ਲਾਇਬ੍ਰੇਰੀ ਸਾਇੰਸ ’ਚ ਕਰੀਅਰ ਦੇ ਵਿਕਲਪ ਅਤੇ ਰੁਜ਼ਗਾਰ ਦੇ ਮੌਕੇ
ਜਿੱਥੇ ਛੋਟੀਆਂ ਪੋਸਟਾਂ ਦੀ ਡਿਊਟੀ ਸਿਰਫ਼ ਕਿਤਾਬਾਂ ਦੇ ਰੱਖ-ਰਖਾਓ, ਅਖ਼ਬਾਰਾਂ ਤੇ ਮੈਗਜ਼ੀਨਾਂ ਨੂੰ ਡਿਸਪਲੇਅ ਕਰਨਾ ਅਤੇ ਜਿਲਦਸਾਜ਼ੀ ਆਦਿ ਹੁੰਦੀ ਹੈ, ਉਥੇ ਉਸ ਤੋਂ ਵੱਡੀਆ ਪੋਸਟਾਂ ਵਾਲੇ ਕਰਮਚਾਰੀ ਨੇ ਕਿਤਾਬਾਂ ਦਾ ਦੇਣ-ਲੈਣ ਆਦਿ ਕਰਨਾ ਹੁੰਦਾ ਹੈ ਤੇ ਰਜਿਸਟਰ ’ਚ ਸਾਰੇ ਰਿਕਾਰਡ ਦਰਜ ਕਰਨੇ ਹੁੰਦੇ ਹਨ।
ਛੋਟੀਆਂ ਪੋਸਟਾਂ ਦੀ ਡਿਊਟੀ ਸਿਰਫ਼ ਕਿਤਾਬਾਂ ਦੇ ਰੱਖ-ਰਖਾਓ, ਅਖ਼ਬਾਰਾਂ ਤੇ ਮੈਗਜ਼ੀਨਾਂ ਨੂੰ ਡਿਸਪਲੇਅ ਕਰਨਾ ਅਤੇ ਜਿਲਦਸਾਜ਼ੀ ਆਦਿ ਹੁੰਦੀ ਹੈ, ਉਥੇ ਉਸ ਤੋਂ ਵੱਡੀਆ ਪੋਸਟਾਂ ਵਾਲੇ ਕਰਮਚਾਰੀ ਨੇ ਕਿਤਾਬਾਂ ਦਾ ਦੇਣ-ਲੈਣ ਆਦਿ ਕਰਨਾ ਹੁੰਦਾ ਹੈ ਤੇ ਰਜਿਸਟਰ ’ਚ ਸਾਰੇ ਰਿਕਾਰਡ ਦਰਜ ਕਰਨੇ ਹੁੰਦੇ ਹਨ।
ਜਿਉਂ-ਜਿਉਂ ਗਿਆਨ ਦਾ ਭੰਡਾਰ ਵਧਦਾ ਜਾ ਰਿਹਾ ਹੈ, ਤਿਉਂ-ਤਿਉਂ ਉਸ ਗਿਆਨ ਨੂੰ ਸੰਭਾਲਣ ਲਈ ਪੁਸਤਕਾਂ ਦੀ ਛਪਣ ਗਿਣਤੀ ਵਧਦੀ ਜਾ ਰਹੀ ਹੈ। ਨਿੱਤ ਵਧਦੀਆਂ ਪੁਸਤਕਾਂ ਨੂੰ ਸਿਰਫ਼ ਅਲਮਾਰੀਆਂ ’ਚ ਬੰਦ ਕਰ ਕੇ ਸੰਭਾਲ ਦੇਣ ਨਾਲ ਹੀ ਗੁਜ਼ਾਰਾ ਨਹੀਂ ਹੁੰਦਾ ਸਗੋਂ ਹਰ ਪਾਠਕ ਨੂੰ ਉਸ ਦੀ ਮਨਪਸੰਦ ਪੁਸਤਕ ਪਹੁੰਚਾਉਣੀ ਹੁੰਦੀ ਹੈ ਤੇ ਹਰ ਪੁਸਤਕ ਲਈ ਉਸ ਦੇ ਪਾਠਕ ਲੱਭਣੇ ਪੈਂਦੇ ਹਨ। ਲਾਇਬ੍ਰੇਰੀਆਂ ਇਹ ਦੋਵੇਂ ਕੰਮ ਬਹੁਤ ਆਸਾਨੀ ਨਾਲ ਤੇ ਨਿਯਮਤ ਤਰੀਕੇ ਨਾਲ ਕਰ ਰਹੀਆਂ ਹਨ। ਅੰਦਾਜ਼ਾ ਲਗਾਓ ਕਿ ਇਕ ਬਹੁਤ ਵੱਡੀ ਲਾਇਬ੍ਰੇਰੀ, ਜਿਸ ਵਿਚ ਲੱਖਾਂ ਦੇ ਕਰੀਬ ਪੁਸਤਕਾਂ ਹਨ, ਉੱਥੇ ਜਦੋਂ ਪਾਠਕ ਜਾਂਦਾ ਹੈ ਤਾਂ ਉਹ ਆਪਣੀ ਪਸੰਦ ਦੀ ਪੁਸਤਕ ਕਿਵੇਂ ਲੱਭੇਗਾ। ਦੂਜੇ ਪਾਸੇ ਲਾਇਬ੍ਰੇਰੀ ਦੇ ਕਰਮਚਾਰੀ, ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰ ਪਾਠਕ ਦੀ ਮਦਦ ਕਰਨ, ਉਹ ਇੰਨੀਆਂ ਪੁਸਤਕਾਂ ਵਿੱਚੋਂ ਵੱਖਰੇ-ਵੱਖਰੇ ਪਾਠਕਾਂ ਦੀ ਪਸੰਦ ਦੀਆਂ ਪੁਸਤਕਾਂ ਬਾਰੇ ਕਿਵੇਂ ਉਨ੍ਹਾਂ ਦੀ ਅਗਵਾਈ ਕਰਨਗੇ। ਇਸ ਕੰਮ ਲਈ ਲਾਇਬ੍ਰੇਰੀ ਸਾਇੰਸ ਵੱਖਰਾ ਵਿਸ਼ਾ ਬਣ ਕੇ ਸਾਹਮਣੇ ਆਇਆ ਹੈ, ਜਿਸ ਵਿਚ ਸਰਟੀਫਿਕੇਟ ਕੋਰਸਾਂ ਤੋਂ ਲੈ ਕੇ ਪੀ. ਐੱਚਡੀ ਤਕ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ।
ਲਾਇਬ੍ਰੇਰੀ ਸਾਇੰਸ ’ਚ ਕੋਰਸ
ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ : ਇਹ ਕੋਰਸ +2 ਤੋਂ ਬਾਅਦ ਕੀਤਾ ਜਾ ਸਕਦਾ ਹੈ। ਇਹ ਇਕ ਸਾਲਾ ਕੋਰਸ ਹੈ, ਜਿਸ ’ਚ ਦਾਖ਼ਲਾ ਲੈਣ ਲਈ ਬਾਰ੍ਹਵੀਂ ਸ਼੍ਰੇਣੀ ਵਿੱਚੋਂ 45-50 ਫ਼ੀਸਦੀ ਅੰਕ ਲੈਣੇ ਜ਼ਰੂਰੀ ਹਨ। ਇਸ ਦੀ ਫੀਸ ਕਾਲਜ ਤੇ ਯੂਨੀਵਰਸਿਟੀ ਅਨੁਸਾਰ 3000 ਰੁਪਏ ਸਾਲਾਨਾ ਤੋਂ 50,000 ਰੁਪਏ ਤਕ ਹੋ ਸਕਦੀ ਹੈ। ਇਸ ’ਚ ਲਾਇਬ੍ਰੇਰੀ ਸਾਇੰਸ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਂਦੀ ਹੈ।
ਬੈਚਲਰ ਇਨ ਲਾਇਬ੍ਰੇਰੀ ਸਾਇੰਸ: ਇਹ ਗ੍ਰੈਜੂਏਸ਼ਨ ਤੋਂ ਬਾਅਦ ਕੀਤਾ ਜਾਣ ਵਾਲਾ ਕੋਰਸ ਹੈ। ਇਸ ਦੀ ਮਿਆਦ ਵੀ ਇਕ ਸਾਲ ਦਾ ਹੈ। ਆਮ ਤੌਰ ’ਤੇ ਗ੍ਰੈਜੂਏਸ਼ਨ ਦੇ 50 ਫ਼ੀਸਦੀ ਅੰਕ ਦਾਖ਼ਲੇ ਦਾ ਆਧਾਰ ਬਣਦੇ ਹਨ ਪਰ ਕਈ ਕਾਲਜਾਂ ਜਾਂ ਯੂਨੀਵਰਸਿਟੀਆਂ ਇਸ ਲਈ ਵੀ ਦਾਖ਼ਲਾ ਪ੍ਰੀਖਿਆ ਲੈਂਦੀਆਂ ਹਨ। ਇਸ ਦੀ ਸਾਲਾਨਾ ਫੀਸ ਵੀ 4000 ਰੁਪਏ ਤੋਂ 55,000 ਰੁਪਏ ਤਕ ਹੋ ਸਕਦੀ ਹੈ। ਇਸ ’ਚ ਲਾਇਬ੍ਰੇਰੀ ਪ੍ਰਬੰਧਨ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ।
