ਕੁੱਝ ਬੀਤੇ ਸਮਿਆਂ ਦੀਆਂ ਘਟਨਾਵਾਂ ਤੇ ਸਿੱਟੇ ਦੇਖ ਕਿ ਲੱਗਦਾ ਸੀ ਕਿ ਪੰਜਾਬੀ ਜੋਸ਼ੀਲੇ ਤਾਂ ਬਹੁਤ ਹਨ ਪਰ ਉਸ ਜੋਸ਼ ਨਾਲ ਅੱਗ ਆਪਣੇ ਘਰ ਨੂੰ ਈ ਲਾਉਂਦੇ ਰਹੇ ਹਨ,ਉਸਦੀਆਂ ਜੇ ਕੁੱਝ ਕੁ ਉਦਾਹਰਣਾਂ ਲੈ ਲਈਏ ਭਾਵੇਂ ਆਜ਼ਾਦੀ ਦੀ ਲੜਾਈ ਵਿੱਚ ਪਹਿਲਾਂ ਵੀ ਸਰਗਰਮ ਹੋਏ , ਜਲਿਆਂ ਵਾਲੇ ਬਾਗ ਦੀ 1919 ਦੀ ਘਟਨਾ ਤੋਂ ਬਾਦ ਇਕਦਮ ਭਮੱਕੜ ਬਣ ਕਿ ਅਜ਼ਾਦੀ ਦੀ ਜੰਗ ਵਿੱਚ ਆ ਗਏ , ਕੈਦਾਂ , ਫਾਸੀਆਂ, ਜਲਾਵਤਨੀ ਤੇ ਕੁਰਕੀ ਦੀ ਜੋ ਆਹੂਤੀ ਪੰਜਾਬੀਆਂ ਨੇ ਪਾਈ , ਉਹ ਅਦੁੱਤੀ ਹੈ , ਪਰ ਇਸ ਦੇ ਇਵਜ਼ ਚ ਪੰਜਾਬ ਲਈ ਖੱਟਿਆ ,ਘਰ ਤੋਂ ਉਜਾੜਾ ,ਆਪਣਿਆਂ ਦਾ ਕਤਲੇਆਮ , ਇਸਤਰੀਆਂ ਦੀ ਬੇਪਤੀ ਤੇ 12 ਲੱਖ ਮਨੁੱਖਾਂ ਦੀ ਮੌਤ , ਅਸੀਂ ਜੋਸ਼ ਨਾਲ ਸ਼ਹੀਦਾਂ ਵਿੱਚ ਤਾਂ ਸਾਮਿਲ ਹੁੰਦੇ ਰਹੇ , ਆਗੂ ਬਣ ਕਿ ਗੱਲ ਕਰਨ ਵਾਲ਼ਿਆਂ ਸਾਮਿਲ ਨਹੀਂ ਹੋਏ ,ਅਸੀਂ ਲਾਹੌਰ , ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਨੂੰ ਆਪਣਾ ਦੱਸਣ ਤੇ ਜਤਾਉਣ ਚ ਅਸਫਲ ਰਹੇ , ਪੰਜਾਬ ਟੋਟੇ ਕਰਾ ਲਿਆ , ਜ਼ਮੀਨਾਂ ਗੁਆ ਲਈਆਂ ,ਜੀਅ ਮਰਵਾ ਲਏ, ਸਾਡੇ ਧਾਰਮਿਕ ਸਥਾਨ ਬਿਗਾਨਿਆਂ ਨੂੰ ਸੌਂਪ ਦਿੱਤੇ , ਅਸੀਂ ਜੋਸ਼ ਵਿੱਚ ਖੱਟਿਆ ਕੀ
ਦੂਜਾ ਜੋਸ਼ੀਲਾ ਸੰਘਰਸ਼ ਪੰਜਾਬੀ ਸੂਬੇ ਦਾ ਮੋਰਚਾ ,ਜਿਸ ਵਿੱਚ ਠਾਠਾਂ ਮਾਰਦੇ ਜੋਸ਼ ਨਾਲ ਧਰਨੇ , ਕੈਦਖ਼ਾਨਿਆਂ ਵਿੱਚ ਬਹੁਤ ਪੰਜਾਬੀਆਂ ਨੇ ਆਹੂਤੀ ਪਾਈ , ਖੱਟਿਆ ਕੀ , ਪੰਜਾਬ ਦੇ ਟੁਕੜੇ ਹਿਮਾਚਲ ਤੇ ਹਰਿਆਣਾ ਵੱਖ ਹੋ ਗਏ , ਜੋਸ਼ ਨਾਲ ਆਪਣਾ ਘਰ ਉਜਾੜ ਲਿਆ ਅਤੇ ਆਪਣੇ ਭਾਈਚਾਰੇ ਵਿੱਚ ਹਿੰਦੀ ਪੰਜਾਬੀ ਮਾਤ ਭਾਸ਼ਾ ਲਿਖਾਉਣ ਕਾਰਣ ਸੇਹ ਦਾ ਤੱਕਲਾ ਗੱਡ ਲਿਆ ,ਜਿਸ ਵਿੱਚ ਪਹਿਲਾਂ ਕਦੇ ਕੋਈ ਵਖਰੇਵਾਂ ਨਹੀਂ ਸੀ
ਤੀਜਾ ਸੰਘਰਸ ਐਮਰਜੈਸੀਂ ਤੋਂ ਸ਼ੁਰੂ ਅੱਤਵਾਦ ਜਾਂ ਖਾੜਕੂਵਾਦ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਰਿਹਾ, ਜਿਸ ਵਿੱਚ ਲੱਖਾਂ ਲੋਕ ਜੇਲਾਂ ਚ ਗਏ ,ਹਜ਼ਾਰਾਂ ਘਰ ਉਜੱੜ ਗਏ , ਧਾਰਮਿਕ ਸਥਾਨਾਂ ਦੀ ਬੇਹੁਰਮਤੀ ਹੋਈ ,ਹਜ਼ਾਰਾਂ ਸਭ ਆਪਣੇ ਨੌਜਵਾਨ ਸੰਘਰਸ ਦੇ ਰਾਹ ਤੇ ਜਾਂ ਪੁਲਿਸ ਵਿੱਚ ਨੌਕਰੀ ਕਰਦਿਆਂ ਮਾਰੇ ਗਏ , ਕਈ ਅਜਿਹੇ ਪਰਿਵਾਰ ਵੀ ਸੀ ਜਿੰਨਾਂ ਦਾ ਇੱਕ ਪੁੱਤ ਪੁਲਿਸ ਮੁਕਾਬਲੇ ਚ ਮਾਰਿਆ ਗਿਆ ਤੇ ਦੂਜਾ ਪੁੱਤ ਪੁਲਿਸ ਵਿੱਚ ਸੀ ਅੱਤਵਾਦੀਆਂ ਨੇ ਮਾਰ ਦਿੱਤਾ , ਇੱਕੋ ਮਾਂ ਦੋਨੋ ਪੁੱਤ ਇਸ ਸੰਘਰਸ ਦੀਆਂ ਉਲਟ ਦਿਸ਼ਾਵਾਂ ਦੀ ਭੇਟ ਚੜ ਗਏ , ਜੋਸ਼ ਵਿੱਚ ਇੱਕ ਵਾਰ ਸਾਰੇ ਪੰਜਾਬ ਨੇ ਇੱਕ ਸਿਆਸੀ ਪਾਰਟੀ ਮੌਕਾ ਦੇ ਦਿੱਤਾ , ਪਰ ਹਰ ਵਾਰੀ ਵਾਂਗ ਪੰਜਾਬੀ ਉਸ ਗੱਲ-ਬਾਤ ਤੇ ਦਲੀਲ ਦੇ ਮੌਕੇ ਨੂੰ ਵਰਤ ਨਾ ਸਕੇ , ਪੰਜਾਬ ਫਿਰ ਲਹੂ ਲੁਹਾਨ ਹੋ ਕਿ ,ਪੁੱਤ ,ਭਰਾ ਮਾਰ ਕਿ ਤੇ ਮਰਵਾ ਕਿ , ਪੰਜਾਬ ਸਿਰ ਕਰਜ਼ੇ ਦੀ ਪੰਡ ਚੜਾ ਕਿ , ਜਵਾਨੀ , ਵਿਦਵਾਨੀ ਤੇ ਕਿਸਾਨੀ ਖਤਮ ਕਰਵਾ ਕਿ ਸਿਰਫ ਮੇਹਣੋ ਮੇਹਣੀ ਹੋ ਕਿ ਦੋਸ਼ ਲਾਉਂਦੇ ਰਹੇ , ਜੋਸ਼ ਵਿੱਚ ਵਿੱਚ ਆਪਣਾ ਘਰ ਉਜਾੜ ਲਿਆ , ਪਰ ਹੋਸ਼ ਵਾਲਾ ਕੋਈ ਫੈਸਲਾ ਨਾ ਕਰ ਸਕੇ , ਜੋ ਪੰਜਾਬੀਆਂ ਨੂੰ ਕੁੱਝ ਦਿਵਾ ਕਿ ਪੈਰਾਂ ਤੇ ਖੜਾ ਕਰਨ ਜੋਗਾ ਕਰ ਲੈਂਦਾ
ਪਰ ਸ਼ੁਕਰ ਵਾਹਿਗੁਰੂ ਦਾ ਹੁਣ ਦੋ ਸਾਲ ਤੋਂ ਪੰਜਾਬੀ ਜੋਸ਼ ਨਾਲ ਹੋਸ਼ ਤੋਂ ਕੰਮ ਲੈਂਦੇ ਦਿਖੇ , ਪਹਿਲਾਂ ਕਿਸਾਨ ਸੰਘਰਸ਼ ਵਿੱਚ ਪੂਰੀ ਤਰਾਂ ਸ਼ਾਂਤ ਰਹਿ ਕਿ , ਪੂਰੀ ਦਲੀਲ ਨਾਲ ਹਰ ਪਾੜਾ ਪਾਉਣ ਦੀ ਚਾਲ ਦਾ ਜਵਾਬ ਦਿੱਤਾ , ਜਿਵੇਂ ਪਹਿਲਾਂ ਹਰ ਪੰਜਾਬੀ ਸੰਘਰਸ਼ ਧਰਮ ਦੇ ਨਾਮ ਤੇ ਭਟਕਾ ਲਿਆ ਜਾਂਦਾ ਸੀ , ਪਰ ਪੰਜਾਬੀਆਂ ਨੇ ਇਸ ਵਾਰ ਨਹੀਂ ਕਰਨ ਦਿੱਤਾ , ਭਾਵੇਂ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਉਣਾ ਜਾਂ ਨਿਹੰਗ ਭੇਸ ਵਿੱਚ ਬੇਅਦਬੀ ਵਾਲੀ ਘਟਨਾ ਵਿੱਚ ਵੀ ਧਰਮ ਦੇ ਨਾਮ ਤੇ ਸੰਘਰਸ਼ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਹੋਈ , ਪਰ ਕਿਸਾਨ ਲੀਡਰਾਂ ਨੇ ਪੂਰੇ ਇਹਤਿਆਤ ਤੇ ਹੋਸ਼ ਨਾਲ ਹਾਲਤਾਂ ਨੂੰ ਵੱਸ ਵਿੱਚ ਕੀਤਾ , ਕਿਸਾਨ ਲੀਡਰਾਂ ਨੂੰ ਹੀ ਪਤਾ ਕਿ ਕਿਵੇਂ ਨੌਜਵਾਨਾਂ ਨੂੰ ਜੋਸ਼ ਦਿਵਾ ਕਿ ਅੱਗ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਹੋਈਆਂ , ਪਰ ਪਹਿਲੀ ਵਾਰ ਪੰਜਾਬੀਆਂ ਨੇ ਜੋਸ਼ ਤੇ ਹੋਸ਼ ਕਾਇਮ ਰੱਖ ਕਿ ਜਿੱਤ ਪ੍ਰਾਪਤ ਕੀਤੀ
