ਵਿਆਹ ਸ਼ਾਦੀਆਂ ਵਿਚ ਫਜ਼ੂਲ ਦਿਖਾਵਬਾਜ਼ੀ
ਪਰ ਸਮੇਂ ਦੇ ਨਾਲ ਇਹ ਪਵਿੱਤਰ ਰਸਮ ਬਹੁਤ ਮਹਿੰਗੀ ਤੇ ਕਈ ਕੁਰੀਤੀਆਂ ਦਾ ਸ਼ਿਕਾਰ ਹੋ ਰਹੀ ਹੈ। ਫ਼ਜ਼ੂਲ-ਖ਼ਰਚੀ ਕਰਨ ਅੱਜ ਕੱਲ੍ਹ ਲੋਕਾਂ ਦਾ ਸੁਭਾਅ ਬਣਦਾ ਜਾ ਰਿਹਾ ਹੈ। ਵਿਆਹਾਂ ’ਤੇ ਹੁੰਦੇ ਖੁੱਲ੍ਹੇ ਖ਼ਰਚੇ ਸਾਧਾਰਨ ਪਰਿਵਾਰਾਂ ਲਈ ਬਹੁਤ ਵੱਡੀ ਪਰੇਸ਼ਾਨੀ ਬਣ ਗਏ ਹਨ।
ਪਿੰਡਾਂ ’ਚ ਇਕ-ਦੂਜੇ ਦੇਖ ਕੇ ਵਿਆਹ ’ਤੇ ਦੂਜੇ ਨਾਲੋਂ ਜ਼ਿਆਦਾ ਖ਼ਰਚ ਕਰਨਾ ਇਜੱਤ ਵਾਲੀ ਗੱਲ ਸਮਝੀ ਜਾਂਦੀ ਹੈ। ਕਈ ਅਮੀਰ ਪਰਿਵਾਰ ਤਾਂ ਪੈਲੇਸਾਂ ਵਿਚ ਵਿਆਹ ਕਰ ਕੇ ਪੈਸੇ ਨੂੰ ਪਾਣੀ ਵਾਂਗ ਵਹਾਉਂਦੇ ਹਨ ਪਰ ਉਨ੍ਹਾਂ ਨੂੰ ਦੇਖ ਕੇ ਕਈ ਸਾਧਾਰਨ ਪਰਿਵਾਰ ਵਿਆਹ ’ਤੇ ਬਹੁਤ ਖ਼ਰਚਾ ਕਰ ਦਿੰਦੇ ਹਨ ਜਿਨ੍ਹਾਂ ਨੂੰ ਅੰਤ ਵਿਚ ਆਪਣੀ ਜ਼ਮੀਨ ਵੇਚਣੀ ਪੈਂਦੀ ਹੈ ਕਿਉਂਕਿ ਕਰਜ਼ਾ ਲੈ ਕੇ ਵਿਆਹ ਕੀਤਾ ਹੁੰਦਾ ਹੈ।
ਅੱਜ ਸਾਡੇ ਵਿਆਹਾਂ ਵਿੱਚੋਂ ਸਾਦਗੀ ਕਿਧਰੇ ਉੱਡ ਗਈ ਹੈ। ਪਿਛਲੇ ਸਮੇਂ ਵਿਚ ਵਿਆਹ ਤੋਂ ਪਹਿਲਾਂ ਲੜਕੇ ਨੂੰ ਲੜਕੀ ਨਾਲ ਮਿਲਣ ਨਹੀਂ ਸੀ ਦਿੱਤਾ ਜਾਂਦਾ ਪਰ ਅੱਜ ਸਭ ਇਸ ਦੇ ਉਲਟ ਹੋ ਰਿਹਾ ਹੈ। ਵਿਆਹ ਤੋਂ ਪਹਿਲਾਂ ਇਕੱਠੇ ਸਾਮਾਨ ਖ਼ਰੀਦਦੇ ਅਤੇ ਪ੍ਰੀ-ਵੈਡਿੰਗ ਸ਼ੂਟ ਕਰਵਾਉਣ ਲਈ ਵੱਖ-ਵੱਖ ਖੂਬਸੂਰਤ ਸ਼ਹਿਰਾਂ ਵਿਚ ਜਾਂਦੇ ਹਨ। ਸਾਡਾ ਸੱਭਿਆਚਾਰ ਸਿਰਫ਼ ਦਿਖਾਵੇ ਵਾਲਾ ਹੀ ਰਹਿ ਗਿਆ ਹੈ। ਪਿਛਲੇ ਸਮੇਂ ਵਿਚ ਵਿਆਹ ਘਰੇ ਹੁੰਦਾ ਸੀ ਜਿਸ ’ਚ ਪੂਰਾ ਸ਼ਰੀਕਾ-ਕਬੀਲਾ ਕੰਮ ਕਰਦਾ ਸੀ। ਵਿਆਹ ਵਿਚ ਕਿਸੇ ਕੰਮ ਕਰਨ ਵਾਲੇ ਮਜ਼ਦੂਰ ਦੀ ਲੋੜ ਨਹੀਂ ਸੀ ਪੈਂਦੀ। ਸਾਰਾ ਕੰਮ ਪਿੰਡ ਦੇ ਮੁੰਡੇ ਹੀ ਕਰਦੇ ਸਨ। ਆਂਢ-ਗੁਆਂਢ ਦੀਆਂ ਔਰਤਾਂ ਵਿਆਹ ਵਾਲੇ ਘਰ ਕੰਮ ਕਰਦੀਆਂ ਹੋਈਆਂ ਵਿਆਹ ਦੇ ਗੀਤ ਗਾਉਂਦੀਆਂ। ਵਿਆਹ ਤੋਂ ਕੁਝ ਦਿਨਾਂ ਪਹਿਲਾਂ ਘਰ ਵਿਚ ਹਲਵਾਈ ਲੱਗ ਜਾਂਦੇ। ਸਾਰਾ ਸਾਮਾਨ ਘਰੇ ਹੀ ਤਿਆਰ ਕੀਤਾ ਜਾਂਦਾ ਸੀ। ਘਰ ਵਿਚ ਰੌਣਕ ਲੱਗੀ ਰਹਿੰਦੀ ਸੀ। ਪਰ ਅੱਜ ਇਹ ਸਭ ਕੁਝ ਅਲੋਪ ਹੁੰਦਾ ਜਾ ਰਿਹਾ ਹੈ।
ਹੁਣ ਪੰਜਾਬ ਦੇ ਲੋਕ ਵਿਖਾਵਾ ਕਰਨ ਅਤੇ ਵੱਧ ਖ਼ਰਚਾ ਕਰਨ ਲਈ ਜਾਣੇ ਜਾਂਦੇ ਹਨ। ਪਹਿਲਾਂ ਵਿਆਹ ਜ਼ਿਆਦਾ ਦਿਨ ਦਾ ਹੁੰਦਾ ਸੀ ਅਤੇ ਖ਼ਰਚ ਘੱਟ ਆਉਂਦਾ ਸੀ ਪਰ ਹੁਣ ਵਿਆਹ ਇਕ ਦਿਨ ਦਾ ਹੁੰਦਾ ਹੈ ਪਰ ਖ਼ਰਚਾ ਬਹੁਤ ਜ਼ਿਆਦਾ ਹੁੰਦਾ ਹੈ। ਪਹਿਲਾਂ ਜੇ ਪਿੰਡ ਜਾਂ ਸ਼ਹਿਰ’ਚ ਕੋਈ ਮਰ ਜਾਂਦਾ ਸੀ ਤਾਂ ਵਿਆਹ ਵਾਲੇ ਘਰੇ ਢੋਲ ਨਹੀਂ ਵੱਜਦੇ ਸਨ ਪਰ ਹੁਣ ਅਜਿਹਾ ਨਹੀਂ ਰਿਹਾ। ਜੇ ਸ਼ਰੀਕੇ ’ਚ ਵੀ ਕੋਈ ਮਰ ਜਾਂਦਾ ਹੈ ਤਾਂ ਵੀ ਵਿਆਹ ਵਾਲੇ ਘਰ ’ਚ ਡੀਜੇ ਵੱਜਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਮੁੰਡੇ ਦੇ ਦੋਸਤ ਬਾਹਰੋਂ ਆਏ ਹਨ। ਹੁਣ ਵਿਆਹਾਂ ’ਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਪਿਛਲੇ ਸਮਿਆਂ ’ਚ ਜਿੰਨਾ ਵਿਆਹ ’ਤੇ ਖ਼ਰਚਾ ਹੁੰਦਾ ਸੀ ਹੁਣ ਓਨੇ ਪੈਸੇ ਤਾਂ ਫੋਟੋਗ੍ਰਾਫਰ ਹੀ ਲੈ ਜਾਂਦਾ ਹੈ। ਵਧ ਰਹੇ ਖ਼ਰਚਿਆਂ ਨੇ ਪੰਜਾਬ ਦੇ ਲੋਕ ਨੂੰ ਆਰਥਿਕ ਤੌਰ ’ਤੇ ਝੰਜੋੜ ਕੇ ਰੱਖ ਦਿੱਤਾ ਹੈ। ਰਾਜਨੀਤਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਵਿਆਹਾਂ ਉੱਪਰ ਕੀਤੀ ਜਾਂਦੀ ਫ਼ਜ਼ੂਲ-ਖ਼ਰਚੀ ਨੂੰ ਰੋਕਣ ਲਈ ਉੱਦਮ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਕਿਸੇ ਦੀ ਮੌਤ ਬਾਅਦ ਵਿਚ ਵੀ ਭੋਗ ਪਾਉਣ ਵੇਲੇ ਰੋਟੀ ਪਾਣੀ ਤੇ ਅੰਨ੍ਹੇ ਵਾਹ ਪੈਸੇ ਖਰਚ ਕੀਤਾ ਜਾਂਦਾ ਹੈ। ਜਿਸ ਨਾਲ ਗਰੀਬ ਲੋਕਾਂ ਨੂੰ ਇਸ ਤਰ੍ਹਾਂ ਹੀ ਕਰਨ ਪੈਦਾ। ਇਸ ਤਰ੍ਹਾਂ ਕਾਰ ਵਿਹਾਰ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਤਾਂ ਕਿ ਗਰੀਬ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀ ਤੋਂ ਬਚਾਈਏ ਜਾ ਸਕੇ
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.