ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਬਾਦਲ ਪਰਿਵਾਰ ਮੁਕਤ 'ਸ਼੍ਰੋਮਣੀ ਅਕਾਲੀ ਦਲ' ਦੀ ਪੁਨਰ ਸੁਰਜੀਤੀ ਸੰਭਵ ਹੈ, ਪਰ ਸਭ ਤੋਂ ਪਹਿਲਾਂ ਤੁਸੀਂ ਸਿੱਖ ਕੌਮ ਨੂੰ ਵੰਗਾਰਨ ਦੀ ਬਜਾਏ, ਖੁਦ ਸ੍ਰੀ ਅਕਾਲ ਤਖਤ ਸਾਹਿਬ ਤੇ ਖ੍ਹੜੇ ਹੋ ਕੇ ਸੱਚ ਬੋਲਣ ਦੀ ਹਿੰਮਤ ਵਖਾਓ
ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਾਦਲ ਪਰਿਵਾਰ ਦੇ ਮੈਂਬਰਾਂ ਅਤੇ ਕਰੀਬੀ ਰਿਸ਼ਤੇਦਾਰਾਂ ਦੀ, ਪੰਜਾਬ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਉੱਤੇ ਅਤਿਅੰਤ ਫਿਕਰਮੰਦ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇੱਕ ਮਹੱਤਵਪੂਰਨ ਬਿਆਨ ਸਾਹਮਣੇ ਆਇਆ ਹੈ, ਜਿਸ ਨੂੰ, ਪੰਥਕ ਸਰੋਕਾਰਾਂ ਦੀ ਦ੍ਰਿਸ਼ਟੀ ਸੀਮਾ ਅੰਦਰ ਰਹਿ ਕੇ, ਉਨ੍ਹਾਂ ਦੇ ਵਿਚਾਰਾਂ ਦੀ ਸਮੁੱਚਤਾ ਨੂੰ ਖੁੱਲ੍ਹ ਕੇ ਵਿਚਾਰਨਾ ਬਣਦਾ ਹੈ।
ਇਹ ਠੀਕ ਹੈ, ਕਿ ਪੰਜਾਬ ਵਿਧਾਨ ਸਭਾਂ ਦੀਆਂ ਚੋਣਾਂ ਦੇ, ਇੱਕ ਪਾਸੜ ਨਤੀਜੇ, ਸੰਤੁਲਤ ਪਾਰਲੀਮਾਨੀ ਪਰਜਾਤੰਤਰ ਦੇ ਹਿੱਤ ਵਿੱਚ ਨਹੀਂ ਹਨ, ਪਰੰਤੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੀ ਦਾ ਇਹ ਸਪਸ਼ਟ ਤੇ ਮੁਤਲਿਕ ਬਿਆਨ ਕਿ'ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾਂ, ਸਿੱਖਾਂ ਲਈ ਘਾਤਕ ਹੈ'ਇਸ ਬਿਆਨ ਦਾ ਪੂਰੀ ਸੰਜੀਦਗੀ ਅਤੇ ਗਹਿਰਾਈ ਨਾਲ, ਗੁਣ ਅਤੇ ਦੋਸ਼ ਦੇ ਅਧਾਰ ਤੇ ਸਮੀਖਿਆਤਮਕ ਵਿਸ਼ਲੇਸ਼ਣ ਕਰਨਾ ਬਣਦਾ ਹੈ।
ਇਸ ਸੰਧਰਵ ਵਿੱਚ, ਸਭ ਤੋਂ ਪਹਿਲਾਂ ਤਾਂ, ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਦੀ ਆਪਣੀ ਆਰਜ਼ੀ ਸਥਿੱਤ ਨੂੰ , ਬਤੌਰ ਕਾਰਜਕਾਰੀ ਜਥੇਦਾਰ, ਵਿਚਾਰਨ ਦੀ ਲੋੜ ਹੈ।ਸਮੁੱਚਾ ਸਿੱਖ ਜਗਤ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਅਤੇ ਅੰਤਰਿੰਗ ਕਮੇਟੀ ਦੇ ਸਮੂਹ ਮੈਂਬਰਾਂ ਪਾਸੋਂ ਇਹ ਜਾਨਣਾ ਚਾਹੁੰਦਾ ਹੈ ਕਿਕਿਸ ਰਾਜਨੀਤਕ ਦਬਾਓ ਅਤੇ ਕਿਸ ਮੰਤਵ ਤਹਿਤ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 22 ਅਕਤੂਬਰ 2018 ਤੋਂ ਲੈ ਕੇ ਹੁਣ ਤੀਕਰ, ਸਿੱਖਾਂ ਦੇ ਸਰਵਉੱਚਤਮ ਤਖਤ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਹਿਜ ਕਾਰਜਕਾਰੀ ਸੇਵਾ ਸੌਂਪੀ ਹੋਈ ਹੈ। ਸਿੱਖ ਸੰਗਤ ਇਹ ਵੀ ਜਾਨਣਾ ਚਾਹੁੰਦੀ ਹੈ, ਕਿ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੀ ਵੀ, ਕੋਈ ਅਜ਼ਮਾਇਸ਼ੀ ਅਵਧੀ ਹੁੰਦੀ ਹੈ, ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਣਮਿਥੇ ਸਮੇਂ ਲਈ, ਪਰਖ ਅਧੀਨ ਰੱਖਿਆਂ ਜਾ ਸਕਦਾ ਹੈ ?
