ਪੰਜਾਬ ਵਿੱਚ ਹੋਰ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਦੀਆਂ ਹਨ ਪਰ ਮਾਂ ਖੇਡ ਦਾ ਦਰਜਾ ਕੇਵਲ ਕਬੱਡੀ ਦੇ ਹਿੱਸੇ ਆਇਆ ਹੈ। ਜਿਸ ਕਬੱਡੀ ਨੂੰ ਪੰਜਾਬ ਸਟਾਇਲ ਜਾਂ ਸਰਕਲ ਸਟਾਇਲ ਵੀ ਕਿਹਾ ਜਾਂਦਾ ਹੈ। ਬੇਸ਼ੱਕ ਨੈਸ਼ਨਲ ਸਟਾਇਲ ਕਬੱਡੀ ਨੂੰ ਵੀ ਸਰਕਾਰੀ ਮਾਨਤਾ ਹੈ ਜੋ ਸਕੂਲਾਂ ਕਾਲਜਾਂ ਵਿੱਚ ਵੀ ਖੇਡੀ ਜਾਂਦੀ ਹੈ ਪਰ ਪੇਂਡੂ ਖੇਤਰਾਂ ਵਿੱਚ ਪੰਜਾਬ ਸਟਾਇਲ ਕਬੱਡੀ ਹੀ ਲੋਕ ਦਿਲਾਂ ਦੀ ਧੜਕਣ ਹੈ ।
ਕੌਡੀ ਦੀ ਖੇਡ ਮਤਲਬ ਜਿਸ ਦੀ ਕੀਮਤ ਕੌਡੀ ਜਿੰਨੀ ਸੀ ਅੱਜ ਲੱਖਾਂ ਨਹੀਂ ਕਰੋੜਾਂ ਦੀ ਖੇਡ ਬਣ ਚੁੱਕੀ ਹੈ।ਮੁਫਤ ਵਿੱਚ ਖੇਡੀ ਜਾਂਦੀ ਇਹ ਖੇਡ ਬਨੈਣਾ, ਨਿਕਰਾਂ ਵਿਚੋਂ ਲੰਘ ਕੇ ਮੋਟਰਸਾਈਕਲ, ਕਾਰਾਂ, ਟ੍ਰੈਕਟਰਾਂ,ਅਤੇ ਮੱਝਾਂ,ਘੋੜੀਆਂ ਤੱਕ ਅੱਪੜ ਗਈ ਹੈ ।ਇੱਕ ਇੱਕ ਰੇਡ,ਜੱਫੇ ਦਾ ਮੁੱਲ ਲੱਖਾਂ ਰੁਪਏ ਹੋ ਚੁੱਕਿਆ ਹੈ।ਇਸ ਦੀ ਆਰਥਿਕ ਤਰੱਕੀ ਦੇ ਨਾਲ ਨਾਲ ਬਹੁਤ ਸਾਰੇ ਕਾਇਦੇ ਕਨੂੰਨ ਵੀ ਇਸ ਖੇਡ ਨੇ ਸਮੇਂ ਸਮੇਂ ਨਿਯਮਬੱਧ ਕੀਤੇ ਹਨ।
ਪਹਿਲਾਂ ਗੂੰਗੀ ਤੇ ਫਿਰ ਉੱਚੀ ਆਵਾਜ਼ ਵਿੱਚ ਲਗਾਤਾਰ ਬੱਟ ਬੱਟ ਜਾਂ ਕਬੱਡੀ ਕਬੱਡੀ ਸਾਹ ਮੁੱਕਣ ਤੱਕ ਰੇਡਰ ਜ਼ੋਰ ਅਜਮਾਈ ਕਰਦਾ ਸੀ ਪਰ ਸਮਾਂ ਪਾ ਕੇ ਇਸ ਨੂੰ ਪ੍ਰਬੰਧਕਾਂ ਨੇ 30 ਸੈਕਿੰਡ ਦੀ ਪਾਬੰਧ ਕਰਕੇ ਫਿਰ ਗੂੰਗੀ ਖੇਡ ਬਣਾ ਦਿੱਤਾ ਜਿਸ ਦਾ ਜਾਫੀਆਂ ਨੂੰ ਵਿਸ਼ੇਸ਼ ਲਾਭ ਹੋਇਆ ਹੋਰ ਤਬਦੀਲੀਆਂ ਦੇ ਨਾਲ ਟੱਚ ਕਰਨਾ ਵੀ ਜਰੂਰੀ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਖਾਲੀ ਮਤਲੱਬ ਬਿਨਾਂ ਹੱਥ ਲਾਇਆਂ ਡੀ ਲੰਘ ਕੇ ਮੁੜਿਆ ਜਾ ਸਕਦਾ ਸੀ।