ਸਕਾਊਟਸ ਤੇ ਗਾਈਡਸ ਦੇਸ਼ ਦੇ ਬੱਚਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਸਹਾਇਤਾ ਕਰਦਾ
ਭਾਰਤ ’ਚ ਸਕਾਊਟ ਤੇ ਗਾਈਡ ਦਾ ਗਠਨ ਬੱਚਿਆਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਾਉਣ ਤੇ ਉਨ੍ਹਾਂ ਦੇ ਚੰਗੇ ਚਰਿੱਤਰ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਕੀਤਾ ਗਿਆ। ਸਕਾਊਟ ਦੀ ਸਥਾਪਨਾ 1916 ਵਿਚ ਅਤੇ ਗਾਈਡਸ ਦੀ ਸ਼ੁਰੂਆਤ 1911 ਵਿਚ ਹੋਈ। ਇਹ ਖ਼ੁਦ ’ਚ ਅਜਿਹੀ ਗ਼ੈਰ-ਸਰਕਾਰੀ, ਗ਼ੈਰ-ਰਾਜਨੀਤਕ ਤੇ ਗ਼ੈਰ-ਸੰਪ੍ਰਦਾਇਕ ਸੰਸਥਾ ਹੈ, ਜੋ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਅਨੁਸ਼ਾਸਨ ’ਚ ਰਹਿਣ, ਆਤਮ-ਨਿਰਭਰ ਬਣਨ, ਟੀਮ ਦੇ ਰੂਪ ’ਚ ਜ਼ਿੰਮੇਵਾਰੀ ਨਾਲ ਕੰਮ ਕਰਨ ਦੀਆਂ ਭਾਵਨਾਵਾਂ ਦਾ ਵਿਕਾਸ ਕਰਦੀ ਹੈ। ਅੱਜ ਦੇ ਤੇਜ਼ ਰਫ਼ਤਾਰ ਨਾਲ ਬਦਲਦੇ ਡਿਜੀਟਲ ਯੁੱਗ ’ਚ ਜਿੱਥੇ ਬੱਚਿਆਂ ਦਾ ਆਪਣੇ ਮਾਪਿਆਂ ਨਾਲ ਪਿਆਰ ਘਟਦਾ ਜਾ ਰਿਹਾ ਹੈ, ਉੱਥੇ ਹੀ ਉਨ੍ਹਾਂ ਅੰਦਰੋਂ ਦੇਸ਼ ਭਗਤੀ ਦੀ ਭਾਵਨਾ ਵੀ ਅਲੋਪ ਹੁੰਦੀ ਜਾ ਰਹੀ ਹੈ।
ਸੋਸ਼ਲ ਮੀਡੀਆ ਦੀ ਗ਼ਲਤ ਵਰਤੋਂ
ਕੋਵਿਡ-19 ਦੌਰਾਨ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਆਨਲਾਈਨ ਸਿੱਖਿਆ ਇੱਕੋ ਇਕ ਜ਼ਰੀਆ ਸੀ। ਇਸ ਦੌਰਾਨ ਬੱਚਿਆਂ ਵੱਲੋਂ ਇੰਟਰਨੈੱਟ ’ਤੇ ਕੀਤੇ ਜਾਂਦੇ ਮੋਬਾਈਲ ਦੇ ਗ਼ਲਤ ਇਸਤੇਮਾਲ ਨੇ ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਪੱਖੋਂ ਹੀ ਅਪਾਹਜ ਨਹੀਂ ਕੀਤਾ ਸਗੋਂ ਉਨ੍ਹਾਂ ਦੀ ਸੋਚ, ਸਮਝ, ਸ਼ਕਤੀ, ਵਿਹਾਰ ਤੇ ਕਿਰਦਾਰ ’ਚ ਵੀ ਗਿਰਾਵਟ ਲਿਆਂਦੀ ਹੈ। ਨਤੀਜਾ ਅੱਜ ਉਹ ਅਨੁਸ਼ਾਸਨਹੀਣ ਤੇ ਗ਼ੈਰ-ਜ਼ਿੰੰਮੇਵਾਰ ਬਣਦੇ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਇਸ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਦੀ ਲਤ ਬੱਚਿਆਂ ਨੂੰ ਪਰਿਵਾਰ ਤੇ ਸਮਾਜ ਨਾਲੋਂ ਪੂਰੀ ਤਰ੍ਹਾਂ ਤੋੜ ਕੇ ਰੱਖ ਦੇਵੇ, ਉਦੋਂ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਬੱਚਿਆਂ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਅਜਿਹੀਆਂ ਗਤੀਵਿਧੀਆਂ ਨਾਲ ਜੋੜੀਏ, ਜਿਨ੍ਹਾਂ ਸਦਕਾ ਉਨ੍ਹਾਂ ਵਿਚ ਚੰਗੀਆਂ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਹੋ ਸਕੇ, ਉਹ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਹੋ ਸਕਣ, ਅਨੁਸ਼ਾਸਨ ’ਚ ਰਹਿਣ ਤੇ ਜ਼ਿੰਮੇਵਾਰੀ ਨਾਲ ਹਰ ਕੰਮ ਕਰਨ ਦੀ ਭਾਵਨਾ ਦਾ ਉਨ੍ਹਾਂ ’ਚ ਵਿਕਾਸ ਹੋਵੇ ਅਤੇ ਸਮਾਜ ਸੇਵਾ ਨਾਲ ਜੁੜ ਕੇ ਦੇਸ਼ ਪ੍ਰਤੀ ਤੇ ਘਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਅਤੇ ਫ਼ਰਜ਼ਾਂ ਨੂੰ ਪਛਾਣ ਸਕਣ। ਸਕਾਊਟਸ ਤੇ ਗਾਈਡਸ ਬੱਚਿਆਂ ਲਈ ਅਜਿਹਾ ਪਲੈਟਫਾਰਮ ਹੈ, ਜੋ ਪਹਿਲ ਦੇ ਅਧਾਰ ’ਤੇ ਬੱਚਿਆਂ ’ਚ ਚਾਰ ਤਰ੍ਹਾਂ ਦੀਆਂ ਆਦਤਾਂ ਦਾ ਵਿਕਾਸ ਕਰਦੀ ਹੈ :-
ਉੱਚ ਚਰਿੱਤਰ ਦਾ ਨਿਰਮਾਣ : ਜਿਸ ਨਾਲ ਬੱਚਿਆਂ ’ਚ ਸੱਚ ਬੋਲਣ, ਇਮਾਨਦਾਰ ਬਣਨ, ਅਨੁਸ਼ਾਸਨ ’ਚ ਰਹਿਣ, ਮਿਲ-ਜੁਲ ਕੇ ਕੰਮ ਕਰਨ ਤੇ ਦੂਜਿਆਂ ਦੀ ਮਦਦ ਕਰਨ ਜਿਹੀਆਂ ਆਦਤਾਂ ਦਾ ਵਿਕਾਸ ਹੁੰਦਾ ਹੈ।
ਚੰਗੀਆਂ ਸਿਹਤ ਆਦਤਾਂ ਦਾ ਗਠਨ : ਇਸ ਦੌਰਾਨ ਜਿੱਥੇ ਬੱਚਿਆਂ ’ਚ ਸਮੇਂ ਸਿਰ ਉੱਠਣ, ਸਮੇਂ ਸਿਰ ਸੌਣ, ਕਸਰਤ ਕਰਨ, ਨਹਾਉਣ, ਚੰਗਾ ਪੌਸ਼ਟਿਕ ਭੋਜਨ ਖਾਣ ਦੀ ਆਦਤ ਦਾ ਵਿਕਾਸ ਹੁੰਦਾ ਹੈ, ਉੱਥੇ ਹੀ ਕੈਂਪ ਦੌਰਾਨ ਬੱਚੇ ਮਿਲ-ਜੁਲ ਕੇ ਖਾਣਾ ਬਣਾਉਣ ਤੇ ਵਰਤਾਉਣ ਤੋਂ ਲੈ ਕੇ ਆਪਣੇ ਹਰ ਕੰਮ ਬਰਤਨ, ਕੱਪੜੇ ਸਾਫ਼ ਕਰਨ ਤੋਂ ਲੈ ਕੇ ਆਪਣਾ ਬਿਸਤਰਾ ਵਿਛਾਉਣ ਤਕ ਸਾਰੇ ਕੰਮ ਆਪਣੇ ਹੱਥੀਂ ਆਪ ਕਰਨਾ ਸਿੱਖਦੇ ਹਨ, ਯਾਨੀ ਉਹ ਆਤਮ-ਨਿਰਭਰ ਹੋਣਾ ਸਿੱਖਦੇ ਹਨ।
