ਸਰਕਾਰ -ਏ-ਖਾਲਸਾ ਦੀ ਸ਼ਾਨ ਦਾ ਗਵਾਹ ਦੀਨਾ ਨਗਰ ਦਾ ਸ਼ਾਹੀ ਮਹਿਲ
ਮੋਇਆ ਜਦੋਂ ਪੰਜਾਬ ਦਾ ਮਹਾਰਾਜਾ,
ਮੋਈ ਵੀਰਤਾ ਵੀਰ ਪੰਜਾਬੀਆਂ ਦੀ।
ਜੀਹਦੇ ਨਾਲ ਵੈਰੀ ਥਰ-ਥਰ ਕੰਬਦੇ ਸੀ,
ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ।
ਓਹਦੇ ਰੰਗ ਮਹਿਲ ਵਿੱਚ ਲਹੂ ਡੁੱਲਾ,
ਲਿੱਬੜ ਗਈ ਤਸਵੀਰ ਪੰਜਾਬੀਆਂ ਦੀ।
ਤੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ,
ਲੱਥੀ-ਲੱਥੀ ਜ਼ੰਜੀਰ ਪੰਜਾਬੀਆਂ।
ਓਹ ਕੇਹਨੂੰ ਦੱਸੀਏ ਕਿੱਦਾਂ ਸੁਪਹਿਰ ਵੇਲੇ,
ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ।
ਕੱਲ੍ਹਾ ਸ਼ੇਰ ਨੀ ਚਿਖ੍ਹਾ ਦੇ ਵਿੱਚ ਸੜ੍ਹਿਆ,
ਸੜ੍ ਗਈ ਤਕਦੀਰ ਪੰਜਾਬੀਆਂ ਦੀ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਰਥਾਏ ਲਿਖੀਆਂ ਉਪਰੋਕਤ ਸਤਰਾਂ ਬਿਲਕੁੱਲ ਸੱਚ ਹਨ ਅਤੇ ਜੇਕਰ ਕਿਸੇ ਨੇ ਇਨ੍ਹਾਂ ਸਤਰਾਂ ਦਾ ਸੱਚ ਆਪਣੀ ਅੱਖੀਂ ਦੇਖਣਾ ਹੋਵੇ ਤਾਂ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਵਿਖੇ ਸ਼ੇਰ-ਏ-ਪੰਜਾਬ ਦੇ ਸ਼ਾਹੀ ਮਹਿਲ ਵਿਖੇ ਪਹੁੰਚ ਕੇ ਦੇਖ ਸਕਦਾ ਹੈ। ਇਸ ਸ਼ਾਹੀ ਮਹੱਲ ਨੂੰ ਦੇਖ ਕੇ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਸੱਚ-ਮੁੱਚ ਕੱਲ੍ਹਾ ਸ਼ੇਰ ਹੀ ਚਿਖ੍ਹਾ ਦੇ ਵਿੱਚ ਨਹੀਂ ਸੜ੍ਹਿਆ ਸੀ ਬਲਕਿ ਉਸ ਨਾਲ ਪੰਜਾਬੀਆਂ ਦੀ ਤਕਦੀਰ ਵੀ ਸੜ੍ ਗਈ ਸੀ।
