਵੀ ਅੱਜ ਦੇ ਦਿਨ ਲੰਘੀ ਸੀ।
ਰਾਤੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਅਨਿਲ ਸ਼ਰਮਾ (ਬੰਟੀ) ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ਮੈਂ ਜੱਲ੍ਹਿਆਂ ਵਾਲਾ ਬਾਗ ਬੋਲਦਾਂ ਦੀ ਪੇਸ਼ਕਾਰੀ ਸੀ।ਕੇਸ਼ੋ ਰਾਮ ਸ਼ਰਮਾ ਸੋਸਾਇਟੀ(ਰਜਿ.) ਲੁਧਿਆਣਾ, ਪੰਜਾਬ ਆਰਟਸ ਕੌਂਸਲ ਤੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਦੀ ਸਾਂਝੀ ਪੇਸ਼ਕਸ਼ ਸੀ।
ਅੱਜ ਦੇ ਦਿਨ ਹੀ ਅੰਮ੍ਰਿਤਸਰ ਚ ਜੱਲ੍ਹਿਆਂ ਵਾਲੇ ਬਾਗ ਚ ਹਜ਼ਾਰਾਂ ਨਿਹੱਥੇ ਪੰਜਾਬੀਆਂ ਨੂੰ ਗੋਲੀਆਂ ਤੇ ਤੋਪਾਂ ਨਾਲ ਭੁੰਨਿਆ ਗਿਆ ਸੀ। ਅਜਬ ਦਰਦੀਲਾ ਵਰਕਾ ਹੈ ਇਹ ਇਤਿਹਾਸ ਦਾ। ਸਰਬ ਧਰਮ ਕੁਰਬਾਨੀ ਦਾ ਪ੍ਰਤੀਕ ਹੈ ਇਹ ਸਥਾਨ।
ਇਸ ਕਹਿਰੀ ਦਿਨ ਨੂੰ ਪੰਜਾਬ ਹਰ ਸਾਲ ਚੇਤੇ ਕਰਦਾ ਹੈ ਪਰ ਅਗਲੇ ਦਿਨ ਵਿਸਾਰ ਦੇਂਦਾ ਹੈ। ਗੋਲ ਪਹੀਆ ਘੁੰਮਦਾ ਹੈ। ਇੱਕ ਦਿਨ ਦੇ ਵਾਰਿਸ ਹਾਂ ਅਸੀਂ।
ਸਾਨੂੰ ਜੋ ਪਰੋਸਿਆ ਜਾਂਦਾ ਹੈ ਅਸੀਂ ਛਕੀ ਜਾਂਦੇ ਹਾਂ। ਜਿਵੇਂ ਕਿਸੇ ਵੀ ਸਰਕਾਰੀ ਗੈਰ ਸਰਕਾਰੀ ਦਸਤਾਵੇਜ਼ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਨਹੀਂ ਹੈ। ਮੁਹੰਮਦ ਸਿੰਘ ਆਜ਼ਾਦ ਹੀ ਹੈ। ਜਿਹੜੀ ਤਸਵੀਰ ਸ਼ਹੀਦ ਨੇ ਆਪਣੇ ਮਿੱਤਰ ਨੂੰ ਦਸਤਖ਼ਤ ਕਰਕੇ ਖ਼ੁਦ ਸੌਂਪੀ ਉਸ ਦੇ ਪਿੱਛੇ ਵੀ ਮੁਹੰਮਦ ਸਿੰਘ ਆਜ਼ਾਦ ਨਾਮ ਦਾ ਹੀ ਜ਼ਿਕਰ ਹੈ।
ਇਹ ਗੱਲ ਵੀ ਪਰੋਸੀ ਜਾ ਰਹੀ ਹੈ ਕਿ ਇਸ ਖ਼ੂਨੀ ਘਟਨਾ ਵਾਲੇ ਦਿਨੀਂ ਬਾਲ ਊਧਮ ਸਿੰਘ ਅੰਮ੍ਰਿਤਸਰ ਵਿੱਚ ਸੀ। ਇਹ ਵੀ ਤੱਥ ਤੋਂ ਦੂਰ ਹੈ। ਉਸ ਵਕਤ ਉਹ ਬਦੇਸ਼ ਵਿੱਚ ਸੀ। ਅਸੀਂ ਭੁੱਲ ਜਾਂਦੇ ਹਾਂ ਕਿ ਸੰਵੇਦਨਸ਼ੀਲ ਮਨ ਤਾਂ ਕਿਤੇ ਵੀ ਬੈਠਾ ਪ੍ਰਭਾਵਤ ਹੋ ਸਕਦਾ ਹੈ।
