ਭਗਵੰਤ ਮਾਨ ਦੇ ਕਿੰਨੇ ਚੰਗੇ ਭਾਗ ਨੇ ਕਿ ਉਹ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ। ਸਾਰੇ ਜਾਣਦੇ ਨੇ ਕਿ ਉਹ ਆਪਣੇ ਖੇਤਰ ਦਾ ਮੰਨਿਆ ਹੋਇਆ ਚਰਚਿਤ ਕਾਮੇਡੀਅਨ ਹੈ। ਉਹ ਆਮ ਜਿਹੇ ਉਸ ਪੇਂਡੂ ਘਰ ਦਾ ਪੁੱਤ ਹੈ, ਜਿਸ ਪੇਂਡੂ ਘਰ ਵਿਚ ਪੈਦਾ ਹੋਕੇ ਵੱਡੇ ਵੱਡੇ ਘਰਾਂ ਤੱਕ ਪਹੁੰਚ ਕਰਨੀ ਬੜੀ ਔਖੀ ਹੈ ਤੇ ਇਹ ਰਾਹ ਰਸਤੇ ਤਲਾਸ਼ਣੇ ਸੌਖਾ ਕਾਰਜ ਨਹੀਂ ਸੀ। ਭਗਵੰਤ ਮਾਨ ਦੀ ਸੂਝ ਬੜੀ ਤਿੱਖੀ ਹੈ। ਉਹ ਚੇਤੰਨ ਹੈ, ਹਾਜ਼ਰ ਜੁਆਬ ਹੈ ਤੇ ਹੁਸ਼ਿਆਰ ਵੀ ਬਚਪਨ ਤੋਂ ਹੀ ਹੈ। ਮੇਰੇ ਨਾਲ ਉਹਦੀ ਵਾਕਫੀ ਸੰਨ 1997 ਦੇ ਲਗਭਗ ਦੀ ਹੈ, ਜਦ ਉਹਦੀ ਕਾਮੇਡੀ ਕਲਾ ਦਾ ਜਾਦੂ ਦੂਰਦਰਸ਼ਨ ਕੇਂਦਰ ਜਲੰਧਰ ਰਾਹੀਂ ਤੇ ਉਸਦੀਆਂ ਕਾਮੇਡੀ ਕੈਸਿਟਾਂ ਰਾਹੀਂ ਲੋਕਾਂ ਦੇ ਸਿਰ ਚੜ ਚੜ ਕੇ ਬੋਲ ਰਿਹਾ ਸੀ। ਉਸਦੀ ਹਰ ਥਾਂ ਮੰਗ ਹੋ ਰਹੀ ਸੀ। ਦੇਸ਼ ਬਦੇਸ਼ ਵਿਚ ਉਸਨੂੰ ਉਡੀਕਿਆ ਜਾ ਰਿਹਾ ਸੀ। ਉਹ ਜਿਥੇ ਵੀ ਜਾਂਦਾ, ਹਾਲਾਂ ਦੇ ਹਾਲ ਨੱਕੋ ਨੱਕ ਭਰ ਜਾਂਦੇ।
ਉਹਨੇ ਪੰਜਾਬੀ ਕਾਮੇਡੀ ਨੂੰ ਆਪਣੀ ਮੌਲਿਕਤਾ ਨਾਲ ਨਵੀਨਤਾ ਦਿੱਤੀ ਸੀ ਉਸਦਾ ਮਿਆਰ ਵੀ ਉੱਚਾ ਚੁੱਕਿਆ। ਮੈਂ ਉਨਾਂ ਵੇਲਿਆ 'ਚ ਉਸਨੂੰ ਇਕ ਚਿੱਠੀ ਲਿਖੀ ਸੀ, ਹੋ ਸਕਦਾ ਹੈ ਕਿ ਕਿਤੇ ਉਹਦੇ ਪੁਰਾਣੇ ਕਾਗਜਾਂ ਵਿਚ ਸੰਭਾਲੀ ਪਈ ਹੋਵੇ ਉਹ ਚਿੱਠੀ। ਪਰ ਮੈਨੂੰ ਉਸ ਚਿੱਠੀ ਵਿਚ ਲਿਖੇ ਕੁਝ ਕੁਝ ਵੇਰਵੇ ਹਾਲੇ ਵੀ ਚੇਤੇ ਨੇ। ਮੈਂ ਉਸਨੂੰ ਲਿਖਿਆ ਸੀ: "ਬਾਈ ਭਗਵੰਤ ਜੀ, ਆਪ ਦੀ ਹਾਸ ਕਲਾ ਆਮ ਹਾਸ ਕਲਾ ਨਹੀਂ ਹੈ, ਇਸ ਵਿਚ ਡੂੰਘਾ ਸਮਾਜਿਕ ਦਰਦ ਝਲਕਦਾ ਹੈ। ਸਾਡੇ ਸਮਾਜ ਦੀ ਚੀਸ ਵੀ ਉਭਰਦੀ ਹੈ। ਸਿਰਫ ਹਾਸਾ ਹੀ ਨਹੀ ਉਪਜਦਾ ਸਗੋਂ ਤਿੱਖੇ ਵਿਅੰਗ ਦੀ ਚੋਭ ਨਾਲ ਸਮਾਜ ਦੇ ਉਲਝੇ ਤਾਣੇ ਬਾਣੇ ਤੇ ਪ੍ਰਬੰਧ ਦੇ ਫਿਕਰ ਤੇ ਗਮ ਵੀ ਨਾਲ ਨਾਲ ਲੈਕੇ ਤੁਰਦੀ ਹੈ ਆਪ ਦੀ ਹਾਸ ਕਲਾ। ਚੋਟ ਤੇ ਟਕੋਰ ਕਰਨ ਵਿਚ ਆਪ ਦਾ ਕੋਈ ਸਾਨੀ ਨਹੀਂ ਹੈ। ਇਹ ਨਿਰੋਲ ਮੌਲਿਕ ਹੈ। ਆਪ ਦੀ ਹਾਸ ਕਲਾ ਨੂੰ ਨੀਝ ਤੇ ਸੂਝ ਨਾਲ ਨਿਰਖ ਪਰਖ ਕੇ ਇਸ ਬਾਬਤ ਵਿਸਥਾਰ ਨਾਲ ਲਿਖਣਾ ਬਣਦਾ ਹੈ।"
ਇਹ ਉਸਨੂੰ ਚਿੱਠੀ ਵਿੱਚ ਬਿਲਕੁਲ ਠੀਕ ਲਿਖਿਆ ਸੀ ਮੈਂ। ਪਰ ਭਗਵੰਤ ਮਾਨ ਦੀ ਵਿਅੰਗ ਕਲਾ ਬਾਰੇ ਕਿਸੇ ਲਿਖਾਰੀ ਨੇ ਖੁੱਲਕੇ ਲਿਖਿਆ ਹੀ ਨਹੀਂ ਜਦੋਂ ਕਿ ਉਸਦੀ ਹਾਸ-ਕਲਾ ਸਬੰਧੀ ਵਿਦਿਆਰਥੀ ਵਧੀਆ ਖੋਜ ਕਾਰਜ ਵੀ ਕਰ ਸਕਦੇ ਸਨ। ਇਹ ਅਣਛੋਹਿਆ ਵਿਸ਼ਾ ਸ਼ੀ। ਮੈਨੂੰ ਯਾਦ ਹੈ ਕਿ ਅਜ ਤੋਂ 21 ਸਾਲ ਪਹਿਲਾਂ ਮੈਂ ਜਦ ਸਾਰੇ ਮਸ਼ਹੂਰ ਹੋਏ ਮਾਨਾਂ ਬਾਰੇ ਇਕ ਕਿਤਾਬ "ਮਾਨ ਪੰਜਾਬ ਦੇ" ਲਿਖੀ ਸੀ ਤਾਂ ਉਸ ਵਿਚ ਭਗਵੰਤ ਮਾਨ ਬਾਰੇ 18 ਪੰਨਿਆਂ ਦਾ ਲੰਬਾ ਸ਼ਬਦ ਚਿਤਰ ਲਿਖਿਆ ਸੀ ਤੇ ਉਸਦਾ ਸਿਰਲੇਖ ਸੀ-"ਹਾਸ ਕਲਾ ਦਾ ਬਾਦਸ਼ਾਹ"।
ਉਸੇ ਸ਼ਬਦ ਚਿਤਰ ਵਿਚ ਦਰਜ ਸ਼ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਭਗਵੰਤ ਮਾਨ ਬਾਰੇ ਕੀਤੀ ਖੂਬਸੂਰਤ ਟਿਪਣੀ ਦਰਜ ਹੈ, ਉਨਾ ਕਿਹਾ ਸੀ ਕਿ ਭਗਵੰਤ ਮਾਨ ਦੇ ਪਾੜ ਖੁੱਲੇ ਹੋਏ ਐ,ਬੋੜਾ ਖੂਹ ਹੈ ਏਹ ਸਾਡਾ ਮੁੰਡਾ, ਬੋੜੇ ਖੂਹ ਵਿਚ ਪਾੜ ਲੱਗ ਦਾਂਦੇ ਨੇ ਤੇ ਉਹ ਸੁਕਦਾ ਨਹੀ ਹੁੰਦਾ,ਕੁਝ ਕਲਾਕਾਰ ਐਸੇ ਹੁੰਦੇ ਨੇ ਜਿਹੜੇ ਤੇਲ ਦੇ ਪੈਟਰੋਲ ਪੰਪ ਹੁੰਦੇ ਨੇ,ਜਿੰਨਾ ਤੇਲ ਪਾਓ, ਓਨੇ ਈ ਕੱਢਿਆ ਜਾ ਸਕਦਾ ਐ,ਪਰ ਸਾਡਾ ਭਗਵੰਤ ਮਾਨ ਤਾਂ ਤੇਲ ਦਾ ਖੂਹ ਐ, ਇਹਦੇ ਚੋਂ ਜਿੰਨਾ ਤੇਲ ਕੱਢੋਗੇ, ਓਨਾ ਹੀ ਵਧੀਆ ਤੇਲ ਆਈ ਜਾਊਗਾ।" ਪਾਰਸ ਜੀ ਨੇ ਇਹ ਬੜਾ ਦਰੁਸਤ ਆਖਿਆ ਸੀ। ਇਥੇ ਇਹ ਜਿਕਰ ਕਰਨਾ ਵੀ ਬਣਦਾ ਹੈ ਕਿ ਭਗਵੰਤ ਦੇ ਪਿਤਾ ਮਾਸਟਰ ਮਹਿੰਦਰ ਸਿੰਘ ਜੀ ਸਾਇੰਸ ਮਾਸਟਰ ਸਨ ਤੇ ਉਹਨਾਂ ਉਘੇ ਤਰਕਸ਼ੀਲ ਮੇਘ ਰਾਜ ਮਿੱਤਰ ਦੀਆਂ ਲਿਖੀਆਂ ਕਿਤਾਬਾਂ ਭਗਵੰਤ ਨੂੰ ਪੜਨ ਲਈ ਦਿੰਦੇ ਰਹਿਣਾ, ਇਉਂ ਉਹਦੀ ਰੁਚੀ ਸਾਇੰਸ ਵਿਗਿਆਨ ਤੇ ਤਰਕਸ਼ੀਲਤਾ ਵੱਲ ਵਧਦੀ ਰਹੀ।
ਲੋਕਾਂ ਦੀਆਂ ਆਸਾਂ
7 ਸਾਲ ਭਗਵੰਤ ਮਾਨ ਨੇ ਪੰਜਾਬ ਦੇ ਅਹਿਮ ਮੁੱਦੇ ਪਾਰਲੀਮੈਂਟ ਵਿਚ ਉਠਾਏ ਤੇ ਹੁਣ ਵੀ ਕੁਝ ਦਿਨਾਂ ਵਿਚ ਹੀ ਪੰਜਾਬ ਦੇ ਹਿਤਾਂ ਖਾਤਰ ਵਧਿਆ ਫੈਸਲੇ ਕੀਤੇ ਜਾ ਰਹੇ ਹਨ। ਇਹ ਸੱਚ ਹੈ ਕਿ ਉਸਾਰੂ ਸੋਚ ਦੇ ਮਾਲਕ ਭਗਵੰਤ ਮਾਨ ਦੇ ਪੰਜਾਬ ਦਾ ਮੁੱਖ ਬਣਨ ਨਾਲ ਪੰਜਾਬ ਦੇ ਲੋਕਾਂ ਨੇ ਦਿਲੋਂ ਚਾਅ ਕੀਤਾ ਹੈ ਤੇ ਦੇਸ਼ ਦੁਨੀਆਂ ਭਰ ਵਿੱਚ ਬੈਠੇ ਪੰਜਾਬੀਆਂ ਨੇ ਜੀਓ ਆਇਆਂ ਆਖਿਆ ਹੈ। ਇਕ ਨਵਾਂ ਸਿਆਸੀ ਇਤਿਹਾਸ ਲਿਖ ਦਿੱਤਾ ਗਿਆ ਹੈ ਪੰਜਾਬ ਵਾਸਤੇ। ਸਿਆਸੀ ਰੁੱਖਾਂ ਦੇ ਪੁਰਾਣੇ ਪੱਤੇ ਝੜ ਗਏ ਨੇ ਤੇ ਨਵਿਆਂ ਪੱਤਿਆਂ ਦੀ ਰੁੱਤ ਆ ਗਈ ਹੈ। ਇਹ ਰੰਗੀਨ ਰੁੱਤ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਉਮੰਗਾਂ ਭਰੀ ਹੈ ਤੇ ਸਾਨੂੰ ਵੀ ਪੂਰਨ ਆਸ ਤੇ ਵਿਸ਼ਵਾਸ ਹੈ ਕਿ ਸਾਡਾ ਪਿਆਰਾ ਤੇ ਪੁਰਾਣਾ ਮਿੱਤਰ ਭਗਵੰਤ ਮਾਨ ਲੋਕਾਂ ਦੀਆਂ ਆਸਾਂ ਉਤੇ ਪੂਰਾ ਪੂਰਾ ਖਰਾ ਉਤਰੇਗਾ। ਰੱਬ ਖੈਰ ਕਰੇ!
-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.