ਬੱਚੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ ਫਾਈਨਲ ਪ੍ਰੀਖਿਆਵਾਂ ਦੇ ਦਿਨਾਂ ਵਿੱਚ
ਆਖ਼ਰੀ ਪ੍ਰੀਖਿਆਵਾਂ ਦੇ ਦਿਨਾਂ ’ਚ ਅਕਸਰ ਬੱਚੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਪ੍ਰੀਖਿਆ ਦੇ ਦਿਨਾਂ ਦੇ ਨੇੜੇ ਬੱਚਿਆਂ ਦਾ ਖਾਣਾ-ਪੀਣਾ, ਉੱਠਣਾ-ਬੈਠਣਾ ਆਦਿ ਬੜੇ ਧਿਆਨ ਦੀ ਮੰਗ ਕਰਦਾ ਹੈ। ਇਸ ਲਈ ਮਾਪਿਆਂ ਤੇ ਅਧਿਆਪਕਾਂ ਦੀ...
ਆਖ਼ਰੀ ਪ੍ਰੀਖਿਆਵਾਂ ਦੇ ਦਿਨਾਂ ’ਚ ਅਕਸਰ ਬੱਚੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਪ੍ਰੀਖਿਆ ਦੇ ਦਿਨਾਂ ਦੇ ਨੇੜੇ ਬੱਚਿਆਂ ਦਾ ਖਾਣਾ-ਪੀਣਾ, ਉੱਠਣਾ-ਬੈਠਣਾ ਆਦਿ ਬੜੇ ਧਿਆਨ ਦੀ ਮੰਗ ਕਰਦਾ ਹੈ। ਇਸ ਲਈ ਮਾਪਿਆਂ ਤੇ ਅਧਿਆਪਕਾਂ ਦੀ ਅਗਵਾਈ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਬੱਚਾ ਆਪਣੀਆਂ ਸਮੱਸਿਆਵਾਂ ਦੇ ਹੱਲ ਆਪਣੇ ਨਾਲ ਦੇ ਬੱਚਿਆਂ ਤੋਂ ਪੁੱਛਦਾ ਹੈ, ਜਿਨ੍ਹਾਂ ਕੋਲ ਇਸ ਦੇ ਸਹੀ ਉੱਤਰ ਨਹੀਂ ਹੁੰਦੇ। ਉਮਰ ਦੇ ਇਸ ਪੜਾਅ ’ਚ ਜੋਸ਼ ਜ਼ਿਆਦਾ ਤੇ ਹੋਸ਼ ਘੱਟ ਹੁੰਦੀ ਹੈ। ਇਸ ਲਈ ਬੱਚਿਆਂ ਨੂੰ ਸਹੀ ਦਿਸ਼ਾ ’ਤੇ ਤੋਰਨ ਲਈ ਮਾਰਗ ਦਰਸ਼ਨ ਕਰਨਾ ਅਤਿ-ਜ਼ਰੂਰੀ ਹੈ। ਦੁਨੀਆ ਇਸ ਪਾਸੇ ਵੱਲ ਵੱਧ ਰਹੀ ਹੈ ਕਿ ਬੱਚਿਆਂ ਦੇ ਮਨ ’ਤੇ ਪੜ੍ਹਾਈ ਦਾ ਬੋਝ ਨਹੀਂ ਹੋਣਾ ਚਾਹੀਦਾ ਪਰ ਭਾਰਤੀ ਪ੍ਰੀਖਿਆ ਸਿਸਟਮ ਅਜਿਹਾ ਹੈ ਕਿ ਫਰਵਰੀ ਤੇ ਮਾਰਚ ਦੇ ਮਹੀਨੇ ਬੱਚੇ ਤਣਾਅ ’ਚ ਆ ਜਾਂਦੇ ਹਨ। ਬੱਚਿਆਂ ਨੇ ਤਿੰਨ ਘੰਟੇ ’ਚ ਆਪਣੇ ਸਾਰੇ ਸਾਲ ਦੀ ਪੜ੍ਹਾਈ ਨੂੰ ਪ੍ਰਦਰਸ਼ਿਤ ਕਰਨਾ ਹੁੰਦਾ ਹੈ। ਬਦਕਿਸਮਤੀ ਨਾਲ ਬੱਚਾ ਉਸ ਦਿਨ ਬਿਮਾਰ ਜਾਂ ਮਾਨਸਿਕ ਬੋਝ ਥੱਲੇ ਹੋਵੇ ਤੇ ਉਹ ਆਪਣਾ ਪ੍ਰਦਰਸ਼ਨ ਵਧੀਆ ਨਾ ਕਰ ਸਕੇੇ, ਤਾਂ ਪ੍ਰੀਖਿਆ ਵਿੱਚੋਂ ਫੇਲ੍ਹ ਹੋ ਜਾਂਦਾ ਹੈ। ਅਸਫਲ ਹੋ ਜਾਣਾ ਬਹੁਤ ਮਾੜਾ ਮੰਨਿਆ ਜਾਂਦਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਲੋੜ ਹੈ ਕਿ ਇਨ੍ਹਾਂ ਮਹੀਨਿਆਂ ’ਚ ਬੱਚਿਆਂ ਨੂੰ ਸਹੀ ਅਗਵਾਈ ਦੀ ਲੋੜ ਹੁੰਦੀ ਹੈ।
ਨੰਬਰਾਂ ਦੀ ਵੰਡ ਬਾਰੇ ਦੱਸਣਾ ਜ਼ਰੂਰੀ
ਜੇ ਅਸੀਂ ਯੁੱਧ ਜਿੱਤਣ ਦੀ ਗੱਲ ਕਰੀਏ ਤਾਂ ਕੇਵਲ ਬੰਦੂਕ ਚਲਾਉਣਾ ਸਿਖਾਉਣਾ ਹੀ ਕਾਫ਼ੀ ਨਹੀਂ ਹੁੰਦਾ ਸਗੋਂ ਯੱੁਧ ਪ੍ਰਬੰਧਨ ਕਲਾ ਬਾਰੇ ਦੱਸਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਬੱਚਿਆਂ ਨੂੰ ਸਮੁੱਚੇ ਪਾਠਕ੍ਰਮ ਬਾਰੇ ਦੱਸਣਾ ਤੇ ਨੰਬਰਾਂ ਦੀ ਵੰਡ ਬਾਰੇ ਦੱਸਣਾ ਜ਼ਰੂਰੀ ਹੁੰਦਾ ਹੈ। ਸਾਡੇ ਬੱਚੇ 33 ਨੰਬਰ ਲੈਣ ਲਈ ਸੁੱਖਾਂ ਸੱੁਖਦੇ ਹਨ। ਜੇ ਇਨ੍ਹਾਂ 33 ਨੰਬਰਾਂ ਦੀ ਗੱਲ ਕਰੀਏ ਤਾਂ ਇਹ ਗੱਲ ਵੀ ਪ੍ਰਚੱਲਿਤ ਹੈ ਕਿ ਜਦੋਂ ਅੰਗਰੇਜ਼ਾਂ ਨੇ ਸਾਡੇ ਦੇਸ਼ ਦੀ ਸਿੱਖਿਆ ਨੀਤੀ ਬਣਾਈ ਤਾਂ ਉਸ ਸਮੇਂ ਬਰਤਾਨੀਆ ’ਚ ਪਾਸ ਹੋਣ ਲਈ 65 ਨੰਬਰ ਲੈਣੇ ਜ਼ਰੂਰੀ ਸਨ ਤਾਂ ਉਨ੍ਹਾਂ ਸੋਚਿਆ ਕਿ ਭਾਰਤੀਆਂ ਦਾ ਦਿਮਾਗ਼ ਅੱਧਾ ਹੁੰਦਾ ਹੈ, ਇਸੇ ਮੱਦੇਨਜ਼ਰ ਉਨ੍ਹਾਂ ਭਾਰਤੀ ਲੋਕਾਂ ਦੇ ਪਾਸ ਫ਼ੀਸਦੀ ਸਾਢੇ ਬੱਤੀ % ਰੱਖੀ ਪਰ ਇਸ ਨੂੰ ਰਾਊਂਡ ਫਿੱਗਰ ’ਚ ਕਰਨ ਲਈ 33 ਕੀਤਾ ਗਿਆ, ਜੋ ਅੱਜ ਵੀ ਜਾਰੀ ਹੈ। ਅੱਜ ਮੁਕਾਬਲੇ ਦਾ ਯੁੱਗ ਏਨਾ ਵੱਧ ਚੁੱਕਿਆ ਹੈ ਕਿ 33 ਨੰਬਰ ਲੈਣ ਵਾਲੇ ਬੱਚੇ ਦੇ ਕਿਤੇ ਵੀ ਪੈਰ ਨਹੀਂ ਲਗਦੇ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਬੱਚਿਆਂ ਨੂੰ 33 ਨੰਬਰ ਹਾਸਲ ਕਰਨ ਬਾਰੇ ਨਹੀਂ ਦੱਸਿਆ ਜਾਂਦਾ, ਜਿਸ ਕਰਕੇ ਸਾਡੇ ਬੱਚੇ ਤਣਾਅ ਵਿਚ ਚਲੇ ਜਾਂਦੇ ਹਨ।
ਜ਼ਮਾਨਾ ਅਕਲ ਦਾ ਹੈ ਨਕਲ ਦਾ ਨਹੀਂ
ਜ਼ਮਾਨਾ ਅਕਲ ਦਾ ਹੈ ਨਕਲ ਦਾ ਨਹੀਂ। ਇਕ ਵਾਰ ਗਧੇ ਦੇ ਸ਼ੇਰ ਦੀ ਖੱਲ ਪਾ ਦਿੱਤੀ ਪਰ ਗਧੇ ਨੇ ਹੀਂਗਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ, ਇਸ ਲਈ ਜ਼ਿੰਦਗੀ ’ਚ ਗਿਆਨ ਦਾ ਹਥਿਆਰ ਬਹੁਤ ਕੰਮ ਕਰਦਾ ਹੈ। ਗਿਆਨ ਹੋਣ ਨਾਲ ਬੱਚੇ ਦੇ ਦੁਨੀਆ ’ਚ ਪੈਰ ਲਗਦੇ ਹਨ। ਗਿਆਨਵਾਨ ਬੱਚੇ ਨੂੰ ਜਿੱਥੇ ਆਲੇ ਦੁਆਲੇ ਦੀ ਸੋਝੀ ਹੁੰਦੀ ਹੈ, ਉੱਥੇ ਉਹ ਨਵੀਆਂ ਖੋਜਾਂ ਤੇ ਨਵੀਆਂ ਪੈੜਾਂ ਦਾ ਪਾਂਧੀ ਵੀ ਬਣਦਾ ਹੈ। ਬੱਚੇ ਅੰਦਰ ਮੌਲਿਕ ਗੁਣਾਂ ਦਾ ਵਿਕਾਸ ਕਰਨ ਲਈ ਪੜ੍ਹਾਈ ਬੋਝਲ ਨਹੀਂ ਹੋਣੀ ਚਾਹੀਦੀ, ਬੱਚੇ ਨੂੰ ਪੇਪਰਾਂ ਦਾ ਡਰ ਨਹੀਂ ਹੋਣਾ ਚਾਹੀਦਾ। ਬੱਚਾ ਰੋਜ਼ ਸਿੱਖਦਾ ਰਹੇ ਤੇ ਉਸ ਦਾ ਹਰ ਰੋਜ਼ ਮੁਲਾਂਕਣ ਹੁੰਦਾ ਰਹੇ, ਇਹ ਨਾ ਹੋਵੇ ਕਿ ਸਾਰੇ ਸਾਲ ਦੀ ਪ੍ਰੀਖਿਆ ਕੇਵਲ ਤਿੰਨ ਘੰਟੇ ਵਿਚ ਲਈ ਜਾਵੇ। ਜੇ ਅਸੀਂ ਮੌਜੂਦਾ ਪ੍ਰੀਖਿਆ ਪ੍ਰਣਾਲੀ ਦੀ ਗੱਲ ਕਰੀਏ ਤਾਂ ਇਹ ਨੁਕਸ ਭਰਪੂਰ ਹੈ। ਬੱਚੇ ਨੂੰ ਪੱਕੇ ਪੇਪਰ ਵਾਲੇ ਦਿਨ ਹੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਜਿਵੇਂ ਅਸੀਂ ਅਧਿਆਪਕ ਦੇ ਰੋਲ ਦੀ ਗੱਲ ਕੀਤੀ ਹੈ, ਇਨ੍ਹਾਂ ਦਿਨਾਂ ’ਚ ਮਾਪਿਆਂ ਦਾ ਰੋਲ ਵੀ ਬਹੁਤ ਸਹਿਯੋਗੀ ਤੇ ਉਸਾਰੂ ਹੋਣਾ ਚਾਹੀਦਾ ਹੈ। ਬੱਚਿਆਂ ਦੀ ਨਿੱਕੀ ਤੋਂ ਨਿੱਕੀ ਲੋੜ ਨੂੰ ਪੂਰਾ ਕਰਨਾ ਤੇ ਹਰ ਸਮੇਂ ਉਸ ਨੂੰ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ।
ਬੱਚੇ ਦੀ ਤੁਲਨਾ ਦੂਸਰਿਆਂ ਨਾਲ ਨਾ ਕਰੋ
ਮਾਪਿਆਂ ਨੂੰ ਆਪਣੇ ਬੱਚੇ ਦੀ ਤੁਲਨਾ ਕਿਸੇ ਦੂਸਰੇ ਬੱਚੇ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਬੱਚੇ ਦਾ ਆਪਣਾ ਬੁੱਧੀ ਫਲ ਹੁੰਦਾ ਹੈ। ਹਾਂ ਬੱਚਿਆਂ ਨੂੰ ਇੰਨਾ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਜੋ ਕੁਝ ਉਨ੍ਹਾਂ ਦੇ ਅੰਦਰ ਹੈ, ਉਸ ਦਾ 100 ਫ਼ੀਸਦੀ ਦੇਣਾ ਚਾਹੀਦਾ ਹੈ, ਪੇਪਰਾਂ ਵਿੱਚੋਂ ਨੰਬਰ ਭਾਵੇਂ ਘੱਟ ਵੀ ਕਿਉਂ ਨਾ ਆ ਜਾਣ। ਬੱਚੇ ਨੂੰ ਪੱਕੇ ਪੇਪਰਾਂ ਦੀ ਤਿਆਰੀ ਕਰਨ ਲਈ ਮੁੱਢਲੀਆਂ ਸਹੂਲਤਾਂ ਦੀ ਪੂਰਤੀ ਕਰਵਾਉਣੀ ਚਾਹੀਦੀ ਹੈ।