ਮਾਸਟਰ ਇਨ ਲਾਇਬ੍ਰੇਰੀ ਸਾਇੰਸ:-ਲਾਇਬ੍ਰੇਰੀ ਸਾਇੰਸ ਦਾ ਇਹ ਪੋਸਟ ਗ੍ਰੈਜੂਏਸ਼ਨ ਕੋਰਸ ਹੈ, ਜਿਸ ’ਚ ਦਾਖ਼ਲਾ ਲੈਣ ਲਈ ਇਸ ਦਾ ਬੈਚਲਰ ਕੋਰਸ (ਬੀ.ਲਿਬ.) ਕੀਤਾ ਹੋਣਾ ਜ਼ਰੂਰੀ ਹੈ। ਇਹ ਰੈਗੂਲਰ ਤੇ ਦੂਰ ਸੰਚਾਰ ਰਾਹੀਂ ਵੀ ਕਰਵਾਇਆ ਜਾ ਰਿਹਾ ਹੈ। ਇਸ ਦਾ ਸਮਾਂ ਹੋਰ ਪੋਸਟ ਗ੍ਰੈਜੂਏਸ਼ਨ ਕੋਰਸਾਂ ਵਾਂਗ ਦੋ ਸਾਲ ਦਾ ਹੈ ਤੇ ਫੀਸ 7000 ਰੁਪਏ ਤੋਂ 55,000 ਰੁਪਏ ਤਕ ਹੋ ਸਕਦੀ ਹੈ।
ਪੋਸਟ ਗ੍ਰੈਜੂਏਟ ਡਿਪਲੋਮਾ ਇਨ ਲਾਇਬ੍ਰੇਰੀ (ਆਟੋਮੇਸ਼ਨ ਐਂਡ ਨੈੱਟਵਰਕਿੰਗ) : ਇਸ ਨੂੰ ਬੀ.ਲਿਬ. ਪਾਸ ਵਿਦਿਆਰਥੀਕਰ ਸਕਦਾ ਹੈ। ਇਸ ’ਚ ਮੁੱਖ ਤੌਰ ’ਤੇ ਲਾਇਬ੍ਰੇਰੀ ਦਾ ਕੰਮ ਕੰਪਿਊਟਰ ’ਤੇ ਕੀਤੇ ਜਾਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਲਾਇਬ੍ਰੇਰੀ ਦਾ ਸਾਰਾ ਕੰਮ ਕੰਪਿਊਟਰ ਰਾਹੀਂ ਕੀਤਾ ਜਾਂਦਾ ਹੈ, ਜਿਸ ’ਚ ਸਾਰੀਆਂ ਪੁਸਤਕਾਂ ਦੇ ਰਿਕਾਰਡ ਤੋਂ ਲੈ ਕੇ ਇਸ਼ੂ-ਰਿਟਰਨ ਦਾ ਕੰਮ ਵੀ ਕੰਪਿਊਟਰ ਰਾਹੀਂ ਹੀ ਕੀਤਾ ਜਾਂਦਾ ਹੈ। ਇਸ ਦੀ ਫੀਸ 8000 ਰੁਪਏ ਤੋਂ 50,000 ਰੁਪਏ ਸਾਲਾਨਾ ਤਕ ਹੈ।
ਹੋਰ ਉਚੇਰੀ ਪੜ੍ਹਾਈ : ਬਾਕੀ ਵਿਸ਼ਿਆਂ ਵਾਂਗ ਇਸ ਵਿਸ਼ੇ ’ਚ ਵੀ ਯੂਜੀਸੀ ਟੈਸਟ ਲਿਆ ਜਾਂਦਾ ਹੈ। ਲਾਇਬ੍ਰੇਰੀ ਸਾਇੰਸ ’ਚ ਐੱਮਫਿਲ ਕੋਰਸ ਵੀ ਚੱਲਦਾ ਸੀ, ਜਿਸ ਨੂੰ ਮਾਸਟਰ ਡਿਗਰੀ ਤੇ ਪੀਐੱਚ ਡੀ ਡਿਗਰੀ ’ਚ ਪੁਲ ਮੰਨਿਆ ਜਾਂਦਾ ਸੀ ਪਰ ਹੁਣ ਪੀਐੱਚ ਡੀ ਦੀ ਡਿਗਰੀ ਸਿੱਧੀ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਹੋਣ ਲੱਗ ਪਈ ਹੈ। ਉਸ ’ਚ ਦਾਖ਼ਲਾ ਪ੍ਰੀਖਿਆ ਆਦਿ ਸ਼ਰਤਾਂ ਜ਼ਰੂਰ ਕਾਇਮ ਹਨ। ਉਚੇਰੀਆਂ ਪੋਸਟਾਂ ਲਈ ਪੀਐੱਚ ਡੀ ਦੀ ਉੱਚ ਯੋਗਤਾ ਦੀ ਵੀ ਮੰਗ ਕੀਤੀ ਜਾਂਦੀ ਹੈ।
ਨੌਕਰੀ ਦੇ ਮੌਕੇ
ਵੱਖ-ਵੱਖ ਲਾਇਬ੍ਰੇਰੀਆਂ ’ਚ ਯੋਗਤਾ ਅਤੇ ਕੰਮ ਦੇ ਆਧਾਰ ’ਤੇ ਬਹੁਤ ਸਾਰੀਆਂ ਪੋਸਟਾਂ ਇਸ ਖੇਤਰ ’ਚ ਬਣ ਗਈਆਂ ਹਨ। ਲਾਇਬ੍ਰੇਰੀ ਦੇ ਆਕਾਰ, ਸੰਸਥਾ ਤੇ ਕਾਲਜ/ਯੂਨੀਵਰਸਿਟੀ/ਅਦਾਰੇ ਅਨੁਸਾਰ ਵੱਖ-ਵੱਖ ਕੰਮ ਕਰਨ ਵਾਲੇ ਨੂੰ ਵੱਖ-ਵੱਖ ਅਹੁਦਿਆਂ ’ਚ ਵੰਡਿਆ ਗਿਆ ਹੈ।
- ਲਾਇਬ੍ਰੇਰੀ ਅਟੈਂਡੈਂਟ।
- ਲਾਇਬ੍ਰੇਰੀ ਰੀਸਟੋਰਰ।
- ਲਾਇਬ੍ਰੇਰੀ ਅਸਿਸਟੈਂਟ।
- ਸੈਮੀ-ਪ੍ਰੋਫੈਸ਼ਨਲ ਅਸਿਸਟੈਂਟ।
- ਜੂਨੀਅਰ ਲਾਇਬ੍ਰੇਰੀਅਨ।
- ਡਿਪਟੀ ਲਾਇਬ੍ਰੇਰੀਅਨ।
- ਲਾਇਬ੍ਰੇਰੀਅਨ/ਚੀਫ ਲਾਇਬ੍ਰੇਰੀਅਨ।
- ਐਪਲੀਕੇਸ਼ਨ ਸਪੈਸ਼ਲਿਸਟ।
- ਕੰਸਲਟੈਂਟ/ਰੈਫਰੈਂਸ ਲਾਇਬ੍ਰੇਰੀਅਨ।
- ਰਿਕਾਰਡ ਮੈਨੇਜਰ।
- ਡਾਇਰੈਕਟਰ।
- ਲਾਅ ਲਾਇਬ੍ਰੇਰੀਅਨ।
- ਇਨਡੈਕਸਰ
- ਅਧਿਆਪਕ-ਕਾਲਜ ਤੇ ਯੂਨੀਵਰਸਿਟੀ ਲੈਕਚਰਰ।
ਜਿੱਥੇ ਛੋਟੀਆਂ ਪੋਸਟਾਂ ਦੀ ਡਿਊਟੀ ਸਿਰਫ਼ ਕਿਤਾਬਾਂ ਦੇ ਰੱਖ-ਰਖਾਓ, ਅਖ਼ਬਾਰਾਂ ਤੇ ਮੈਗਜ਼ੀਨਾਂ ਨੂੰ ਡਿਸਪਲੇਅ ਕਰਨਾ ਅਤੇ ਜਿਲਦਸਾਜ਼ੀ ਆਦਿ ਹੁੰਦੀ ਹੈ, ਉਥੇ ਉਸ ਤੋਂ ਵੱਡੀਆ ਪੋਸਟਾਂ ਵਾਲੇ ਕਰਮਚਾਰੀ ਨੇ ਕਿਤਾਬਾਂ ਦਾ ਦੇਣ-ਲੈਣ ਆਦਿ ਕਰਨਾ ਹੁੰਦਾ ਹੈ ਤੇ ਰਜਿਸਟਰ ’ਚ ਸਾਰੇ ਰਿਕਾਰਡ ਦਰਜ ਕਰਨੇ ਹੁੰਦੇ ਹਨ। ਲਾਇਬ੍ਰੇਰੀਅਨ ਨੇ ਨਵੀਆਂ ਪੁਸਤਕਾਂ ਆਦਿ ਮੰਗਵਾਉਣੀਆਂ, ਪੁਸਤਕਾਂ ਵਰਤਣ ਵਾਲੇ ਵਿਦਿਆਰਥੀ ਜਾਂ ਆਮ ਮੈਂਬਰਾਂ ਦੇ ਪਛਾਣ ਪੱਤਰ ਆਦਿ ’ਤੇ ਦਸਤਖ਼ਤ ਕਰਨੇ ਹੁੰਦੇ ਹਨ। ਅਸਲ ’ਚ ਲਾਇਬ੍ਰੇਰੀਅਨ ਪੂਰੀ ਲਾਇਬ੍ਰੇਰੀ ਦਾ ਹਰ ਪੱਖ ਤੋਂ ਜ਼ਿੰਮੇਵਾਰ ਵਿਅਕਤੀ ਹੁੰਦਾ ਹੈ। ਵੱਖ-ਵੱਖ ਪੁਸਤਕਾਂ ਨੂੰ ਉਨ੍ਹਾਂ ਦੇ ਵਿਸ਼ੇ ਅਨੁਸਾਰ ਕੈਟਾਲੌਗ ਅਨੁਸਾਰ ਉਨ੍ਹਾਂ ਤੇ ਨੰਬਰ ਲਾਉਣੇ ਅਤੇ ਉਨ੍ਹਾਂ ਪੁਸਤਕਾਂ ਨੂੰ ਤਰਤੀਬ ਅਨੁਸਾਰ ਅਲਮਾਰੀਆਂ ਤੇ ਰੈਕ ਆਦਿ ’ਚ ਵੰਡ ਕਰਨੀ ਹੁੰਦੀ ਹੈ। ਇਸ ਕੰਮ ਲਈ ਉਹ ਸਹਾਇਕ ਲਾਇਬ੍ਰੇਰੀਅਨ, ਅਸਿਸਟੈਂਟ ਲਾਇਬ੍ਰੇਰੀਅਨ ਜਾਂ ਲਾਇਬਰੇਰੀ ਰੀਸਟੋਰਰ ਦੀ ਮਦਦ ਵੀ ਲੈਂਦਾ ਹੈ।
ਹਵਾਲਾ ਪੁਸਤਕਾਂ ਦਾ ਕੰਮ ਬਹੁਤ ਧਿਆਨ ਨਾਲ ਕਰਨ ਵਾਲਾ ਹੁੰਦਾ ਹੈ। ਵੱਡੀਆਂ ਲਾਇਬ੍ਰੇਰੀਆਂ ’ਚ ਇਨ੍ਹਾਂ ਦਾ ਸੈਕਸ਼ਨ ਵੱਖਰਾ ਹੁੰਦਾ ਹੈ। ਇਸ ’ਚ ਉਹ ਸਾਰੀਆਂ ਪੁਸਤਕਾਂ, ਡਿਕਸ਼ਨਰੀਆਂ, ਇਨਸਾਈਕਲੋਪੀਡੀਆ ਆਦਿ ਹੁੰਦੇ ਹਨ, ਜਿਨ੍ਹਾਂ ਨੂੰ ਸਿਰਫ਼ ਲਾਇਬ੍ਰੇਰੀ ’ਚ ਬੈਠ ਕੇ ਪੜ੍ਹਨ ਦੀ ਇਜਾਜ਼ਤ ਹੁੰਦੀ ਹੈ। ਰਿਸਰਚ ਸਕਾਲਰ, ਵਿਦਵਾਨ, ਪੀਐੱਚ.ਡੀ ਕਰਨ ਵਾਲੇ ਵਿਦਿਆਰਥੀ, ਖੋਜੀ ਅਕਸਰ ਹੀ ਇਸ ਸੈਕਸ਼ਨ ’ਚ ਬੈਠੇ ਦੇਖੇ ਜਾ ਸਕਦੇ ਹਨ। ਲਾਇਬ੍ਰੇਰੀਅਨ ਨੂੰ ਆਪਣੇ ਵਿਸ਼ੇ ਦਾ ਪੂਰਾ ਮਾਹਿਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਖੋਜੀਆਂ ਤੇ ਰਿਸਰਚ ਕਰਨ ਵਾਲਿਆਂ ਨੂੰ ਗਾਈਡ ਕਰ ਸਕੇ।
ਲਾਇਬ੍ਰੇਰੀਆਂ ’ਚ ਕੰਪਿਊਟਰ ਨੈੱਟ ਵਰਕਿੰਗ