ਸ਼ਹੀਦ ਊਧਮ ਸਿੰਘ , ਇਨਕਲਾਬੀ ਲਹਿਰ, ਜੱਲ੍ਹਿਆਂ ਵਾਲਾ ਬਾਗ ਨਿਖੇੜ ਕੇ ਨਹੀਂ ਵੇਖੇ ਜਾ ਸਕਦੇ। ਬਾਰਾਂ ਸਾਲ ਦੇ ਭਗਤ ਸਿੰਘ ਨੂੰ ਲਾਹੌਰੋਂ ਟਰੇਨ ਸਵਾਰ ਕਰਕੇ ਇਸੇ ਸੰਵੇਦਨਾ ਨੇ ਹੀ ਜੱਲ੍ਹਿਆਂ ਵਾਲੇ ਬਾਗ ਦੀ ਲਹੂ ਰੱਤੀ ਮਿੱਟੀ ਸ਼ੀਸ਼ੀ ਭਰਨ ਅੰਮ੍ਰਿਤਸਰ ਭੇਜਿਆ ਹੋਵੇਗਾ।
ਇਸ ਘਟਨਾ ਦੇ ਫ਼ੈਸਲਾਕਾਰ ਮਾਈਕਲ ਓਡਵਾਇਰ ਦੀ ਕੈਕਸਟਨ ਹਾਲ ਲੰਡਨ ਚ ਸ਼ਹੀਦ ਊਧਮ ਸਿੰਘ ਹੱਥੋਂ ਮੌਤ ਸਾਨੂੰ ਅੱਜ ਵੀ ਜ਼ੁਲਮ ਦੇ ਖ਼ਿਲਾਫ਼ ਸਿੱਧਾ ਖਲੋਣ ਦੀ ਪ੍ਰੇਰਨਾ ਦਿੰਦੀ ਹੈ।
ਇਸ ਸਾਲ ਖ਼ੂਨੀ ਵਿਸਾਖੀ ਮੌਕੇ ਮੈਨੂੰ ਸ਼ਹੀਦ ਊਧਮ ਸਿੰਘ ਦੀ ਲਲਕਾਰ ਵਾਲੀ ਕਵਿਤਾ ਚੇਤੇ ਆਈ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਬੁਲੰਦ ਸ਼ਾਇਰ ਸਃ ਦੀਵਾਨ ਸਿੰਘ ਮਹਿਰਮ ਜੀ ਨੇ ਕਦੇ ਲਿਖੀ ਸੀ, ਉਹੀ ਤੁਹਾਡੇ ਨਾਲ ਸਾਂਝੀ ਕਰ ਰਿਹਾਂ।
ਮੈਂ ਇਹ ਕਵਿਤਾ ਦਸਵੀਂ ਜਮਾਤ ਦੇ ਸਿਲੇਬਸ ਵਿੱਚ ਪੜ੍ਹੀ ਸੀ, ਕਈ ਸਾਲ ਲੱਭਦਾ ਰਿਹਾ ਪਰ ਪਿਛਲੇ ਸਾਲ ਡਾਃ ਬਲਦੇਵ ਸਿੰਘ ਬੱਦਨ ਦੀ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਕਵਿਤਾਵਾਂ ਦੀ ਪੁਸਤਕ ਵਿੱਚੋਂ ਮੈਨੂੰ ਲੱਭ ਗਈ। ਇਸ ਲਈ ਮੈਂ ਇਹ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾਂ। ਕੋਈ ਅਣਖ਼ੀਲਾ ਬੇਗ਼ਰਜ ਸੁਰਵੰਤਾ ਵੀਰ ਇਸ ਨੂੰ ਰੀਕਾਰਡ ਕਰਕੇ ਲੋਕਾਂ ਹਵਾਲੇ ਕਰ ਸਕੇ ਤਾਂ ਇਹ ਵੀ ਜੱਲ੍ਹਿਆਂ ਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੀ ਹੋਵੇਗੀ।
ਧੰਨਵਾਦ! ਰਾਤੀਂ ਵੇਖੇ ਨਾਟਕ ਮੈਂ ਜੱਲ੍ਹਿਆਂ ਵਾਲਾ ਬਾਗ ਬੋਲਦਾਂ ਦੇ ਲਿਖਾਰੀ ਤੇ ਪੇਸ਼ਕਾਰ ਅਦਾਕਾਰਾਂ ਦਾ , ਜਿੰਨ੍ਹਾਂ ਮੈਨੂੰ ਏਨੀਆਂ ਗੱਲਾਂ ਕਰਨ ਦਾ ਮੌਕਾ ਦਿੱਤਾ। ਕਵਿਤਾ ਪੇਸ਼ ਹੈ
ਮੈਨੂੰ ਫੜ ਲਓ ਲੰਡਨ ਵਾਸੀਓ
ਦੀਵਾਨ ਸਿੰਘ ਮਹਿਰਮ
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਕਾਤਲ ਉਡਵਾਇਰ ਦਾ, ਮੈਂ ਗੋਲੀ ਮਾਰੀ।
ਮੈਂ ਇਕਬਾਲੀ ਜੁਰਮ ਦਾ, ਨਹੀਂ ਜਿੰਦ ਪਿਆਰੀ।
ਮੈਂ ਨੱਸਣਾ ਮੂਲ ਨਹੀਂ ਚਾਹੁੰਦਾ, ਕੋਈ ਮਾਰ ਉਡਾਰੀ।
ਮੈਂ ਪੇਸ਼ ਕਰਾਂ ਖ਼ੁਦ ਆਪ ਨੂੰ, ਕੋਈ ਨਹੀਂ ਲਚਾਰੀ।
ਮੈਂ ਉੱਚੀ ਉੱਚੀ ਬੋਲ ਕੇ, ਲਾਉਂਦਾ ਹਾਂ ਟਾਹਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਵਾਸੀ ਦੇਸ ਪੰਜਾਬ ਦਾ, ਜੋਧਾ ਬਲਕਾਰੀ।
ਮੇਰਾ ਊਧਮ ਸਿੰਘ ਏ ਨਾਮ ਸੁਣੋ, ਸਾਰੇ ਨਰ ਨਾਰੀ।
ਮੈਂ ਆਇਆ ਦੂਰੋਂ ਚੱਲ ਕੇ, ਕਟ ਮਨਜ਼ਲ ਭਾਰੀ।
ਮੈਂ ਦੁਸ਼ਮਣ ਦੀ ਹਿੱਕ ਸਾੜ ਕੇ, ਅੱਜ ਛਾਤੀ ਠਾਰੀ।
ਮੇਰੀ ਸਫ਼ਲ ਹੋ ਗਈ ਯਾਤਰਾ, ਲੱਖ ਸ਼ੁਕਰ ਗੁਜਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਇਹ ਉਹ ਜ਼ਾਲਮ ਉਡਵਾਇਰ ਜੇ, ਜਿਹਦੀ ਕਥਾ ਨਿਆਰੀ।
ਜੋ ਜਲ੍ਹਿਆਂ ਵਾਲੇ ਬਾਗ ਦਾ, ਸੀ ਅੱਤਿਆਚਾਰੀ।
ਜਿਨ੍ਹ ਭੁੰਨੀ ਤੋਪਾਂ ਡਾਹ ਕੇ, ਖਲਕਤ ਵੇਚਾਰੀ।
ਜਿਹਦੇ ਸਿਰ ਉੱਤੇ ਥਾਂ ਹੈਟ ਦੀ, ਪਾਪ ਦੀ ਖਾਰੀ।
ਮੈਂ ਸੌਂਹ ਖਾਧੀ ਸੀ ਉਸ ਦਿਨ, ਪਾਪੀ ਨੂੰ ਮਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਹਾਂ ਅਣਖੀਲਾ ਗਭਰੂ, ਮੇਰੀ ਗੈਰਤ ਭਾਰੀ।
ਮੇਰੀ ਛਾਤੀ ਪਰਬਤ ਵਾਂਗਰਾਂ, ਤੇ ਭੁਜਾ ਕਰਾਰੀ।
ਮੈਂ ਭਗਤ ਸਿੰਘ ਦਾ ਦਾਸ ਹਾਂ, ਮੈਨੂੰ ਮੌਤ ਪਿਆਰੀ।
ਮੈਂ ਲੱਗ ਕੇ ਲੇਖੇ ਵਤਨ ਦੇ, ਲੈਣੀ ਸਰਦਾਰੀ।
ਮੇਰੇ ਸੱਜਣ ਘਰ ਘਰ ਬੈਠ ਕੇ, ਗਾਵਨਗੇ ਵਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਮੋੜੀ ਭਾਜੀ ਦੇਸ ਦੀ, ਕਰ ਕੇ ਹੁਸ਼ਿਆਰੀ।
ਇਉਂ ਜਗ ਵਿਚ ਅਣਖੀ ਸੂਰਮੇ, ਲਾਹ ਲੈਂਦੇ ਵਾਰੀ।
ਮੇਰੀ ਰੂਹ ਨੂੰ ਮਾਰ ਨਹੀਂ ਸਕਦੀ, ਕੋਈ ਛੁਰੀ ਕਟਾਰੀ।
ਮੇਰੀ ਮੌਤ 'ਚ ਜੀਵਨ ਕੌਮ ਦਾ, ਮਰਨਾ ਗੁਣਕਾਰੀ।
ਮੈਂ ਸਬਰ ਵਿਖਾ ਕੇ ਗਜ਼ਬ ਦਾ, ਲੱਖ ਜਬਰ ਸਹਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਦੋਸ਼ੀ ਵਤਨ ਪਿਆਰ ਦਾ, ਮੈਨੂੰ ਚੜ੍ਹੀ ਖੁਮਾਰੀ।
ਮੈਨੂੰ ਵਿਚ ਸ਼ਕੰਜੇ ਕੱਸ ਕੇ, ਸਿਰ ਫੇਰੋ ਆਰੀ।
ਮੇਰਾ ਪੁਰਜਾ ਪੁਰਜਾ ਕੱਟ ਕੇ, ਕਰ ਦਿਓ ਖੁਆਰੀ।
ਮੇਰਾ ਖੂਨ ਡੋਹਲ ਕੇ ਰੰਗ ਦਿਉ, ਇਹ ਧਰਤੀ ਸਾਰੀ।
ਤੇ ਵੇਚੋ ਮੇਰੇ ਮਾਸ ਨੂੰ, ਵਿਚ ਗਲੀਂ ਬਜ਼ਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਇਉਂ ਆਜ਼ਾਦੀ ਨੂੰ ਵਿਆਹੇਗੀ, ਮੇਰੀ ਰੂਹ ਕੁਆਰੀ।
ਤੇ ਪੱਕੀ ਹੋ ਜਾਊ ਵਤਨ ਨਾਲ, ਮੇਰੀ ਲੱਗੂ ਯਾਰੀ।
ਇਉਂ ਅੰਗਰੇਜ਼ੀ ਸਾਮਰਾਜ ਨੂੰ, ਸੱਟ ਲੱਗੂ ਭਾਰੀ।
ਇਉਂ ਜੋਬਨ ਉੱਤੇ ਆਇਗੀ, ਭਾਰਤ ਫੁਲਵਾੜੀ।
ਮੈਂ ਕਿਉਂ ਨਾ ਆਪਣੇ ਵਤਨ ਦੀ, ਤਕਦੀਰ ਸੁਆਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਮੁਜਰਮ ਨਹੀਂ ਇਖਲਾਕ ਦਾ, ਮੈਂ ਵਤਨ ਪੁਜਾਰੀ।
ਮੈਂ ਜੋ ਕੁਝ ਕੀਤਾ ਵਤਨ ਲਈ ਭਾਰਤ ਹਿੱਤਕਾਰੀ।
ਮੇਰੇ ਹੱਡਾਂ ਦੀ ਸੁਆਹ ਘਲਿਓ, ਮੇਰੇ ਵਤਨ ਮਝਾਰੀ।
ਮੈਂ ਜੰਮਣ ਭੋਂ ਨੂੰ ਪਰਸ ਲਾਂ, ਫਿਰ ਅੰਤਮ ਵਾਰੀ।
ਮੇਰੇ ਰੋਮ ਰੋਮ ਚੋਂ ਉੱਠੀਆਂ, ਏਹੋ ਲਲਕਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
-
ਗੁਰਭਜਨ ਸਿੰਘ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.