ਮੈ 1971 ਚ ਲੁਧਿਆਣੇ ਜੀ ਜੀ ਐੱਨ ਖਾਲਸਾ ਕਾਲਿਜ ਚ ਪੜ੍ਹਨ ਆਇਆ ਤਾਂ ਉਦੋਂ ਲੜਕੀਆਂ ਦੇ ਗੌਰਮਿੰਟ ਕਾਲਿਜ ਚ ਪੰਜਾਬੀ ਪੜ੍ਹਾਉਣ ਵਾਲੀਆਂ ਤਿੰਨ ਪ੍ਰੋਫ਼ੈਸਰ ਸਨ। ਮਿਸਜ ਜੀ ਹਰਮਹਿੰਦਰ ਸਿੰਘ, ਕੁਲਤਾਰ ਕਪੂਰ ਤੇ ਡਾਃ ਰਮੇਸ਼ ਇੰਦਰ ਕੌਰ ਬੱਲ। ਇਹ ਵੀ ਤਾਂ ਚੇਤੇ ਹੈ ਕਿਉਂਕਿ ਕਾਲਿਜ ਦੇ ਸਾਹਿੱਤਕ ਸਮਾਗਮਾਂ ਦੇ ਕਾਰਡ ਦੇਣ ਲਈ ਮੈਨੂੰ ਤੇ ਸ਼ਮਸ਼ੇਰ ਨੂੰ ਸਾਡੇ ਅਧਿਆਪਕ ਡਾਃ ਸ ਪ ਸਿੰਘ ਉਸ ਕਾਲਿਜ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਚ ਪ੍ਰੋਃ ਮੋਹਨ ਸਿੰਘ, ਕੁਲਵੰਤ ਸਿੰਘ ਵਿਰਕ, ਅਜੀਇਗ ਚਿਤਰਕਾਰ, ਸ ਨ ਸੇਵਕ, ਡਾਃ ਸਾਧੂ ਸਿੰਘ ਤੇ ਡਾਃ ਸ ਸ ਦੋਸਾਂਝ ਨੂੰ ਸੱਦਾ ਦੇਣ ਭੇਜਦੇ ਸਨ।
ਸਾਨੂੰ ਹਮੇਸ਼ਾਂ ਚੰਗਾ ਲੱਗਦਾ ਜਦ ਵੀ ਭੈਣ ਜੀ ਰਮੇਸ਼ ,ਕੁਲਤਾਰ ਤੇ ਮਿਸਜ ਜੀ ਹਰਮਹਿੰਦਰ ਸਿੰਘ ਮਿਲਦੇ। ਉਹ ਅਪਣੱਤ ਹੁਣ ਵੀ ਹੁਲਾਰਾ ਦੇ ਜਾਂਦੀ ਹੈ।
ਭੈਣ ਜੀ ਰਮੇਸ਼ ਇੰਦਰ ਬੱਲ ਸਦਾ ਸੱਜਰੇ ਅਹਿਸਾਸ ਨਾਲ ਮਿਲਦੇ ਨੇ। ਉਨ੍ਹਾਂ ਦੇ ਪੇਕੇ ਬੰਗਾ ਵਿੱਚ ਨੇ। ਇਸੇ ਸ ਨ ਕਾਲਿਜ, ਲੜਕੀਆਂ ਦੇ ਕਾਲਿਜ ਤੇ ਖਾਲਸਾ ਸਕੂਲ ਨੂੰ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਸਃ ਹਰਗੁਰਨਾਦ ਸਿੰਘ ਜੀ ਨੇ ਪਿਛਲੀ ਸਦੀ ਦੇ ਛੇਵੇਂ ਦਹਾਕੇ ਚ ਬਣਵਾਇਆ ਸੀ। ਉਹ ਇਸ ਇਲਾਕੇ ਤੋਂ ਦੋ ਵਾਰ ਵਿਧਾਇਕ ਬਣੇ। ਨਵਾਂ ਸ਼ਹਿਰ ਤੇ ਫਗਵਾੜਾ ਖੰਡ ਮਿੱਲਾਂ ਵੀ ਉਨ੍ਹਾਂ ਹੀ ਲੁਆਈਆਂ।
ਦਿੱਲੀ ਬੰਗਾ ਬੱਸ ਸੇਵਾ ਵੀ ਉਨ੍ਹਾਂ ਦੀ ਹੀ ਦੂਰ ਦ੍ਰਿਸ਼ਟੀ ਸੀ। ਇਹ ਸਭ ਗੱਲਾਂ ਰਾਤੀਂ ਭੈਣ ਜੀ ਰਮੇਸ਼ਇੰਦਰ ਨੇ ਮੈਨੂੰ ਏਸ ਕਰਕੇ ਸੁਣਾਈਆਂ ਕਿਉਂਕਿ ਮੈਂ ਉਨ੍ਹਾਂ ਨੂੰ ਸਿੱਖ ਨੈਸ਼ਨਲ ਕਾਲਿਜ ਚ ਕੌਮਾਂਤਰੀ ਲੇਖਕ ਮੰਚ ਵੱਲੋਂ ਕਰਵਾਏ ਸਮਾਗਮ ਦੀਆਂ ਤਸਵੀਰਾਂ ਭੇਜੀਆਂ ਸਨ। ਉਹ ਯਾਦਾਂ ਦੀ ਗਲੀ ਚ ਜਾ ਵੜੇ। ਜਦ ਉਹ ਇਸ ਕਾਲਿਜ ਚ ਪੜ੍ਹਦੇ ਸਨ। ਸਃ ਅਮਰੀਕ ਸਿੰਘ ਪੂਨੀ ਕੀਟਾਇਰਡ ਚੀਫ ਸੈਕਟਰੀ ਪੰਜਾਬ ਉਨ੍ਹਾਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ ਉਦੋਂ ਤੇ ਡਾਃ ਹਰਭਜਨ ਸਿੰਘ ਦਿਉਲ ਪੁਲਿਟੀਕਲ ਸਾਇੰਸ।
ਇਕਬਾਲ ਮਾਹਲ ਪ੍ਰੀ ਯੂਨੀਵਰਸਿਟੀ ਚ ਪੜ੍ਹਦਾ ਸੀ ਤੇ ਭੈਣ ਜੀ ਬੀਏ ਭਾਗ ਤੀਜਾ ਵਿੱਚ। ਕਾਲਿਜ ਦੇ ਸਮੂਹ ਗਾਨ ਚ ਇਕੱਠੇ ਸੁਰ ਮਿਲਾਉਂਦੇ ਸਨ।
ਇਕਬਾਲ ਮਾਹਲ ਨੂੰ ਉਹ ਦਿਨ ਹੁਣ ਵੀ ਜਦੋਂ ਯਾਦ ਆਉਂਦੇ ਨੇ ਤਾਂ ਉਸ ਦੇ ਕੰਨ ਲਾਲ ਹੋ ਜਾਂਦੇ ਹਨ। ਉਸ ਦਾ ਪਿੰਡ ਮਾਹਲ ਗਹਿਲਾਂ ਸੀ ਨੇੜੇ ਹੀ।
ਭੈਣ ਜੀ ਰਮੇਸ਼ ਇੰਦਰ ਦੀਆਂ ਗੱਲਾਂ ਸੁਣਦਿਆਂ ਮੈਨੂੰ ਸੁਰਜੀਤ ਪਾਤਰ ਜੀ ਦਾ ਉਨ੍ਹਾਂ ਵਕਤਾਂ ਚ ਲਿਖਿਆ ਸ਼ਿਅਰ ਚੇਤੇ ਆ ਰਿਹਾ ਸੀ।
ਰੇਤਾ ਉੱਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਪਲ ਲਗਦੇ ਨੇ,
ਕਿੰਨੀ ਛੇਤੀ ਭੁੱਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ।
ਸਃ ਹਰਗੁਰਨਾਦ ਸਿੰਘ ਜੀ ਦੀ ਸਿੱਖ ਨੈਸ਼ਨਲ ਕਾਲਿਜ ਬੰਗਾ ਦੇ ਪ੍ਰਿੰਸੀਪਲ ਡਾਃ ਤਰਸੇਮ ਸਿੰਘ ਦੇ ਕਮਰੇ ਚ ਲੱਗੀ ਤਸਵੀਰ ਦੇ ਮੱਧਮ ਰੰਗ ਗੂੜ੍ਹੇ ਕਰਨ ਨੂੰ ਦਿਲ ਕੀਤਾ। ਉਹ 1989 ਚ ਸਰੀਰਕ ਵਿਦਾਈ ਲੈ ਗਏ ਸਨ, ਪਰ ਕੰਮ ਤੇ ਕੀਰਤੀ ਬੰਗਾ ਅੱਜ ਵੀ ਮਾਣ ਰਿਹਾ ਹੈ। ਪੁੱਤਰਾਂ ਪੋਤਰਿਆਂ ਤੇ ਧੀ ਪਰਿਵਾਰ ਸਮੇਤ ਸਭਨਾਂ ਦੀ ਇਸ ਵਡਮੁੱਲੀ ਵਿਰਾਸਤ ਸਾਨੂੰ ਅੱਜ ਵੀ ਰਾਹ ਦਿਸੇਰਾ ਬਣਦੀ ਹੈ।
ਡਾਃ ਰਮੇਸ਼ ਇੰਦਰ ਕੌਰ ਬੱਲ ਕੇ ਉਨ੍ਹਾਂ ਦੇ ਅਤਿ ਜ਼ਹੀਨ ਪਤੀ ਡਾਃ ਜੇ ਪੀ ਸਿੰਘ ਜੀ ਨੇ ਲੁਧਿਆਣਾ ਚ ਦੋ ਵਿਦਿਅਕ ਅਦਾਰੇ ਪ੍ਰਤਾਪ ਕਾਲਿਜ ਆਫ਼ ਐਜੂਕੇਸ਼ਨ ਤੇ ਪਰਤਾਪ ਪਬਲਿਕ ਸਕੂਲ ਪ੍ਰਤਾਪ ਸਿੰਘ ਵਾਲਾ ਸਿੱਧਵਾਂ ਬੇਟ ਸੜਕ ਤੇ ਖੋਲ੍ਹੇ ਹੋਏ ਹਨ।
ਗੱਲਾਂ ਕਰਦਿਆਂ ਕਰਦਿਆਂ ਭੈਣ ਜੀ ਰਮੇਸ਼ ਰੁਕ ਗਏ ਤੇ ਬੋਲੇ
ਗੁਰਭਜਨ , ਜਿਹੜੇ ਕੰਮ ਲਈ ਮੈਂ ਤੈਨੂੰ ਫੋਨ ਕੀਤਾ ਸੀ, ਉਹ ਤਾਂ ਮੈਂ ਭੁੱਲ ਹੀ ਗਈ।
ਮੈਂ ਆਖਿਆ ! ਭੈਣ ਜੀ ਹੁਣ ਦੱਸ ਦਿਉ।
ਬੋਲੇ! ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਤੇਰੇ ਪਰਿਵਾਰ ਨੇ ਨਿਰਪਜੀਤ ਦੀ ਯਾਦ ਵਿੱਚ ਜੋ ਇਨਾਮ ਸਥਾਪਿਤ ਕੀਤਾ ਹੋਇਐ, ਮੈਂ ਉਸ ਚ ਕੁਝ ਹਿੱਸਾ ਪਾ ਕੇ ਇਨਾਮ ਵੱਡਾ ਕਰਨਾ ਚਾਹੁੰਦੀ ਹਾਂ। ਤੈਨੂੰ ਤਾਂ ਪਤਾ ਹੀ ਏ , ਉਹ ਮੈਨੂੰ ਕਿੰਨਾ ਪਿਆਰ ਦੇਂਦੀ ਸੀ ਤੇ ਮੈਂ ਉਹਨੂੰ। ਨਾਂਹ ਨਾ ਕਰੀਂ, ਮੈਂ ਇੱਕ ਲੱਖ ਰੁਪਿਆ ਕੱਲ੍ਹ ਭੇਜਾਂਗੀ। ਅਕਾਡਮੀ ਵੱਲੋਂ ਪ੍ਰਵਾਨ ਕਰਿਉ।
