ਪ੍ਰੋ: ਇੰਦਰਜੀਤ ਸਿੰਘ ਸਲੂਜਾ
ਕੁਝ ਸਖ਼ਸ਼ੀਅਤਾਂ ਦੀਆਂ ਪ੍ਰਾਪਤੀਆਂ ਐਡੀਆਂ ਵੱਡੀਆਂ ਹੁੰਦੀਆਂ ਹਨ ਕਿ ਉਨ੍ਹਾਂ ਦਾ ਵਰਨਣ ਕਰਨ ਲੱਗਿਆਂ ਸ਼ਬਦ ਵੀ ਊਣੇ ਪੈ ਜਾਂਦੇ ਹਨ।
ਦੇਸ਼ ਅਤੇ ਮੁੜ ਵਿਦੇਸ਼ ਵਿੱਚ ਆਪਣੇ ਲੋਕਾਂ 'ਚ ਵਿਚਰਦਿਆਂ, ਉਹਨਾ ਦੇ ਮਨਾਂ ਦੀ ਗੱਲ ਨੂੰ ਸਮਝਣਾ ਅਤੇ ਉਹਨਾ ਦੀ ਥਾਂ ਹੋ ਕੇ ਲੜਨਾ ਕੁਝ ਉੱਦਮੀ ਜੀਊੜਿਆਂ ਦੇ ਹਿੱਸੇ ਹੀ ਆਉਂਦਾ ਹੈ। ਪ੍ਰੋ: ਇੰਦਰਜੀਤ ਸਿੰਘ ਸਲੂਜਾ ਇਹੋ ਜਿਹਾ ਸਖ਼ਸ਼ ਹੈ, ਜਿਹੜਾ ਲੋਕਾਂ ਦੀ ਗੱਲ ਕਰਦਾ ਹੈ, ਲੋਕਾਂ ਲਈ ਖੜਦਾ ਹੈ, ਲੋਕਾਂ ਲਈ ਕੰਮ ਕਰਦਾ ਹੈ। ਆਪਣੇ ਭਾਰਤੀਆਂ ਅਤੇ ਵਿਦੇਸ਼ੀਆਂ ਵਿੱਚ ਉਸਦਾ ਨਾਮ ਵੱਡਾ ਹੈ ਅਤੇ ਪੰਜਾਬੀ, ਪ੍ਰੋਫੈਸਰ ਸਲੂਜਾ ਦੇ ਨਾਮ ਉਤੇ ਮਾਣ ਕਰਦੇ ਹਨ।
ਪ੍ਰੋ: ਇੰਦਰਜੀਤ ਸਿੰਘ ਸਲੂਜਾ "ਦੀ ਇੰਡੀਅਨ ਪੈਨੋਰੋਮਾ ਦਾ ਫਾਊਂਡਰ ਸੰਪਾਦਕ ਅਤੇ ਪਬਲਿਸ਼ਰ ਹੈ। ਉਸਨੇ ਇਸ ਤੋਂ ਪਹਿਲਾਂ ਪੰਜਾਬੀ ਦੇ ਕਈ ਮੈਗਜ਼ੀਨਾਂ ਦਾ ਅਮਰੀਕਾ 'ਚ ਸ਼ਾਨ-ਏ-ਪੰਜਾਬ (2004), ਪੰਜਾਬੀ ਦੁਨੀਆ (2004), ਅਪਨਾ ਪੰਜਾਬ (2005) ਅਤੇ ਪੰਜਾਬੀ ਪਤ੍ਰਿਕਾ (2007) ਦਾ ਸੰਪਾਦਨ ਕੀਤਾ। ਇਸ ਦੌਰਾਨ ਉਸਨੇ ਜਸ ਟੀ.ਵੀ., ਰਾਵੀ ਪੰਜਾਬੀ ਟੀ.ਵੀ., ਆਈ ਟੀ.ਵੀ. ਚੈਨਲਾਂ 'ਚ ਕੰਮ ਕੀਤਾ। ਉਹ ਹਿੰਦੀ ਸਪਤਾਹਿਕ ਅਖ਼ਬਾਰਾਂ "ਹਮ ਹਿੰਦੋਸਤਾਨੀ' ਦਾ ਫਾਊਂਡਰ ਸੰਪਾਦਕ ਬਣਿਆ, ਜੋ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਮੌਕੇ ਅਗਸਤ 2011 'ਚ ਸ਼ੁਰੂ ਕੀਤਾ ਗਿਆ।
ਪ੍ਰੋ: ਸਲੂਜਾ ਸਿਰਫ਼ ਸੰਪਾਦਕ ਨਹੀਂ, ਉਹ ਭਾਰਤੀ ਏਸ਼ੀਅਨ ਲੋਕਾਂ ਅਤੇ ਅਮਰੀਕਨਾਂ ਦਰਮਿਆਨ ਭਾਈਚਾਰਕ ਪੁਲ ਹੈ। ਉਸ ਵਲੋਂ ਇੱਕ ਸਮਾਜ ਸੇਵਕ, ਵਿਚਾਰਵਾਨ ਲੇਖਕ, ਕਮਿਊਨਿਟੀ ਲੀਡਰ ਵਜੋਂ ਲੰਮੇ ਸਮੇਂ ਤੋਂ ਅਣਥੱਕ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਭਾਰਤੀਆਂ ਨੂੰ ਉਹਨਾ ਦੀ ਵੱਡਮੁਲੀ ਸੇਵਾ ਉਤੇ ਮਾਣ ਇਸ ਕਰਕੇ ਵੀ ਹੈ ਕਿ ਉਹ ਇਕੋ ਵੇਲੇ ਅੰਗਰੇਜ਼ੀ, ਹਿੰਦੀ, ਪੰਜਾਬੀ 'ਚ ਲਿਖਦਾ, ਸੰਪਾਦਨਾ ਕਰਦਾ ਅਤੇ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ। ਉਹਦੀਆਂ ਰਚਨਾਵਾਂ, ਲੇਖ, ਅਮਰੀਕਾ ਦੇ ਪੱਤਰਾਂ ਵਿੱਚ ਹੀ ਨਹੀਂ, ਵਿਸ਼ਵ ਭਰ 'ਚ ਛਪਦੇ ਹਨ, ਜਿਹਨਾ ਵਿੱਚ ਇੰਡੀਅਨ ਐਕਸਪ੍ਰੈਸ ਚੰਡੀਗੜ੍ਹ, ਦੀ ਟ੍ਰਿਬੀਊਨ ਚੰਡੀਗੜ੍ਹ ਸ਼ਾਮਲ ਹਨ।
ਪ੍ਰੋ: ਸਲੂਜਾ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਰਹੇ ਹਨ, ਜਿਹਨਾ ਵਿੱਚ ਨੈਸ਼ਨਲ ਯੂਥ ਕਾਂਗਰਸ, ਅਕੈਡਮਿਕ ਕੌਂਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿਲ੍ਹਾ ਸਲਾਹਕਾਰ ਕਮੇਟੀ ਲੁਧਿਆਣਾ ਸ਼ਾਮਲ ਹਨ। ਆਪਣੀ ਜ਼ਿੰਦਗੀ ਦੇ ਤੀਹ ਵਰ੍ਹੇ ਉਹਨਾ ਵਿਦਿਆਰਥੀਆਂ ਨੂੰ ਆਰੀਆ ਕਾਲਜ ਲੁਧਿਆਣਾ 'ਚ ਪੜ੍ਹਾਇਆ ਅਤੇ ਰਿਟਾਇਰਮੈਂਟ ਬਾਅਦ ਉਹ 2003 ਵਿੱਚ ਅਮਰੀਕਾ ਚਲੇ ਗਏ।