ਅਦੀਨਾ ਨਗਰ ਜਿਸਨੂੰ ਹੁਣ ਦੀਨਾ ਨਗਰ ਕਹਿੰਦੇ ਹਨ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਗਰਮੀਆਂ ਦੀ ਰਾਜਧਾਨੀ ਬਣਾਇਆ ਸੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹਰ ਗਰਮੀ ਦੀ ਰੁੱਤ ਏਥੇ ਬਤੀਤ ਕਰਦੇ ਸਨ ਅਤੇ ਉਹ ਆਪਣੇ ਅਕਾਲ ਚਲਾਣੇ ਤੋਂ ਇੱਕ ਸਾਲ ਪਹਿਲਾਂ ਸੰਨ 1838 ਵਿੱਚ ਵੀ ਗਰਮੀ ਦੇ ਮਹੀਨੇ ਇਥੇ ਬਿਤਾਉਣ ਆਏ ਸਨ। ਸ਼ੇਰ-ਏ-ਪੰਜਾਬ ਨੇ ਦੀਨਾ ਨਗਰ ਦਾ ਮਹਿਲ ਉਸ ਸਮੇਂ ਬਣਾਇਆ ਸੀ ਜਦੋਂ ਸਰਕਾਰ ਖਾਲਸਾ ਦਾ ਜਲੌਅ ਪੂਰੇ ਸਿਖਰ ’ਤੇ ਸੀ। ਖੂਬਸੂਰਤ ਬਾਗਾਂ ਦੇ ਵਿੱਚ ਬਣਿਆ ਇਹ ਮਹੱਲ ਓਸ ਸਮੇਂ ਖਾਲਸਾ ਰਾਜ ਦੀ ਸ਼ਾਨ ਦਾ ਪ੍ਰਤੀਕ ਹੁੰਦਾ ਸੀ।
ਦੀਨਾ ਨਗਰ ਦੇ ਸ਼ਾਹੀ ਮਹੱਲ ਵਿੱਚ ਮਹਾਰਾਜਾ ਰਣਜੀਤ ਸਿੰਘ ਇਕੱਲੇ ਗਰਮੀਆਂ ਹੀ ਨਹੀਂ ਬਿਤਾਉਂਦੇ ਸਨ ਬਲਕਿ ਇਥੇ ਸ਼ਾਹੀ ਦਰਬਾਰ ਵੀ ਲੱਗਦੇ ਸਨ ਅਤੇ ਦੇਸ਼ ਪੰਜਾਬ ਦੇ ਬੜੇ ਅਹਿਮ ਫੈਸਲੇ ਉਨ੍ਹਾਂ ਨੇ ਇਥੇ ਬੈਠ ਕੇ ਹੀ ਲਏ। ਇਸ ਤੋਂ ਇਲਾਵਾ ਈਸਟ ਇੰਡੀਆ ਕੰਪਨੀ ਦੇ ਵੱਡੇ ਅਧਿਕਾਰੀਆਂ ਨਾਲ ਵੀ ਉਨ੍ਹਾਂ ਦੀ ਏਥੇ ਹੀ ਮੁਲਾਕਾਤ ਹੋਈ ਸੀ, ਜਿਸਦਾ ਇਤਿਹਾਸ ਵਿੱਚ ਜਿਕਰ ਮਿਲਦਾ ਹੈ।
ਅੰਗੇਰਜ਼ ਅਫ਼ਸਰਾਂ ਵੱਲੋਂ ਸੰਨ 1838 ਵਿੱਚ ਜਦੋਂ ਦੀਨਾ ਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਉਹ ਸਰਕਾਰ ਖਾਲਸਾ ਦੇ ਦਰਬਾਰ ਦੀ ਸ਼ਾਨ ਦੇਖ ਕੇ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਅਧਿਕਾਰੀਆਂ ਵਿੱਚ ਸ਼ਾਮਲ ਡਬਲਿਊ.ਜੀ. ਓਸਬੌਰਨ ਨੇ ਸਰਕਾਰ ਖਾਲਸਾ ਦੇ ਦਰਬਾਰ ਦੀ ਸ਼ਾਨ ਦਾ ਜੋ ਅੱਖੀ-ਡਿੱਠਾ ਹਾਲ ਬਿਆਨਿਆ ਸੀ ਉਸ ਨੂੰ ਡਾ. ਸੁਖਦਿਆਲ ਸਿੰਘ ਨੇ ਆਪਣੀ ਕਿਤਾਬ ‘ਪੰਜ ਦਰਿਆਵਾਂ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ’ ਵਿੱਚ ਇੰਝ ਲਿਖਿਆ ਹੈ:-