ਕੁੱਝ ਬੁਨਿਆਦੀ ਸਵਾਲ, ਜੋ ਜਥੇਦਾਰ ਜੀ ਪਾਸੋਂ ਮੁਸਬਤ ਜਵਾਬ ਦੇ ਮੁਸਤਹੱਕ ਹਨ, ਉਹ ਇਹ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਾਤਮੇ ਅਤੇ ਪੰਥਕ ਰਾਜਨੀਤੀ ਦੇ ਨਿਰਾਸ਼ਾਜਨਕ ਪਤਨ ਜਾਂ ਸ਼ਾਨਦਾਰ ਪੰਥਕ ਰਵਾਇਤਾਂ ਦੇ ਦਸਤੂਰਾਂ ਦੀ ਅਧੋਗਤੀ ਲਈ ਆਖਿਰ ਕੌਣ ਜ਼ਿੰਮੇਵਾਰ ਹੈ ? ਸਿੱਖ ਫ਼ਲਸਫੇ ਅਤੇ ਪੰਥਕ ਸਿਧਾਂਤ ਨੂੰ, ਪੰਜਾਬ ਅਤੇ ਦੇਸ਼ ਦੇ ਰਾਜਨੀਤਕ ਬਿਰਤਾਂਤ ਵਿੱਚੋਂ , ਮਨਫ਼ੀ ਕਰਨ ਲਈ, ਕੌਣ ਜ਼ਿੰਮੇਵਾਰ ਹੈ, ਸ਼੍ਰੋਮਣੀ ਅਕਾਲੀ ਦਲ ਦੇ ਕਿਸ ਪਰਧਾਨ ਨੇ ਆਪਣੇ ਸੌੜੇ ਰਾਜਨੀਤਕ ਹਿੱਤਾਂ ਵਾਸਤੇ ਪੰਥਕ ਏਜੰਡੇ ਨੂੰ ਦਰਕਿਨਾਰ ਕੀਤਾ ਹੈ ? ਸਿੱਖ ਅਰਦਾਸ ਦੀ ਰੂਹਾਨੀ ਭਾਵਨਾ ਵੱਲ ਪਿੱਠ ਕਰਕੇ, ਪੰਥ ਅਤੇ ਸਿੱਖ ਵਿਰੋਧੀ ਤਾਕਤਾਂ ਨਾਲ ਰਾਜਨੀਤਕ ਸਾਂਝ ਸਥਾਪਿਤ ਕਰਨ ਲਈ ਅਤੇ ਬੁਨਿਆਦੀ ਪੰਥਕ ਸਰੋਕਾਰਾਂ ਅਤੇ ਸਿੱਖ ਕੌਮ ਦੀ ਨਿਆਰੀ ਸਿੱਖ ਪਹਿਚਾਣ ਨੂੰ, ਗ਼ੈਰ-ਸਿੱਖ ਪਹਿਚਾਣ ਨਾਲ ਆਤਮਸਾਤ ਕਰਨ ਦਾ ਪਾਪ, ਆਖਰ ਕਿਸ ਨੇ ਕਮਾਇਆ ਹੈ ?