ਅੱਜ ਜਦੋਂ ਅਸੀਂ ਆਲੇ-ਦੁਆਲੇ ਨਿਗ੍ਹਾ ਮਾਰਦੇ ਹਾਂ ਤਾਂ ਮੈਰਿਟ ਵਾਲੇ ਬੱਚਿਆਂ ਅੰਦਰ ਵੀ ਸ਼ਖ਼ਸੀ ਕਮੀਆਂ ਹੁੰਦੀਆਂ ਹਨ, ਉਨ੍ਹਾਂ ਅੰਦਰ ਤਰਸ, ਪਿਆਰ ਅਤੇ ਸਹਿਯੋਗ ਦੀ ਭਾਵਨਾ ਜ਼ੀਰੋ ਹੁੰਦੀ ਹੈ। ਇਹ ਤਾਂ ਹੀ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਕੇਵਲ ਵੱਧ ਨੰਬਰ ਲੈਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਅਸਲ ਮਾਨਵੀ ਗੁਣਾਂ ਬਾਰੇ ਨਹੀਂ ਦੱਸਿਆ ਜਾਂਦਾ। ਇਸ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਨੂੰ ਇਕ ਸਜੀਵ ਵਸਤੂ ਸਮਝ ਕੇ ਉਨ੍ਹਾਂ ਤੋਂ ਉਨ੍ਹਾਂ ਦੀ ਯੋਗਤਾ ਅਨੁਸਾਰ ਨਤੀਜੇ ਆਉਣ ਦੀ ਉਮੀਦ ਰੇਖੀਏ।
ਪ੍ਰਾਪਤੀ ’ਤੇ ਦਿਉ ਬੱਚਿਆਂ ਨੂੰ ਸ਼ਾਬਾਸ਼
ਜਦੋਂ ਬੱਚਿਆਂ ਨੂੰ ਛੋਟੀ ਪ੍ਰਾਪਤੀ ’ਤੇ ਸ਼ਾਬਾਸ਼ ਦਿੱਤੀ ਜਾਂਦੀ ਹੈ ਤਾਂ ਉਹ ਬਹੁਤ ਉਤਸ਼ਾਹਿਤ ਹੁੰਦੇ ਹਨ ਤੇ ਅਜਿਹੀ ਊਰਜਾ ਭਰਨ ਦਾ ਕੰਮ ਅਧਿਆਪਕ ਨੇ ਕਰਨਾ ਹੁੰਦਾ ਹੈ। ਹਰ ਬੱਚੇ ਦੇ ਪਰਿਵਾਰ ਦਾ ਵੱਖਰਾ ਆਰਥਿਕ, ਮਾਨਸਿਕ ਤੇ ਸਮਾਜਿਕ ਪੱਧਰ ਹੈ। ਬੱਚੇ ਦੇ ਪਰਿਵਾਰਕ ਤੇ ਵਿਰਾਸਤੀ ਗੁਣਾਂ ਅਨੁਸਾਰ ਉਸ ਨੂੰ ਅੱਗੇ ਵਧਣ ਲਈ ਉਤਸ਼ਾਹਤ ਕਰਨਾ ਹੀ ਸਹੀ ਅਧਿਆਪਨ ਹੈ। ਪੇਪਰਾਂ ’ਚ ਮਿਹਨਤ ਬਹੁਤ ਕੰਮ ਕਰਦੀ ਹੈ ਪਰ ਅਧਿਆਪਕਾਂ ਤੇ ਮਾਪਿਆਂ ਦੀ ਪ੍ਰੇਰਨਾ ਤੇ ਹੱਲਾਸ਼ੇਰੀ ਵੀ ਕਿਸੇ ਰਾਮਬਾਣ ਤੋਂ ਘੱਟ ਕੰਮ ਨਹੀਂ ਕਰਦੀ। ਪ੍ਰੀਖਿਆ ਦੇ ਦਿਨਾਂ ਵਿਚ ਵਿਦਿਆਰਥੀਆਂ ਦਾ ਮਾਨਸਿਕ ਪੱਧਰ ਉੱਚਾ ਰੱਖਣ ਲਈ ਉਨ੍ਹਾਂ ਦੀ ਛੋਟੀ ਪ੍ਰਾਪਤੀ ਨੂੰ ਵੱਡੀ ਸਮਝ ਕੇ ਤਾੜੀਆਂ ਮਾਰਨੀਆਂ ਚਾਹੀਦੀਆਂ ਹਨ।
ਪਾਠਕ੍ਰਮ ਨਾਲ ਜਾਣ-ਪਛਾਣ