ਅਜੋਕਾ ਯੁੱਗ ਤਕਨਾਲੋਜੀ ਦਾ ਯੁੱਗ ਹੈ। ਕੰਪਿਊਟਰ ਨੇ ਸਾਡੇ ਕੰਮ ਨੂੰ ਬਹੁਤ ਸੌਖਾ ਕਰ ਦਿੱਤਾ ਹੈ। ਹੁਣ ਲਾਇਬ੍ਰੇਰੀ ਦੀਆਂ ਸਾਰੀਆਂ ਪੁਸਤਕਾਂ ਨੂੰ ਕੰਪਿਊਟਰ ’ਚ ਅਪਲੋਡ ਕਰ ਦਿੱਤਾ ਜਾਂਦਾ ਹੈ। ਇਸ ਲਈ ਉਚੇਚੇ ਤੌਰ ’ਤੇ ਸਾਫਟਵੇਅਰ ਤਿਆਰ ਕੀਤੇ ਗਏ ਹਨ। ਇਸ ਨਾਲ ਲਾਇਬ੍ਰੇਰੀ ਦੀ ਕੋਈ ਵੀ ਪੁਸਤਕ ਨੂੰ ਲੱਭਣਾ ਬਹੁਤ ਸੌਖਾ ਹੋ ਗਿਆ ਹੈ।
ਕੰਮ ਕਰਨ ਦਾ ਖੇਤਰ
ਵਿੱਦਿਅਕ ਅਦਾਰੇ : ਹਰ ਸਕੂਲ, ਕਾਲਜ, ਯੂਨੀਵਰਸਿਟੀ ’ਚ ਲਾਇਬ੍ਰੇਰੀ ਜ਼ਰੂਰ ਹੁੰਦੀ ਹੈ, ਜੋ ਉਸ ਅਦਾਰੇ ਦੇ ਵਿਦਿਆਰਥੀਆਂ ਦੀ ਲੋੜ ਦੀਆਂ ਪੁਸਤਕਾਂ ਰੱਖਦੀ ਹੈ। ਸੰਸਥਾ ਦੇ ਆਕਾਰ ਤੇ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਇਸ ’ਚ ਇਕ ਤੋਂ ਲੈ ਕੇ 10-15 ਤਕ ਕਰਮਚਾਰੀ ਹੋ ਸਕਦੇ ਹਨ।
ਪਬਲਿਕ ਲਾਇਬ੍ਰੇਰੀਆਂ : ਹਰ ਸ਼ਹਿਰ ਜਾਂ ਇਲਾਕੇ ’ਚ ਆਮ ਲੋਕਾਂ ਲਈ ਇਕ ਪਬਲਿਕ ਲਾਇਬ੍ਰੇਰੀ ਹੁੰਦੀ ਹੈ, ਜਿੱਥੇ ਹਰ ਤਰ੍ਹਾਂ ਦੇ ਗਿਆਨ ਅਤੇ ਸਾਹਿਤ ਦੀਆਂ ਪੁਸਤਕਾਂ ਤੇ ਅਖ਼ਬਾਰ/ਮੈਗਜ਼ੀਨ ਆਦਿ ਰੱਖੇ ਹੁੰਦੇ ਹਨ। ਇੱਥੇ ਲਾਇਬ੍ਰੇਰੀਅਨ ਤੇ ਉਸ ਦੇ ਸਹਾਇਕ ਕਰਮਚਾਰੀਆਂ ਦੀ ਜ਼ਰੂਰਤ ਹੁੰਦੀ ਹੈ।
ਕਾਰੋਬਾਰੀ ਅਦਾਰੇ : ਹਸਪਤਾਲ, ਵੱਡੀਆਂ ਫੈਕਟਰੀਆਂ, ਰੇਲਵੇ ਵਿਭਾਗ, ਰੁਜ਼ਗਾਰ ਵਿਭਾਗ, ਕੇਂਦਰੀ ਤੇ ਸੂਬਾ ਸਰਕਾਰਾਂ ਦੇ ਵੱਖ -ਵੱਖ ਵਿਭਾਗਾਂ ਦੇ ਦਫ਼ਤਰ ਆਦਿ ਵਿਚ ਲੋੜ ਅਤੇ ਸਮਰੱਥਾ ਅਨੁਸਾਰ ਛੋਟੀ ਜਾਂ ਵੱਡੀ ਲਾਇਬ੍ਰੇਰੀ ਜ਼ਰੂਰ ਹੁੰਦੀ ਹੈ, ਜਿਸ ਵਿਚ ਉਸ ਦਫ਼ਤਰ/ਸੰਸਥਾ ਨਾਲ ਸਬੰਧਤ ਪੁਰਾਣੀਆਂ ਤੇ ਨਵੀਆਂ ਪੁਸਤਕਾਂ, ਡਾਇਰੈਕਟਰੀਆਂ ਆਦਿ ਦਾ ਰਿਕਾਰਡ ਰੱਖਿਆ ਹੁੰਦਾ ਹੈ, ਜਿੱਥੇ ਇਹ ਉਸ ਅਦਾਰੇ ਦਾ ਇਤਿਹਾਸ ਸੰਭਾਲੀ ਬੈਠੀ ਹੁੰਦੀ ਹੈ, ਨਾਲ ਹੀ ਉਸ ਦੇ ਨਿਯਮ, ਕੋਡ ਆਦਿ ਦਾ ਵੀ ਲਿਖਤੀ ਰੂਪ ਦਾ ਵੱਡਾ ਖ਼ਜ਼ਾਨਾ ਹੁੰਦੀ ਹੈ।