ਦਸਤਕਾਰੀ ਦੀ ਸਿਖਲਾਈ ਤੇ ਉਪਯੋਗੀ ਹੁਨਰਾਂ ਦੀ ਪ੍ਰਾਪਤੀ : ਇਸ ਦੌਰਾਨ ਬੱਚਿਆਂ ਨੂੰ ਸਾਹਸੀ ਗਤੀਵਿਧੀਆਂ ਜਿਵੇਂ ਟਰੈਕਿੰਗ, ਕੈਂਪਿੰਗ, ਹਾਈਕਿੰਗ, ਪਰਬਤਾਰੋਹ, ਮੈਪਿੰਗ, ਵੁੱਡਕਰਾਫਟ ਦੇ ਚਿੰਨ੍ਹ, ਸਾਈਕਲਿੰਗ, ਇੰਟੈਲੀਜੈਂਸ, ਕੰਪਾਸ ਤੇ ਸਿਗਨਲਿੰਗ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦੀ ਆਫ਼ਤ ਸਮੇਂ ਵਿਦਿਆਰਥੀ ਇਸ ਟ੍ਰੇਨਿੰਗ ਦਾ ਇਸਤੇਮਾਲ ਕਰ ਕੇ ਮੁਸੀਬਤ ’ਚ ਫਸੇ ਅਨੇਕਾਂ ਲੋਕਾਂ ਦੀ ਮਦਦ ਕਰ ਸਕਦੇ ਹਨ।
ਕੁਸ਼ਲਤਾ ਨਾਲ ਸੇਵਾ ਕਰਨ ਦੀ ਭਾਵਨਾ ਪੈਦਾ ਕਰਨਾ : ‘ਤਿਆਰ ਰਹੋ’ ਜਿਵੇਂ ਇਸ ਦੇ ਮੋਟੋ ਤੋਂ ਹੀ ਇਹ ਪਤਾ ਲੱਗ ਰਿਹਾ ਹੈ ਕਿ ਇਸ ’ਚ ਸਕਾਊਟਸ ਨੂੰ ਇਸ ਗੱਲ ਲਈ ਤਿਆਰ ਕੀਤਾ ਜਾਂਦਾ ਹੈ ਕਿ ਉਹ ਦੇਸ਼ ਦੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਹਰ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਵਚਨਬੱਧ ਰਹਿਣਗੇ ਤੇ ਹੜ੍ਹ, ਸੋਕਾ, ਭੂਚਾਲ ਤੇ ਬਿਮਾਰੀਆਂ ਆਦਿ ਜਿਹੀਆਂ ਕੁਦਰਤੀ ਆਫ਼ਤਾਂ ’ਚ ਫਸੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ। ਅੱਜ ਲੋੜ ਹੈ ਕਿ ਬੱਚਿਆਂ ਨੂੰ ਅਜਿਹੀਆਂ ਗਤਿਵਿਧੀਆਂ ਨਾਲ ਜੋੜਿਆ ਜਾਵੇ।
ਸਮੇਂ ਦੀ ਵੱਡੀ ਮੰਗ
ਸਕੂਲਾਂ ’ਚ ਜਿੱਥੇ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਅੱਜ ਦੇ ਸਮੇਂ ਦੀ ਵੱਡੀ ਮੰਗ ਹੈ ਕਿ ਬੱਚਿਆਂ ਨੂੰ ਸਕੂਲਾਂ ’ਚ ਵੱਧ ਤੋਂ ਵੱਧ ਐੱਨਐੱਸਐੱਸ, ਐੱਨਸੀਸੀ ਤੇ ਸਕਾਊਟਸ ਅਤੇ ਗਾਈਡਸ ਵਰਗੀਆਂ ਗਤੀਵਿਧੀਆਂ ਨਾਲ ਜੋੜਿਆ ਜਾਵੇ ਤਾਂ ਜੋ ਬੱਚਿਆਂ ’ਚ ਅਨੁਸ਼ਾਸਨ, ਦੇਸ਼ ਪਿਆਰ, ਆਤਮ-ਨਿਰਭਰਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਹੋਵੇ ਤੇ ਆਉਣ ਵਾਲੇ ਸਮੇਂ ’ਚ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋ ਨਿੱਬੜਨ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.