ਪ੍ਰੀਖਿਆ ਕੇਂਦਰਾਂ ’ਚ ਵਿਦਿਆਰਥੀ-ਪੱਖੀ ਮਾਹੌਲ ਸਿਰਜਣ ਚਾਹੀਦਾ
ਵੱਖ-ਵੱਖ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਇਸ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਤੇ ਪ੍ਰੀਖਿਆ ਕੇਂਦਰਾਂ ’ਚ ਵਿਦਿਆਰਥੀਆਂ ਦੀ ਸਹੂਲਤ ਨੂੰ ਦੇਖਦਿਆਂ ਢੁੱਕਵਾਂ, ਸ਼ਾਂਤ ਤੇ ਵਿਦਿਆਰਥੀ-ਪੱਖੀ ਮਾਹੌਲ ਸਿਰਜਣ ਲਈ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਵਾਰ ਪੇਪਰਾਂ ਦੀ ਮਾਰਕਿੰਗ ਕਰਨ ਵੇਲੇ ਵੀ ਇਸ ਗੱਲ ਦਾ ਵਿਸ਼ੇਸ਼ ਧਿਆਨ ਦੇਵੇਗਾ ਕਿ ਕਿਸੇ ਸੈਂਟਰ ਜਾਂ ਕਮਰੇ ’ਚ ਵਿਦਿਆਰਥੀਆਂ ਨੂੰ ਸਮੂਹਿਕ ਨਕਲ ਤਾਂ ਨਹੀਂ ਕਰਵਾਈ ਗਈ? ਇਸ ਤੋਂ ਇਲਾਵਾ ਜੇ ਕੋਈ ਵਿਦਿਆਰਥੀ ਕਿਸੇ ਹੋਰ ਦੀ ਥਾਂ ’ਤੇ ਪੇਪਰ ਦਿੰਦਾ ਫੜਿਆ ਜਾਂਦਾ ਹੈ ਤਾਂ ਅਜਿਹੇ ਵਿਦਿਆਰਥੀ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਗ਼ਲਤ-ਫਹਿਮੀ ਦੇ ਸ਼ਿਕਾਰ ਹੋ ਜਾਂਦੇ ਹਨ ਬੱਚੇ
ਕਈ ਵਿਦਿਆਰਥੀ ਤਾਂ ਇਸ ਵੱਡੀ ਗ਼ਲਤ-ਫਹਿਮੀ ਦੇ ਸ਼ਿਕਾਰ ਹੋ ਜਾਂਦੇ ਹਨ ਕਿ ਉਹ ਸਿਰਫ਼ ਇਮਤਿਹਾਨਾਂ ਦੇ ਦਿਨਾਂ ’ਚ ਹੀ ਪੜ੍ਹਨ ਨਾਲ ਸਫਲ ਹੋ ਜਾਣਗੇ। ਇਸ ਸੋਚ ਨੂੰ ਲੈ ਕੇ ਉਹ ਸਾਰਾ ਸਾਲ ਕਿਤਾਬ ਨਹੀਂ ਖੋਲ੍ਹਦੇ। ਅਖ਼ੀਰ ਇਮਤਿਹਾਨਾਂ ਦੇ ਦਿਨਾਂ ’ਚ ਪੜ੍ਹਾਈ ਨੂੰ ਲੈ ਕੇ ਇੰਨੇ ਖੱਜਲ-ਖੁਆਰ ਹੁੰਦੇ ਹਨ ਕਿ ਉਹ ਪਾਸ ਹੋਣ ਲਈ ਅਨੇਕਾਂ ਹੱਥਕੰਡੇ ਵਰਤਦੇ ਹਨ, ਜਿਨ੍ਹਾਂ ਵਿੱਚੋਂ ਸੁਪਰਡੈਂਟ ਤੇ ਨਿਗਰਾਨ ਅਮਲੇ ਬਾਰੇ ਜਾਣਕਾਰੀ ਇਕੱਤਰ ਕਰਨੀ ਮੁੱਖ ਹੈ। ਇਮਤਿਹਾਨਾਂ ਦੇ ਦਿਨਾਂ ’ਚ ਪ੍ਰੀਖਿਆ ਕੇਂਦਰਾਂ ਕੋਲ ਵਿਦਿਆਰਥੀਆਂ ਨਾਲੋਂ ਮਾਪਿਆਂ ਦੀ ਭੀੜ ਜ਼ਿਆਦਾ ਵੇਖਣ ਨੂੰ ਮਿਲਦੀ ਹੈ ਤੇ ਇਕ ਅਧਿਆਪਕ ਕੋਲ ਕਈ-ਕਈ ਵਿਦਿਆਰਥੀਆਂ ਦੀਆਂ ਸਿਫਾਰਸ਼ਾਂ ਆ ਪਹੁੰਚਦੀਆਂ ਹਨ। ਇਸ ਤਰ੍ਹਾਂ ਕਈ ਵਾਰ ਸਿਫਾਰਸ਼ੀ ਸਾਰਾ ਸਾਲ ਮਿਹਨਤ ਕਰਨ ਵਾਲੇ ਵਿਦਿਆਰਥੀ ਤੋਂ ਜ਼ਿਆਦਾ ਅੰਕ ਲੈ ਕੇ ਸਫਲ ਹੋ ਜਾਂਦਾ ਹੈ। ਤੁਸੀਂ ਸੋਚ ਸਕਦੇ ਹੋ ਕਿ ਉਸ ਮਿਹਨਤ ਕਰਨ ਵਾਲੇ ਵਿਦਿਆਰਥੀ ’ਤੇ ਇਸ ਦਾ ਕੀ ਅਸਰ ਹੋਵੇਗਾ।
ਲਾਜ਼ਮੀ ਸਿੱਖਿਆ ਅਧਿਕਾਰ ਐਕਟ ਦੀਆਂ ਖ਼ਾਮੀਆਂ ਨੇ ਵੀ ਸਿੱਖਿਆ ਦੇ ਮਿਆਰ ਨੂੰ ਸੱੁਟਿਆ ਹੈ। 8ਵੀਂ ਜਮਾਤ ਤਕ ਪਾਸ ਕਰਨਾ, ਵਿਦਿਆਰਥੀਆਂ ਨੂੰ ਸਜ਼ਾ ਨਾ ਦੇਣਾ, ਲੰਮੀ ਗ਼ੈਰ-ਹਾਜ਼ਰੀ ਦੇ ਬਾਵਜੂਦ ਨਾਂ ਨਾ ਕੱਟਣ ਦੇ ਕਾਨੂੰਨਾਂ ਨੇ ਸਿੱਖਿਆ ਦੇ ਮਿਆਰ ਨੂੰ ਹੇਠਾਂ ਸੱੁਟਣ ’ਚ ਕੋਈ ਕਸਰ ਨਹੀਂ ਛੱਡੀ। ਜਿਹੜੇ ਲੋਕ ਨਕਲ ਕਰਵਾਉਂਦੇ ਹਨ, ਉਨ੍ਹਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਕਿਸੇ ਸਿਫਾਰਸ਼ੀ ਨੂੰ ਨਕਲ ਕਰਵਾਉਣਾ ਜ਼ਹਿਰ ਖਿਲਾਉਣ ਦੇ ਬਰਾਬਰ ਹੈ। ਕਈ ਵਾਰ ਤਾਂ ਵਿਦਿਆਰਥੀ ਨਕਲ ਦੇ ਚੱਕਰਾਂ ’ਚ ਪੈ ਕੇ ਆਪਣਾ ਭਵਿੱਖ ਬਣਾਉਣ ਦੀ ਬਜਾਏ ਵਿਗਾੜ ਲੈਂਦੇ ਹਨ ਕਿਉਂਕਿ ਉਹ ਇਸ ਗੱਲ ਤੋ ਜਾਣੂ ਨਹੀਂ ਹੁੰਦੇ ਕਿ ਨਕਲ ਉਸ ਨੂੰ ਅਜਿਹੇ ਹਨੇਰੇ ਵੱਲ ਲੈ ਜਾਂਦੀ ਹੈ, ਜਿਸ ’ਚ ਅੱਗੇ ਵਧਣ ਦਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਨਕਲ ਮਾਰ ਕੇ ਪਾਸ ਹੋਣ ਵਾਲਾ ਵਿਦਿਆਰਥੀ ਅੱਜ ਭਾਵੇ ਛਾਲਾਂ ਮਾਰ-ਮਾਰ ਕੇ ਅਗਲੀ ਜਮਾਤ ’ਚ ਪਹੁੰਚ ਰਿਹਾ ਹੈ ਪਰ ਬਾਅਦ ’ਚ ਜੇ ਉਹੀ ਵਿਦਿਆਰਥੀ ਕਿਸੇ ਮੁਕਾਬਲੇ ਦੀ ਪ੍ਰੀਖਿਆ ’ਚ ਬੈਠਦਾ ਹੈ ਤਾਂ ਰੇਤ ਦੀ ਕੰਧ ਵਾਂਗ ਢਹਿ ਜਾਦਾ ਹੈ।
