ਪੰਜਾਬ ’ਚ ਲੁੱਟਮਾਰ ਦੀਆਂ ਵਾਰਦਾਤਾਂ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਹਨ ਪਰ ਗਿਰੋਹ ਦੀ ਸਰਗਨਾ ਕਿਸੇ ਔਰਤ ਦਾ ਹੋਣਾ ਥੋੜ੍ਹਾ ਹੈਰਾਨਕੁੰਨ ਵਰਤਾਰਾ ਹੈ। ਅੰਮ੍ਰਿਤਸਰ ਤੇ ਹੁਸ਼ਿਆਰਪੁਰ ’ਚ ਬੈਂਕ ਤੇ ਏਟੀਐੱਮ ਲੁੱਟਣ ਦੀ ਕੋਸ਼ਿਸ਼ ’ਚ ਦੋ ਔਰਤਾਂ ਦੀ ਗਿ੍ਰਫ਼ਤਾਰੀ ਹੋਣਾ ਗੰਭੀਰ ਮਾਮਲਾ ਹੈ। ਚਿੰਤਾਜਨਕ ਗੱਲ ਇਹ ਵੀ ਹੈ ਕਿ ਅੰਮ੍ਰਿਤਸਰ ’ਚ ਜਿਹੜੀ ਔਰਤ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਉਹ ਆਪਣੇ ਗਿਰੋਹ ਦੀ ਮੁਖੀ ਤਾਂ ਰਹੀ ਹੀ ਹੈ, ਉਸ ਨੂੰ ਨਸ਼ੇ ਦੀ ਲਤ ਵੀ ਲੱਗੀ ਹੋਈ ਹੈ।
ਨਸ਼ਿਆਂ ਦੇ ਢਹੇ ਚੜ੍ਹਨ ਤੋਂ ਬਾਅਦ ਹੀ ਉਸ ਨੇ ਲੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ। ਪੰਜਾਬ ’ਚ ਨਸ਼ਾ ਕਿਉਂਕਿ ਬਹੁਤ ਵੱਡੀ ਸਮੱਸਿਆ ਹੈ ਅਤੇ ਨਿੱਤ ਦਿਨ ਨਸ਼ੇ ਨਾਲ ਬਰਬਾਦ ਹੋ ਰਹੇ ਪਰਿਵਾਰਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਇਸੇ ਲਈ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਨਾਲ ਹੀ ਸਮੂਹ ਪੰਜਾਬੀਆਂ ਲਈ ਵੀ ਇਹ ਇਕ ਵਿਚਾਰਨਯੋਗ ਸਵਾਲ ਹੈ ਕਿ ਇਸ ਸਮੱਸਿਆ ਨੂੰ ਹੁਣ ਖ਼ਤਮ ਕਿਵੇਂ ਕੀਤਾ ਜਾਵੇਗਾ? ਔਰਤਾਂ ਦਾ ਅਪਰਾਧ ਜਗਤ ਵਿਚ ਉਤਰਨਾ ਫ਼ਿਕਰਮੰਦੀ ਪੈਦਾ ਕਰਦਾ ਹੈ। ਜੇ ਔਰਤਾਂ ਗਿਰੋਹ ਬਣਾ ਕੇ ਬੈਂਕਾਂ ਦੀ ਲੁੱਟ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਲੱਗਣਗੀਆਂ ਤਾਂ ਪੁਲਿਸ ਲਈ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਦੀ ਚੁਣੌਤੀ ਬਹੁਤ ਜ਼ਿਆਦਾ ਵਧ ਜਾਵੇਗੀ।
ਇਹ ਵੀ ਚਿੰਤਾਜਨਕ ਹੈ ਕਿ ਸੈਲੂਨ ’ਚ ਕੰਮ ਕਰਨ ਦੌਰਾਨ ਔਰਤ ਨੂੰ ਪਹਿਲਾਂ ਨਸ਼ੇ ਦੀ ਆਦਤ ਪਈ ਤੇ ਫਿਰ ਉਹ ਨਸ਼ੇ ਲਈ ਲੁੱਟਮਾਰ ਕਰਨ ਲੱਗੀ। ਔਰਤ ਅਨੁਸਾਰ ਉਸ ਦੇ ਨਾਲ ਦੀ ਇਕ ਹੋਰ ਕੁੜੀ ਵੀ ਨਸ਼ਾ ਕਰਦੀ ਸੀ ਅਤੇ ਉਸੇ ਨੇ ਉਸ ਨੂੰ ਨਸ਼ੇ ਦੀ ਲਤ ਲਾਈ ਸੀ। ਲਗਪਗ ਦੋ ਹਫ਼ਤੇ ਪਹਿਲਾਂ ਬਠਿੰਡਾ ਦੀਆਂ ਦੋ ਕੁੜੀਆਂ ਨਸ਼ਾ ਕਰਨ ਤੋਂ ਬਾਅਦ ਰੇਲ ਪਟੜੀ ਕੋਲ ਬੇਸੁਰਤ ਪਈਆਂ ਸਨ। ਇਨ੍ਹਾਂ ਘਟਨਾਵਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਨੌਜਵਾਨ ਹੀ ਨਹੀਂ, ਹੁਣ ਤਾਂ ਮੁਟਿਆਰਾਂ ਵੀ ਨਸ਼ੇ ਦੀ ਦਲਦਲ ’ਚ ਫਸਦੀਆਂ ਜਾ ਰਹੀਆਂ ਹਨ।