ਮੇਰੀਆਂ ਅੱਖਾਂ ਭਰ ਆਈਆਂ। ਇੱਕ ਇੱਕ ਪਲ ਅੱਖਾਂ ਅੱਗਿਉਂ ਲੰਘ ਗਿਆ। ਕਿਵੇਂ 1983 ਤੋਂ 1993 ਤੀਕ ਦੇ ਸਫ਼ਰ ਦੌਰਾਨ ਜਦ ਵੀ ਕਦੇ ਭੈਣ ਜੀ ਰਮੇਸ਼ ਸਾਨੂੰ ਘਰ ਬਾਹਰ ਜਾਂ ਮੇਰੀ ਵਿੱਛੜੀ ਜੀਵਨ ਸਾਥਣ ਨਿਰਪਜੀਤ ਦੀ ਕਰਮਭੂਮੀ ਰਾਮਗੜ੍ਹੀਆ ਗਰਲਜ਼ ਕਾਲਿਜ ਚ ਮਿਲੇ, ਹਰ ਵਾਰ ਅਪਣੱਤ ਦਾ ਰਿਸ਼ਤਾ ਬਣਿਆ ਰਿਹਾ। ਮੇਰਾ ਪੁੱਤਰ ਪੁਨੀਤ ਨਿੱਕਾ ਜਿਹਾ ਸੀ ਜਦ ਬਹੁਤ ਵਾਰ ਸਕੂਟਰ ਉਨ੍ਹਾਂ ਦੇ ਘਰ ਵੱਲ ਮੁੜਵਾ ਲੈਂਦਾ ਮੈਥੋਂ। ਇਸ ਰਿਸ਼ਤੇ ਦਾ ਕੋਈ ਨਾਮ ਨਹੀਂ।
ਅੱਜ ਸਵੇਰੇ ਉਹ ਪੰਜਾਬੀ ਭਵਨ ਆ ਕੇ ਇੱਕ ਲੱਖ ਰੁਪਏ ਦਾ ਚੈੱਕ ਅਕਾਡਮੀ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਤੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੂੰ ਸੌਂਪ ਗਏ। ਕਿਸੇ ਦੁਨਿਆਵੀ ਰਿਸ਼ਤੇ ਬਿਨ ਬੇਗਰਜ਼ ਹੋ ਕੇ ਵਿੱਛੜਿਆਂ ਨੂੰ ਕੋਈ ਏਦਾਂ ਵੀ ਪਿਆਰ ਨਾਲ ਚੇਤੇ ਕਰ ਸਕਦੈ, ਮੈਂ ਤਾਂ ਆਪਣੀ ਹਯਾਤੀ ਚ ਪਹਿਲੀ ਵਾਰ ਅੱਖੀਂ ਵੇਖਿਆ।
ਧਰਤੀ ਦੀਆਂ ਮੁਹੱਬਤੀ ਧੀਆਂ ਜ਼ਿੰਦਾਬਾਦ। ਮੈਨੂੰ ਅਹਿਸਾਸ ਹੋਇਆ ਬੰਗਾ ਨਵਾਂਸ਼ਹਿਰ ਦੀ ਧਰਤੀ ਸੱਚ ਮੁੱਠ ਮਿਠਾਸ ਉਗਾਉਂਦੀ ਹੈ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.