ਸਿੰਘ ਸਾਹਿਬ ਵੱਲੋਂ ਜੋ'ਪੰਥਕ ਏਜੰਡੇ'ਵੱਲ ਮੁੜ ਪਰਤਣ ਦੀ ਗੁਹਾਰ ਲਗਾਈ ਗਈ ਹੈ, ਉਸ ਸੰਧਰਵ ਵਿੱਚ ਜ਼ਿਕਰ ਯੋਗ ਹੈ ਕਿ ਸਮੁੱਚੇ ਸਿੱਖ ਪੰਥ ਅਤੇ ਪੰਜਾਬ ਦੇ ਸਰੋਕਾਰਾਂ ਦੀ ਤਰਜ਼ਮਾਨੀ ਕਰਦਾ,ਸ੍ਰੀ ਅਨੰਦਪੁਰ ਸਾਹਿਬ ਦਾ ਮਤਾ, ਬੜੀ ਦੀਰਘ ਵਿਚਾਰ ਤੇ ਮਸ਼ੱਕਤ ਤੋਂ ਬਾਅਦ, ਚੂੜਾਮਣੀ ਪੰਥਕ ਵਿਦਵਾਨਾਂ ਨੇ, ਮਿਲ ਬੈਠ ਕੇ ਅਕਤੂਬਰ 1973 ਵਿੱਚ ਤਿਆਰ ਕੀਤਾ ਸੀ, ਜਿਸ ਨੂੰ 18ਵੀਂ ਸਰਬ ਹਿੰਦ ਅਕਾਲੀ ਕਾਨਫਰੰਸ ਨੇ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵਿੱਚ 17/18 ਅਕਤੂਬਰ 1978 ਨੂੰ, ਉਸਦੇ ਮੌਲਿਕ ਰੂਪ ਵਿੱਚ ਪ੍ਰਵਾਨ ਕੀਤਾ ਸੀ। ਪਰ ਬਾਅਦ ਵਿੱਚ ਧਰਮ ਯੁੱਧ ਮੋਰਚੇ ਸਮੇਂ, ਸਾਲ 1982 ਵਿੱਚ ਇਸਦੀ ਮੂਲ ਭਾਵਨਾ ਅਤੇ ਸਰੂਪ ਨਾਲ ਖਿਲਵਾੜ ਕਰਕੇ, ਇਸਦੇ ਕੇਂਦਰੀ ਵਿਸ਼ਾ-ਵਸਤੂ ਦੇ ਸਰੂਪ ਨੂੰ ਪ੍ਰਭਾਵਹੀਣ ਬਣਾਕੇ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਭਾਰਤ ਸਰਕਾਰ ਨੂੰ ਭੇਜਿਆ ਗਿਆ ਸੀ।ਮੈਂ ਬੜੇ ਅਦਬ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਾਸੋਂ ਇਹ ਜਾਨਣਾ ਚਾਹੁੰਦਾ ਹਾਂ ਕਿ ਜਦੋਂ ਇਹ ਸਾਰੇ ਅਨੱਰਥ ਹੋ ਰਿਹਾ ਸੀ ਉਸ ਵੇਲੇਸ਼੍ਰੀ ਅਕਾਲ ਤਖਤ ਸਾਹਿਬ ਦੇ, ਜੱਥੇਦਾਰ ਸਾਹਿਬਾਨ ਦੀ ਭੂਮਿਕਾ ਕੀ ਰਹੀ ਹੈ, ਕੀ ਇਹ ਵਿਸ਼ਾ ਵੀ ਸਮੀਖਿਆ ਨਹੀਂ ਮੰਗਦਾ ? ਜਦੋਂ 24-25 ਫਰਵਰੀ 1996 ਨੂੰ ਮੋਗਾ ਦੀ ਸਰਬ ਹਿੰਦ ਅਕਾਲੀ ਕਾਨਫਰੰਸ ਵਿੱਚ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ'ਪੰਥਕ ਏਜੰਡੇ'ਨੂੰ ਤਿਆਗ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਵਜੂਦ ਖਤਮ ਕਰਕੇ, ਇਸ ਨੂੰ 'ਪੰਜਾਬੀ ਪਾਰਟੀ' ਦਾ ਦਰਜਾ ਦਿੱਤਾ ਸੀ, ਤਾਂ ਉਸ ਵੇਲੇ ਸਿੱਖ ਤਖਤ ਸਾਹਿਬਾਨ ਦੀ ਕੀ ਭੂਮਿਕਾ ਸੀ ? ਅਸਲ ਪੰਥਕ ਰਾਜਨੀਤੀ ਦੀ ਅਧੋਗਤੀ ਦਾ ਮੁੱਢ ਅਤੇ ਪੰਥਕ ਸ਼ਾਨਾਂ ਅਤੇ ਪੰਥਕ ਪੱਧਤੀ ਦੀ ਰਾਜਨੀਤੀ ਦੇ ਰਸਾਤਲ ਦਾ ਲੜੀਵਾਰ ਸਿਲਸਿਲਾ ਦਾ ਆਰੰਭ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੋਗੇ ਤੋਂ ਹੀ ਸਾਲ 1996 ਵਿੱਚ ਕੀਤਾ ਸੀ, ਜਿਸ ਵਿਰੁੱਧ ਉਸ ਵੇਲੇ ਦੇ ਦਿੱਗਜ ਤੇ ਸਿਰਕੱਢ ਅਕਾਲੀ ਆਗੂਆਂ ਅਤੇ ਚੋਟੀ ਦੀਆਂ ਸਿੱਖ ਸੰਸਥਾਵਾਂ ਦਾ ਫਰਜ਼ ਬਣਦਾ ਸੀ, ਕਿ ਉਹ ਜਾਗਰੂਕ ਹੋ ਕੇ ਇਸ ਵਿਰੁੱਧ ਆਵਾਜ਼ ਉਠਾਉਂਦੇ, ਪਰ ਅਜਿਹਾ ਨਹੀਂ ਹੋਇਆ ।
ਡੇਰਾ ਸਿਰਸਾ ਦੇ ਮਾਮਲੇ ਵਿੱਚ, ਜੋ ਘਟੀਆ, ਅਸਿੱਖ ਤੇ ਨਿੰਦਣ ਯੋਗ ਭੂਮਿਕਾ, ਬਾਦਲ ਪਰਿਵਾਰ ਦੀ ਅਤੇ ਉਨ੍ਹਾਂ ਦੀ ਗ਼ੁਲਾਮੀ ਅਧੀਨ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਰਹੀ ਹੈ, ਉਸ ਦਾ ਤਾਂ ਜ਼ਿਕਰ ਕਰਨ ਲੱਗਿਆਂ ਵੀ ਘਿਰਣਾ ਆਉੂਂਦੀ ਹੈ।ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦਾ ਜੋ ਮਜ਼ਾਕ ਬਾਦਲ ਪਰਿਵਾਰ ਨੇ ਉਡਾਇਆ ਹੈ, ਉਸ ਨੂੰ ਸਿੱਖ ਕੌੰਮ ਕਿਵੇਂ ਭੁੱਲ ਸਕਦੀ ਹੈ ?
ਪਿਛਲੇ ਦਿਨੀਂ, ਪਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿੱਲੀ ਨਿਵਾਸ ਅਸਥਾਨ ਉੱਤੇ, ਕਰੀਬ ਤਿੰਨ ਦਰਜ਼ਨ ਸਿੱਖ ਡੇਰੇਦਾਰ ਤੇ ਸੰਤ ਮਹੰਤ, ਲਾਈਨ ਲਗਾ ਕੇ ਮੋਦੀ ਦੇ ਗਲ਼ ਵਿੱਚ ਭਾਂਤ ਭਾਂਤ ਦੇ ਸਿਰੋਪੇ, ਸ਼ਾਲ ਤੇ ਲੋਈਆਂ ਪਾ ਰਹੇ ਸਨ ਤੇ ਉਸਦੇ ਸਾਹਮਣੇ ਕੁਰਸੀਆਂ ਤੇ ਬੈਠਕੇ, ਮੋਦੀ ਦੇ ਪ੍ਰਵਚਨ ਸਰਵਣ ਕਰ ਰਹੇ ਸਨ। ਇਸ ਸਾਰੇ ਨਾਟਕ ਦੇ ਆਯੋਜਨ ਦਾ ਸਬੱਬ ਕੀ ਸੀ, ਇਹ ਤਾਂ ਸ਼ਾਇਦ ਤਰਲੋਚਨ ਸਿੰਘ ਸਾਬਕਾ ਸੰਸਦ ਮੈਂਬਰ ਤੇ ਮਨਜਿੰਦਰ ਸਿੰਘ ਸਿਰਸਾ ਹੀ ਦੱਸ ਸਕਦੇ ਹਨ । ਦੁੱਖ ਦੀ ਗੱਲ ਤਾਂ ਇਹ ਹੈ ਕਿ ਇਸ ਭੀੜ ਵਿੱਚ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ, ਗੌਹਰ-ਏ-ਮਸਕੀਨ, ਗਿਆਨੀ ਰਣਜੀਤ ਸਿੰਘ ਜੀ ਵੀ, ਗ਼ੈਰ ਮਤਰੂਬਾ ਤੌਰ ਤੇ ਹਾਜ਼ਰੀ ਭਰ ਰਹੇ ਸਨ ਅਤੇ ਪਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਅਸਥਾਨ ਤੇ ਤਖਤ ਸ੍ਰੀ ਪਟਨਾ ਸਾਹਿਬ ਦਾ ਸਿਰੋਪਾ ਚੁੱਕੀਂ, ਮੋਦੀ ਦੀ ਪਰਿਕਰਮਾ ਵਿੱਚ ਪੁੱਜੇ ਹੋਏ ਸਨ । ਦਸਮ ਪਾਤਸ਼ਾਹ ਬਹੁੜੀ ਕਰਨ ! ਜੇ ਤਖਤ ਸਾਹਿਬਾਨ ਦੇ ਜਥੇਦਾਰਾਂ ਦੇ ਗੌਰਵ ਤੇ ਮਾਨ ਵਡਿਆਈ ਦਾ ਇਹ ਹਾਲ ਹੈ, ਤਾਂ ਫੇਰ ਬਾਕੀ ਦੀ ਸਿੱਖ ਕੌਮ ਨੂੰ ਕੀ ਦੋਸ਼ ?
ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਦਬ ਨਾਲ ਗੁਜਾਰਿਸ਼ ਕਰਨਾ ਚਾਹੁੰਦਾ ਹਾਂ ਕਿ ਬਾਦਲ ਪਰਿਵਾਰ ਦੀ ਸਰਪਰੱਸਤੀ ਤੇ ਕਬਜ਼ੇ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਦਾ ਮੁੱਖ ਕਾਰਨ, ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਗੁੰਮ ਹੋਣਾਂ, ਪੰਜਾਬ ਵਿੱਚ ਨਸ਼ਾਖੋਰੀ ਨਾਲ ਪੰਜਾਬ ਦੀ ਨੌਂਜਵਾਨੀ ਦਾ ਘਾਣ ਹੋਣਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੀ ਲੁੱਟ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿੱਚ ਬਾਦਲ ਪਰਿਵਾਰ ਦਾ ਬੇਲੋੜਾ ਦਖਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੀਆਂ, ਸਿੱਖ ਵਿੱਦਿਅਕ ਸੰਸਥਾਵਾਂ ਨੂੰ ਬਾਦਲ ਪਰਿਵਾਰ ਵੱਲੋਂ ਨਿੱਜੀ ਅਜ਼ਾਰੇਦਾਰੀ ਬਣਾ ਕੇ ਰੱਖਣਾਂ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਲਗਪਗ ਸਾਰੇ'ਸਿੱਖ ਟਰੱਸਟਾਂ'ਤੇ ਬਾਦਲ ਪਰਿਵਾਰ ਦੇ ਮੈਂਬਰਾਂ ਦੇ 'ਨਿੱਜੀ ਹੈਸੀਅਤ' ਵਿੱਚ ਕਬਜ਼ੇ ਹੋ ਜਾਣੇ ਅਤੇ ਇਸ ਤੋਂ ਬਿਨਾਂ ਹੋਰ ਵੀ ਅਨੇਕਾਂ ਕਾਰਨ ਹਨ ਜੋ ਇਸ ਲੇਖ ਦੀ ਜ਼ੱਦ ਵਿੱਚ ਨਹੀਂ ਆਉਂਦੇ। ਫਿਰ ਜੇ ਅਜਿਹੇ ਵਿੱਚ ਵੀ ਅਕਾਲ-ਪੁਰਖ ਵਾਹਿਗੁਰੂ, ਪੰਥ ਦੇ ਭੇਸ ਵਿੱਚ ਛੁਪੇ ਪੰਥ ਦੋਖੀਆਂ ਨੂੰ ਸਜ਼ਾ ਨਾ ਦੇਣ ਤਾਂ ਫੇਰ ਹੋਰ ਕਿਹੜਾ ਸਮਾਂ ਉਚਿੱਤ ਤੇ ਵਧੇਰੇ ਢੁਕਵਾਂ ਹੋਵੇਗਾ ? ਕੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਾਦਲ ਪਰਿਵਾਰ ਨੂੰ, ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਇਹ ਆਦੇਸ਼ ਦੇ ਸਕਦੇ ਹਨ ਕਿ, ਬਾਦਲ ਪਰਿਵਾਰ ਦੇ ਸਾਰੇ ਮੈਂਬਰ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਰੁਤਬਿਆਂ ਤੋਂ ਬਿਨਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਿੱਖ ਟਰੱਸਟਾਂ ਉੱਤੇ, ਆਪਣੀ ਨਿੱਜੀ ਹੈਸੀਅਤ ਵਿੱਚ ਕਾਬਜ਼ ਹੋਏ ਹਨ, ਉਹ ਸਭ ਫੌਰੀ ਤੌਰ ਤੇ ਆਪਣੇ ਅਸਤੀਫ਼ੇ, ਸ੍ਰੀ ਅਕਾਲ ਤਖਤ ਤੇ ਪੇਸ਼ ਕਰਨ ਤੇ ਸਿੱਖ ਟਰੱਸਟਾਂ ਦੀ ਮੈਂਬਰੀ, ਬਾ-ਹੈਸੀਅਤ ਰੁਤਬਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਹਵਾਲੇ ਕੀਤੀ ਜਾਵੇ।
ਉਪਰੋਕਤ ਦੀ ਦ੍ਰਿਸ਼ਟੀ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਇੱਕ ਪਾਸੜ ਨਤੀਜੇ'ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾਂ ਨਹੀਂ ਹੈ ਇਹ ਤਾਂ ਬਾਦਲ ਪਰਿਵਾਰ ਦੀ ਆਪਹੁਦਰੀਆਂ ਤੇ ਪੰਥ ਵਿਰੋਧੀ ਰਾਜਨੀਤੀ ਦੇ ਮੁਕੰਮਲ ਖਾਤਮੇ ਲਈ, ਸਮੁੱਚੇ ਪੰਜਾਬ ਅਤੇ ਸਿੱਖ ਪੰਥ ਦਾ ਇੱਕ ਨਿਰਨਾਇਕ ਸੁਨੇਹਾ ਹੈ।ਇੱਕ ਯੁੱਗ ਕਾਲੀ ਕਹਾਵਤ ਹੈ , 'ਆਵਾਜ਼-ਏ-ਖ਼ਲਕ, ਨਗਾਰਾ-ਏ-ਖੁਦਾ', ਇਸ ਰੱਬ ਦੇ ਨਗਾਰੇ ਦੀ ਆਵਾਜ਼ ਨੂੰ ਸਹੀ ਪਰਿਪੇਖ ਵਿੱਚ ਪੜ੍ਹਨ ਤੇ ਸਮਝਣ ਦੀ ਜਰੂਰਤ ਹੈ।ਮੇਰਾ ਮੰਨਣਾ ਹੈ ਕਿ ਵਡੇਰੇ ਪੰਥਕ ਹਿੱਤਾਂ ਵਿੱਚ, ਸਮਾਂ ਆਉਂਣ ਤੇ ਸਭ ਕੁੱਝ ਠੀਕ ਹੋ ਜਾਵੇਗਾ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ, ਇੱਕ ਵਾਰੀ ਅਕਾਲੀ ਫੂਲਾ ਸਿੰਘ ਵਾਂਗ, ਪੰਥਕ ਹਿੱਤਾਂ ਦੀ ਪਹਿਰੇਦਾਰੀ ਨਿਭਾਉਂਣ ਦਾ ਹੌਸਲਾ ਕਰ ਲੈਣ। ਮੈਨੂੰ ਪੂਰਨ ਯਕੀਨ ਹੈ, ਕਿ ਬਾਦਲਾਂ ਤੋਂ ਮੁਕਤ, 'ਸ਼੍ਰੋਮਣੀ ਅਕਾਲੀ ਦਲ' ਦੀ ਪੁਨਰ ਸੁਰਜੀਤੀ ਸੰਭਵ ਹੈ ਅਤੇ ਇਸ ਨੂੰ ਪੰਥ ਅਤੇ ਪੰਜਾਬ ਮੁੜ ਪ੍ਰਵਾਨ ਕਰ ਸਕਦਾ ਹੈ, ਪਰੰਤੂ ਅਜਿਹੀ ਵਿਵਸਥਾ ਨੂੰ ਯਕੀਨੀ ਬਣਾਉਂਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਨੂੰ, ਸੱਚ ਬੋਲਣ ਦੀ ਹਿੰਮਤ ਜੁਟਾਉਂਣੀ ਪਵੇਗੀ। ਇਸ ਲਈ ਜਥੇਦਾਰ ਸਾਹਿਬ ਲਈ ਜ਼ਰੂਰੀ ਹੈ ਕਿ ਪਹਿਲਕਦਮੀ ਕਰਦਿਆਂ, ਆਪਣਾ ਬਣਦਾ ਵਡਮੁੱਲਾ ਯੋਗਦਾਨ ਪਾਉਂਣ ਲਈ, ਕਮਰਕੱਸੇ ਕਸ ਲੈਣ, ਇਸ ਪੰਥਕ ਸੇਵਾ ਲਈ, ਹੁਣ ਸਹੀ ਮੌਕਾ ਹੈ। ਬਚਪਨ ਵਿੱਚ ਅਸੀਂ ਪੰਥ ਦੇ ਮੋਰਚਿਆਂ ਸਮੇਂ, ਪੰਥਕ ਪ੍ਰਚਾਰਕਾਂ ਤੋਂ ਸੁਣਿਆ ਕਰਦੇ ਸੀ ਕਿ "ਦਮਦਮੇ ਮੇਂ ਦਮ ਨਹੀਂ, ਤੋ ਖ਼ੈਰ ਮਾਂਗੋ ਜਾਨ ਕੀ"। ਪਿਆਰੇ ਜਥੇਦਾਰ ਜੀਓ, ਹੁਣ 'ਦਮਦਮੇ ਦਾ ਦਮ' ਤੇ ਸਿੱਖ ਕੌਮ ਦੇ ਸਰਵਉੱਚਤਮ ਤਖਤ, ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਪ੍ਰਵਾਨਤ ਪ੍ਰਭੂਤਾ ਤੇ ਸਰਵਉੱਚਤਾ ਨੂੰ ਜ਼ਾਹਰਾ ਰੂਪ ਵਿੱਚ, ਦ੍ਰਿੜ ਕਰਵਾਉਂਣ ਦਾ ਸਮਾਂ ਹੈ। ਕੌਮ ਨੂੰ ਵੰਗਾਰਨ ਦੀ ਬਜਾਏ ਪਹਿਲਾਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਤੇ ਖੜ੍ਹੇ ਹੋ ਕੇ ਸੱਚ ਬੋਲਣ ਦੀ ਹਿੰਮਤ ਵਖਾਓ, ਅਤੇ ਅਕਾਲੀ ਫੂਲਾ ਸਿੰਘ ਵਾਂਗ ਕੌਮ ਦੀ ਅਗਵਾਈ ਕਰੋ ।ਬਕੌਲ ਇਕਬਾਲ, ਮੇਰਾ ਕਾਮਲ ਯਕੀਨ ਹੈ ਕਿ ਹਾਲਾਤ ਨੂੰ ਅਵੱਸ਼ ਮੋੜਾ ਪਵੇਗਾ ;
" ਅਜਬ ਕਿਆ ਹੈ, ਯੇਹ ਬੇੜਾ ਗ਼ਰਕ ਹੋ ਕਰ, ਫਿਰ ਉਭਰ ਆਏ'
ਕਿ ਹਮਨੇ ਇਨਕਲਾਬ-ਏ-ਚਰਖ-ਏ-ਗਰਦਸ਼, ਯੂੰ ਭੀ ਦੇਖੇ ਹੈਂ "
-
ਬੀਰ ਦਵਿੰਦਰ ਸਿੰਘ, ਸਾਬਕਾ ਡਿਪਟੀ ਸਪੀਕਰ
birdevinders@gmail.com
9814033362
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.