“ਜਿਸ ਵਿਸ਼ਾਲ ਦਰਬਾਰ ਹਾਲ ਵਿੱਚ ਉਹ ਦੀਨਾ ਨਗਰ ਵਿਖੇ ਪਹੁੰਚੇ ਸਨ ਉਸ ਦਾ ਸਾਰਾ ਫ਼ਰਸ਼ ਬਹੁਤ ਕੀਮਤੀ ਸ਼ਾਲ ਦੀਆਂ ਦਰੀਆਂ ਨਾਲ ਵਿੱਛਿਆ ਹੋਇਆ ਸੀ। ਇਸ ਹਾਲ ਦੇ ਲਗਪਗ ਤੀਜੇ ਹਿੱਸੇ ਵਿੱਚ ਇੱਕ ਹੋਰ ਚੰਦੋਆ ਤਾਣਿਆ ਹੋਇਆ ਸੀ ਜਿਸ ਵਿੱਚ ਬਹੁਤ ਹੀ ਚਮਕੀਲ਼ਾ ਅਤੇ ਰੰਗਦਾਰ ਪਸ਼ਮੀਨਾ ਲੱਗਿਆ ਹੋਇਆ ਸੀ। ਇਸਦੇ ਝਾਲਰਾਂ ਨਾਲ ਕੀਮਤੀ ਨਗ ਜੜੇ ਹੋਏ ਸਨ, ਸੋਨੇ ਦੀਆਂ ਤਾਰਾਂ ਨਾਲ ਕਢਾਈ ਕੀਤੀ ਹੋਈ ਸੀ ਅਤੇ ਇਸ ਨੂੰ ਸੋਨੇ ਦੀਆਂ ਸੋਟੀਆਂ (ਝੋਬਾਂ) ਉੱਪਰ ਕੜਾ ਕੀਤਾ ਹੋਇਆ ਸੀ। ਮਹਾਰਾਜੇ ਦੇ ਬੈਠਣ ਵਾਲੀ ਸੋਨੇ ਦੀ ਕੁਰਸੀ (ਤਖਤ) ਦੇ ਪਿੱਛੇ ਜਿਹੜੀ ਖਾਲੀ ਥਾਂ ਸੀ ਓਥੇ ਮਹਾਰਾਜੇ ਦੇ ਸਰਦਾਰ ਖੜੇ ਸਨ ਜਾਂ ਜਿਹੜੇ ਕੰਧਾਰ, ਕਾਬੁਲ ਅਤੇ ਅਫ਼ਗਾਨਿਸਤਾਨ ਤੋਂ ਪਹੁੰਚੇ ਹੋਏ ਰਾਜਦੂਤ ਜਾਂ ਅਧਿਕਾਰੀ ਸਨ। ਪਰ ਮਹਾਰਾਜਾ ਸਾਹਿਬ ਖੁਦ, ਦੁੱਧ-ਚਿੱਟੀ ਬਾਰੀਕ ਮਲਮਲ ਦੇ ਪਜਾਮਾ-ਕਮੀਜ਼ ਵਿੱਚ ਸੋਨੇ ਦੀ ਗੋਲ ਕੁਰਸੀ ਉੱਪਰ ਲੱਤ ਉੱਪਰ ਲੱਤ ਰੱਖੀਂ ਬੈਠੇ ਸਨ। ਉਨ੍ਹਾਂ ਦੇ ਕੋਈ ਵੀ ਗਹਿਣਾ ਨਹੀਂ ਪਾਇਆ ਹੋਇਆ ਸੀ ਸਗੋਂ ਇੱਕ ਪਟੀ ਬਹੁਤ ਹੀ ਕੀਮਤੀ ਨਗਾਂ ਵਾਲੀ ਉਨ੍ਹਾਂ ਦੇ ਕਮਰਕਸੇ ਦੇ ਤੌਰ ’ਤੇ ਲੱਕ ਨਾਲ ਬੰਨੀ ਹੋਈ ਸੀ। ਖੱਬੀ ਬਾਂਹ ਦੇ ਡੌਲੇ ਉੱਪਰ ਹਰੇ ਜ਼ਮੁਰਦੀ ਰੰਗ ਦੀ ਮਖਮਲੀ ਪੱਟੀ ਨਾਲ ਜੜਿਆ ਹੋਇਆ ਕੋਹਿਨੂਰ ਹੀਰਾ ਬੰਨਿਆ ਹੋਇਆ ਸੀ, ਜਿਹੜਾ ਕਿ ਬਹੁਤ ਤੇਜ਼ ਰੌਸ਼ਨੀ ਵਾਂਗ ਚਮਕਦਾ ਸੀ। ਇਹ ਲਾਹੌਰ ਦਾ ਸ਼ੇਰ ਸੀ। ਮਹਾਰਾਜੇ ਦੇ ਸਾਰੇ ਦਰਬਾਰੀ ਉਸ ਦੀ ਕੁਰਸੀ ਦੇ ਸਾਹਮਣੇ ਦੋਵੇਂ ਪਾਸੇ ਹੇਠਾਂ ਮਖਮਲੀ ਫ਼ਰਸ਼ ਉੱਪਰ ਬੈਠੇ ਸਨ। ਸਿਰਫ ਇਕੱਲਾ ਵਜ਼ੀਰ ਰਾਜਾ ਧਿਆਨ ਸਿੰਘ ਹੀ ਮਹਾਰਾਜਾ ਸਾਹਿਬ ਦੇ ਸੱਜੇ ਪਾਸੇ ਖੜਾ ਸੀ। ਓਸਬੌਰਨ ਇਹ ਵੀ ਦੱਸਦਾ ਹੈ ਕਿ ਬੇਸ਼ੱਕ ਮਹਾਰਾਜਾ ਖੁਦ ਸੋਹਣਾ ਨਹੀਂ ਸੀ ਪਰ ਉਸ ਨੂੰ ਇਸ ਗੱਲ ਦਾ ਮਾਣ ਸੀ ਕਿ ਉਸ ਦੇ ਦਰਬਾਰ ਵਿੱਚ ਉਸ ਦੇ ਦਰਬਾਰੀ ਅਤੇ ਸਰਦਾਰ ਦੁਨੀਆਂ ਦੇ ਖੂਬਸੂਰਤ ਲੋਕਾਂ ਵਿੱਚੋਂ ਹਨ। ਓਸਬੌਰਨ ਆਪਣੀ ਰਾਏ ਦਿੰਦਿਆਂ ਇਹ ਵੀ ਕਹਿੰਦਾ ਹੈ ਕਿ ਉਸ ਦਾ ਵਿਸ਼ਵਾਸ ਹੈ ਕਿ ਨਾ ਹੀ ਯੂਰਪ ਅਤੇ ਨਾ ਹੀ ਪੂਰਬੀ ਦੇਸ ਦਾ ਕੋਈ ਐਸਾ ਦਰਬਾਰ ਹੈ ਜਿਥੇ ਕਿ ਮਹਾਰਾਜੇ ਦੇ ਸਿੱਖ ਸਰਦਾਰਾਂ ਜੈਸੇ ਖੂਬਸੂਰਤ ਵਿਅਕਤੀ ਹੋਣਗੇ।”
ਹੁਣ ਗੱਲ ਕਰਦੇ ਹਾਂ ਦੀਨਾ ਨਗਰ ਦੇ ਉਸ ਸ਼ਾਹੀ ਮਹੱਲ ਦੀ ਜਿਸਦੀ ਸ਼ਾਨ ਦੀ ਗੱਲ ਅੰਗਰੇਜ਼ ਅਧਿਕਾਰੀ ਡਬਲਿਊ.ਜੀ. ਓਸਬੌਰਨ ਨੇ ਕੀਤੀ ਹੈ। ਅੱਜ ਹਾਲਾਤ ਇਸਤੋਂ ਬਿਲਕੁਲ ਹੀ ਉੱਲਟ ਹਨ। ਖੰਡਰ ਬਣਿਆ ਇਹ ਮਹਿਲ ਆਪਣੇ ਵਾਰਸਾਂ ਨੂੰ ਅਵਾਜ਼ਾਂ ਮਾਰ ਰਿਹਾ ਹੈ ਪਰ ਅਫ਼ਸੋਸ ਉਸਦੀ ਅਵਾਜ਼ ਸੁਣਨ ਵਾਲਾ ਕਈ ਨਹੀਂ ਹੈ। ਸੰਭਾਲ ਨਾ ਕੀਤੇ ਜਾਣ ਸਦਕਾ ਕੁਝ ਸ਼ਰਾਰਤੀ ਲੋਕ ਸਰਕਾਰ ਖਾਲਸਾ ਦੇ ਸ਼ਾਹੀ ਮਹੱਲ ਦੀਆਂ ਛੱਤਾਂ ਹੀ ਲਾਹ ਕੇ ਲੈ ਗਏ ਹਨ। ਬਿਨ੍ਹਾਂ ਛੱਤਾਂ ਤੋਂ ਖੰਡਰ ਹੋ ਚੁੱਕੇ ਸ਼ਾਹੀ ਮਹਿਲ ਵਿੱਚ ਥਾਂ-ਥਾਂ ਪਈਆਂ ਨਸ਼ੇ ਦੀ ਸਰਿੰਜਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਇਥੇ ਹੁਣ ਨਸ਼ੇੜੀਆਂ ਦਾ ਹੀ ਬੋਲਬਾਲਾ ਹੈ। ਜਿਸ ਥੜੇ ਉੱਪਰ ਮਹਾਰਾਜਾ ਸਾਹਿਬ ਆਪਣਾ ਸ਼ਾਹੀ ਤਖਤ ਸਜਾ ਕੇ ਬੈਠਦੇ ਹੁੰਦੇ ਸਨ ਉਹ ਥੜਾ ਭਾਂਵੇ ਅੱਜ ਵੀ ਹੈ ਪਰ ਇੱਕ ‘ਸਰਕਾਰ’ ਬਾਝੋਂ ਉਸਦਾ ਵੀ ਕੀ ਹਾਲ ਹੋਵੇਗਾ ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਸ਼ਾਹੀ ਮਹੱਲ ਤੋਂ ਥੋੜੀ ਹੀ ਦੂਰ ਲਹਿੰਦੇ ਵੱਲ ਮਹਾਰਾਜੇ ਦੀਆਂ ਰਾਣੀਆਂ ਦੀ ਰਿਹਾਇਸ਼ ਹੁੰਦੀ ਸੀ। ਇਥੇ ਅੱਜ ਕੱਲ ਨਗਰ ਕੌਂਸਲ ਦੀਨਾ ਨਗਰ ਦਾ ਦਫ਼ਤਰ ਚੱਲ ਰਿਹਾ ਹੈ। ਇੱਕ ਖੂਹ ਅਤੇ ਰਾਣੀਆਂ ਦੇ ਇਸ਼ਨਾਨ ਕਰਨ ਲਈ ਬਣਿਆ ਝਰਨਾ ਤੇ ਛੋਟੇ ਤਲਾਬ ਦੀਆਂ ਨਿਸ਼ਾਨੀਆਂ ਅਜੇ ਵੀ ਦੇਖੀਆਂ ਜਾ ਸਕਦੀਆਂ ਹਨ।
ਜਦੋਂ ਸੰਨ 1849 ਵਿੱਚ ਈਸਟ ਇੰਡੀਆ ਕੰਪਨੀ ਨੇ ਪੰਜਾਬ ਨੂੰ ਪੂਰੀ ਤਰਾਂ ਆਪਣੇ ਕਬਜ਼ੇ ਵਿੱਚ ਲਿਆ ਤਾਂ ਅੰਗਰੇਜ਼ ਹਕੂਮਤ ਵੱਲੋਂ ਅਦੀਨਾ ਨਗਰ ਨੂੰ ਜ਼ਿਲ੍ਹਾ ਸਦਰ ਮੁਕਾਮ ਬਣਾ ਕੇ ਡਿਪਟੀ ਕਮਿਸ਼ਨਰ ਦਾ ਦਫ਼ਤਰ ਦੀਨਾ ਨਗਰ ਦੇ ਇਸ ਸ਼ਾਹੀ ਮਹੱਲ ਵਿੱਚ ਬਣਾਇਆ ਗਿਆ ਸੀ। ਹਾਲਾਂਕਿ ਡਿਪਟੀ ਕਮਿਸ਼ਨਰ ਦਾ ਇਹ ਦਫ਼ਤਰ ਥੋੜਾ ਚਿਰ ਹੀ ਇਥੇ ਰਿਹਾ ਅਤੇ ਕੁਝ ਮਹੀਨਿਆਂ ਬਾਅਦ ਹੀ ਡਿਪਟੀ ਕਮਿਸ਼ਨਰ ਦਫ਼ਤਰ ਬਟਾਲਾ ਦੇ ਮਹਾਰਾਜਾ ਸ਼ੇਰ ਸਿੰਘ ਮਹਿਲ ਵਿੱਚ ਤਬਦੀਲ ਕਰਕੇ ਬਟਾਲਾ ਨੂੰ ਜ਼ਿਲ੍ਹਾ ਸਦਰ ਮੁਕਾਮ ਬਣਾ ਦਿੱਤਾ। ਅਖੀਰ ਅੰਗਰੇਜ਼ਾਂ ਨੇ 1 ਮਈ 1852 ਨੂੰ ਗੁਰਦਾਸਪੁਰ ਨੂੰ ਜ਼ਿਲ੍ਹਾ ਘੋਸ਼ਿਤ ਕਰਕੇ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਬਣਾ ਲਿਆ।
