ਪ੍ਰਭਜੋਤ ਸਿੰਘ ਸਿੰਘ ਸੋਹੀ ਦਾ ‘ਸੰਦਲੀ ਬਾਗ਼’ ਗੀਤ ਸੰਗ੍ਰਹਿ ਬਹੁਰੰਗਾਂ ਵਿੱਚ ਰੰਗਿਆ, ਉਜਾਗਰ ਸਿੰਘ ਦੀ ਕਲਮ ਤੋਂ
ਪ੍ਰਭਜੋਤ ਸਿੰਘ ਸੋਹੀ ਭਾਵਨਾਵਾਂ ਦੇ ਤਾਣੇ ਬਾਣੇ ਵਿੱਚ ਲਿਪਟਿਆ ਹੋਇਆ ਇਕ ਸੰਵੇਦਨਸ਼ੀਲ ਕਵੀ ਹੈ। ‘ਸੰਦਲੀ ਬਾਗ਼’ ਗੀਤ ਸੰਗ੍ਰਹਿ ਉਸਦੇ ਦੋ ਕਾਵਿ ਸੰਗ੍ਰਹਿ ‘ਕਿਵੇਂ ਕਹਾਂ’ ਅਤੇ ‘ਰੂਹ ਰਾਗ’ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਇਆ ਹੈ। ਕਵੀ ਹੋਣਾ ਆਪਣੇ ਆਪ ਸੁਹਜਮਈ ਇਨਸਾਨ ਦਾ ਹਾਸਲ ਹੈ। ਗੀਤਕਾਰ ਹੋਣਾ ਕਵੀ ਤੋਂ ਅਗਲਾ ਪੜਾਅ ਹੈ। ਪ੍ਰਭਜੋਤ ਸਿੰਘ ਸੋਹੀ ਦੇ ਗੀਤ ਵੀ ਉਸਦੇ ਵਿਅੱਕਤਿਤਵ ਦੇ ਵਰਗੇ ਦਰਿਆ ਦੇ ਵਹਿਣ ਦੀ ਤਰ੍ਹਾਂ ਕਾਇਨਾਤ ਵਿੱਚ ਵਹਿ ਕੇ ਹਲਚਲ ਪੈਦਾ ਕਰਨ ਵਾਲੇ ਹਨ। ਉਸ ਦੇ ਇਸ ਗੀਤ ਸੰਗ੍ਰਹਿ ਵਿੱਚ 48 ਬਹੁ ਰੰਗੇ ਗੀਤ ਹਨ, ਜਿਨ੍ਹਾਂ ਦੇ ਵੱਖੋ-ਵੱਖਰੇ ਰੰਗ ਰੰਗੀਨੀਆਂ ਦੀਆਂ ਬਾਤਾਂ ਪਾਉਂਦੇ ਹੋਏ ਸਰੋਤਿਆਂ ਦੇ ਮਨਾ ਨੂੰ ਬਹਿਲਾਉਂਦੇ ਹਨ। ਉਨ੍ਹਾਂ ਦੀ ਮਹਿਕ ਵੀ ਇਨਸਾਨੀ ਮਨਾਂ ਨੂੰ ਸਿਰਫ ਮਹਿਕਾਉਂਦੀ ਹੀ ਨਹੀਂ ਸਗੋਂ ਸਰਸ਼ਾਰ ਵੀ ਕਰਦੀ ਰਹਿੰਦੀ ਹੈ। ਕਈ ਗੀਤ ਆਪ ਮੁਹਾਰੇ ਲੋਕ ਗੀਤਾਂ ਦੀ ਤਰ੍ਹਾਂ ਗੁਣਗੁਣਾਏ ਜਾਂਦੇ ਹਨ। ਉਹ ਆਪ ਮੁਹਾਰੇ ਇਨਸਾਨ ਦੇ ਮੁਖਾਰਬਿੰਦ ਰਾਹੀਂ ਫੁਲਾਂ ਦੀ ਖ਼ੁਸਬੋ ਦੀ ਤਰ੍ਹਾਂ ਸਮਾਜ ਨੂੰ ਤਰੋ ਤਾਜ਼ਾ ਰਖਦੇ ਹਨ। ਇਨ੍ਹਾਂ ਗੀਤਾਂ ਵਿੱਚ ਸਮਾਜਿਕ ਸਰੋਕਾਰਾਂ, ਮੁਹੱਬਤ, ਤਿੜਕੇ ਮਾਨਵੀ ਰਿਸ਼ਤਿਆਂ ਅਤੇ ਇਨਸਾਨੀ ਮਾਨਸਿਕਤਾ ਦੇ ਤਣਾਓ ਦੀਆਂ ਗੰਢਾਂ ਦੀ ਕਨਸੋਅ ਆਉਂਦੀ ਹੈ। ਗੀਤਕਾਰ ਦੇ ਅੰਗਰੇਜ਼ੀ ਵਿਸ਼ੇ ਦਾ ਅਧਿਆਪਕ ਹੋਣ ਦੇ ਬਾਵਜੂਦ ਗੀਤਾਂ ਵਿੱਚੋਂ ਦਿਹਾਤੀ ਠੇਠ ਮਲਵਈ ਸ਼ਬਦਾਂ ਦੀ ਭਰਮਾਰ ਹੈ। ਹਰ ਗੀਤ ਵਿੱਚ ਸੌਖੇ ਸ਼ਬਦਾਂ ਵਿੱਚ ਸੰਜੀਦਾ ਵਿਸ਼ਿਆਂ ਨੂੰ ਛੂਹਿਆ ਗਿਆ ਹੈ। ਇਹ ਗੀਤ ਨੌਜਵਾਨੀ ਨੂੰ ਵਰਤਮਾਨ ਸਥਿਤੀਆਂ ਵਿੱਚ ਗੁੰਮਰਾਹ ਹੋਣ ਤੋਂ ਵਰਜਦੇ ਹੋਏ, ਉਸਾਰੂ ਸੋਚ ਦੇ ਮੁੱਦਈ ਬਣਨ ਦੀ ਪ੍ਰੇਰਨਾ ਦਿੰਦੇ ਹਨ। ਇਸ ਪੁਸਤਕ ਦੇ ਗੀਤ ਇਨਸਾਨ ਨੂੰ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਸਮਾਜਿਕ ਤਾਣੇ ਬਾਣੇ ਦੀ ਬਿਹਤਰੀ ਲਈ ਲਾਮਬੰਦ ਹੋਣ ਦੀ ਨਸੀਹਤ ਵੀ ਦਿੰਦੇ ਹਨ। ਗੀਤ ਸਿਰਫ ਮਨ ਪ੍ਰਚਾਵੇ ਦਾ ਸਾਧਨ ਹੀ ਨਹੀਂ ਬਣਦੇ ਸਗੋਂ ਸਿੱਧੇ ਰਾਹ ਪਾਉਣ ਦੀ ਪ੍ਰੇਰਨਾ ਵੀ ਦੇ ਰਹੇ ਹਨ। ਇਨਸਾਨ ਨੂੰ ਹਓਮੈ ਦੇ ਤਿਆਗ ਦਾ ਪੱਲਾ ਫੜਨ ਦੀ ਤਾਕੀਦ ਕਰਦੇ ਹਨ ਕਿਉਂਕਿ ਹਓਮੈ ਇਨਸਾਨ ਦੀ ਮਾਨਸਿਕਤਾ ਨੂੰ ਜ਼ਖ਼ਮੀ ਕਰਦੀ ਹੋਈ ਬੁਰਾਈਆਂ ਦਾ ਲੜ ਫੜਨ ਲਈ ਮਜ਼ਬੂਰ ਕਰਦੀ ਹੈ। ਹਓਮੈ ਦੀ ਪ੍ਰਵਿਰਤੀ ਤੋਂ ਖਹਿੜਾ ਛੁਡਵਾਉਣ ਲਈ ਵੀ ਪ੍ਰੇਰਦੇ ਹਨ, ਜਿਹੜੀ ਇਨਸਾਨ ਦੀ ਮਾਨਸਿਕਤਾ ‘ਤੇ ਭਾਰੂ ਹੋ ਰਹੀ ਹੈ। ਭਾਵੇਂ ਬਹੁਤੇ ਗੀਤ ਪਿਆਰ ਮੁਹੱਬਤ ਦੇ ਰੰਗ ਵਿੱਚ ਰੰਗੇ ਹੋਏ ਹਨ ਪ੍ਰੰਤੂ ਜ਼ਿੰਦਗੀ ਦੇ ਕੌੜੇ ਸੱਚ ਨੂੰ ਵੀ ਮਿੱਠੀ ਸ਼ਬਦਾਵਲੀ ਵਿੱਚ ਲਪੇਟਕੇ ਪਰੋਸਦੇ ਹਨ। ‘ਇਹ ਗ਼ਮ’ ਗੀਤ ਵਿੱਚ ਧੋਖਾ ਅਤੇ ਫ਼ਰੇਬ ਕਰਨ ਵਾਲੇ ਲੋਕਾਂ ਤੋਂ ਵੀ ਆਗਾਹ ਕਰਦੇ ਹਨ ਕਿਉਂਕਿ ਸਾਡਾ ਸਮਾਜ ਪਦਾਰਥਵਾਦੀ ਹੋ ਕੇ ਨਿੱਜੀ ਹਿੱਤਾਂ ਨੂੰ ਪੂਰੇ ਕਰਨ ਲਈ ਜਦੋਜਹਿਦ ਕਰਦਾ ਰਹਿੰਦਾ ਹੈ, ਜਿਸ ਨਾਲ ਦੂਜਿਆਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਇਨ੍ਹਾਂ ਵਿੱਚੋਂ ਬਹੁਤੇ ਗੀਤ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੇ ਹੋਏ ਕਰਜ਼ੇ, ਨਸ਼ੇ, ਵਿਖਾਵੇ, ਫ਼ੋਕੀਆਂ ਟਾਹਰਾਂ ਅਤੇ ਵਿਖਾਵਿਆਂ ਤੋਂ ਵੀ ਪ੍ਰਹੇਜ਼ ਕਰਨ ਦੀ ਸਲਾਹ ਦਿੰਦੇ ਹਨ, ਜਿਹੜੇ ਇਨਸਾਨ ਦੀ ਜ਼ਿੰਦਗੀ ਨੂੰ ਸੌਖੀ ਬਣਾਉਣ ਦੀ ਬਜਾਏ ਗੁੰਝਲਦਾਰ ਬਣਾ ਦਿੰਦੇ ਹਨ। ਪੈਸਾ ਜ਼ਿੰਦਗੀ ਜਿਓਣ ਲਈ ਜ਼ਰੂਰੀ ਤਾਂ ਹੁੰਦਾ ਹੈ ਪ੍ਰੰਤੂ ਪੈਸਾ ਸਭ ਕੁਝ ਨਹੀਂ ਹੁੰਦਾ। ਇਸ ਲਈ ਇਨਸਾਨ ਨੂੰ ਸਾਰੇ ਭਰਮ ਭੁਲੇਖੇ ਦੂਰ ਕਰਕੇ ਸਾਧਾਰਨ ਜੀਵਨ ਜਿਓਣਾ ਚਾਹੀਦਾ ਹੈ। ਨਿੱਜੀ ਹਿੱਤਾਂ ਦੀ ਪ੍ਰਾਪਤੀ ਲਈ ਪਿਆਰ ਮੁੱਹਬਤ ਦੇ ਅਰਥ ਬਦਲੇ ਜਾ ਰਹੇ ਹਨ। ਪਾਕਿ ਪਵਿੱਤਰ ਪਿਆਰ ਜ਼ਿੰਦਗੀ ਨੂੰ ਸੁਹਾਵਣਾ ਬਣਾ ਦਿੰਦਾ ਹੈ, ਧੋਖਾ ਅਤੇ ਫਰੇਬ ਉਲਝਣਾ ਵਿੱਚ ਪਾ ਕੇ ਜ਼ਿੰਦਗੀ ਮੁਸ਼ਕਲ ਕਰ ਦਿੰਦਾ ਹੈ। ਇਹ ਸਾਰੇ ਗੀਤ ਵਲਵਲਿਆਂ, ਜ਼ਜਬਿਆਂ, ਖਿਆਲਾਂ, ਸੁਪਨਿਆਂ ਹਾਵਾਂ ਭਾਵਾਂ ਅਤੇ ਇਨਸਾਨ ਦੇ ਮਨ ਦੀ ਖ਼ੁਸ਼ਬੂ ਦੀ ਤਰਜ਼ਮਾਨੀ ਕਰਦੇ ਹਨ। ਇਸ਼ਕ ਦੇ ਅਵੱਲੇ ਰੋਗ ਦਾ ਜ਼ਿਕਰ ਕਰਦਾ ਗੀਤਕਾਰ ਸਾਫ ਸੁਥਰੇ ਇਸ਼ਕ ਦੀ ਪ੍ਰੋੜ੍ਹਤਾ ਕਰਦੇ ਹਨ ਕਿਉਂਕਿ ਲੋਕ ਅੰਦਰੋਂ ਬਾਹਰੋਂ ਇਕੋ ਜਹੇ ਨਹੀਂ ਹੁੰਦੇ। ਸਰੀਰਕ ਸੁੰਦਰਤਾ ਸਿਰਫ ਵਿਖਾਵਾ ਹੈ, ਇਨਸਾਨ ਦਾ ਮਾਨਸਿਕ ਤੌਰ ’ਤੇ ਤੰਦਰੁਸਤ ਹੋਣਾ ਜ਼ਰੂਰੀ ਹੈ। ਜਿਸਮ ਫਰੋਸ਼ੀ ਸੱਚੇ ਸੁੱਚੇ ਪਿਆਰ ਨੂੰ ਦਾਗ਼ਦਾਰ ਕਰਦੀ ਹੈ। ਸੱਚੇ ਅਤੇ ਪਾਕਿ ਪਵਿਤਰ ਪਿਆਰ ਵਾਲੇ ਲੋਕ ਹਮੇਸ਼ਾ ਖ਼ੁਸ਼ੀ ਦੇ ਬਸਤਰ ਪਾ ਕੇ ਬੇਖ਼ੌਫ਼ ਵਿਚਰਦੇ ਹਨ। ਕੁਝ ਗੀਤਾਂ ਵਿੱਚ ਸਿਆਸਤਦਾਨਾ ਦੇ ਪਰਦੇ ਵੀ ਫਾਸ਼ ਕੀਤੇ ਹਨ ਜਿਹੜੇ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਕੇ ਸਿਆਸੀ ਤਾਕਤ ਦੀ ਦੁਰਵਰਤੋਂ ਕਰਦੇ ਹਨ।
ਇਨਸਾਨੀ ਰਿਸ਼ਤਿਆਂ ਵਿੱਚ ਆ ਰਹੀਆਂ ਤਰੇੜਾਂ ਬਾਰੇ ਗੀਤਕਾਰ ਚਿੰਤਤ ਹੈ। ਪਰਿਵਾਰਾਂ ਵਿੱਚ ਭੈਣ-ਭਰਾ ਅਤੇ ਮਾਂ-ਬਾਪ ਦੇ ਸੰਬੰਧ ਸਮੇਂ ਦੀ ਆਧੁਨਿਕਤਾ ਅਤੇ ਲਾਲਚ ਵਸ ਤਿੜਕ ਰਹੇ ਹਨ। ਜਾਇਦਾਦਾਂ ਦੀਆਂ ਲੜਾਈਆਂ ਇਨ੍ਹਾਂ ਸੰਬੰਧਾਂ ਨੂੰ ਤਾਰ-ਤਾਰ ਕਰ ਰਹੀਆਂ ਹਨ। ਮਾਪਿਆਂ ਨੂੰ ਉਨ੍ਹਾਂ ਦੇ ਢਿਡੋਂ ਜੰਮੇ ਬੱਚੇ ਜਾਇਦਾਦਾਂ ਦੇ ਲਾਲਚ ਵਸ ਮੌਤ ਦੇ ਘਾਟ ਉਤਾਰ ਰਹੇ ਹਨ। ਮਾਂ-ਬਾਪ ਤੋਂ ਪਵਿੱਤਰ ਰਿਸ਼ਤਾ ਹੋਰ ਕਿਹੜਾ ਹੋ ਸਕਦਾ ਹੈ। ਇਨ੍ਹਾਂ ਗੀਤਾਂ ਵਿੱਚ ਗੀਤਕਾਰ ਲੋਕਾਂ ਨੂੰ ਸਦਭਾਵਨਾ ਅਤੇ ਪਿਆਰ ਮੁਹੱਬਤ ਦੇ ਰਿਸ਼ਤੇ ਬਰਕਰਾਰ ਰੱਖਣ ਅਤੇ ਬਣਾਉਣ ‘ਤੇ ਜ਼ੋਰ ਦਿੰਦਾ ਹੈ। ਆਧੁਨਿਕਤਾ ਜਿਥੇ ਸਮਾਜ ਲਈ ਵਰਦਾਨ ਹੈ, ਉਥੇ ਹੀ ਨੁਕਸਾਨਦਾਇਕ ਵੀ ਸਾਬਤ ਹੋ ਰਹੀ ਹੈ। ਕਿਉਂਕਿ ਵਿਗਿਆਨ ਦੀ ਦੁਰਵਰਤੋਂ ਕਰਕੇ ਧੀਆਂ ਦੀ ਹੋ ਰਹੀ ਭਰੂਣ ਹੱਤਿਆ ਵੀ ਸਮਾਜ ਨੂੰ ਕਲੰਕ ਲਾ ਰਹੀ ਹੈ ਜਦੋਂ ਕਿ ਪਰਿਵਾਰ ਧੀਆਂ ਨਾਲ ਹੀ ਤੁਰਦੇ ਹਨ। ਇਨਸਾਨ ਦੇ ਸਾਰੇ ਰਿਸ਼ਤੇ ਧੀਆਂ ਤੋਂ ਹੀ ਬਣਦੇ ਹਨ। ਸ਼ਰਾਬ ਵਰਗੇ ਨਸ਼ੇ ਵੀ ਇਸਤਰੀਆਂ ਦਾ ਜੀਣਾ ਦੁੱਭਰ ਕਰ ਦਿੰਦੇ ਹਨ, ਜਿਸ ਕਰਕੇ ਪਰਿਵਾਰ ਤਬਾਹ ਹੋ ਜਾਂਦੇ ਹਨ। ਇਸਤਰੀਆਂ ਬਾਰੇ ਆਪਣੇ ਗੀਤਾਂ ਵਿੱਚ ਲਿਖਦੇ ਹਨ ਕਿ ਉਹ ਸਾਰੀ ਉਮਰ ਇਲਜ਼ਾਮਾ ਦੇ ਘੇਰੇ ਵਿੱਚ ਰਹਿੰਦੀਆਂ ਹਨ। ਇਥੋਂ ਤੱਕ ਕਿ ਅਜੇ ਤੱਕ ਵੀ ਸੌੜੀ ਸੋਚ ਵਾਲੇ ਮਾਪੇ ਧੀਆਂ ਨੂੰ ਘਰਾਂ ਦੀਆਂ ਚਾਰਦੀਵਾਰੀਆਂ ਦੀਆਂ ਬਲੱਗਣਾ ਵਿੱਚ ਹੀ ਦਿਨ ਬਿਤਾਉਣ ਲਈ ਮਜ਼ਬੂਰ ਕਰਦੇ ਹਨ। ਉਸ ‘ਤੇ ਹਮੇਸ਼ਾ ਸ਼ੱਕ ਦੀ ਸੂਈ ਘੁੰਮਦੀ ਰਹਿੰਦੀ ਹੈ। ਸਮਾਜ ਅਜੇ ਤੱਕ ਵੀ ਜ਼ਾਤਾਂ ਪਾਤਾਂ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਸ਼ਰਮ ਪਰ ਲਾ ਕੇ ਉਡ ਗਈ ਹੈ। ਪੰਜਾਬ ਵਿੱਚੋਂ ਨੌਜਵਾਨੀ ਦਾ ਪਰਵਾਸ ਵਿੱਚ ਜਾ ਰਹੀ , ਇਕ ਕਿਸਮ ਨਾਲ ਅਸੀਂ ਆਪਣੀ ਨਸਲਕੁਸ਼ੀ ਖੁਦ ਕਰ ਰਹੇ ਹਾਂ। ਹਜ਼ਾਰਾਂ ਮੀਲ ਦੂਰ ਪ੍ਰਦੇਸਾਂ ਵਿੱਚ ਬੱਚਿਆਂ ਨੂੰ ਭੇਜ ਕੇ ਮਾਵਾਂ ਦੇ ਦਿਲ ਤੜਪ ਰਹੇ ਹਨ। ਇਸ ਦੁੱਖ ਨੂੰ ਵੀ ਗੀਤਕਾਰ ਨੇ ਗੀਤਾਂ ਦਾ ਵਿਸ਼ਾ ਬਣਾਇਆ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh480yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.