ਹੋਰ ਖੇਡਾਂ ਦੀ ਤਰਜ ਤੇ ਫਡਰੇਸ਼ਨਾ ਤੇ ਕਲੱਬ ਹੋਂਦ ਵਿੱਚ ਆਏ।ਬਾਹਰਲੇ ਮੁਲਕਾਂ ਵਿੱਚ ਵਸੇ ਪੰਜਾਬੀ ਕਬੱਡੀ ਪ੍ਰੇਮੀਆਂ ਨੇ ਇਸ ਦੀ ਸ਼ਾਨ ਵਿੱਚ ਚੋਖਾ ਵਾਧਾ ਕੀਤਾ ਅਤੇ ਆਪਣੀ ਪਹਿਚਾਣ ਨੂੰ ਬਣਾਈ ਰੱਖਣ ਲਈ ਇੰਗਲੈਂਡ, ਕਨੇਡਾ, ਅਮਰੀਕਾ, ਨਿਊਜੀਲੈਂਡ, ਯੂਰਪੀਅਨ ਦੇਸ਼ਾਂ ਏਥੋਂ ਤੱਕ ਕਿ ਅਰਬ ਦੇਸ਼ਾਂ ਵਿੱਚ ਵੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਟੂਰਨਾਮੈਂਟ ਹੋਣ ਲੱਗੇ ਹਨ।
ਪੈਸਾ ਵੱਧ ਹੋਣ ਕਰਕੇ ਇਸ ਵਿੱਚ ਨਸ਼ੇ ਦੀ ਸ਼ਮੂਲੀਅਤ ਵਧਣ ਲੱਗੀ ਏਥੋਂ ਤੱਕ ਕੇ ਚਲਦੇ ਮੈਚ ਵਿੱਚ ਵੀ ਪ੍ਰਮੋਟਰ ਖਿਡਾਰੀ ਨੂੰ ਕੱਪ ਚੱਕਣ ਦੇ ਲਾਲਚ ਵਿੱਚ ਗੋਲੀ ਵੱਟ ਕੇ ਦੇਣ ਲੱਗੇ ਅਤੇ ਖੁਦ ਖਿਡਾਰੀ ਬਿਸਟ ਨਿਕਲਣ ਦੇ ਲਾਲਚ ਜਿਸ ਦਾ ਇਨਾਮ ਵੱਡਾ ਹੋਣ ਕਰਕੇ ਇਨ੍ਹਾਂ ਨਸ਼ਿਆਂ ਦਾ ਸੇਵਨ ਕਰਨ ਲੱਗ ਪਏ । ਅੱਜਕਲ੍ਹ ਤਾਂ ਜਿਥੇ ਖਿਡਾਰੀ ਕੱਪੜੇ ਉਤਾਰਦੇ ਹਨ ਦੂਜੇ ਦਿਨ ਓਥੋਂ ਢੇਰ ਸਾਰਾ ਸ਼ੀਸ਼ੀਆਂ ਤੇ ਸਰਿੰਜਾਂ ਦਾ ਮਿਲ ਜਾਂਦਾ ਹੈ।ਡੋਪ ਟਿਸਟ ਦੇ ਨਾਮ ਤੇ ਫਡਰੇਸ਼ਨਾ ਇੱਕ ਮੱਤ ਜਰੂਰ ਹੋਈਆਂ ਪਰ ਜਦੋਂ ਪਹਿਲਾਂ ਵਾਲਾ ਖੜਕਾ ਦੜਕਾ ਨਾ ਹੁੰਦਾ ਦੇਖ ਕੇ ਫਿਰ ਬਿਨਾਂ ਡੋਪ ਟਿਸਟ ਤੋਂ ਖੇਡਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਗਈ ਇਸ ਨਾਲ ਬਹੁਤ ਸਾਰੇ ਖਿਡਾਰੀਆਂ ਨੂੰ ਜਾਨ ਵੀ ਗਵਾਊਣੀ ਪਈ ਕਿਉਂਕਿ ਕਿਹਾ ਜਾਂਦਾ ਹੈ ਕਿ ਪਸ਼ੂਆਂ ਦੇ ਲੱਗਣ ਵਾਲੇ ਟੀਕੇ ਇਸਤੇਮਾਲ ਕੀਤੇ ਜਾਂਦੇ ਹਨ।