ਪ੍ਰੋ: ਇੰਦਰਜੀਤ ਸਿੰਘ ਸਲੂਜਾ ਅੰਗਰੇਜ਼ੀ ਦੀ ਐਮ.ਏ. ਹਨ। ਉਹ ਅਮਰੀਕਾ, ਕੈਨੇਡਾ, ਯੂ.ਕੇ. 'ਚ ਲਗਤਾਰ ਘੁੰਮੇ ਹਨ। ਉਹਨਾ ਨੂੰ ਮਾਣ ਹੈ ਕਿ ਉਹ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਪੜ੍ਹੇ ਹਨ ਅਤੇ ਉਥੇ ਹਿੰਦੀ ਸਾਹਿਤ ਅਤੇ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ ਹੈ। ਉਹਨਾ ਦੇ ਟੀਚਰਾਂ 'ਚ ਪ੍ਰਸਿੱਧ ਵਿਦਵਾਨ ਪਦਮਾਨਰਾਈਨ ਅਚਾਰੀਆ, ਡਾ: ਭੋਲਾ ਸ਼ੰਕਰ ਬਿਆਸ, ਡਾ: ਸ਼੍ਰੀ ਕ੍ਰਿਸ਼ਨ ਲਾਲ ਅਤੇ ਰੁਦਰਾ ਕਾਸ਼ਿਕਿਆ ਸ਼ਾਮਲ ਹਨ।ਉਹਨਾ ਨੇ ਹਿੰਦੀ 'ਚ ਆਰਟੀਕਲ ਤਾਂ ਲਿਖੇ ਹੀ ਹਨ,ਕਵਿਤਾਵਾਂ ਵੀ ਲਿਖੀਆਂ ਹਨ।
ਉਹਨਾ ਦੇ ਦੋ ਪੁੱਤਰ ਅਤੇ ਇੱਕ ਧੀ ਹੈ, ਜੋ ਅਮਰੀਕਾ 'ਚ ਹੀ ਨਿਵਾਸ ਰੱਖਦੇ ਹਨ।
ਅਮਰੀਕਾ 'ਚ ਭਾਰਤੀ ਮੂਲ ਦਾ ਪਹਿਲਾ ਸੰਸਦ ਮੈਂਬਰ- ਦਲੀਪ ਸਿੰਘ ਸੌਂਧ
ਦਲੀਪ ਸਿੰਘ ਸੌਂਧ ਭਾਰਤੀ ਮੂਲ ਦਾ ਅਮਰੀਕਾ ਵਿੱਚ ਪਹਿਲਾ ਸੰਸਦ ਮੈਂਬਰ ਸੀ। ਉਹ ਅਮਰੀਕੀ ਹਾਊਸ ਆਫ਼ ਰੀਪ੍ਰੀਜੇਨਟੇਟਿਵ ਦਾ ਮੈਂਬਰ ਸੀ। ਉਹ ਤਿੰਨ ਜਨਵਰੀ 1957 ਤੋਂ ਤਿੰਨ ਜਨਵਰੀ 1963 ਤੱਕ ਇਸ ਆਹੁਦੇ 'ਤੇ ਰਿਹਾ। ਉਹ ਅਮਰੀਕਾ ਦੀ ਕਾਂਗਰਸ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਅਤੇ ਏਸ਼ੀਅਨ ਸੀ। ਉਹ ਅਮਰੀਕਾ ਦੀ ਡੈਮੋਕਰੈਟ ਪਾਰਟੀ ਨਾਲ ਸਬੰਧਤ ਸੀ।
ਉਸਦਾ ਜਨਮ 20 ਸੰਤਬਰ, 1899 ਨੂੰ ਛੱਜਲ ਵੱਡੀ (ਅੰਮ੍ਰਿਤਸਰ) ਪੰਜਾਬ ਵਿੱਚ ਹੋਇਆ। ਉਸਨੇ ਹਿਸਾਬ ਵਿਸ਼ੇ ਵਿੱਚ 1919 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਬੈਚਲਰ ਡਿਗਰੀ ਹਾਸਲ ਕੀਤੀ।
