ਪੁਸਤਕ ਮਨੁੱਖੀ ਜੀਵਨ ਨੂੰ ਉੱਤਮ ਤੇ ਉਸਾਰੂ ਬਣਾਉਣ ਵਿੱਚ ਅਹਿਮ ਰੋਲ
ਮਨੁੱਖੀ ਜੀਵਨ ਨੂੰ ਉੱਤਮ ਤੇ ਉਸਾਰੂ ਬਣਾਉਣ ਵਿੱਚ ਚੰਗੀਆਂ ਪੁਸਤਕਾਂ ਦਾ ਅਹਿਮ ਰੋਲ ਹੁੰਦਾ ਹੈ। ਅਕਾਦਮਿਕ ਪੁਸਤਕਾਂ ਦਾ ਗਿਆਨ ਸਾਡੀ ਰੋਜ਼ੀ-ਰੋਟੀ ਦਾ ਆਧਾਰ ਬਣਦਾ ਹੈ ਅਤੇ ਸਾਹਿਤਕ ਪੁਸਤਕਾਂ ਦਾ ਗਿਆਨ ਸਹੀ ਦਿਸ਼ਾ ਦੇਣ ਦੇ ਨਾਲ ਦੇ ਨਾਲ ਸਾਡਾ ਅੰਤਰਮੁਖੀ ਵਿਕਾਸ ਕਰਨ ਵਿੱਚ ਸਹਾਈ ਹੁੰਦਾ ਹੈ। ਵਿਦਵਾਨਾਂ, ਬੁੱਧੀਜੀਵੀਆਂ, ਸਾਹਿਤਕਾਰਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਤਜਰਬਿਆਂ ਬਾਰੇ ਗਿਆਨ ਸਾਨੂੰ ਉਨ੍ਹਾਂ ਵੱਲੋਂ ਜਾਂ ਉਨ੍ਹਾਂ ਬਾਰੇ ਰਚੀਆਂ ਪੁਸਤਕਾਂ ਪੜ੍ਹਨ ਸਦਕਾ ਹੀ ਪ੍ਰਾਪਤ ਹੁੰਦਾ ਹੈ, ਜਿਸ ਤੋਂ ਸੇਧ ਪ੍ਰਾਪਤ ਕਰ ਕੇ ਅਸੀਂ ਆਪਣੇ ਜੀਵਨ ਨੂੰ ਸਫ਼ਲ ਬਣਾ ਸਕਦੇ ਹਾਂ। ਕਿਤਾਬੀ ਗਿਆਨ ਮਾਨਸਿਕ ਵਿਕਾਸ ਦੇ ਨਾਲ ਸਾਡੇ ਵਿਚਾਰਾਂ ਵਿੱਚ ਵੀ ਨਵਾਂਪਣ ਲਿਆਉਂਦਾ ਹੈ। ਪੁਸਤਕਾਂ ਇੱਕ ਚੰਗੇ ਸਾਥੀ ਦਾ ਫ਼ਰਜ਼ ਵੀ ਨਿਭਾਉਂਦੀਆਂ ਹਨ ਜੋ ਦਿਮਾਗ ਨੂੰ ਰੋਸ਼ਨ ਕਰਨ ਦੇ ਨਾਲ ਮਨੁੱਖ ਦੀ ਰੁਚੀ ਨੂੰ ਵੀ ਵਿਲੱਖਣਤਾ ਪ੍ਰਦਾਨ ਕਰਦੀਆਂ ਹਨ ਅਤੇ ਮੁਸ਼ਕਲ ਵਿੱਚ ਰਾਹ ਦਸੇਰਾ ਸਾਬਤ ਹੁੰਦੀਆਂ ਹਨ। ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਰਾਬਰਟ ਸਾਊਥੇ ਨੇ ਕਿਹਾ ਸੀ, ‘‘ਪੁਸਤਕਾਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ, ਜੋ ਹਮੇਸ਼ਾਂ ਦੁੱਖ ਵਿੱਚ ਮੈਨੂੰ ਸਹਾਰੇ ਦਾ ਅਤੇ ਦਰਦ ਵਿੱਚ ਅਰਾਮ ਦਾ ਅਹਿਸਾਸ ਕਰਾਉਂਦੀਆਂ ਹਨ।’’ ਅਜੋਕਾ ਮਨੁੱਖੀ ਸਮਾਜ, ਜੀਵਨ ਦੀਆਂ ਬੁਨਿਆਦੀ ਲੋੜਾਂ ਦੀ ਪ੍ਰਾਪਤੀ ਦੇ ਨਾਲ-ਨਾਲ ਜੇ ਪੁਸਤਕਾਂ ਪੜ੍ਹਨ ਦੀ ਰੁਚੀ ਤੇ ਚਾਅ ਪੈਦਾ ਕਰ ਲਏ ਤਾਂ ਉਹ ਇਨ੍ਹਾਂ ਸਹਾਰੇ ਜੀਵਨ ਵਿੱਚ ਚੰਗੀਆਂ ਪ੍ਰਾਪਤੀਆਂ ਕਰ ਸਕਦਾ ਹੈ। ਵਿਦਿਆਰਥੀਆਂ ਵਿੱਚ ਅਜਿਹੀ ਰੁਚੀ ਤੇ ਰੁਝਾਨ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਅਜੋਕੇ ਵਿਦਿਆਰਥੀਆਂ ਦੀ ਸੋਚ ਤੇ ਯਤਨ ਕੇਵਲ ਸਿਲੇਬਸ ਦੀਆਂ ਕਿਤਾਬਾਂ ਪੜ੍ਹਨ ਤਕ ਹੀ ਸੀਮਤ ਹੈ।
ਪੱਛਮੀ ਮੁਲਕਾਂ ਦੇ ਲੋਕ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਪੁਸਤਕਾਂ ਪੜ੍ਹਨ ਲਈ ਸਮਾਂ ਕੱਢ ਹੀ ਲੈਂਦੇ ਹਨ ਅਤੇ ਉਹ ਖ਼ੁਸ਼ੀਆਂ ਦੇ ਮੌਕੇ ਵਸਤਾਂ, ਮਠਿਆਈਆਂ ਦੇਣ ਦੀ ਬਜਾਇ ਤੋਹਫ਼ੇ ਵਜੋਂ ਪੁਸਤਕਾਂ ਭੇਟ ਕਰਨਾ ਪਸੰਦ ਕਰਦੇ ਹਨ ਪਰ ਸਾਡੇ ਮੁਲਕ ਵਿੱਚ ਨਾ ਸਮੇਂ ਦੀ ਕਦਰ ਹੈ ਤੇ ਨਾ ਹੀ ਸਮੇਂ ਦੀ ਵਰਤੋਂ ਦੀ ਸਹੀ ਤੇ ਢੁਕਵੀਂ ਵਿਉਂਤਬੰਦੀ ਹੁੰਦੀ ਹੈ। ਅਸੀਂ ਵਿਹਲੜਪਣ ਤੇ ਅਰਾਮਪ੍ਰਸਤੀ ਨੂੰ ਹੀ ਚੰਗੀ ਜ਼ਿੰਦਗੀ ਤੇ ਵੱਡੀ ਖ਼ੁਸ਼ੀ ਮੰਨਦੇ ਹਾਂ ਜਿਹੜੇ ਜੀਵਨ ਨੂੰ ਨਿਸਫ਼ਲ ਤੇ ਵਿਅਰਥ ਬਣਾਉਂਦੇ ਹਨ। ਪੁਸਤਕਾਂ ਮਨੁੱਖੀ ਜੀਵਨ ਦੇ ਸਫ਼ਰ ਵਿੱਚ ਚੁਰਾਹੇ ਖੜੇ ਟ੍ਰੈਫ਼ਿਕ ਸਿਪਾਹੀ ਵਾਂਗ ਲੋੜੀਂਦੀ ਸਹੀ ਦਿਸ਼ਾ ਪ੍ਰਦਾਨ ਕਰਕੇ ਕੁਰਾਹੇ ਭਟਕਣ ਤੋਂ ਬਚਾਉਂਦੀਆਂ ਹਨ। ਅਜੋਕੀ ਪੜ੍ਹੀ-ਲਿਖੀ ਪੀੜ੍ਹੀ ਲਈ ਸਮੇਂ ਦੇ ਹਾਣ ਦਾ ਹੋਣ ਲਈ ਲਾਇਬਰੇਰੀਆਂ ਦੀ ਸ਼ਰਨ ਵਿੱਚ ਜਾਣਾ ਅਤੇ ਪੁਸਤਕਾਂ ਦੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ।