ਦੂਜੀ ਵਾਰ ਪੰਜਾਬੀਆਂ ਦਾ ਜੋਸ਼ ਤੇ ਹੋਸ਼ ਇੰਨਾਂ ਇਲੈਕਸ਼ਨਾਂ ਚ ਦਿਖਿਆ , ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਲੋਕ ਉੱਪਰੋਂ ਬੜੇ ਸਾਂਤ ਦਿੱਖ ਰਹੇ ਸਨ , ਇੱਕ ਪਾਸੇ ਧਾਰਮਿਕ ਮਹਾਂਪੁਰਸ਼ਾਂ ਰਾਹੀਂ ਪੰਜਾਬੀਆਂ ਨੂੰ ਵਰਗਲਾਉਣ ਕੋਸ਼ਿਸ਼ ਨੂੰ ਪੰਜਾਬੀਆਂ ਨੇ ਸਹਿਜ ਨਾਲ ਨਿਕਾਰ ਦਿੱਤੀ , ਦੀਪ ਸਿੱਧੂ ਦੀ ਮੌਤ ਤੇ ਸੰਸਕਾਰ ਅਤੇ ਉਸਦੇ ਭਾਸ਼ਣ ਦੀ ਇੱਕ ਵੀਡਿਓ ਵਾਇਰਲ ਹੋਈ , ਚਰਚਾ ਬਹੁਤ ਹੋਈ ਪਰ ਫੈਸਲਾ ਪੰਜਾਬੀਆਂ ਨੇ ਹੋਸ਼ ਨਾਲ ਕੀਤਾ , ਸਿਆਸੀ ਘਾਗਾਂ ਨੇ ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ , ਪੰਜਾਬੀਆਂ ਜਾਤ ,ਧਰਮ ,ਭਾਈਚਾਰਕ ਫੁੱਟ ਪਾਉਣ ਤੇ ਧਨ ਬਲ ਦੀ ਰਵਾਇਤੀ ਪਾਰਟੀਆਂ ਦੀ ਸਿਆਸਤ ਨੂੰ ਹੋਸ਼ ਨਾਲ ਇੱਕੋ ਝਟਕੇ ਨਿਕਾਰ ਦਿੱਤਾ , ਪੰਜਾਬੀਆਂ ਨੇ ਤੇਜ ਤਰਾਰ ਸਿਆਸੀ ਚਾਲਾਂ ਦਾ ਜਵਾਬ ਪੂਰੇ ਹੋਸ਼ ਨਾਲ ਦਿੱਤਾ , ਜੇ ਪੰਜਾਬੀਆਂ ਦੀ ਸੋਚ ਵਿੱਚ ਇਸੇ ਤਰਾਂ ਸਾਕਾਰਤਮਕ ਹੋਸ਼ ਰੱਖਣ ਵਾਲਾ ਬਦਲਾਅ ਆਉਂਦਾ ਰਿਹਾ ਤਾਂ ਪੰਜਾਬ ਦੇ ਬਿਹਤਰ ਭਵਿੱਖ ਦੀ ਆਸ ਜਾਗਦੀ ਹੈ
-
ਸੁਖਦੇਵ ਸਿੰਘ ਵਿਰਕ, ਰਿਟਾਇਡ ਐਸ ਪੀ
didargurna@gmail.com
9876761561
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.