1998 ਚ ਲਿਖੀ ਤੇ ਮੇਰੀ ਕਾਵਿ ਪੁਸਤਕ ਅਗਨ ਕਥਾ ਚ ਛਪੀ ਕਵਿਤਾ ਕੱਲ੍ਹ ਸ਼ਾਮੀਂ ਪੜ੍ਹ ਰਿਹਾ ਸਾਂ। ਦਿਲ ਕੀਤਾ ਤੁਹਾਨੂੰ ਪੜ੍ਹਾਵਾਂ ਤੇ ਸੁਣਾਵਾਂ
ਕਿਸੇ ਵਕਤ ਲੋਕ ਨਾਥ ਨੇ ਲਿਖਿਆ ਸੀ।
ਕੁਝ ਨਹੀਂ ਬਦਲਿਆ
ਸਿਰਫ਼ ਉਦਾਸ ਪਲਾਂ ਦੇ
ਨਾਂ ਬਦਲੇ ਨੇ।
ਤਰਸਿੱਕਾ(ਅੰਮ੍ਰਿਤਸਰ) ਚ ਜਨਮੇ ਤੇ ਹੁਣ ਮੁਕਤਸਰ ਵੱਸਦੇ ਮੇਰੇ ਮਿੱਤਰ ਲੋਕ ਨਾਥ ਦੀ ਇਹ ਬਾਤ ਅੱਜ ਵੀ ਅੱਖਰ ਅੱਖਰ ਸਹੀ ਹੈ।
ਏਨਾ ਫ਼ਰਕ ਜ਼ਰੂਰ ਪਿਆ ਹੈ ਕਿ ਹੁਣ ਮੈਂ ਆਪਣੀ ਪੋਤਰੀ ਅਸੀਸ ਨੂੰ ਜਾਲੀ ਵਿੱਚ ਦੀ ਘਰੋਂ ਬਾਹਰ ਬੁਹੇ ਅੱਗੇ ਲਾਈ ਮੌਲਸਰੀ ਦੀਆਂ ਟਾਹਣੀਆਂ ਕੇ ਬੈਠੀਆਂ ਚਿੜੀਆਂ ਵਿਖਾਉਂਦਾ ਹਾਂ। ਉਹ ਠੁਮਕ ਠੁਮਕ ਤੁਰਦੀ ਆਪਣੇ ਮਾਂ ਬਾਪ ਨਾਲ ਘਰ ਦੀ ਛੱਤ ਤੇ ਆਏ ਪੰਛੀਆਂ ਨੂੰ ਦਾਣਾ ਪਾਉਣ ਤੁਰ ਪੈਂਦੀ ਹੈ।
ਸ਼ਹਿਰਾਂ ਵਿਚ ਗੁਆਚ ਗਏ ਹਾਂ
ਗੁਰਭਜਨ ਗਿੱਲ
ਸ਼ਹਿਰੋਂ ਪਿੰਡ ਦਾ ਕਿੰਨਾ ਪੈਂਡਾ,
ਰੋਜ਼ ਦਿਹਾੜੀ ਵਧ ਜਾਂਦਾ ਹੈ ।
ਇਸ ਦਾ ਮੈਨੂੰ ਇਲਮ ਨਹੀਂ ਸੀ ।
ਇਹ ਤਾਂ ਮੈਨੂੰ ਅਚਨਚੇਤ
ਚਿੜੀਆਂ ਨੇ ਦੱਸਿਆ ।
ਜਿਨ੍ਹਾਂ ਨੂੰ ਮੈਂ ਕਮਰੇ ਵਿਚੋਂ
ਬਾਹਰ ਕਰਨ ਲਈ,
ਦੂਰ ਬੜੀ ਹੀ ਦੂਰ ਦੁਰਾਡੇ
ਨਿਕਲ ਗਿਆ ਸਾਂ।
ਅੱਗੇ ਜਦ ਫਿਰ ਖੇਤ ਅਤੇ ਲਹਿਰਾਉਂਦੀਆਂ ਫ਼ਸਲਾਂ
ਨਜ਼ਰੀਂ ਪਈਆਂ,
ਚੇਤੇ ਆਇਆ ।
ਮੈਂ ਆਪਣੇ ਮਾਂ ਬਾਪ
ਬਿਰਖ਼ ਤੇ ਚਾਚੇ ਤਾਏ ?
ਕਿੰਨੇ ਸੁੱਚੇ ਰਿਸ਼ਤੇ
ਪਿੱਛੇ ਛੱਡ ਆਇਆ ਹਾਂ ।
ਜਿਸ ਮਾਂ ਮੈਨੂੰ ਦੁੱਧ ਚੁੰਘਾਇਆ,
ਕਰ ਕਰ ਕੇ ਅਰਦਾਸਾਂ
ਪੜ੍ਹਨ ਸਕੂਲੇ ਪਾਇਆ,
ਜਦ ਖੰਭਾਂ ਵਿਚ ਉੱਡਣ ਜੋਗੀ
ਸ਼ਕਤੀ ਆਈ,
ਜੰਮਣ-ਭੂਮੀ ਬਣੀ ਪਰਾਈ ।
ਮੇਰੇ ਭੈਣ-ਭਰਾ
ਜੋ ਮੇਰੇ ਮਾਂ ਪਿਉ ਜਾਏ ।
ਜਾਂ ਉਹ ਲੋਕ ਜਿਨ੍ਹਾਂ ਨੂੰ ਵੀ ਮੈਂ
ਆਪਣੇ ਕਹਿੰਦਾਂ ।
ਦੂਰ ਦੁਰਾਡੇ
ਚੋਗ ਕਮਾਵਣ ਤੁਰ ਗਏ ਸਾਰੇ ।
ਮਾਂ ਕਹਿੰਦੀ ਹੈ
ਪੜ੍ਹ ਲਿਖ ਕੇ ਉਹ
ਹੋ ਗਏ ਹੋਰ ਨਿਕਾਰੇ ।
ਨਿੱਕੇ ਹੁੰਦਿਆਂ
ਜੋ ਹੁੰਦੇ ਸੀ ਮਿੱਤਰ ਬੇਲੀ,
ਰਾਹ ਖਹਿੜੇ ਹੁਣ ਜਦ ਮਿਲਦੇ ਨੇ ।
ਏਹੋ ਆਖਣ ਕਦ ਆਵੇਂਗਾ?
ਮੇਰੀ ਚੁੱਪ ਨੂੰ ਸਮਝਣ
ਮਾਰਨ ਸਦਾ ਨਿਹੋਰੇ ।
ਜ਼ਿੰਦਗੀ ਬੇਤਰਤੀਬੀ
ਤੁਰਦੀ ਆਪਣੀ ਤੋਰੇ ।
ਏਸ ਸ਼ਹਿਰ ਵਿਚ
ਦੱਸੋ ਕਿਸ ਦੇ ਨਾਲ ਮੈਂ ਆਪਣਾ
ਨੇੜ ਬਣਾਵਾਂ,
ਜਿਸ ਨੂੰ ਦਿਲ ਦੀ ਬਾਤ ਸੁਣਾ ਕੇ
ਹੌਲਾ ਫੁੱਲ ਹੋ ਜਾਵਾਂ ।
ਸਰਹੱਦ ਤੋਂ ਬਸ ਕੁਝ ਗਿੱਠਾਂ ਹੀ
ਉਰਲੇ ਪਾਸੇ,
ਮੇਰਾ ਪਿੰਡ ਬਸੰਤ ਕੋਟ ਹੈ ।
ਜਿਸਦੇ ਚਾਰ-ਚੁਫ਼ੇਰੇ ਫ਼ਸਲਾਂ
ਪਸਰੀ ਹੈ ਹਰਿਆਲੀ ।
ਕਿੰਨੀ ਸੋਹਣੀ ਲੱਗਦੀ ਸੀ
ਜਦ ਸੁਬਹ ਸਵੇਰੇ ਉੱਠ ਪੈਂਦੇ ਸਾਂ,
ਚੜ੍ਹਦੀ ਗੁੱਠੇ
ਉਗਮ ਰਹੇ ਸੂਰਜ ਦੀ ਲਾਲੀ ।
ਖੂਹ ਨੂੰ ਜਾਂਦਿਆਂ
ਵਗਦੇ ਜਦੋਂ ਹਵਾ ਦੇ ਬੁੱਲੇ ।
ਮੈਨੂੰ ਉਹ ਅੱਜ ਤੀਕ ਨਾ ਭੁੱਲੇ ।
ਕੱਚੇ ਘਰ ਦੇ ਕੋਠੇ ਜਾਂ ਫਿਰ
ਉੱਘੜ ਦੁੱਘੜੀ ਛੱਤ ਦੇ ਹੇਠਾਂ,
ਕਿੰਨੀ ਸੋਹਣੀ ਨੀਂਦਰ ਆਉਂਦੀ ।
ਰੌਸ਼ਨਦਾਨ ਖਿੜਕੀਆਂ
ਖੁੱਲ੍ਹੇ ਬੂਹੇ ਵਿਚੋਂ,
ਝੁਰਮਟ ਪਾ ਕੇ
ਚਿੜੀਆਂ ਦੀ ਇੱਕ ਡਾਰ ਜੇ ਆਉਂਦੀ ।
ਛੱਤਣ ਦੇ ਵਿਚ ਤੀਲੇ ਟੰਗ ਕੇ
ਘਰ ਬਣਾਉਂਦੀ ।
ਆਂਡੇ ਦੇਂਦੀ ਤੇ ਮੁੜ ਜਾਂਦੀ,
ਕੁਝ ਦਿਨ ਮਗਰੋਂ ਬੋਟ ਅਲੂਏਂ
ਜਦੋਂ ਨਿਕਲਦੇ,
ਖੁਦ ਉਨ੍ਹਾਂ ਨੂੰ ਚੋਗ ਚੁਗਾਉਂਦੀ।
ਹੁਣ ਇਸ ਸ਼ਹਿਰ 'ਚ ਚਿੜੀਆਂ ਵਰਗੀਆਂ ਚਿੜੀਆਂ ਉੱਡਣ,
ਪਰ ਮੇਰੇ ਘਰ ਪੈਰ ਨਾ ਪਾਉਣ ।
ਜਾਲੀ ਦੀ ਹਰ ਥਾਂ ਤੇ ਨਾਕਾ,
ਨਾ ਖਿੜਕੀ ਨਾ ਬੂਹਾ ਖੁੱਲ੍ਹਾ ।
ਰੌਸ਼ਨ ਦਾਨ ਦਾ ਸ਼ੀਸ਼ਾ ਬੰਦ ਹੈ ।
ਬਰਸਾਤਾਂ ਵਿਚ ਜਾਂ ਫਿਰ
ਗੂੜ੍ਹੇ ਸਰਦ-ਸਿਆਲੇ,
ਬਾਹਰ ਠਰਦੀਆਂ
ਰਹਿਣ ਮਰਦੀਆਂ ਗੂੜ੍ਹੇ ਪਾਲੇ ।
ਅੰਦਰ ਆਉਣਾ ਵਰਜਿਤ ਹੋਇਆ,
ਚਿੜੀਆਂ ਮੈਥੋਂ
ਮੈਂ ਚਿੜੀਆਂ ਤੋਂ ਦੂਰ ਖੜ੍ਹਾ ਹਾਂ ।
ਸੋਚ ਰਿਹਾ ਹਾਂ,
ਇਹ ਤਾਂ ਖੁੱਲ੍ਹੇ ਅੰਬਰੀਂ
ਵੇਖੋ ਭਰਨ ਉਡਾਰੀ ।
ਮੈਂ ਸੀਖਾਂ ਵਿਚ ਕੈਦ
ਜਾਲੀਆਂ ਅੰਦਰ ਬੰਦ ਹਾਂ ।
ਜੀਵਨ ਕੈਦੀ ਬਣ ਗਿਆ
ਸੁਪਨੇ ਨਿੱਕੇ ਹੋਏ ।
ਦਸ ਮਰਲੇ ਦੀ ਚਾਰ-ਦੀਵਾਰੀ ।
ਦੋ ਤਿੰਨ ਕਮਰੇ ਮੰਜੇ ਪੀੜ੍ਹੇ,
ਕੁਰਸੀ ਮੇਜ਼ ਕਿਤਾਬਾਂ ਟੀ ਵੀ ।
ਜਾਂ ਫਿਰ ਜਦੋਂ ਰਸੋਈ ਵਿਚੋਂ
ਵਿਹਲੀ ਹੋਵੇ ਮੇਰੀ ਬੀਵੀ ।
ਪੁੱਤਰ ਨੂੰ ਤਾਂ
ਕੰਪਿਊਟਰ ਤੋਂ ਵਿਹਲ ਨਹੀਂ ਹੈ,
ਆਵਾਜਾਈ ਤੇਜ਼ ਮੋਟਰਾਂ
ਸੜਕ ਸਵਾਰੀ ।
ਵਾਹੋ ਦਾਹੀ
ਕਾਰ ਸਕੂਟਰਾਂ ਨੇ ਮੱਤ ਮਾਰੀ ।
ਚਾਕਰੀਆਂ ਦੇ ਡੇਰੇ ਉੱਤੇ,
ਕੁਰਸੀ ਮੇਜ਼ ਉਡੀਕਣ ਮੈਨੂੰ ।
ਕਈ ਵਾਰੀ ਤਾਂ ਇਉਂ ਲੱਗਦਾ ਹੈ,
ਯੰਤਰ ਬਣ ਕੇ ਵਿਚਰ ਰਹੇ ਹਾਂ।
ਖ਼ੌਰੇ ਕਿੱਥੇ ਗਰਕ ਗਿਆ ਹੈ,
ਸਾਡੇ ਵਿਚਲਾ ਜਿਉਂਦਾ ਬੰਦਾ।
ਜਿਉਂ ਜੰਮੇ ਹਾਂ
ਨਿੱਤ ਕਿਰਿਆ ਦਾ ਓਹੀ ਧੰਦਾ ।
ਕਦੇ ਕਦਾਈਂ
ਜਦ ਕਿਧਰੇ ਕਿਤੇ ਭੁੱਲ ਭੁਲੇਖੇ,
ਘਰ ਦਾ ਬੂਹਾ
ਜਾਂ ਕਿਧਰੇ ਖਿੜਕੀ ਦਾ ਸ਼ੀਸ਼ਾ,
ਅਤੇ ਜਾਲੀਆਂ
ਅਚਨਚੇਤ ਖੁੱਲ੍ਹੀਆਂ ਰਹਿ ਜਾਵਣ ।
ਇੱਕ ਦੋ ਚਿੜੀਆਂ ਅੰਦਰ ਆ ਕੇ,
ਸ਼ੀਸ਼ੇ ਉੱਤੇ
ਆਪੋ ਆਪਣਾ ਅਕਸ ਨਿਹਾਰਨ ।
ਆਪਣੇ ਹੀ ਪਰਛਾਵੇਂ ਉੱਤੇ
ਨੂੰਗੇ ਮਾਰਨ ।
ਇਉਂ ਲੱਗਦੈ
ਇਹ ਮੇਰੀ ਖਾਤਰ,
ਮੇਰੇ ਨਿੱਕੇ ਪਿੰਡੋਂ
ਵੱਡੇ ਸੁਪਨੇ ਲੈ ਕੇ
ਉੱਡਦੀਆਂ ਆਈਆਂ ।
ਕਦੇ ਇਸ ਤਰ੍ਹਾਂ ਲੱਗਦਾ
ਜੀਕੂੰ ਪੁੱਛ ਰਹੀਆਂ ਨੇ,
ਭਰਮਾਂ ਦੀ ਖੇਤੀ ਨੂੰ ਕਰ ਕੇ,
ਤੂੰ ਦੱਸ ਕਿੱਥੋਂ ਕਿੱਥੇ ਪਹੁੰਚੋਂ ।
ਆਪਣਾ ਆਪਾ ਆਪ ਪਰਖ ਕੇ,
ਆਪਣੇ ਸਿਰ ਨੂੰ ਆਪ ਠਕੋਰ ।
ਇਹਦੇ ਵਿਚ ਤੂੰ ਆਪ ਨਹੀਂ ਏਂ
ਤੇਰੀ ਥਾਂ ਤੇ ਬੈਠਾ ਹੋਰ ।
ਤੂੰ ਤਾਂ ਸਿੱਧਾ ਪੱਧਰਾ ਸੀ ਬਈ,
ਏਸ ਸ਼ਹਿਰ ਵਿਚ ਆ ਕੇ ਤੂੰ ਵੀ,
ਮਿੱਲਰਗੰਜ ਦੀਆਂ ਮਿੱਲਾਂ ਵਾਂਗੂੰ,
ਵਾਹੋ ਦਾਹੀ ਦੌੜ ਰਿਹਾ ਏਂ ।
ਹੌਜ਼ਰੀਆਂ ਦੇ ਸ਼ਹਿਰ 'ਚ
ਤਾਣੇ ਤਣਦਾ ਫਿਰਦੈਂ,
ਕੀ ਕਰਦਾ ਏਂ ?