ਮੀਡੀਆ ਦੇ ਰੂਪ : ਅਖ਼ਬਾਰ, ਰੇਡਿਓ, ਟੈਲੀਵਿਜ਼ਨ, ਵੱਖ-ਵੱਖ ਸਾਈਟਾਂ ਆਦਿ ’ਚ ਆਪਣੇ ਵਿਸ਼ੇ ਨਾਲ ਸਬੰਧਤ ਤੇ ਆਮ ਗਿਆਨ ਦੀਆਂ ਬਹੁਤ ਸਾਰੀਆਂ ਪੁਸਤਕਾਂ, ਇਨਸਾਈਕਲੋਪੀਡੀਆ ਤੇ ਹੋਰ ਹਵਾਲਾ ਪੁਸਤਕਾਂ ਤੋਂ ਬਿਨਾਂ ਬਹੁਤ ਸਾਰੇ ਸਮਕਾਲੀ ਅਖ਼ਬਾਰ/ਮੈਗਜ਼ੀਨ ਆਦਿ ਆਉਂਦੇ ਹਨ। ਇਨ੍ਹਾਂ ਸਾਰਿਆਂ ਨੇ ਬਹੁਤ ਸਾਰਾ ਇਤਿਹਾਸ ਤੇ ਵਿਸ਼ੇਸ਼ ਅੰਕ ਆਦਿ ਸੰਭਾਲਣੇ ਹੁੰਦੇ ਹਨ। ਭਾਸ਼ਾ, ਸਾਹਿਤ, ਸੰਗੀਤ ਤੇ ਸੱਭਿਆਚਾਰ ਵਿਭਾਗ : ਇਨ੍ਹਾਂ ਦੇ ਜ਼ਿਲ੍ਹਾ ਪੱਧਰ ਤੇ ਛੋਟੇ ਪੱਧਰ ਦੇ ਦਫ਼ਤਰ ਵੀ ਲਾਇਬ੍ਰੇਰੀ ਰੱਖਦੇ ਹਨ, ਜਿਵੇਂ ਭਾਸ਼ਾ ਵਿਭਾਗ ’ਚ ਵੱਖ-ਵੱਖ ਭਾਸ਼ਾਵਾਂ ਦੀਆਂ ਪੁਸਤਕਾਂ, ਸਾਹਿਤ ਅਕਾਦਮੀਆਂ ਦੇ ਦਫ਼ਤਰ, ਉਨ੍ਹਾਂ ਦਾ ਸਾਹਿਤ ਤੇ ਸੰਸਾਰ ਪੱਧਰ ਦਾ ਅਨੁਵਾਦਿਤ ਸਾਹਿਤ ਤੇ ਗਿਆਨ ਰੱਖਿਆ ਜਾਂਦਾ ਹੈ।
ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ : ਸਾਰੇ ਰਿਸਰਚ ਤੇ ਡਿਵੈਲਪਮੈਂਟ ਸੈਂਟਰ, ਆਈਸੀਏਆਰ (ਇੰਡੀਅਨ ਕੌਂਸਲ ਆਫ ਐਗਰੀਕਲਚਰ ਐਂਡ ਰਿਸਰਚ), ਸੀਐੱਸਆਈਆਰ (ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ), ਡੀਆਰਡੀਓ (ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਨੇਸ਼ਨ), ਆਈਸੀਐੱਸਐੱਸ ਆਰ (ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸਿਜ਼ ਰਿਸਰਚ), ਆਈਸੀ ਐੱਚਆਰ (ਇੰਡੀਅਨ ਕੌਂਸਲ ਆਫ ਹਿਸਟੌਰੀਕਲ ਰਿਸਰਚ), ਖੇਤੀ ਤੇ ਉਦਯੋਗਾਂ ਨਾਲ ਸਬੰਧਤ ਖੋਜ ਸੰਸਥਾਵਾਂ ਆਦਿ ’ਚ ਵੀ ਲਾਇਬ੍ਰੇਰੀ ਸਾਇੰਸ ਦਾ ਕੋਰਸ ਕਰ ਚੁੱਕੇ ਨੌਜਵਾਨ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ।
ਅੰਤਰਰਾਸ਼ਟਰੀ ਅਦਾਰੇ : ਵਿਸ਼ਵ ਸਿਹਤ ਸੰਸਥਾ, ਯੂਨੈਸਕੋ, ਵਰਲਡ ਬੈਂਕ, ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ, ਵਿਸ਼ਵ ਪੱਧਰ ਦੇ ਹੋਰ ਵੱਡੇ ਅਦਾਰੇ ਲਾਇਬ੍ਰੇਰੀ ਤੋਂ ਬਿਨਾਂ ਨਹੀਂ ਤੁਰਦੇ। ਉਨ੍ਹਾਂ ਅਦਾਰਿਆਂ ਤੇ ਦਫ਼ਤਰਾਂ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ ਇਹ ਲਾਇਬ੍ਰੇਰੀਆਂ।
ਡਿਜੀਟਲ ਲਾਇਬ੍ਰੇਰੀ ਆਫ ਇੰਡੀਆ : ਇਹ ਭਾਰਤ ਸਰਕਾਰ ਦਾ ਵੱਡਾ ਅਦਾਰਾ ਹੈ, ਜਿੱਥੇ ਪੁਸਤਕਾਂ ਨੂੰ ਡਿਜੀਟਲ ਰੂਪ ’ਚ ਸੰਭਾਲਿਆ ਜਾਂਦਾ ਹੈ। ਕੁਦਰਤੀ ਗੱਲ ਹੈ ਕਿ ਇੱਥੇ ਕੰਪਿਊਟਰ ਤੇ ਲਾਇਬ੍ਰੇਰੀ ਆਟੋਮੇਸ਼ਨ ’ਚ ਮਾਹਿਰ ਵਿਅਕਤੀ ਹੀ ਲੋੜੀਂਦੇ ਹਨ।
ਸੰਖੇਪ ’ਚ ਕਿਹਾ ਜਾ ਸਕਦਾ ਹੈ ਕਿ ਇਹ ਖੇਤਰ ਬਹੁਤ ਵਿਸ਼ਾਲ ਹੈ। ਇਸ ਨੂੰ ਵਿਸ਼ਾਲ ਅਰਥਾਂ ’ਚ ਹੀ ਦੇਖਣਾ ਤੇ ਸਮਝਣਾ ਪਵੇਗਾ। ਜੋ ਪੁਸਤਕ ਪ੍ਰੇਮੀ ਹਨ, ਉਨ੍ਹਾਂ ਲਈ ਤਾਂ ਇਹ ਖੇਤਰ ਬਹੁਤ ਵੱਡਾ ਵਰਦਾਨ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਧਨ ਦੀ ਲੋੜ ਪੂਰੀ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਮਨ ਦੀ ਭੁੱਖ ਵੀ ਦੂਰ ਹੋ ਸਕੇਗੀ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.