ਜ ਦੇਸ਼ ਦੇ ਕਿਸੇ ਵੀ ਸੂਬੇ ਵੱਲ ਧਿਆਨਪੂਰਵਕ ਨਜ਼ਰ ਮਾਰੀਏ ਤਾਂ ਬਹੁਤ ਸਾਰੀਆਂ ਸਮੱਸਿਆਵਾ ਨਜ਼ਰ ਆਉਣਗੀਆਂ । ਵੱਖ ਵੱਖ ਰਾਜਨੀਤਿਕ ਪਾਰਟੀਆਂ ਵੋਟਾਂ ਵੇਲ਼ੇ ਨਵੀਂਆਂ ਨਵੀਆਂ ਸਮੱਸਿਆਵਾ ਦੱਸ ਕੇ ਉਹਨਾਂ ਨੂੰ ਹੱਲ ਕਰਨ ਦੀਆਂ ਵੱਖ ਵੱਖ ਉਦਾਰਹਣਾ ਦੇ ਕੇ , ਤਰ੍ਹਾਂ ਤਰ੍ਹਾਂ ਦੇ ਝੂਠੇ ਚੋਣ ਵਾਅਦੇ ਕਰ ਕੇ ਲੋਕਾਂ ਤੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਕਿਤੇ ਨਾ ਕਿਤੇ ਹਰੇਕ ਵਾਰ ਸਫ਼ਲ ਵੀ ਹੋ ਜਾਂਦੀਆਂ ਹਨ। ਨੌਜਵਾਨ ਹਰ ਵਾਰ ਇਹ ਫ਼ਿਕਰਮੰਦ ਹੋ ਕੇ ਵੋਟਾਂ ਪਾ ਦਿੰਦੇ ਹਨ ਕਿ ਸ਼ਾਇਦ ਨਵੀਂ ਬਣਨ ਜਾ ਰਹੀ ਸਰਕਾਰ ਉਹਨਾਂ ਦੇ ਉੱਜਵਲ ਭਵਿੱਖ ਬਾਰੇ ਸੋਚ ਕੇ ਉਹਨਾਂ ਦੀਆਂ ਸਮੱਸਿਆਵਾ ਦਾ ਹੱਲ ਕਰੇਗੀ, ਪ੍ਰੰਤੂ ਨਵੀਂ ਚੁਣੀ ਗਈ ਸਰਕਾਰ ਦੇ ਫੋਕੇ ਦਾਅਵੇ ਕੁੱਝ ਸਮੇਂ ਬਾਅਦ ਹੀ ਨਜ਼ਰ ਆਉਣ ਲੱਗ ਪੈਂਦੇ ਹਨ।
ਇਹ ਸਰਕਾਰਾਂ ਆਪਸੀ ਬਹਿਸ ਜਾ ਘੋਟਾਲਿਆਂ ਵਿੱਚ ਹੀ ਉੱਲਝ ਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਰਹਿੰਦੇ ਹਨ। ਨੌਜਵਾਨਾਂ ਦਾ ਭਵਿੱਖ ਉਸੇ ਤਰ੍ਹਾਂ ਹੀ ਹਨੇਰੇ ਦੇ ਰਾਹ ਵੱਲ ਤੁਰਿਆ ਰਹਿੰਦਾ ਹੈ। ਉਹ ਸਰਕਾਰ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਕਰਦੇ ਹੀ ਕੁੱਝ ਨੌਜਵਾਨ ਆਪਣੀ ਹਾਰ ਮੰਨ ਲੈਂਦੇ ਹਨ, ਕੁਝ ਕੂ ਸੰਘਰਸ਼ ਦੇ ਰਾਹ ਪਏ ਹੀ ਆਪਣੀ ਨੌਕਰੀ ਲੈਣ ਵਾਲੀਆਂ ਉਮਰਾਂ ਸੰਘਰਸ਼ਾ ਦੇ ਲੇਖੇ ਲਾ ਦਿੰਦੇ ਹਨ। ਪਰ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ, ਜੇਕਰ ਉਹ ਕਿਸੇ ਸਿਆਸੀ ਪਾਰਟੀ ਦੇ ਨੇਤਾ ਦਾ ਘਿਰਾਓ ਕਰਦੇ ਹਨ ਤਾਂ ਲੋਕਾਂ ਦੁਆਰਾ,ਲੋਕਾਂ ਲਈ ਹੀ ਚੁਣੀ ਸਰਕਾਰ ਉਹਨਾਂ ਹੀ ਲੋਕਾਂ ਉੱਪਰ , ਉਹਨਾਂ ਹੀ ਲੋਕਾਂ ਦੇ ਲੱਗੇ ਪੁਲਿਸ ਕਰਮਚਾਰੀਆ ਧੀਆਂ ਪੁੱਤਰਾਂ ਤੋਂ ਉਹਨਾਂ ਨੂੰ ਡੰਡੇ ਨਾਲ ਕਟਵਾਉਦੀ ਹੈ।
ਇੱਥੇ ਇੱਕ ਹੋਰ ਗੱਲ ਵੀ ਬੜੀ ਧਿਆਨ ਖਿੱਚਣ ਵਾਲੀ ਹੋਵੇਗੀ ਕਿ ਲੋਕਾਂ ਦੇ ਬੱਚਿਆਂ ਨੂੰ ਇੱਕ ਬੇਰੁਜ਼ਗਾਰ ਅਤੇ ਦੂਜਾ ਸਰਕਾਰੀ ਮੁਲਾਜ਼ਮ ਨੂੰ ਆਹਮਣੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ, ਜਿੱਥੇ ਬੇਰੁਜ਼ਗਾਰ ਆਪਣੇ ਭਵਿੱਖ ਦੇ ਲਈ ਲੜਦਾ ਹੈ , ਉੱਥੇ ਹੀ ਪੁਲਿਸ ਮੁਲਾਜ਼ਮ ਮੌਕੇ ਦੀ ਸਰਕਾਰ ਦੇ ਭਵਿੱਖ ਲਈ ਅੰਨ੍ਹੇਵਾਹ ਡੰਡੇ ਵਰ੍ਹਾਉਂਦੇ ਹਨ। ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਏ ਸੀ ਕਮਰਿਆਂ ਵਿੱਚ ਬੈਠ ਕੇ ਹੁਕਮ ਦੇ ਦਿੰਦੇ ਹਨ ਅਤੇ ਫ਼ਿਰ ਸਾਰਾ ਤਮਾਸ਼ਾਂ ਆਪਣੇ ਸਹਿਯੋਗੀ ਹਾਰੀਆਂ ਹੋਈਆਂ ਪਾਰਟੀਆਂ ਦੇ ਲੀਡਰਾਂ ਨਾਲ ਬੈਠ ਕੇ ਦੇਖਦੇ ਹਨ। ਫਿਰ ਉਹੀ ਸਿਆਸੀ ਧਿਰ ਜੋ ਮੌਕੇ ਦੇ ਲੀਡਰਾਂ ਨਾਲ ਸਹਿਯੋਗੀ ਹੁੰਦੀ ਹੈ ਬੇਰੁਜ਼ਗਾਰਾਂ ਦੇ ਧਰਨਿਆਂ ਵਿੱਚ ਸ਼ਿਰਕਤ ਕਰ ਕੇ ਝੂਠੇ ਦੁੱਖ ਪ੍ਰਗਟ ਕਰਦਿਆਂ ਹਨ ਅਤੇ ਉਹਨਾਂ ਨੂੰ ਦਿਲਾਸੇ ਦਿੰਦੀਆਂ ਹਨ ਕਿ ਸਾਡੀ ਸਰਕਾਰ ਆਉਣ ਤੇ ਤੁਹਾਡੇ ਭਵਿੱਖ ਨੂੰ ਇਸ ਤਰ੍ਹਾਂ ਸੜਕਾਂ ਤੇ ਰੁਲਣ ਨਹੀਂ ਦਿੱਤਾ ਜਾਵੇਗਾ, ਘਰ ਘਰ ਨੌਕਰੀ ਦੇਣ ਤਹਿਤ ਰੁਜ਼ਗਾਰ ਦੇਣ ਦੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਹਨ ।