ਅਜਿਹਾ ਕਰਕੇ ਹੀ ਅਸੀਂ ਸਮਾਜ ਨੂੰ ਅਖੌਤੀ ਸਾਧਾਂ-ਸੰਤਾਂ ਅਤੇ ਵਹਿਮਾਂ-ਭਰਮਾਂ ਦੇ ਜਾਲ ਵਿੱਚੋਂ ਕੱਢ ਸਕਦੇ ਹਾਂ। ਜੇ ਅਜੋਕੀ ਪੀੜ੍ਹੀ ਨੂੰ ਚੰਗੀਆਂ ਕਿਤਾਬਾਂ ਦੀ ਚੇਟਕ ਲੱਗ ਜਾਵੇ ਤਾਂ ਉਹ ਮਾਰੂ ਨਸ਼ਿਆਂ ਤੋਂ ਆਪਣੇ-ਆਪ ਹੀ ਬਚ ਜਾਣਗੇ ਕਿਉਂਕਿ ਕਿਤਾਬਾਂ ਸਿਰਫ਼ ਗਿਆਨ ਹੀ ਨਹੀਂ ਦਿੰਦੀਆਂ ਬਲਕਿ ਮਾਨਸਿਕ ਭਟਕਣਾ ਨੂੰ ਦੂਰ ਕਰਨ ਦੇ ਨਾਲ ਸਹੀ ਦਿਸ਼ਾ ਵੀ ਦਿੰਦੀਆਂ ਹਨ। ਮਾਨਸਿਕ ਤੌਰ ’ਤੇ ਤੰਦਰੁਸਤ ਤੇ ਚੇਤੰਨ ਨੌਜਵਾਨ ਵਰਗ ਹੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਵਖਰੇਵਿਆਂ, ਬੰਬਾਂ ਦੀ ਦੁਖਦਾਈ ਦੌੜ ਅਤੇ ਆਪਸੀ ਨਫ਼ਰਤ ਤੋਂ ਮੁਕਤ ਇੱਕ ਸੋਹਣਾ-ਸੁਚੱਜਾ ਅਤੇ ਪਿਆਰ ਭਰਿਆ ਸ਼ਾਂਤਮਈ ਵਾਤਾਵਰਨ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਅਜੋਕੇ ਸਮੇਂ ਬੱਚਿਆਂ ਦੀ ਜ਼ਿੰਦਗੀ ਨੂੰ ਉੱਤਮ ਤੇ ਰੋਸ਼ਨ ਬਣਾਉਣ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਅਜਿਹਾ ਉਸਾਰੂ ਤੇ ਢੁਕਵਾਂ ਮਾਹੌਲ ਸਿਰਜਣ ਦੀ ਲੋੜ ਹੈ ਜਿਸ ਵਿੱਚ ਬੱਚੇ ਬਚਪਨ ਤੋਂ ਹੀ ਸਾਹਿਤਕ ਪੁਸਤਕਾਂ ਨਾਲ ਅਪਣੱਤ ਪੈਦਾ ਕਰ ਸਕਣ ਤੇ ਵਿਹਲੇ ਸਮੇਂ ਵਿੱਚ ਪੁਸਤਕਾਂ ਪੜ੍ਹ ਕੇ ਉਚੇਚਾ ਗਿਆਨ ਪ੍ਰਾਪਤ ਕਰ ਸਕਣ। ਸਰਕਾਰਾਂ ਤੇ ਸਾਹਿਤ ਸਭਾਵਾਂ ਨੂੰ ਵੀ ਨੌਜਵਾਨ ਵਰਗ ਵਿੱਚ ਪੁਸਤਕਾਂ ਪੜ੍ਹਨ ਦਾ ਚਾਅ ਤੇ ਰੁਝਾਨ ਪੈਦਾ ਕਰਨ ਲਈ ਯੋਗਦਾਨ ਪਾਉਣਾ ਪਵੇਗਾ ਨਹੀਂ ਤਾਂ ਪਾਠ-ਪੁਸਤਕਾਂ ਤੋਂ ਇਲਾਵਾ ਬਾਕੀ ਪੁਸਤਕਾਂ ਸਿਰਫ਼ ਲਾਇਬਰੇਰੀਆਂ ਦਾ ਸ਼ਿੰਗਾਰ ਬਣ ਕੇ ਰਹਿ ਜਾਣਗੀਆਂ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.