ਪਾਠਕ੍ਰਮ ’ਚ ਬਹੁਤ ਸਾਰੇ ਅਜਿਹੇ ਸੌਖੇ ਪਾਠ ਹੁੰਦੇ ਹਨ, ਜਿਨ੍ਹਾਂ ਨਾਲ ਸਹਿਜੇ ਹੀ 50 ਫ਼ੀਸਦੀ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ। ਇਨ੍ਹਾਂ ਪਾਠਾਂ ਨਾਲ ਜਾਣ-ਪਛਾਣ ਤੇ ਉਨ੍ਹਾਂ ਨਾਲ ਸਬੰਧਤ ਨੰਬਰਾਂ ਦੀ ਵੰਡ ਬਾਰੇ ਦੱਸਣਾ ਅਧਿਆਪਕ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅਧਿਆਪਕ ਵੱਲੋਂ ਕਲਾਸ ’ਚ ਗਰੁੱਪ ਬਣਾ ਕੇ ਗਤੀਵਿਧੀ ਰਾਹੀਂ ਮਨੋਰੰਜਨ ਤਰੀਕੇ ਨਾਲ ਅਭਿਆਸ ਕਰਾਉਣਾ ਜ਼ਰੂਰੀ ਹੁੰਦਾ ਹੈ। ਅਧਿਆਪਕ ਨੇ ਇਹ ਵੀ ਦੱਸਣਾ ਹੁੰਦਾ ਹੈ ਕਿ ਪੜ੍ਹਾਈ ਕੇਵਲ ਸਕੂਲ ’ਚ ਹਾਸਲ ਨਹੀਂ ਕੀਤੀ ਜਾ ਸਕਦੀ ਇਹ ਘਰ ਸਮਾਜ ਵਿੱਚੋਂ ਵੀ ਲਈ ਜਾ ਸਕਦੀ ਹੈ। ਇਹ ਵੀ ਅਧਿਆਪਕ ਨੇ ਦੱਸਣਾ ਹੁੰਦਾ ਹੈ ਕਿ ਕੇਵਲ ਵੱਧ ਨੰਬਰ ਪ੍ਰਾਪਤ ਕਰਨਾ ਹੀ ਚੰਗੀ ਸ਼ਖ਼ਸੀਅਤ ਦਾ ਲੱਛਣ ਨਹੀਂ ਸਗੋਂ ਅਸੀਂ ਜਿਸ ਚੌਗਿਰਦੇ ਜਾਂ ਵਾਤਾਵਰਨ ਵਿਚ ਰਹਿ ਰਹੇ ਹਾਂ, ਉਹ ਉਸ ਦਾ ਰੱਖਿਅਕ ਹੋਣਾ ਕਿਤੇ ਜ਼ਿਆਦਾ ਜ਼ਰੂਰੀ ਹੈ। ਪਿਛਲੇ ਗਰੇਡਾਂ ਵਾਲੇ ਵਿਦਿਆਰਥੀਆਂ ਨੂੰ ਥੋੜ੍ਹੇ ਨੰਬਰ ਵੱਧ ਪ੍ਰਾਪਤ ਕਰਨ ਤੇ ਉਤਸ਼ਾਹਿਤ ਕਰਨਾ ਵੀ ਅਧਿਆਪਕ ਦਾ ਫ਼ਰਜ਼ ਹੈ।
ਬੱਚੇ ਨੂੰ ਦਿਉ ਉਸਾਰੂ ਮਾਹੌਲ
ਜ਼ਿੰਦਗੀ ’ਚ ਸਿਰਫ਼ ਬਹੁਤ ਚੰਗੇ ਨੰਬਰ ਲੈਣਾ ਹੀ ਕਾਫ਼ੀ ਨਹੀਂ ਹੁੰਦਾ। ਹੋਰ ਵੀ ਬਹੁਤ ਸਾਰੇ ਅਜਿਹੇ ਖੇਤਰ ਹਨ, ਜਿਨ੍ਹਾਂ ’ਚ ਬੱਚਾ ਕਾਮਯਾਬ ਹੋ ਸਕਦਾ ਹੈ। ਅਸਲ ਪੜ੍ਹਾਈ ਇਹੀ ਹੈ ਕਿ ਬੱਚੇ ਅੰਦਰ ਕੁਦਰਤ ਵੱਲੋਂ ਜੋ ਹੁਨਰ ਦਿੱਤਾ ਗਿਆ ਹੈ, ਉਸ ਨੂੰ ਲੱਭ ਕੇ ਉਸ ’ਚ ਨਿਖ਼ਾਰ ਲਿਆਂਦਾ ਜਾਵੇ। ਪ੍ਰੀਖਿਆਵਾਂ ਪਾਸ ਕਰਨੀਆਂ ਜ਼ਰੂਰੀ ਹਨ ਪਰ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਕਰਦੇ ਸਮੇਂ ਬੱਚਾ ਬੋਝ-ਮੁਕਤ ਰਹਿਣਾ ਚਾਹੀਦਾ ਹੈ। ਇਸ ਸਭ ਕੁਝ ਲਈ ਮਾਪੇ, ਅਧਿਆਪਕ ਤੇ ਸਮਾਜ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਜੇ ਅਸੀਂ ਅਜਿਹਾ ਮਾਹੌਲ ਸਿਰਜਣ ’ਚ ਕਾਮਯਾਬ ਹੋ ਜਾਂਦੇ ਹਾਂ ਤਾਂ ਅਸੀਂ ਮਾਨਸਿਕ ਤੌਰ ’ਤੇ ਮਜ਼ਬੂਤ ਵਿਅਕਤੀਆਂ ਦੀ ਫ਼ਸਲ ਪੈਦਾ ਕਰਨ ’ਚ ਕਾਮਯਾਬ ਹੋਵਾਂਗੇ। ਇਨ੍ਹਾਂ ਭਰਪੂਰ ਲੋਕਾਂ ਨੇ ਵੱਖ-ਵੱਖ ਖੇਤਰਾਂ ਵਿਚ ਨਵੀਆਂ ਖੋਜਾਂ ਕਰ ਕੇ ਮਨੁੱਖਤਾ ਦਾ ਕਲਿਆਣ ਕਰਨਾ ਹੈ। ਸਕੂਲ ਬੱਚੇ ਨੂੰ ਕੇਵਲ ਚੇਟਕ ਲਾਉਣ ਦਾ ਕੰਮ ਕਰਦੇ ਹਨ, ਜਦੋਂਕਿ ਬੱਚੇ ਨੇ ਬਹੁਤੀ ਸਿੱਖਿਆ ਸਮਾਜ ’ਚੋਂ ਵਿਹਾਰਕ ਤੌਰ ’ਤੇ ਹਾਸਲ ਕਰਨੀ ਹੁੰਦੀ ਹੈ। ਸਿੱਖਿਆ ਸ਼ਾਸਤਰੀਆਂ ਨੂੰ ਬੱਚਿਆਂ ਦੀ ਮਾਨਸਿਕ ਯੋਗਤਾ ਅਨੁਸਾਰ ਪਾਠਕ੍ਰਮ ਬਣਾਉਣਾ ਚਾਹੀਦਾ ਹੈ। ਪ੍ਰੀਖਿਆ ਲੈਣ ਦਾ ਢੰਗ ਲਚਕੀਲਾ ਹੋਣਾ ਚਾਹੀਦਾ ਹੈ ਤੇ ਬੱਚੇ ਨੂੰ ਆਪਣੀ ਯੋਗਤਾ ਵਧਾਉਣ ਲਈ ਵਾਰ-ਵਾਰ ਮੌਕੇ ਮਿਲਣੇ ਚਾਹੀਦੇ ਹਨ। ਇਨ੍ਹਾਂ ਦਿਨਾਂ ਵਿਚ ਬੱਚੇ ਨੂੰ ਉਸਾਰੂ ਮਾਹੌਲ ਦੇਣਾ ਚਾਹੀਦਾ ਹੈ ਤਾਂ ਜੋ ਉਹ ਤਣਾਅ ਮੁਕਤ ਰਹਿ ਸਕਣ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.