ਪੰਜਾਬ ਯੂਨੀਵਰਸਿਟੀ 'ਚ ਪੜ੍ਹਦਿਆਂ, ਸੌਂਧ ਨੇ ਮਹਾਤਮਾ ਗਾਂਧੀ ਵਲੋਂ ਚਲਾਈ ਜਾ ਰਹੀ ਆਜ਼ਾਦੀ ਦੀ ਲੜਾਈ ਨਾਲ ਸਹਿਮਤੀ ਜਤਾਈ, ਜਿਸ ਵਲੋਂ ਸ਼ਾਂਤ ਰਹਿ ਕੇ ਅੰਗਰੇਜ਼ਾਂ ਵਿਰੁੱਧ ਨਾ ਮਿਲਵਰਤਨ ਦਾ ਬਿਗਲ ਵਜਾਇਆ ਹੋਇਆ ਸੀ। ਅਮਰੀਕਾ ਪੁੱਜਕੇ ਉਸਨੇ ਉਥੇ ਪੜ੍ਹਾਈ ਕੀਤੀ ਅਤੇ 1928 'ਚ ਉਸਦਾ ਵਿਆਹ ਮਾਰੀਅਨ ਕੋਸਾ ਨਾਲ ਹੋਇਆ। ਸੌਂਧ ਨੇ ਕਿੱਤੇ ਵਜੋਂ ਖੇਤੀਬਾੜੀ ਨੂੰ ਚੁਣਿਆ ਅਤੇ ਫਿਰ 1953 'ਚ ਖਾਦ ਦਾ ਕਾਰੋਬਾਰ ਆਰੰਭਿਆ। ਇਸੇ ਦੌਰਾਨ ਉਸਨੇ ਰਾਜਨੀਤੀ 'ਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਅਮਰੀਕੀ ਸੰਸਦ ਤੱਕ ਪੁੱਜ ਗਏ।
ਸੌਂਧ 1957 ਵਿੱਚ ਸਿਵਲ ਅਧਿਕਾਰ ਬਿੱਲ ਦਾ ਵੱਡਾ ਹਿਮਾਇਤੀ ਬਣਿਆ। ਆਪਣੇ ਜੀਵਨ ਕਾਲ ਵਿੱਚ ਉਸਨੇ ਜਪਾਨ, ਭਾਰਤ, ਦੱਖਣੀ ਵੀਅਤਨਾਮ, ਸਿੰਘਾਪੁਰ, ਇੰਡੋਨੇਸ਼ੀਆ ਦਾ ਦੋਰਾ ਕੀਤਾ ਅਤੇ ਅਮਰੀਕਾ ਨਾਲ ਸਭਿਆਚਾਰਕ ਸਾਂਝ ਬਨਾਉਣ ਦਾ ਹੋਕਾ ਦਿੱਤਾ। ਉਹ ਅਮਰੀਕਨ ਜ਼ਿੰਦਗੀ ਅਤੇ ਆਜ਼ਾਦੀ ਦਾ ਹਿਮਾਇਤੀ ਸੀ।
ਆਪਣੇ ਸਿਆਸੀ ਜੀਵਨ ਵਿੱਚ ਉਹ ਕਈ ਉੱਚ ਪਦਵੀਆਂ 'ਤੇ ਵੀ ਰਿਹਾ। ਉਹ 22 ਅਪ੍ਰੈਲ 1973 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਿਆ ਪਰ ਭਾਰਤੀਆਂ ਦਾ ਨਾਮ ਇੱਕ ਸਿਆਣੇ ਪਾਰਲੀਮੈਨਟੇਰੀਅਨ ਦੇ ਤੌਰ 'ਤੇ ਉੱਚਾ ਕਰ ਗਿਆ। ਉਸਦੇ ਸਾਥੀ ਸੰਸਦ ਮੈਂਬਰ ਉਸਨੂੰ ਆਜ਼ਾਦੀ ਦਾ ਮਸੀਹਾ ਗਰਦਾਨਦੇ ਸਨ। ਉਹ ਅਮਰੀਕਨਾਂ ਲਈ ਚੰਗੀ ਜ਼ਿੰਦਗੀ,ਆਜ਼ਾਦੀ ਅਤੇ ਖੁਸ਼ਹਾਲੀ ਲਈ ਜ਼ਿੰਦਗੀ ਭਰ ਯਤਨਸ਼ੀਲ ਰਿਹਾ।
ਪਰਵਾਸੀਆਂ ਦਾ ਮਾਣ ਹੈ-ਤਨਮਨਜੀਤ ਸਿੰਘ ਢੇਸੀ
ਤਨਮਨਜੀਤ ਸਿੰਘ ਢੇਸੀ ਬਰਤਾਨੀਆ ਦੀ ਲੇਬਰ ਪਾਰਟੀ ਦਾ ਸਿਆਸਤਦਾਨ ਹੈ। ਉਹ ਬਰਤਾਨੀਆ ਦੀ ਪਾਰਲੀਮੈਂਟ ਲਈ 2017 'ਚ ਚੁਣਿਆ ਗਿਆ ਅਤੇ ਰੇਲਵੇ ਦਾ ਲੇਬਰ ਪਾਰਟੀ ਵਲੋਂ ਸ਼ੈਡੋ ਮਨਿਸਟਰ ਨਿਯੁਕਤ ਕੀਤਾ ਗਿਆ ਹੈ।
ਪ੍ਰਸਿੱਧ ਪਰਵਾਸੀ ਪੰਜਾਬੀ ਜਸਪਾਲ ਸਿੰਘ ਢੇਸੀ ਜੋ ਬਰਤਾਨੀਆ 'ਚ ਕੰਨਸਟਰੱਕਸ਼ਨ ਕੰਪਨੀ ਚਲਾਉਂਦਾ ਹੈ ਅਤੇ ਜਿਹਨਾ ਗੁਰੂ ਨਾਨਕ ਦਰਬਾਰ ਗੁਰਦੁਆਰਾ ਗਰੇਵਜੈਂਡ ਦਾ ਸਾਬਕਾ ਪ੍ਰਧਾਨ ਹੈ, ਦੇ ਘਰ 17 ਅਗਸਤ 1978 ਨੂੰ ਸਲੋਹ ਵਿਖੇ ਪੈਦਾ ਹੋਇਆ। ਉਸਨੇ ਮੁਢਲੀ ਸਿੱਖਿਆ ਬਰਤਾਨੀਆ 'ਚ ਹੀ ਪ੍ਰਾਪਤ ਕੀਤੀ। ਫਿਰ ਯੂਨੀਵਰਸਿਟੀ ਕਾਲਜ ਲੰਦਨ ਤੋਂ ਮੈਨੇਜਮੈਂਟ ਦੀ ਡਿਗਰੀ ਅਤੇ ਫਿਰ ਮਾਸਟਰ ਆਫ਼ ਫਿਲੌਸਫੀ ਕੀਤੀ।
ਤਨਮਨਜੀਤ ਸਿੰਘ ਦਾ ਪਰਵਾਸੀਆਂ ਦੀਆਂ ਸਮੱਸਿਆਵਾਂ ਪ੍ਰਤੀ ਬਹੁਤਾ ਧਿਆਨ ਹੋਣ ਕਾਰਨ ਅਤੇ ਪੰਜਾਬੀ ਮਾਪਿਆਂ ਦੀਆਂ ਸਿੱਖਿਆਵਾਂ ਕਾਰਨ ਉਹ ਸਿਆਸਤ ਵਿੱਚ ਕੁੱਦਿਆ। ਸਾਲ 2015 'ਚ ਪਾਰਲੀਮੈਂਟ ਦੀ ਚੋਣ ਲੜਿਆ ਪਰ ਹਾਰ ਗਿਆ। ਫਿਰ 2017 'ਚ ਚੋਣ ਜਿੱਤਕੇ ਐਮਪੀ ਬਣਿਆ।
ਤਨਮਨਜੀਤ ਸਿੰਘ ਢੇਸੀ ਦ੍ਰਿੜ ਵਿਚਾਰਾਂ ਦਾ ਧਾਰਨੀ ਹੈ। ਉਹ ਬਰਤਾਨੀਆ 'ਚ ਪਰਵਾਸੀਆਂ ਦੇ ਦਿੱਤੇ ਯੋਗਦਾਨ ਦਾ ਮੁਦੱਈ ਹੈ। ਉਹ ਲਗਾਤਾਰ ਰੰਗ, ਭੇਦ, ਨਸਲ ਸਬੰਧੀ ਕੀਤੇ ਜਾ ਰਹੇ ਵਿਤਕਰੇ ਵਿਰੁੱਧ ਬੋਲਦਾ ਹੈ। ਉਸਨੇ ਹਾਊਸਿੰਗ, ਕਮਿਊਨਟੀਜ਼ ਅਤੇ ਲੋਕਲ ਗਵਰਨਮੈਂਟ ਕਮੇਟੀ ਬਰਤਾਨੀਆ ਪਾਰਲੀਮੈਂਟ ਦੇ ਅੰਦਰ ਅਤੇ ਭਾਰਤੀ ਪਰਵਾਸੀਆਂ ਦੇ ਮਨਾਂ 'ਚ ਵਿਸ਼ੇਸ਼ ਥਾਂ ਬਣਾਈ ਹੈ।
ਇੱਕ ਸਫਲ ਕਾਰੋਬਾਰੀ- ਸ: ਚੈਨ ਸਿੰਘ ਸੰਧੂ
