ਐਲਬਮ "ਚਲਤੇ ਫ਼ਿਰਤੇ ਸਾਏ" : ਸੂਖ਼ਮ ਸੁਰਾਂ ਦੇ ਗਾਇਕ ਡਾ: ਬਰਜਿੰਦਰ ਸਿੰਘ ਦੀ ਗਾਇਕੀ 'ਚ ਨਵਾਂ ਮੀਲ ਪੱਥਰ
ਮਿੱਤਰਾਂ ਨੂੰ ਮਿਲਣ ਸਮੇਂ ਜਿੱਡਾ ਡੂੰਘਾ ਹਾਸਾ ਅਤੇ ਠਹਾਕਾ ਡਾ: ਬਰਜਿੰਦਰ ਸਿੰਘ ਹਮਦਰਦ ਦਾ ਹੁੰਦਾ ਹੈ, ਉੱਡੀ ਹੀ ਡੂੰਘੀ, ਸੋਜ ਭਰੀ ਸੂਖ਼ਮ ਆਵਾਜ਼, ਉਸਦੀ ਗਾਇਕੀ 'ਚ ਹੈ। ਗੀਤ ਭਾਵੇਂ ਉਹ ਪੁਰਾਣੇ, ਨਵੇਂ ਪੰਜਾਬੀ ਲੇਖਕਾਂ ਦੇ ਗਾਵੇ, ਜਾਂ ਫਿਰ ਗ਼ਜ਼ਲਾਂ ਨੂੰ ਆਪਣੀ ਆਵਾਜ਼ ਨਾਲ ਸੁਰ ਦੇਵੇ, ਉਹ ਇੱਕ ਨਿਵੇਕਲਾ ਰੰਗ ਗਾਇਕੀ 'ਚ ਪੇਸ਼ ਕਰਦਾ ਹੈ। ਉਹ ਅੱਜ ਦੇ ਸਮਿਆਂ ਦਾ ਚਰਚਿਤ, ਪਰ ਠਰੰਮੇ ਵਾਲਾ ਗਾਇਕ ਹੈ।
ਸਮੇਂ ਸਮੇਂ 'ਤੇ ਉਹ ਗਾਇਕੀ 'ਚ ਤਜ਼ਰਬੇ ਕਰਦਾ ਹੈ। ਉਸਦਾ ਨਵਾਂ ਤੋਹਫ਼ਾ "ਚਲਤੇ ਫ਼ਿਰਤੇ ਸਾਏ" ਹੈ, ਜਿਸ 'ਚ ਉਸਨੇ ਉਰਦੂ ਗ਼ਜ਼ਲ ਦੇ ਰੌਸ਼ਨ ਸਿਤਾਰਿਆਂ ਦੇ ਕਲਾਮ ਨੂੰ ਆਪਣੇ ਰੰਗ 'ਚ ਰੰਗਕੇ ਗਾਇਆ ਹੈ। ਇਹ ਇੱਕ ਕ੍ਰਿਸ਼ਮਾ ਹੀ ਤਾਂ ਹੈ।
'ਚਲਤੇ ਫ਼ਿਰਤੇ ਸਾਏ' ਐਲਬਮ 'ਚ ਉਸਨੇ ਤੋਹਮਤੇਂ ਚੰਦ (ਖ਼ਵਾਜਾ ਮੀਰ ਦਰਦ), ਅਸਰ ਉਸਕੋ ਜ਼ਰਾ ਨਹੀਂ ਹੋਤਾ(ਮੋਮਿਨ ਖਾਨ ਮੋਮਿਨ), ਖਾਤਿਰ ਸੇ ਯਾ ਲਿਹਾਜ਼ ਸੇ (ਨਵਾਬ ਮਿਰਜ਼ਾ ਖਾਨ ਦਾਗ਼), ਆਪ ਜਿਨ ਕੇ ਕਰੀਬ ਹੋਤੇ ਹੈਂ (ਮਹੁੰਮਦ ਨੂਹ ਨਾਰਵੀ), ਮੁਝੇ ਦਿਲ ਕੀ ਖ਼ਤਾ ਪਰ (ਯਾਗਾਨਾ ਯਾਸ ਚੰਗੇਜ਼ੀ), ਚਲਤੇ ਫ਼ਿਰਤੇ ਸਾਏ (ਰਘੂਪਤੀ ਸਾਹਏ ਫ਼ਿਰਾਕ ਗੋਰਖਪੁਰੀ), ਮੰਜ਼ਿਲ ਦਾ ਪਤਾ...( ਮਖ਼ਮੂਰ ਦੇਹਲਵੀ), ਮੇਰੀ ਵਫ਼ਾਏਂ ਯਾਦ ਕਰੋਗੇ(ਮੁਹੰਮਦ ਦੀਨ ਤਾਸੀਰ), ਉਰਦੂ ਗ਼ਜ਼ਲਾਂ ਗਾਕੇ, ਉਰਦੂ ਗ਼ਜ਼ਲਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ।