ਭਾਂਵੇ ਦੀਨਾ ਨਗਰ ਦੇ ਸ਼ਾਹੀ ਮਹਿਲ ਤੋਂ ਡਿਪਟੀ ਕਮਿਸ਼ਨਰ ਦਾ ਦਫ਼ਤਰ ਕੁਝ ਮਹੀਨਿਆਂ ਵਿੱਚ ਹੀ ਬਟਾਲਾ ਤਬਦੀਲ ਹੋ ਗਿਆ ਸੀ ਪਰ ਇਸ ਮਹਿਲ ਨੂੰ ਈਸਟ ਇੰਡੀਆ ਕੰਪਨੀ ਵੱਲੋਂ ਖਾਲੀ ਨਹੀਂ ਕੀਤਾ ਗਿਆ ਸੀ। ਉਹ ਇਸ ਸਾਹੀ ਮਹਿਲ ਦਾ ਸਾਰਾ ਬੇਸ਼ਕੀਮਤੀ ਸਮਾਨ ਅੰਗਰੇਜ਼ ਇੰਗਲੈਂਡ ਲੈ ਗਏ। ਸੰਨ 1947 ਤੋਂ ਬਾਅਦ ਵੀ ਕਿਸੇ ਨੇ ਇਸ ਸ਼ਾਹੀ ਮਹੱਲ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਆਪਣਿਆਂ ਦੀ ਹੀ ਬੇਰੁੱਖੀ ਕਾਰਨ ਇਹ ਸ਼ਾਨਦਾਰ ਸ਼ਾਹੀ ਮਹਿਲ ਖੰਡਰ ਵਿੱਚ ਤਬਦੀਲ ਹੋ ਗਿਆ। ਹਰ ਸਾਲ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਜਾਣ ਵਾਲੇ ਸਿੱਖ ਸ਼ਾਇਦ ਹੀ ਕਦੀ ਦੀਨਾ ਨਗਰ ਦੇ ਸ਼ਾਹੀ ਮਹਿਲ ਵਿੱਚ ਆਏ ਹੋਣ। ਜੇਕਰ ਆਏ ਹੁੰਦੇ ਤਾਂ ਇਸ ਮਹਿਲ ਦੇ ਇਹ ਹਲਾਤ ਨਹੀਂ ਹੋਣੇ ਸਨ।
ਇਤਫ਼ਾਕ ਵੱਸ ਅੱਜ ਵੀ ਇਸ ਸ਼ਾਹੀ ਮਹਿਲ ਦੇ ਦੁਆਲੇ ਅੰਬਾਂ ਦਾ ਬਾਗ ਹੈ ਪਰ ਹੁਣ ਇਹ ਮਹਿਲ ਅਤੇ ਬਾਗ ਕਿਸੇ ਦੀ ਨਿੱਜੀ ਜਾਇਦਾਦ ਬਣ ਗਏ ਹਨ। ਇਸ ਬਾਗ ਵਿੱਚ ਹੁਣ ਕਲੋਨੀ ਕੱਟੀ ਜਾ ਰਹੀ ਹੈ ਅਤੇ ਹੋ ਸਕਦਾ ਹੈ ਕਿ ਇਸਦੇ ਮਾਲਕ ਸ਼ਾਹੀ ਮਹਿਲ ਦੇ ਖੰਡਰਾਂ ਨੂੰ ਬਿਲਕੁਲ ਸਾਫ਼ ਕਰ ਦੇਣ। ਇਸਤੋਂ ਪਹਿਲਾਂ ਕਿ ਸਰਕਾਰ ਖਾਲਸਾ ਦਾ ਇਹ ਸ਼ਾਹੀ ਮਹਿਲ ਬਿਲਕੁਲ ਖਤਮ ਹੋ ਜਾਵੇ ਸਿੱਖ ਪੰਥ ਨੂੰ ਇਸਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਦੀਨਾ ਨਗਰ ਦਾ ਇਹ ਸ਼ਾਹੀ ਮਹੱਲ ਸਰਕਾਰ ਖਾਲਸਾ ਦੀ ਸ਼ਾਨ ਦਾ ਗਵਾਹ ਅਤੇ ਇਹ ਗਵਾਹੀ ਹਮੇਸ਼ਾਂ ਕਾਇਮ ਰਹਿਣੀ ਚਾਹੀਦੀ ਹੈ।
25 ਮਾਰਚ , 2022
-
ਇੰਦਰਜੀਤ ਸਿੰਘ ਹਰਪੁਰਾ, ਲੇਖਕ
isbajwapro@gmail.com
+91-98155-77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.