ਇਸ ਖੇਡ ਕਬੱਡੀ ਵਿੱਚ ਬਹੁਤ ਸਾਰੇ ਗਲਤ ਅਨਸਰ ਪੈਸੇ ਦੇ ਜੋਰ ਨਾਲ ਪ੍ਰਵੇਸ਼ ਹੋ ਚੁੱਕੇ ਹਨ ਉਹਨਾਂ ਵਿਚੋਂ ਬਹੁਤਿਆਂ ਦਾ ਤਾਂ ਕਬੱਡੀ ਨਾਲ ਵਾਹ ਵਾਸਤਾ ਵੀ ਨਹੀਂ ਰਿਹਾ ਉਹ ਚਾਹੇ ਪ੍ਰਮੋਟਰ ਹੋਣ ਚਾਹੇ ਕੋਚ,ਰੈਫਰੀ ਜਾਂ ਮੁੱਖ ਪ੍ਰਬੰਧਕ । ਜਦੋਂ ਕਿਸੇ ਖੇਡ ਦਾ ਪ੍ਰੇਮੀ ਨਾ ਹੋਵੇ ਤਾਂ ਉਹ ਆਪਣੀ ਫੋਕੀ ਟੋਹਰ ਤੋਂ ਬਿਨਾਂ ਖੇਡ ਦੀ ਤਰੱਕੀ ਨਹੀਂ ਕਰ ਸਕਦਾ ਏਸੇ ਕਰਕੇ ਇਹ ਖੇਡ ਹੁਣ ਗੈਂਗਸਟਰਾਂ ਧੱਕੇ ਚੜੀ ਹੋਈ ਮਾਲੂਮ ਹੁੰਦੀ ਹੈ । ਪਿਛੇ ਜਿਹੇ ਸਟਾਰ ਕਬੱਡੀ ਖਿਡਾਰੀ ਦੁੱਲੇ ਉੱਤੇ ਗੋਲੀਆਂ ਚੱਲਦੀਆਂ ਹਨ ਚੰਗੀ ਕਿਸਮਤ ਨੂੰ ਉਹਦੀ ਜਾਨ ਜਰੂਰ ਬਚ ਗਈ।
ਪਰ ਕੁੱਝ ਲੋਕਾਂ ਵਲੋਂ ਆਪਣੇ ਅਨੁਸਾਰ ਕਬੱਡੀ ਖਿਡਾਉਣ ਦੇ ਚਰਚੇ ਆਮ ਸੁਣੇ ਜਾਂਦੇ ਹਨ।ਤੇ ਹੁਣ ਦੋ ਦਿਨ ਪਹਿਲਾਂ ਕਬੱਡੀ ਦੇ ਸਟਾਰ ਜਾਫੀ ਸੰਦੀਪ ਨੰਗਲ ਅੰਬੀਆਂ ਨੂੰ ਪਿੰਡ ਮੱਲੀਆਂ ਜਿਲ੍ਹਾ ਜਲੰਧਰ ਵਿਖੇ ਭਰੇ ਮੇਲੇ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।ਇੰਨਾ ਸਤਰਾਂ ਲਿਖਣ ਤੱਕ ਸੰਦੀਪ ਦੇ ਸਮਰਥਕਾਂ ਨੇ ਧਰਨਾ ਲਾਇਆ ਹੋਇਆ ਹੈ ਅਤੇ ਸਸਕਾਰ ਨਹੀਂ ਕੀਤਾ ।ਕਿਉਂਕਿ ਲੋਕਾਂ ਨੂੰ ਗੁੱਸਾ ਹੈ ਕਿ ਤਿੰਨ ਦਿਨ ਬੀਤ ਜਾਣ ਤੇ ਵੀ ਕਾਤਲ ਫੜੇ ਨਹੀਂ ਗਏ।
ਓਧਰ ਆਪ ਦੀ ਨਵੀਂ ਬਣੀ ਸਰਕਾਰ ਖੱਟਕਲ ਕਲਾਂ ਵਿੱਚ ਬਸੰਤੀ ਰੰਗ ਵਿੱਚ ਰੰਗ ਹੋ ਕੇ ਭਗਤ ਸਿੰਘ ਨੂੰ ਦੰਦ ਚੜਾਉਣ ਵਿੱਚ ਲੱਗੀ ਹੋਈ ਸੌਂਹ ਚੁੱਕ ਸਮਾਗਮ ਵਿਚ ਮਸ਼ਰੂਫ ਹੈ।ਜੇਕਰ ਸੰਦੀਪ ਦੇ ਕਾਤਲ ਜਲਦ ਨਾ ਫੜੇ ਗਏ ਤਾਂ ਇਸ ਗਮਗੀਨ ਤੇ ਖੌਫਨਾਕ ਮਹੌਲ ਦਾ ਅਸਰ ਕਬੱਡੀ ਦੇ ਪੁਰਾਣੇ ਅਤੇ ਪ੍ਰਾਇਮਰੀ ਖਿਡਾਰੀਆਂ ਤੇ ਮਾਪਿਆਂ ਉੱਪਰ ਬਹੁਤ ਬੁਰਾ ਅਸਰ ਹੋਵੇਗਾ। ਪਹਿਲਾਂ ਹੀ ਨਸ਼ਿਆਂ ਕਰਕੇ ਬਦਨਾਮ ਇਸ ਖੇਡ ਵਿੱਚ ਕਤਲੋਗਾਰਤ ਹੁੰਦਿਆਂ ਹੁਣ ਕੌਣ ਆਪਣੇ ਬੱਚਿਆਂ ਨੂੰ ਖੇਡਣ ਦੀ ਇਜਾਜ਼ਤ ਦੇਵੇਗਾ ਕਿ ਜਾਓ ਖੇਡੋ ਤੇ ਮਰੋ । ਸੰਦੀਪ ਦਾ ਇਸ ਤਰ੍ਹਾਂ ਹੋਇਆ ਕਤਲ ਹਰ ਪੰਜਾਬੀ ਦੇ ਹਿਰਦੇ ਤੇ ਅਸਰ ਪਾ ਰਿਹਾ ਹੈ।ਛੋਟੇ ਛੋਟੇ ਦੋ ਬੱਚਿਆਂ ਦਾ ਪਿਉ ਮਾਪਿਆਂ ਦੀ ਅੱਖ ਦਾ ਤਾਰਾ ਅਤੇ ਲੱਖਾਂ ਲੋਕਾਂ ਦਾ ਹਰਮਨ ਪਿਆਰ ਡਾਢਾ ਜਾਫੀ ਸੰਦੀਪ ਨੰਗਲ ਅੰਬੀਆਂ ਲੱਖਾਂ ਅੱਖਾਂ ਨਮ ਕਰ ਗਿਆ ਹੈ।
ਆਪਣੀ ਸਾਰੀ ਜਿੰਦਗੀ ਕਬੱਡੀ ਦੇ ਲੇਖੇ ਲਾਉਣ ਵਾਲਾ ਸੰਦੀਪ ਹਰਜੀਤ ਬਰਾੜ ਵਾਗੂੰ ਕਬੱਡੀ ਪ੍ਰੇਮੀਆਂ ਦੇ ਚੇਤਿਆਂ ਵਿੱਚ ਰਹੇਗਾ।ਏਦਾਂ ਦਾ ਖਿਡਾਰੀ ਤਿਆਰ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਉਮਰਾਂ ਗਲ਼ ਜਾਂਦੀਆਂ ਹਨ ਪਰ ਬੇਰਹਿਮ ਪਾਪੀਆਂ ਨੇ ਝੱਟ ਨਹੀਂ ਲਾਇਆ।
ਜਦੋਂ ਆਪਾਂ ਕਿਤਾਬਾਂ ਵਿੱਚ ਪੜਦੇ ਹਾਂ ਕਿ ਖੇਡਾਂ ਮਿਲਵਰਤਨ ਤੇ ਪਿਆਰ ਸਿਖਾਉਂਦੀਆਂ ਹਨ 'ਤੇ ਸਵਾਲ ਉਠਦਾ ਹੈ ਕਿ ਉਹ ਕੌਣ ਲੋਕ ਹਨ ਜੋ ਕਬੱਡੀ ਨੂੰ ਕਲੰਕ ਬਣਕੇ ਖਤਮ ਕਰਨਾ ਚਾਹੁੰਦੇ ਹਨ ਜਿਨ੍ਹਾਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ। ਕੁੱਝ ਸਮੇਂ ਤੋਂ ਇਹ ਕਨਸੋਆਂ ਵੀ ਮਿਲ ਰਹੀਆਂ ਹਨ ਕਿ ਕੁੱਝ ਲੋਕ ਆਪਣੀ ਮਰਜੀ ਅਨੁਸਾਰ ਕਬੱਡੀ ਖਿਡਾਉਣੀ ਚਾਹੁੰਦੇ ਹਨ ਕਿ ਉਹਨਾਂ ਦੀ ਮਰਜ਼ੀ ਅਨੁਸਾਰ ਹਰ ਖਿਡਾਰੀ ਖੇਡੇ ਉਹ ਕਹਿਣ ਤੇ ਜਿੱਤੇ ਉਹ ਕਹਿਣ ਤੇ ਹਾਰੇ ਜਾਂ ਉਹਨਾ ਅਨੁਸਾਰ ਰੇਡਾਂ ਜਾਂ ਜੱਫੇ ਲਾਵੇ।
ਅਗਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਹੋਰ ਸੰਦੀਪ ਜ਼ਾਲਮਾਂ ਦੀ ਭੇਂਟ ਨਾ ਚੜੇ ਤਾਂ ਬਹੁਤ ਸੰਜੀਦਗੀ ਨਾਲ ਇੱਕਮੁੱਠ ਹੋ ਕੇ ਸਾਰੀਆਂ ਫੈਡਰੇਸ਼ਨਾ,ਪ੍ਰਮੋਟਰਾਂ, ਪ੍ਰਬੰਧਕਾਂ ,ਕੋਚਾਂ, ਰੈਫਰੀਆਂ ਅਤੇ ਹਰ ਉਸ ਬੰਦੇ ਨੂੰ ਮੁਹਰੇ ਹੋ ਕੇ ਸਚਾਰੂ ਢੰਗ ਨਾਲ ਖਿਡਾਰੀਆਂ ਦੀ ਆਪਣੀ ਅਜਾਦੀ ਅਤੇ ਕਿਸੇ ਨਿਯਮ ਨੂੰ ਅਪਣਾ ਕੇ ਕਬੱਡੀ ਦੀ ਹਰਮਨ ਪਿਆਰਤਾ ਵਧਾਉਣ ਲਈ ਹਿੰਸਾ ਛੱਡ ਕੇ ਖੇਡਾਂ ਦਾ ਅਸਲ ਮੁਹੱਬਤੀ ਸਨੇਹਾ ਦੇਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਅਤੇ ਸੰਦੀਪ ਦੇ ਕਾਤਲਾਂ ਨੂੰ ਬਣਦੀ ਸਜ਼ਾ ਦਵਾਉਣ ਤੱਕ ਸਰਕਾਰ ਤੇ ਦਬਾਅ ਬਣਾਈ ਰੱਖਣਾ ਚਾਹੀਦਾ ਹੈ।ਜਿਹੜੇ ਵੀ ਲੋਕ ਹਿੰਸਾ ਨੂੰ ਇੰਨਯਾਮ ਦੇਣ ਦਾ ਮਹੌਲ ਬਣਾਉਦੇ ਹਨ ਨੂੰ ਬਾਹਰ ਕਰਨਾ ਚਾਹੀਦਾ ਹੈ ਉਹ ਭਾਵੇਂ ਭੜਕਾਲੂ ਕੂਮੈਂਟੇਟਰ ਹੋਣ ਜਾਂ ਪੈਸੇ ਦੇ ਜੋਰ ਨਾਲ ਆਏ ਪ੍ਰਮੋਟਰ ਕਿਉਂ ਨਾ ਹੋਣ।
ਕਬੱਡੀ ਵਿੱਚ ਬਾਊਂਸਰ ਕਲਚਰ ਵੀ ਖਤਮ ਹੋਣਾ ਚਾਹੀਦਾ ਹੈ ਅਤੇ ਨਸ਼ਿਆਂ ਤੇ ਮੁਕੰਮਲ ਲਗਾਮ ਲਗਣੀ ਚਾਹੀਦੀ ਹੈ।ਸੰਦੀਪ ਦੀ ਮੌਤ ਨੇ ਪੂਰੇ ਪੰਜਾਬ ਸਮੇਤ ਦੇਸ਼ ਪ੍ਰਦੇਸ਼ ਵਿੱਚ ਵਸਦੇ ਪੰਜਾਬੀਆਂ ਦੇ ਦਿੱਲ ਘਰਾਂ ਵਿੱਚ ਸੱਥਰ ਵਿਛਾ ਦਿੱਤਾ ਹੈ ਕੋਈ ਐਸੀ ਅੱਖ ਨਹੀਂ ਜੋ ਮੌਤ ਦੀ ਖਬਰ ਸੁਣ ਕੇ ਨਮ ਨਾ ਹੋਈ ਹੋਵੇ।
ਕਬੱਡੀ ਪ੍ਰੇਮੀ ਇਸ ਗੱਲ ਤੋਂ ਚਿੰਤਤ ਹਨ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਰਕੇ ਕਿਤੇ ਕਬੱਡੀ ਬੀਤੇ ਦੀ ਗੱਲ ਨਾ ਰਹਿ ਜਾਵੇ।
-
ਰਾਣਾ ਸੈਦੋਵਾਲ, ਲੇਖਕ
ranasaidowal84@gmail.com
9855463377
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.