ਉਰਦੂ ਦੇ ਇਨ੍ਹਾਂ ਸ਼ਾਇਰਾਂ ਦੀ ਲਿਖਤ ਦੀ ਚੋਣ ਕਰਨਾ, ਉਹਨਾ ਨੂੰ ਸਮਝਣਾ, ਉਹਨਾ ਦੇ ਰੂਹ ਦੇ ਹਾਣ ਦਾ ਹੋਣਾ ਤੇ ਫਿਰ ਗਾਉਣਾ ਕੋਈ ਸੌਖਾ ਕੰਮ ਨਹੀਂ ਹੈ। ਡਾ: ਬਰਜਿੰਦਰ ਸਿੰਘ ਹਮਦਰਦ ਨੇ ਕਰੜੀ ਮਿਹਨਤ ਨਾਲ ਸੋਜ਼ ਭਰੀ ਆਵਾਜ਼ ਵਿੱਚ ਇਹਨਾ ਉਸਤਾਦ ਸ਼ਾਇਰਾਂ ਦੀਆਂ ਪ੍ਰਸਿੱਧ ਗ਼ਜ਼ਲਾਂ ਨੂੰ ਗਾਕੇ, ਉਹਨਾ ਸ਼ਾਇਰਾਂ ਦੀ ਸ਼ਾਇਰੀ ਦੇ ਕਰੀਬ ਹੋਣ ਦਾ ਹੱਕ ਹਾਸਲ ਕੀਤਾ ਹੈ। ਡਾ: ਹਮਦਰਦ ਆਪਣੀ ਧੁੰਨ 'ਚ ਗਾਉਣ ਵਾਲਾ ਗਾਇਕ ਹੈ, ਉਹ ਪ੍ਰਸਿੱਧ ਲੇਖਕ ਹੈ, ਪ੍ਰਸਿੱਧ ਪੱਤਰਕਾਰ ਹੈ, ਚੰਗਾ ਪ੍ਰਬੰਧਕ ਹੈ, ਪਰ ਗਾਇਕੀ ਦੇ ਪਿੜ 'ਚ ਕਿਸੇ ਦਖ਼ਲ ਦਾ "ਅਸਰ ਉਸਕੋ ਜ਼ਰਾ ਨਹੀਂ ਹੋਤਾ" ਕਿਉਂਕਿ ਉਸਨੂੰ "ਮੁਝੇ ਦਿਲ ਕੀ ਖ਼ਤਾ ਪਰ" ਯਕੀਨ ਹੈ। ਨਿਰੰਤਰ ਦਿਸਹੱਦੇ ਸਿਰਜਨ 'ਚ ਉਸਦਾ ਵਿਸ਼ਵਾਸ ਹੈ।
ਡਾ: ਹਮਦਰਦ ਨੂੰ ਆਪਣੀ "ਮੰਜ਼ਿਲ ਕਾ ਪਤਾ..." ਹੈ। ਉਹ "ਚਲਤੇ ਫ਼ਿਰਤੇ ਸਾਏ" ਵਾਂਗਰ ਗ਼ਜ਼ਲ ਪ੍ਰੇਮੀਆਂ ਨੂੰ "ਆਪ ਜਿਨ ਕੇ ਕਰੀਬ ਹੋਤੇ ਹੈਂ" ਦਾ ਅਹਿਸਾਸ ਕਰਵਾਉਂਦਾ ਹੈ। ਉਹ "ਮੇਰੀ ਵਫ਼ਾਏਂ ਯਾਦ ਕਰੋਗੇ" ਗਾਉਂਦਾ ਹਰ ਦਿਲ ਦੇ ਕਰੀਬ ਹੁੰਦਾ ਜਾਂਦਾ ਹੈ, ਉਹਨੂੰ ਅਹਿਸਾਸ ਹੈ ਗ਼ਜ਼ਲ ਪ੍ਰੇਮੀ, ਉਹਨਾ ਦੇ ਧੁਰ ਦਿਲਾਂ ਤੱਕ ਪੁੱਜਣ ਨੂੰ ਯਾਦ ਰੱਖਣਗੇ, "ਖ਼ਾਤਰ ਸੇ ਯਾ ਲਿਹਾਜ਼ ਸੇ" ਪਰ ਉਹ ਹਲਕਾ ਗਾਕੇ ਤੋਹਮਤਾਂ ਨਹੀਂ ਲੈਣਾ ਚਾਹੁੰਦਾ "ਤੁਹਮਤੇਂ ਚੰਦ", ਇਸੇ ਕਰਕੇ ਪੂਰੇ ਰਿਆਜ਼ ਨਾਲ ਸੰਗੀਤ ਡਾਇਰੈਕਟਰ ਪੰਡਿਤ ਜਵਾਲਾ ਪ੍ਰਸਾਦ, ਪੰਡਿਤ ਮਾਧੋ ਪ੍ਰਸਾਦ ਦੇ ਨਿਰਦੇਸ਼ਨਾਂ 'ਚ ਉਹ ਨਿਰੰਤਰ ਆਪਣੀ ਮੰਜ਼ਿਲ ਵੱਲ ਅੱਗੇ ਵੱਧਦਾ ਨਜ਼ਰ ਆਉਂਦਾ ਹੈ।
ਗ਼ਜ਼ਲਕਾਰੀ ਦੇ ਤਿੰਨ ਸਦੀਆਂ (18ਵੀਂ ਤੋਂ 20ਵੀਂ) ਦੇ ਕਲਮਕਾਰ ਹਸਤਾਖ਼ਰਾਂ ਨੂੰ ਅੱਜ ਦੇ ਸਮੇਂ 'ਚ ਉਸਦੀ ਗਾਇਕੀ ਨੇ ਮੁੜ ਜ਼ਿੰਦਾ ਕੀਤਾ ਹੈ।
ਹਮਦਰਦ ਪ੍ਰੋਡਕਸ਼ਨ ਦੀ ਐਲਬਮ "ਚਲਤੇ ਫ਼ਿਰਤੇ ਸਾਏ" ਨੂੰ ਦਿਲੋਂ 'ਜੀਅ ਆਇਆਂ'।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.