ਮਨ ਦੀਆਂ ਤੰਦਾਂ ਬੁਣੇਂ ਉਧੇੜੇਂ,
ਬੰਦਾ ਹੈ ਜਾਂ ਗਰਮ ਸਵੈਟਰ ।
ਲਿਸ਼ਕੀ ਇਕ ਲਿਸ਼ਕੋਰ
ਤੇ ਮੈਨੂੰ ਚਾਨਣ ਹੋਇਆ ।
ਉੱਠ ਬੈਠਾ ਸੀ
ਮੇਰੇ ਵਿਚਲਾ ਬੰਦਾ ਮੋਇਆ ।
ਅੱਖਾਂ ਉੱਪਰ
ਤਾਜ਼ੇ ਜਲ ਦੇ ਛੱਟੇ ਮਾਰੇ ।
ਬਾਹਰ ਨਿਕਲਿਆ,
ਪੱਕੀਆਂ ਸੜਕਾਂ ਛੱਡ ਕੇ ਮੈਂ
ਪਗਡੰਡੀ ਤੁਰਿਆ ।
ਸਾਵੇ ਰੰਗ ਵਿਚ ਰੰਗੀਆਂ ਸਨ
ਕਣਕਾਂ ਦੀਆਂ ਫ਼ਸਲਾਂ ।
ਸਿੱਟਿਆਂ ਦੇ ਵਿਚ ਦੋਧੇ ਦਾਣੇ ।
ਰੁੱਖਾਂ ਉੱਤੇ ਪੌਣ ਪਰਿੰਦੇ
ਪਾਉਣ ਬਾਘੀਆਂ ।
ਦੂਰ ਖੜ੍ਹਾ
ਇਕ ਬਾਗ ਸ਼ਕਲ ਤੋਂ ਬੜਾ ਪੁਰਾਣਾ।
ਉਸ ਵਿਚ
ਪੰਜ ਸੱਤ ਮੋਰ ਜਦੋਂ ਮੈਂ ਫਿਰਦੇ ਵੇਖੇ ।
ਮਨ ਵਿਚ ਆਇਆ,
ਮੌਸਮ ਦਾ ਸੰਤਾਪ
ਇਨ੍ਹਾਂ ਦੇ ਖੰਭ ਵੀ ਹੁਣ
ਘਸਮੈਲੇ ਹੋਏ ।
ਮੇਰੇ ਮਨ ਦੇ ਵਸਤਰ
ਜਿੱਸਰਾਂ ਮੈਲੇ ਹੋਏ ।
ਮੈਨੂੰ ਲੱਗਿਆ
ਏਸ ਸ਼ਹਿਰ ਦੇ ਧੂੰਏ ਕਰਕੇ,
ਮੇਰੀ ਨੇਤਰ ਜੋਤ ਘਟੀ ਹੈ ।
ਤੇ ਕੰਨਾਂ ਦੀ ਸ਼ਰਵਣ-ਸ਼ਕਤੀ,
ਘੁੱਗੂ-ਵਾਜੇ ਸੁਣਦੇ ਸੁਣਦੇ,
ਮੱਧਮ ਫਿੱਕੀ ਹੋ ਚੱਲੀ ਹੈ ।
ਸਮਾਂ ਬੀਤਿਆ
ਤੁਰਦਾ ਤੁਰਦਾ ਅੱਗੇ ਪੁੱਜਾ,
ਸਾਉਣ ਮਹੀਨੇ ਪੈਲਾਂ ਪਾਉਂਦੇ ਮੋਰ,
ਤੇ ਇਹ ਬੰਬੀਹੇ ਗਾਉਂਦੇ,
ਨਾ ਦਿਸਦੇ ਨਾ ਸੁਣਦੇ ਮੈਨੂੰ ।