ਚਾਰ ਵਰਿ੍ਹਆਂ ਦੇ ਅੰਕੜੇ ਇਸ ਤੱਥ ਦੀ ਸ਼ਾਹਦੀ ਭਰਦੇ ਹਨ ਕਿ ਨਸ਼ਾ ਕਰਨ ਵਾਲੀਆਂ ਪੰਜਾਬ ਦੀਆਂ ਕੁੜੀਆਂ ਦੀ ਗਿਣਤੀ ’ਚ ਇਕ ਸਥਿਰਤਾ ਨਾਲ ਵਾਧਾ ਹੁੰਦਾ ਜਾ ਰਿਹਾ ਹੈ ਜੋ ਯਕੀਨੀ ਤੌਰ ’ਤੇ ਖ਼ਤਰੇ ਦੀ ਘੰਟੀ ਹੈ। ਨਸ਼ੇ ਨੂੰ ਲੈ ਕੇ ਸਿਰਫ਼ ਸਿਆਸੀ ਬਿਆਨਬਾਜ਼ੀ, ਦੂਸ਼ਣਬਾਜ਼ੀ ਨਾਲ ਪੰਜਾਬ ਦਾ ਕੁਝ ਵੀ ਸੌਰਨ ਵਾਲਾ ਨਹੀਂ ਹੈ। ਲੁਧਿਆਣਾ ਜ਼ਿਲ੍ਹੇ ਦੀ ਰਿਪੋਰਟ ਪਿਛਲੇ ਵਰ੍ਹੇ ਸਤੰਬਰ ਦੇ ਆਰੰਭ ’ਚ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ ਸਾਢੇ ਚਾਰ ਸਾਲਾਂ ’ਚ ਉੱਥੇ ਨਸ਼ੇ ਵੇਚਣ ਜਾਂ ਸਪਲਾਈ ਕਰਨ ਦਾ ਕਾਰੋਬਾਰ ਕਰਨ ਵਾਲੀਆਂ 43 ਔਰਤਾਂ ਗਿ੍ਰਫ਼ਤਾਰ ਕੀਤੀਆਂ ਜਾ ਚੁੱਕੀਆਂ ਸਨ।
ਉਨ੍ਹਾਂ ਕੋਲੋਂ ਹੈਰੋਇਨ ਤੋਂ ਲੈ ਕੇ ਭੁੱਕੀ ਤਕ ਦੇ ਕਈ ਪ੍ਰਕਾਰ ਦੇ ਨਸ਼ੇ ਬਰਾਮਦ ਹੋਏ ਸਨ। ਇਹ ਸਿਰਫ਼ ਉਹ ਮਾਮਲੇ ਹਨ ਜੋ ਫੜੇ ਗਏ ਹਨ। ਉਨ੍ਹਾਂ ਮਾਮਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੋਵੇਗੀ ਜੋ ਫੜੇ ਨਹੀਂ ਗਏ ਤੇ ਨਸ਼ਿਆਂ ਦੀ ਸਪਲਾਈ ਨੌਜਵਾਨਾਂ ਤਕ ਪੁੱਜ ਗਈ। ਅਜਿਹੀਆਂ ਘਟਨਾਵਾਂ ਕਾਰਨ ਹੀ ਬਠਿੰਡਾ ਜ਼ਿਲ੍ਹੇ ਦੀਆਂ ਕੁਝ ਪੰਚਾਇਤਾਂ ਨੇ ਹੁਣ ਨਸ਼ਿਆਂ ਵਿਰੁੱਧ ਮੁਹਿੰਮਾਂ ਵਿੱਢੀਆਂ ਹਨ। ਸਰਕਾਰ ਨੂੰ ਅਜਿਹੀਆਂ ਪੰਚਾਇਤਾਂ ਨੂੰ ਵੱਡੇ ਪੱਧਰ ’ਤੇ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਪਿਛਲੀਆਂ ਤਿੰਨ ਚੋਣਾਂ ਤੋਂ ਨਸ਼ਾ ਸੂਬੇ ’ਚ ਵੱਡਾ ਮੁੱਦਾ ਬਣ ਰਿਹਾ ਹੈ। ਸੱਤਾਧਾਰੀ ਤੇ ਵਿਰੋਧੀ ਦੋਵੇਂ ਹੀ ਧਿਰਾਂ ਵੱਲੋਂ ਬਹੁਤ ਸਾਰੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਹੈ। ਜੇ ਹੁਣੇ ਇੱਛਾ-ਸ਼ਕਤੀ ਵਿਖਾਉਂਦਿਆਂ ਕੁਝ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਭਵਿੱਖ ’ਚ ਇਹ ਸਮੱਸਿਆ ਬੇਕਾਬੂ ਵੀ ਹੋ ਸਕਦੀ ਹੈ ਜਿਸ ਦਾ ਖ਼ਮਿਆਜ਼ਾ ਸਮੁੱਚੇ ਪੰਜਾਬ ਨੂੰ ਭੁਗਤਣਾ ਪਵੇਗਾ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.