ਚੈਨ ਸਿੰਘ ਸੰਧੂ ਇੱਕ ਉਦਮੀ ਜੀਊੜਾ ਹੈ। ਚੈਨ ਸਿੰਘ ਸੰਧੂ ਦੇ ਪਰਿਵਾਰ ਦੀ ਦਾਸਤਾਨ, ਉਹਨਾਂ ਪਰਿਵਾਰਾਂ ਦੀ ਦਾਸਤਾਨ ਹੈ ਜਿਹੜੇ 1947 ਦੀ ਪੰਜਾਬ ਵੰਡ ਵੇਲੇ ਪੰਜਾਬ ਪਰਤੇ । ਔਖਿਆਈਆਂ ਝਲੇ , ਮੁੜ ਸਥਾਪਿਤ ਹੋੲੋ।
ਮੁਲਕ ਦੇ ਬਟਵਾਰੇ ਤੋਂ ਪਹਿਲਾਂ ਚੈਨ ਸਿੰਘ ਸੰਧੂ ਦਾ ਜਨਮ 1941 ਵਿੱਚ ਫੈਸਲਾਬਾਦ ਵਿੱਚ ਇੰਜੀਨੀਅਰ ਪਿਤਾ ਦੇ ਘਰ ਹੋਇਆ। ਪੱਛਮੀਂ ਪੰਜਾਬੋਂ , ਪੂਰਬੀ ਪੰਜਾਬ ਆਕੇ ਨਕੋਦਰ (ਜੰਲਧਰ) ਕਸਬੇ ਨਜ਼ਦੀਕ ਉਹਨਾਂ ਨੂੰ ਜ਼ਮੀਨ ਅਲਾਟ ਹੋਈ। ਮੁਢਲੀ ਵਿਦਿਆ ਪ੍ਰਾਪਤ ਕਰਕੇ ਉਹਨਾ ਗੁਰੂ ਨਾਨਕ ਇੰਜੀਨੀਰਿੰਗ ਕਾਲਜ ਲੁਧਿਆਣਾ ਤੋਂ ਇੰਜੀਨੀਰਿੰਗ ਦੀ ਡਿਗਰੀ ਕੀਤੀ। ਦਸੰਬਰ 1969 ਵਿਚ ਪਰਿਵਾਰ ਸਮੇਤ ਅਮਰੀਕਾ ਚਲੇ ਗਏ।
ਛੋਟੀਆਂ ਮੋਟੀਆਂ ਨੋਕਰੀਆਂ ਉਪਰੰਤ ਸੰਧੂ ਚੀਫ ਇੰਜੀਨੀਅਰ ਦੀ ਪੋਸਟ ਤੇ ਕੰਮ ਕਰਨ ਲੱਗੇ। ਉਪਰੰਤ ਆਪਣੇ ਇੱਕ ਮਿੱਤਰ ਪੀਟਰ ਸਮਿੱਥ ਨਾਲ ਰਲਕੇ ਆਪਣਾ ਕੰਮ ਸ਼ੁਰੂ ਕੀਤਾ। ਦੋ ਕੰਪਨੀਆਂ ਜਿਹੜੀਆ ਪੀਟਰ ਸਮਿੱਥ ਚਲਾਉਦੇਂ ਸਨ, ਉਹਨਾਂ ਨੂੰ ਸੰਭਾਲਿਆ। 1989 ਵਿੱਚ ਇਹ ਕੰਪਨੀਆਂ ਖਰੀਦ ਲਈਆਂ ਅਤੇ ਆਪਣਾ ਕੰਮ ਇੰਨਾ ਵਧਾਇਆ ਕਿ ਅੱਜ ਉਹਨਾਂ ਦੀਆ ਕੰਪਨੀਆਂ ਵਿੱਚ ਸਿੱਧੇ ਤੋਰ ਤੇ 4500 ਤੋਂ ਵੱਧ ਇੰਜੀਨੀਰਿੰਗ, ਡਿਜਾਇਨ , ਸੇਲਜ਼, ਅਕਾਊਂਟ ਆਦਿ ਵਿਭਾਗਾਂ ਚ 4500 ਤੋਂ ਵੱਧ ਲੋਕ ਕੰਮ ਕਰਦੇ ਹਨ ਅਤੇ ਕੰਪਨੀਆ ਦੀ ਸੇਲ 700 ਮਿਲੀਅਨ ਡਾਲਰ ਹੈ।