ਜਿਵੇਂ ਪਿਛਲੀਆਂ ਸਰਕਾਰਾਂ ਵੇਲੇ ਅਸੀਂ ਦੇਖਿਆ ਸੀ ਕਿ ਕਾਂਗਰਸ ਪਾਰਟੀ ਦੀ ਕੈਪਟਨ ਦੀ ਅਗਵਾਈ ਵਿੱਚ ਵੀ ਇਹੀ ਨਾਅਰਿਆਂ ਨੂੰ ਵਾਰ ਵਾਰ ਦੁਹਰਾਉਣ ਤੇ ਸੱਤਾ ਹਾਸਿਲ ਕਰਨ ਵਿੱਚ ਸਫ਼ਲ ਹੋਈ ਸੀ ਅਤੇ ਗੁਟਕਾਂ ਸਾਹਿਬ ਦੀ ਸੌਂਹ ਖਾ ਕੇ ਨਸ਼ੇ ਵੀ ਚਾਰ ਹਫ਼ਤਿਆਂ ਵਿੱਚ ਬੰਦ ਕਰਨ ਅਤੇ ਘਰ ਘਰ ਨੌਕਰੀ ਰਾਹੀ ਨੌਜਵਾਨੀ ਭਵਿੱਖ ਨੂੰ ਸੁਪਨਾ ਦਿਖਾ ਕੇ ਸੱਤਾ ਹਾਸਿਲ ਕੀਤੀ ਸੀ। ਪ੍ਰੰਤੂ ਬਾਅਦ ਵਿੱਚ ਕੈਪਟਨ ਸਰਕਾਰ ਵੀ ਅਕਾਲੀ ਦਲ ਦੀ ਸਰਕਾਰ ਵਾਂਗ ਹੀ ਬੇਰੁਜ਼ਗਾਰਾਂ ਤੇ ਲਾਠੀਆਂ ਚਲਾਉਣ ਦਾ ਕੰਮ ਕਰਦੀ ਰਹੀ। ਜਿਹਨਾਂ ਲੋਕਾਂ ਨੇ ਘਰ ਘਰ ਨੌਕਰੀ ਮਿਲਣ ਦੀ ਆਸ ਵਿੱਚ ਵੋਟਾਂ ਪਾਈਆਂ ਸੀ । ਬਾਅਦ ਵਿੱਚ ਉਹਨਾਂ ਹੀ ਨੌਜਵਾਨਾਂ ਨੂੰ ਸੜਕਾਂ ਤੇ ਭਜਾ ਭਜਾ ਕੇ ਕੁੱਟਿਆ ਜਾਂਦਾ ਹੈ। ਜੇਕਰ ਬੇਰੁਜ਼ਗਾਰੀ ਦੇ ਅੰਕੜਿਆਂ ਦੀ ਗੱਲ਼ ਕੀਤੀ ਜਾਵੇ ਤਾਂ ਪੰਜਾਬ ਦੇ 2020- 2021 ਦੇ ਆਰਥਿਕ ਸਰਵੇਖਣ ਅਨੁਸਾਰ ' 15 ਤੋਂ 29 ' ਸਾਲ ਉਮਰ ਵਰਗ ਦੀ ਦਰ 21 ਫ਼ੀਸਦੀ ਹੈ, ਜੋ ਕਿ ਬਹੁਤ ਚਿੰਤਾਜਨਕ ਹੈ । ਇਸ ਦੇ ਨਾਲ ਹੀ ਸੀ ਐਮ ਆਈ ਏ ( ਸੈਂਟਰ ਫ਼ਾਰ ਮੋਨੀਟਰਿੰਗ ਇੰਡੀਅਨ ਇਕੋਨਮੀ ) ਦੇ ਦਸੰਬਰ 2021 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਬੇਰੁਜ਼ਗਾਰੀ ਦਰ 7.8 ਪ੍ਰਤੀਸ਼ਤ ਹੈ।
ਬੇਰੁਜ਼ਗਾਰੀ ਦੇ ਮਾਮਲੇ ਵਿੱਚ ਪੰਜਾਬ ਦੇਸ਼ ਵਿੱਚ 11ਵੇਂ ਸਥਾਨ ਉੱਤੇ ਹੈ। ਜਦੋ ਮਰਦ ਅਤੇ ਔਰਤਾਂ ਦੇ ਅਲੱਗ ਅਲੱਗ ਅੰਕੜੇ ਦੇਖਦੇ ਹਾਂ ਤਾਂ ਇਹ ਔਰਤਾਂ 40.4 ਪ੍ਰਤੀਸ਼ਤ ਅਤੇ ਮਰਦ 7.1 ਪ੍ਰਤੀਸ਼ਤ ਬੇਰੁਜ਼ਗਾਰ ਹਨ। ਇਹਨਾਂ ਦਾ ਅੰਤਰ ਬਹੁਤ ਜਿਆਦਾ ਹੋ ਜਾਂਦਾ ਹੈ।
ਖ਼ਾਸ ਗੱਲ ਇਹ ਹੈ ਕਿ ਪੰਜਾਬ ਵਿੱਚ 10 ਸਾਲ ਰਾਜ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਨੇ 2017 ਦੇ ਵਿੱਚ ਸੱਤਾ ਛੱਡੀ । ਉਸ ਸਮੇਂ ਕੌਮੀ ਬੇਰੁਜ਼ਗਾਰੀ ਦਰ 6.1 ਪ੍ਰਤੀਸ਼ਤ ਸੀ, ਜਦੋਂਕਿ ਪੰਜਾਬ ਦੀ ਬੇਰੁਜ਼ਗਾਰੀ ਦਰ ਉਸ ਸਮੇਂ 7.8 ਪ੍ਰਤੀਸ਼ਤ ਸੀ। ਭਾਵ ਕੌਮੀ ਬੇਰੁਜ਼ਗਾਰੀ ਦੀ ਦਰ ਤੋਂ ਕਿਤੇ ਜ਼ਿਆਦਾ ਸੀ।
ਇਸ ਵਿੱਚ ਖ਼ਾਸ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਬੇਰੁਜ਼ਗਾਰੀ ਦੀ ਦਰ ਵਿੱਚ ਕਾਂਗਰਸ ਸਰਕਾਰ ਕੁੱਝ ਵੀ ਨਹੀਂ ਕਰ ਸਕੀ । ਜਿੱਥੇ ਅਕਾਲੀ ਭਾਜਪਾ ਸਰਕਾਰ ਸਮੇਂ ਸੀ, ਉੱਥੇ ਹੀ ਅੱਜ ਵੀ ਖੜ੍ਹੀ ਹੈ। ਸਿਰਫ਼ ਰੁਜ਼ਗਾਰ ਵੰਡਣ ਦੀ ਕਲਾ, ਘਰ ਘਰ ਰੁਜ਼ਗਾਰ ਦਾ ਸਿਰਫ਼ ਝੂਠ ਦਾ ਪ੍ਰਪੋਗੰਡਾ ਚਲਾਇਆ ਗਿਆ। ਕਾਂਗਰਸ ਸਰਕਾਰ ਦਾਅਵਾ ਕਰਦੀ ਸੀ ਕਿ ਅਸੀਂ ਵੱਖ ਵੱਖ ਖੇਤਰਾਂ ਵਿੱਚ 17.61 ਲੱਖ ਨੌਜ਼ਵਾਨਾਂ ਨੂੰ ਰੁਜ਼ਗਾਰ ਮੁਹੱਈਆਂ ਕਰਵਾਇਆ ਜੋ ਕਿ ਸਿਰਫ਼ ਝੂਠ ਦਾ ਇੱਕ ਪੁਲੰਦਾ ਹੀ ਜਾਪਦਾ ਹੈ। ਕਿਉਕਿ ਜੇਕਰ ਅੰਕੜਿਆਂ ਦੀ ਦੇਖੀਏ ਤਾਂ 7.8 ਪ੍ਰਤੀਸ਼ਤ ਹੀ ਹੈ , ਜੋ ਕਿ ਪਿਛਲੇ 10 ਸਾਲਾਂ ਵਿੱਚ ਸੀ।
ਜਦੋ ਵੱਖ ਵੱਖ ਸਿਆਸੀ ਧਿਰਾਂ ਜਿਹਨਾਂ ਨੇ ਪੰਜਾਬ ਵਿੱਚ ਰਾਜ ਕੀਤਾ, ਉਹਨਾਂ ਨੇ ਨੌਜਵਾਨਾਂ ਦੇ ਭਵਿੱਖ ਨਾਲ ਸਿਰਫ਼ ਮਜ਼ਾਕ ਹੀ ਕੀਤਾ ਹੈ, ਉਹਨਾਂ ਨੇ ਨੌਕਰੀਆਂ ਦੇਣ ਤੋਂ ਪਾਸਾ ਹੀ ਵੱਟਿਆ ਹੈ। ਹੁਣ ਪਿਛਲੀਆਂ ਪਾਰਟੀਆਂ ਦੇ ਨਾਲ ਹੀ ਇੱਕ ਹੋਰ ਪਾਰਟੀ ਆ ਜੁੜੀ ਹੈ ਆਮ ਆਦਮੀ ਪਾਰਟੀ, ਜਿਸ ਨੇ ਬਹੁਤ ਘੱਟ ਸਮੇਂ ਵਿੱਚ ਪੰਜਾਬ ਵਿੱਚ ਆਪਣੇ ਪੈਰ ਜਮਾ ਕੇ 92 ਸੀਟਾਂ ਨਾਲ ਸੱਤਾ ਤੇ ਕਾਬਜ਼ ਹੋ ਗਏ ਅਤੇ ਆਪਣੀ ਨਿਰੋਲ ਸਰਕਾਰ ਬਣਾ ਲਈ ਹੈ। ਸਰਕਾਰ ਬਣਨ ਤੋਂ ਪਹਿਲਾਂ ਇਸ ਪਾਰਟੀ ਵੱਲੋਂ ਵੀ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਅਸੀਂ ਪੰਜਾਬ ਵਿੱਚ ਭਗਤ ਸਿੰਘ ਵਾਲ਼ਾ ਇਨਕਲਾਬ ਲੈ ਕੇ ਆਵਾਂਗੇ। ਅਤੇ ਜਿੱਤ ਹਾਸਲ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਗਿਆ ਕਿ ਨੌਜ਼ਵਾਨਾਂ ਦੇ ਉੱਜਵਲ ਭਵਿੱਖ ਨੂੰ ਲੈ ਕੇ ਭਰਪੂਰ ਯਤਨ ਕੀਤੇ ਜਾਣਗੇ।
ਹੁਣ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੌਜ਼ਵਾਨਾਂ ਦੇ ਭਵਿੱਖ ਨੂੰ ਬਦਲ ਕੇ ਉਹਨਾਂ ਨੂੰ ਨੌਕਰੀਆਂ ਮੁਹੱਈਆਂ ਕਰਵਾ ਸਕੇਗੀ? ਜਾ ਸਿਰਫ਼ ਪਿਛਲੀਆਂ ਸਰਕਾਰਾਂ ਵਾਂਗ ਗੱਲਾਂ ਦਾ ਕੜਾਹ ਬਣ ਕੇ ਰਹਿ ਜਾਵੇਗੀ। ਕਿਉੰਕਿ ਜਦੋਂ ਭਗਵੰਤ ਮਾਨ ਨੇ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਬਿਆਨ ਦਿੱਤਾ ਤਾਂ ਸੁਪਰੀਮ ਕੋਰਟ ਦੇ 2006 ਦੇ ਇੱਕ ਬੈਚ ਦਾ ਫ਼ੈਸਲਾ ਯਾਦ ਆ ਜਾਂਦਾ ਹੈ, ਉਹਨਾਂ ਨੇ ਕਿਹਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ " ਗੈਰ ਸੰਵਿਧਾਨਕ ਹੈ " । ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਹਨਾਂ ਮੁਲਾਜ਼ਮਾਂ ਨੂੰ ਵਿੱਚ ਹੀ ਰੋਲ ਦੇਵੇਗੀ ਜਾ ਪੱਕਾ ਕਰ ਕੇ ਭਵਿੱਖ ਨੂੰ ਸੁਧਾਰੇਗੀ ।
-
ਬਿਕਰਮਜੀਤ ਸਿੰਘ, ਲੇਖਕ
journlistbikramjeetsingh@gmail.com
7696065375
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.