ਮੈਂ ਇਨ੍ਹਾਂ ਤੋਂ ਦੂਰ ਖੜ੍ਹਾ ਹਾਂ,
ਸਾਇਰਨ ਪਾਂ ਪਾਂ ਪੀਂ ਪੀਂ ਪੀਂ ਪੀਂ,
ਕਾਵਾਂ ਰੌਲੀ ਰੌਲਾ ਰੱਪਾ ।
ਏਥੇ ਜਾਪੇ
ਹਰ ਬੰਦੇ ਨੂੰ ਭਰਮ ਪਿਆ ਹੈ,
ਮੈਂ ਅਗਲੇ ਤੋਂ ਹੋਰ ਅਗੇਰੇ
ਲੰਘ ਜਾਣਾ ਹੈ ।
ਫਿਰ ਮੈਂ ਬੈਠ ਆਰਾਮ ਕਰਾਂਗਾ ।
ਹਰ ਬੰਦੇ ਦੇ ਅੰਦਰ ਕਬਰਾਂ,
ਕਿੰਨੇ ਝੋਰੇ ਤੇ ਹਟਕੋਰੇ ।
ਕਈ ਵਾਰੀ ਤਾਂ ਇਉਂ ਲੱਗਦਾ ਹੈ,
ਏਸੇ ਲਈ ਇਹ ਅੱਜ ਤੱਕ ਜਿਉਂਦੇ,
ਕਿਉਂਕਿ ਮਰਨ ਦੀ ਵਿਹਲ ਨਹੀਂ ਹੈ ।
ਮੈਂ ਫ਼ਸਲਾਂ ਦੇ ਬੰਨੇ ਬਹਿ ਕੇ
ਭੁੱਲ ਚੁਕਿਆ ਸਾਂ,
ਮੁੜਨਾ ਵੀ ਹੈ ।
ਗੁੱਟ ਤੋਂ ਘੜੀ ਅਚਾਨਕ ਵੇਖੀ,
ਦਫ਼ਤਰ ਜਾਣ ਦਾ ਵੇਲਾ ਹੋਇਆ ।
ਮੈਂ ਫਿਰ ਵਾਹੋਦਾਹੀ ਭੱਜਾ,
ਏਥੇ ਮੁੜ ਕੇ ਓਹੀ ਢਾਂਚਾ ।
ਟਾਂਗੇ ਵਾਲੇ ਘੋੜੇ ਵਾਂਗੂੰ
ਓਹੀ ਛਾਂਟਾ ਓਹੀ ਵਾਗ।
ਉੱਚੀ ਉੱਚੀ ਵਾਜੇ ਵੱਜਣ ਬੇਤਰਤੀਬੇ,
ਸਮਝ ਨਾ ਆਵੇ ਇਹ ਕੀ ਗਾਉਂਦੇ,
ਇਸ ਵੇਲੇ ਬੇਵਕਤਾ ਰਾਗ ।
ਭੀੜ ’ਚ ਕਿਣਕੇ ਮਾਤਰ ਹਸਤੀ,
ਸ਼ਹਿਰਾਂ ਵਿਚ ਗੁਆਚ ਗਏ ਹਾਂ ।
ਕਿੰਨਾ ਪੈਂਡਾ ਰੋਜ਼ ਦਿਹਾੜੀ,
ਸ਼ਹਿਰੋਂ ਪਿੰਡ ਦਾ ਵਧ ਜਾਂਦਾ ਹੈ ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.