ਇਸ ਲਈ ਵਿਦਿਆਰਥੀਆਂ ਨੂੰ ਪ੍ਰਾਇਮਰੀ ਪੱਧਰ ਦੀ ਸਿੱਖਿਆ ਤੋਂ ਹੀ ਪੜ੍ਹਾਈ ’ਚ ਰੁਚੀ ਰੱਖ ਕੇ ਮਿਹਨਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਸੁਭਾਅ ਵੀ ਮਿਹਨਤੀ ਬਣ ਜਾਵੇਗਾ। ਉਹ ਉੱਚ ਸਿੱਖਿਆ ਪ੍ਰਾਪਤ ਕਰ ਕੇ ਸਫਲਤਾਂ ਦੀਆਂ ਪੌੜੀਆਂ ਚੜ੍ਹਨਗੇ ਅਤੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋਣਗੇ, ਉਹੀ ਆਪਣੇ ਪਿੰਡ, ਮਾਪੇ ਤੇ ਅਧਿਆਪਕਾਂ ਦਾ ਨਾਂ ਰੋਸ਼ਨ ਕਰਨਗੇ।
ਵਿੱਦਿਅਕ ਨਤੀਜੇ ਮਾੜੇ ਆਉਣ ਦੇ ਕਾਰਨ
ਵਿਦਿਆਰਥੀਆਂ ਦੇ ਵਿੱਦਿਅਕ ਨਤੀਜੇ ਮਾੜੇ ਆਉਣ ਦੇ ਅਨੇਕਾਂ ਕਾਰਨ ਹਨ, ਜਿੱਥੇ ਕਿਤੇ ਨਾ ਕਿਤੇ ਮਾਪੇ ਜਿਆਦਾ ਦੋਸ਼ੀ ਸਾਬਿਤ ਹੁੰਦੇ ਹਨ ਕਿਉਂਕਿ ਬੱਚਿਆਂ ਦੇ ਵਿਹਾਰ ’ਚ ਆਈਆਂ ਤਬਦੀਲੀਆਂ ਨੂੰ ਸੁਧਾਰਨ ਲਈ ਮਾਪਿਆਂ ਵੱਲੋਂ ਸਕੂਲ ਨੂੰ ਯੋਗਦਾਨ ਦੀ ਵੱਡੀ ਘਾਟ ਹੁੰਦੀ ਹੈ। ਬੱਚੇ ਪੜ੍ਹਾਈ ’ਚ ਰੁਚੀ ਨਹੀਂ ਦਿੰਦੇ ਤੇ ਮਾਪੇ ਉਨ੍ਹਾਂ ਨੂੰ ਸਮਝਾਉਣ ਤੋਂ ਅਸਮਰੱਥ ਹਨ। ਕਈ ਵਾਰ ਤਾਂ ਵੇਖਣ ’ਚ ਆਇਆ ਹੈ ਕਿ ਜਮਾਤ ਦੇ 80 ਫ਼ੀਸਦੀ ਵਿਦਿਆਰਥੀ ਕਿਤਾਬਾਂ ਹੀ ਨਹੀਂ ਲੈ ਕੇ ਆਉਂਦੇ ਕਿਉਂਕਿ ਉਹ ਇਨ੍ਹਾਂ ਨੂੰ ਬੋਝ ਮੰਨਣ ਲੱਗ ਪਏ ਹਨ। ਜੇ ਅਧਿਆਪਕ ਉਨ੍ਹਾਂ ਨੂੰ ਝਿੜਕਦੇ ਵੀ ਹਨ ਤਾਂ ਛੁੱਟੀ ਹੋਣ ਤੋਂ ਬਾਅਦ ਉਹੀ ਬੱਚੇ ਸਕੂਲ ਤੋਂ ਬਾਹਰ ਉਨ੍ਹਾਂ ਨੂੰ ਘੇਰਨ ਦੀ ਤਿਆਰੀ ਕਰ ਲੈਂਦੇ ਹਨ। ਫਿਰ ਅਸੀਂ ਅਜਿਹੇ ਵਿਦਿਆਰਥੀਆਂ ਤੋਂ ਚੰਗੇ ਦਿਨ ਦੀ ਆਸ ਕਿਵੇਂ ਰੱਖ ਸਕਦੇ ਹਾਂ। ਕਈ ਸਕੂਲਾਂ ’ਚ ਤਾਂ ਅਧਿਆਪਕਾਂ ਦੀ ਏਨੀ ਘਾਟ ਹੈ ਕਿ ਇਕ ਅਧਿਆਪਕ ਨੂੰ ਹੀ ਕਈ-ਕਈ ਵਿਸ਼ੇ ਪੜ੍ਹਾਉਣੇ ਪੈ ਰਹੇ ਹਨ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.