ਆਪਣੀ ਮਾਤਾ ਸਤਵੰਤ ਕੌਰ ਸੰਧੂ ਦੀ ਰਹਿਨੁਮਾਈ ਹੇਠ ਉਹਨਾ ਦਾ ਪੂਰਾ ਪਰਿਵਾਰ ਤਨਦੇਹੀ ਨਾਲ ਇੱਕ-ਦੂਜੇ ਦਾ ਸਾਥ ਦੇਕੇ ਕਾਰੋਬਾਰ ਚਲਾ ਰਿਹਾ ਹੈ। ਉਹਨਾਂ ਦਾ ਛੋਟਾ ਭਰਾ ਮਿੱਕ ਸੰਧੂ , ਬੇਟਾ ਨਿਰਵੈਰ ਸਿੰਘ ਸੰਧੂ ਉਹਨਾਂ ਦੀ ਕੰਪਨੀ ਚ ਉੱਚ ਆਹੁਦਿਆਂ 'ਤੇ ਹਨ।
ਪ੍ਰਸਿੱਧ ਲੇਖਕ ਅਤੇ ਵਿਚਾਰਵਾਨ-ਹਰਜਾਪ ਸਿੰਘ ਔਜਲਾ
ਹਰਜਾਪ ਸਿੰਘ ਔਜਲਾ ਅੰਗਰੇਜ਼ੀ ਅਤੇ ਪੰਜਾਬੀ ਦਾ ਪ੍ਰਸਿੱਧ ਵਿਚਾਰਵਾਨ ਲੇਖਕ ਹੈ। ਪੇਸ਼ੇ ਵਜੋਂ ਇੰਜੀਨੀਅਰ ਹਰਜਾਪ ਸਿੰਘ ਔਜਲਾ ਦਾ ਜਨਮ ਕਪੂਰਥਲਾ ਜ਼ਿਲੇ ਦੇ ਪਿੰਡ ਔਜਲਾ ਵਿਖੇ ਮਾਤਾ ਹਰਜੀਤ ਕੌਰ ਦੀ ਕੱਖੋਂ ਪਿਤਾ ਸ: ਸੁਚੇਤ ਸਿੰਘ ਦੇ ਘਰ ਹੋਇਆ। ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਕੇ ਪੰਜਾਬ ਵਿੱਚ ਐਗਜੈਕਟਿਵ ਇੰਜੀਨੀਅਰ ਦੀ ਨੌਕਰੀ ਕਰਦਿਆਂ 1979 ਵਿੱਚ ਅਮਰੀਕਾ ਚਲੇ ਗਏ, ਜਿਥੇ ਨੀਊ ਜਰਸੀ 'ਚ ਸਰਕਾਰੀ ਇੰਜੀਨੀਅਰ ਦੀ ਨੌਕਰੀ ਕੀਤੀ ਅਤੇ 2006 ਵਿੱਚ ਸੁਪਰਵਾਈਜਿੰਗ ਇੰਜੀਨੀਅਰ ਵਾਟਰ ਰਿਸੋਰਸਿਜ ਦੀ ਨੌਕਰੀ ਤੋਂ 2006 'ਚ ਰਿਟਾਇਰ ਹੋਏ।
ਪੰਜਾਬੀ ਭਾਈਚਾਰੇ 'ਚ ਵਿਸ਼ੇਸ਼ ਥਾਂ ਰੱਖਣ ਵਾਲੇ ਵਿਦਵਾਨ ਹਰਜਾਪ ਸਿੰਘ ਨੇ ਪੰਜਾਬੀ 'ਚ ਸੁਨਿਹਰੀ ਜ਼ੁਲਫ਼ਾਂ ਦੇ ਸਾਏ, ਪੰਜਾਬੀ ਗ਼ਜ਼ਲਾਂ ਦੀ ਪੁਸਤਕ (2005), ਅੰਗਰੇਜ਼ੀ 'ਚ ਦੋ ਪੁਸਤਕਾਂ ਲਿਖੀਆਂ।
ਉਹ ਅੰਗਰੇਜ਼ੀ ਅਤੇ ਪੰਜਾਬੀ ਦੀਆਂ ਅਖ਼ਬਾਰਾਂ, ਅਜੀਤ, ਟ੍ਰਿਬੀਊਨ, ਸਾਊਥ ਏਸ਼ੀਆ ਆਦਿ ਰਸਾਲੇ, ਅਖ਼ਬਾਰਾਂ ਵਿੱਚ ਲਗਾਤਾਰ ਫ੍ਰੀ ਲਾਂਸਰ ਲੇਖਕ ਵਜੋਂ ਛਪਦੇ ਹਨ।
-ਗੁਰਮੀਤ ਸਿੰਘ ਪਲਾਹੀ
-9815802070
-
ਗੁਰਮੀਤ ਸਿੰਘ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.