ਜ਼ਿੰਦਗੀ ਨੂੰ ਸੁਧਾਰ
ਆਪ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਣ ਦੀ ਸਮਰੱਥਾ ਰੱਖਦੇ ਹੋ ਕਿਉਂਕਿ ਜ਼ਿੰਦਗੀ ਤਾਂ ਤੁਹਾਡੀ ਆਪਣੀ ਹੈ। ਆਪਣੇ ਬਾਰੇ ਲਏ ਹੋਏ ਚੰਗੇ ਮਾੜੇ ਫ਼ੈਸਲੇ ਦੇ ਖ਼ੁਦ ਜ਼ਿੰਮੇਵਾਰ ਬਣੋ। ਬਾਅਦ ’ਚ ਦੂਜਿਆਂ ’ਤੇ ਦੋਸ਼ ਮੜ੍ਹਿਆਂ ਮੁਸ਼ਕਲਾਂ ਨੇ ਘੱਟ ਨਹੀਂ ਜਾਣਾ ਹੁੰਦਾ। ਕਹਿਣ ਸੁਣਨ ਤੇ ਕਰਨ ਦਾ ਅੰਤਰ ਹਰ ਕੋਈ ਬਾਖ਼ੂਬੀ ਜਾਣਦਾ ਅਤੇ ਸਮਝਦਾ ਹੈ। ਫਿਰ ਬੇ-ਲੋੜੀਂਦੀ ਦੇਣੀਆਂ ਅਤੇ ਲੈਣੀਆਂ ਸਲਾਹਾਂ ਨੂੰ ਦੂਰੋ ਸਲਾਮ ਕਰਨ ਦੀ ਲੋੜ ਹੈ। ਕੋਈ ਜਾਣ ਬੁਝ ਕੇ ਗ਼ਲਤ ਮਸ਼ਵਰਾ ਨਹੀਂ ਦਿੰਦਾ ਲੇਕਿਨ ਹਰੇਕ ਦਾ ਆਪਣਾ ਦਿ੍ਰਸ਼ਟੀਕੋਣ ਹੁੰਦਾ ਜਿਸ ਅਨੁਸਾਰ ਉਹ ਦੇਖਦਾ ਹੋਵਗਾ। ਵਿਚਾਰਾਂ ’ਚ ਵਖਰੇਵੇਂ ਸਬੰਧੀ ਤਰੇੜ ਦਾ ਕਾਰਨ ਬਣ ਜਾਣਾ ਸੁਭਾਵਿਕ ਗੱਲ ਏ। ਪਿਆਰ ਨਾਲ ਪਿਆਰ ਤੇ ਖ਼ਰੀਦਿਆ ਜਾ ਸਕਦਾ ਹੈ ਪਰ ਬੇ-ਰੁਖੀ ਨਾਲ ਨਫ਼ਰਤ ਤਾਂ ਮੁਫ਼ਤ ’ਚ ਸਹੇੜੀ ਜਾ ਸਕਦੀ ਹੈ। ਹੱਸਮੁੱਖ ਚਿਹਰਾ ਗੁਲਾਬ ਵਾਂਗ ਖਿੜਿਆ ਲਗਦਾ ਹੈ। ਰੁਖਾਪਨ ਕੰਡਿਆਂ ਸਮਾਨ ਚੁਭਦਾ ਏ।
ਹਰ ਔਰਤ ਦੀ ਮਹਾਨਤਾ ਉਸ ਨੂੰ ਸੰਬੋਧਿਤ ਕਰਨ ਵਾਲੇ ਅੱਖਰਾਂ ਵਿਚ ਹੀ ਛੁਪੀ ਹੋਈ ਹੈ। ਉਹ ਔਰਤ ਇਕ ਮਰਦ ਨਾਲ ਧੀ-ਭੈਣ, ਮਾਂ ਦੇ ਰਿਸ਼ਤੇ ਨਾਲ ਜੁੜੀ ਹੁੰਦੀ ਹੈ ਇਸ ਤੋਂ ਇਲਾਵਾ ਪਤਨੀ ਦਾ ਪਤੀ ਨਾਲ ਵੀ ਸਬੰਧ ਹੁੰਦਾ ਹੈ। ਜਿਸ ਤੋਂ ਬਾਅਦ ਰਿਸ਼ਤਿਆਂ ਦਾ ਵਿਸਤਾਰ ਹੁੰਦਾ ਏ ਤੇ ਨਵੇਂ ਨਾਤੇ ਜਨਮ ਲੈਂਦੇ ਹਨ। ਇੱਥੇ ਮੈਂ ਉਸ ਔਰਤ ਦਾ ਜ਼ਿਕਰ ਕਰਨ ਜਾ ਰਿਹਾ ਹਾਂ ਜਿਸ ਦੀਆਂ ਰਗਾਂ ਅੰਦਰ ਤੁਹਾਡਾ ਆਪਣਾ ਖ਼ੂਨ ਨਾ ਹੋਣਾ ਭਾਵ ਔਰ-ਰਤ (ਹੋਰ ਖ਼ੂਨ) ਹੋਣ ਦੇ ਬਾਵਜੂਦ ਆਪਣੇ ਮਰਦ ਦੇ ਰੰਗ ਵਿਚ ਰਤੀ ਜਾਂਦੀ ਹੈ। ਮੇਰਾ ਮੰਤਵ ਇਕ ਔਰਤ ਦੀ ਤਾਰੀਫ ਕਰਨਾ ਹੀ ਨਹੀਂ ਬਲਕਿ ਇਸਤਰੀ ਜਾਤ ਦਾ ਪ੍ਰਤੀਕ ਮੰਨ ਕੇ ਇਕ ਬੀਤੀ ਘਟਨਾ ਨੂੰ ਸਫ਼ੇ ’ਤੇ ਉਕੇਰਨ ਲੱਗਾ ਹਾਂ। ਲਿਖਣ ਨਾਲ ਮਨ ਹੌਲਾ ਹੋਣਾ ਸੁਭਾਵਕ ਗੱਲ ਹੁੰਦੀ ਹੈ ਪਰ ਪੜ੍ਹਨ ਨਾਲ ਘਟਨਾ ਂਚੋੋਂ ਵਿਚਰਨਾ ਹੋ ਨਿੱਬੜਦਾ ਹੈ। ਜਿਸ ਔਰਤ ਦਾ ਜ਼ਿਕਰ ਕਰਨ ਲੱਗਾ ਉਹਦੀ ਜ਼ਿੰਦਗੀ ਬਾਰੇ ਮੈਂ ਬੜੀ ਬਰੀਕੀ ਨਾਲ ਜਾਣਦਾ ਹਾਂ ਉਸ ਦਾ ਇਕੱਲਤਾ ਨੂੰ ਦੂਰ ਭਜਾਉਣ ਲਈ ਵਰਤਿਆ ਤਰੀਕਾ ਕਿ ਭੀੜ ਦਾ ਹਿੱਸਾ ਬਣ ਜਾਣਾ ਮੈਨੂੰ ਤਾਂ ਇਕੱਲਾ ਕਰ ਦਿੰਦਾ ਹੈ। ਹਰ ਵਕਤ ਗ਼ਮ ਤੋਂ ਪੱਲਾ ਛੁਡਾ ਕੇ ਖ਼ੁਸ਼ ਰਹਿਣ ਦੇ ਉਪਰਾਲੇ ਕਰਦੀ ਲੋਕ ਭਲਾਈ ਦੀ ਸੇਵਾ, ਭਲੇ ਤੋਂ ਭਲਾ ਕੰਮ ਹੱਥੀਂ ਕਰ ਕੇ ਕਿਸੇ ਦੇ ਕੰਮ ਆਉਣ ਤੋਂ ਬਾਅਦ ਮਿਲਣ ਵਾਲਾ ਆਨੰਦ ਮਾਣਦੇ ਰਹਿਣਾ ਉਸ ਦੇ ਜੀਵਨ ਦਾ ਅੰਗ ਬਣ ਗਿਆ ਹੈ।
ਬੱਚਿਆਂ ਨੂੰ ਪੜ੍ਹਾਉਣਾ ਖ਼ੁਦ ਨੂੰ ਰੁਝੇਵਿਆਂ ’ਚ ਰੱਖਣਾ ਉਸ ਨੂੰ ਬਾਖ਼ੂਬੀ ਆਉਂਦਾ ਹੈ। ਉਸ ਦੀ ਜ਼ਿੰਦਗੀ ਭਾਵੇਂ ਸੱਖਣੀ ਹੀ ਹੈ ਜੋ ਦਰਦ ਜ਼ਬਾਨੋਂ ਕਹਿਣੇ ਔਖੇ ਹੋਣ ਉਹ ਦਿਲ ’ਤੇ ਸਹਿਣੇ ਕੋਈ ਸੁਖਾਲੇ ਨਹੀਂ ਹੁੰਦੇ। ਆਪਣੀ ਘਾਟ ਨੂੰ ਪੂਰਨ ਲਈ ਪਰਾਏ ਬੱਚਿਆਂ ਨੂੰ ਰੱਜ ਕੇ ਪਿਆਰ ਕਰਨਾ ਉਸ ਦੇ ਸੁਭਾਅ ਨਾਲ ਨੱਥੀ ਹੋਇਆ ਰਹਿੰਦਾ ਹੈ। ਸ਼ਾਮ ਨੂੰ ਉਦਾਸੀ ਦੂਰ ਭਜਾਉਣ ਤੇ ਆਪਣਾ ਸਮਾਂ ਗੁਜ਼ਾਰਨ ਲਈ ਉਹ ਸਾਥਣਾਂ ਨਾਲ ਪਾਰਕ ’ਚ ਘੰਟਾ ਕੁ ਸੈਰ ਜ਼ਰੂਰ ਕਰਦੀ ਹੈ। ਕੁਝ ਦਿਨ ਪਹਿਲਾਂ ਦੀ ਗੱਲ ਦੱਸਾਂ ਮੈਂ ਵੀ ਪਾਰਕ ਤੋਂ ਸੈਰ ਕਰ ਕੇ ਇਕੱਲਾ ਘਰ ਆ ਰਿਹਾ ਸੀ। ਜਿੱਧਰੋਂ ਮੈਂ ਪਾਰਕ ਜਾਣਾ ਰਸਤੇ ਵਿਚ ਘਰਾਂ ਦੇ ਅੱਗੇ ਬੱਚੇ ਰੋਜ਼ ਗੇਂਦ ਤੇ ਠੀਕਰੀਆਂ ਨਾਲ ਖੇਡੀ ਜਾਂਦੀ ਖੇਡ ਪਿੱਠੂ-ਗਰਮ ਖੇਡਦੇ ਦਿਖਦੇ। ਬੱਚੀਆਂ ਦੀ ਦੌੜ-ਭੱਜ ਸਦਕਾ ਸ਼ਾਮੀ ਚੰਗੀ ਭਲੀ ਰੌਣਕ ਬਣ ਜਾਣਾ ਲਾਜ਼ਮੀ ਸੀ। ਆਂਢੀ-ਗੁਆਂਢੀ ਬਚਕਾਨਾ ਸ਼ਰਾਰਤਾਂ ਦਾ ਲੁਤਫ਼ ਉਠਾਉਂਦੇ ਵਿਖਾਈ ਦੇਂਦੇ ਸਨ। ਉਨ੍ਹਾਂ ਦੇ ਆਪਣੇ ਬੱਚਿਆਂ ਦੀ ਸ਼ਮੂਲੀਅਤ ਹੋਣ ਕਰ ਕੇ ਨਿਗਰਾਨੀ ਹੇਠ ਰਹਿੰਦੇ ਸੀ।
ਉਦਾਸੀ ਤੋਂ ਦੂਰੀ ਬਣਾਉਣ ਵਾਸਤੇ ਰੌਣਕਾਂ ’ਚ ਵਿਚਰਨਾ ਬਹੁਤ ਜ਼ਰੂਰੀ ਹੈ। ਮੈਂ ਉਸ ਦੇ ਮਨ ਨੂੰ ਅੰਦਰੋਂ ਮਿਲ ਰਹੀ ਰੌਣਕ ਦੀ ਖ਼ੁਸ਼ੀ ਅਤੇ ਜ਼ਿੰਦਗੀ ਭਰ ਦੇ ਮਿਲੇ ਦਰਦ ਦਾ ਸੁਮੇਲ ਹੁੰਦਾ ਦੇਖਦਾ ਹੋਇਆ ਖ਼ੁਦ ਕੁਝ ਚਿਰ ਸੁੰਨ ਖੜ੍ਹਾ ਰਿਹਾ। ਜਦ ਤਕ ਉਸ ਨੇ ਕਿਹਾ ਨਹੀਂ, ਘਰ ਚੱਲੋ ਮੈਂ ਰਾਤ ਦੀ ਰੋਟੀ-ਟੁੱਕ ਦਾ ਇੰਤਜ਼ਾਮ ਵੀ ਕਰਨਾ ਹੈ, ਅਸੀਂ ਆਪਣੇ ਘਰ ਵੱਲ ਦੋਨੋਂ ਤੁਰ ਪਏ। ਉਹ ਮੇਰੇ ਨਾਲ ਰਹਿੰਦੀ ਹੈ ਮੇਰੀ ਪਤਨੀ ਜੁ ਹੋਈ। ਉਸ ਨੇ ਔਖੇ-ਸੌਖੇ ਤਰੀਕਿਆਂ ਨਾਲ ਖ਼ਾਲੀਪਨ ਭਰਨ ਦੇ ਰਾਹ ਲੱਭ ਲਏ ਹਨ। ਅਧੂਰੀ ਜ਼ਿੰਦਗੀ ਨੂੰ ਪੂਰੀ ਕਰਨ ਖ਼ਾਤਰ, ਇਸ ਤੋਂ ਪਹਿਲਾਂ ਕਿ ਕੋਈ ਕਮੀ ਜ਼ਿੰਦਗੀ ਅੰਦਰ ਸਿਰਫ਼ ਗ਼ਮੀ ਭਰ ਦੇਵੇ ਹੌਸਲੇ ਨਾਲ ਉਸ ਸੋਚ ਨੂੰ ਸਮਾਪਤ ਕਰ ਦੇਣ ’ਚ ਆਪਣੀ ਤੇ ਆਪਣਿਆਂ ਦੀ ਭਲਾਈ ਹੁੰਦੀ ਏ।
ਜ਼ਿੰਦਗੀ ’ਚ ਫ਼ਰਕ ਇਸ ਗੱਲ ਤੋਂ ਪੈਂਦਾ ਕਿ ਵਿਚਾਰ ਚੜ੍ਹਦੀ ਕਿ ਢਹਿੰਦੀ ਕਲਾ ਵਾਲੇ ਹਨ। ਘਰੇਲੂ ਹਾਲਤਾਂ ’ਚ ਸਹਿਣਸ਼ੀਲਤਾ ਦੇ ਤਲ ’ਤੇ ਔਰਤ ਮਰਦ ਤੋਂ ਅੱਗੇ ਹੀ ਰਹਿੰਦੀ ਹੈ ਉਹ ਅਕਸਰ ਕਹਿੰਦੀ ਹੈ ਜੋ ਪੂਰਾ ਨਾ ਹੋ ਸਕੇ ਖਿਆਲਾਂ ’ਚ ਜਾਂ ਸੋਚਾਂ ਤੋਂ ਬਣਾਏ ਸੁਪਨਿਆਂ ਰਾਹੀਂ ਪੂਰਾ ਕਰਨ ਲਈ ਕੁਦਰਤ ਹਮੇਸ਼ਾ ਸਾਡੀ ਮਦਦਗਾਰ ਸਾਬਤ ਹੁੰਦੀ ਹੈ। ਸਮੇਂ ਨੇ ਤਾਂ ਗੁਜ਼ਰ ਜਾਣਾ ਪਰ ਇਹ ਕਾਫ਼ੀ ਹੱਦ ਤਕ ਆਪਣੇ ਹੱਥ ਹੈ ਕਿਵੇਂ ਲੰਘਾਉਣਾ। ਬਾਕੀ ਚੰਗਾ ਜਾਂ ਮਾੜਾ ਲੰਘਿਆ ਸਮਾਂ ਯਾਦਾਂ ’ਚ ਜਗ੍ਹਾ ਬਣਾਈ ਰੱਖਦਾ ਹੈ। ਸੋਚ ਨੂੰ ਬੇੜੀਆਂ ਰਾਹੀਂ ਨਹੀਂ ਜਕੜਿਆ ਜਾ ਸਕਦਾ। ਦੂਜਿਆਂ ਨੂੰ ਖ਼ੁਸ਼ ਕਰਨ ਦੇ ਨਾਲ ਤੁਸੀਂ ਆਪ ਵੀ ਖ਼ੁਸ਼ ਹੁੰਦੇ ਹੋ। ਸੂਖ਼ਮ ਕਲਾਵਾਂ ਵੱਲ ਦਿਲਚਸਪੀ ਸਰੀਰ ਨਾਲ ਦਿਲੋ ਦਿਮਾਗ਼ ਲਈ ਲਾਹੇਵੰਦ ਹੁੰਦੀ ਏ। ਖ਼ੁਦ ਨੂੰ ਤਣਾਅ ਮੁਕਤ ਕਰਦੇ ਰਹਿਣਾ ਅਤੀ ਜ਼ਰੂਰੀ ਹੈ ਤਾਂ ਕਿ ਕਮੀਆਂ ਜ਼ਿੰਦਗੀ ਨੂੰ ਬਹੁਤਾ ਪ੍ਰਭਾਵਿਤ ਨਾ ਕਰ ਸਕਣ ਤੇ ਜ਼ਿੰੰਦਗੀ ਬੋਝਲ ਨਾ ਲੱਗੇ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.