ਮਹਿਕ ਵਾਂਗ ਹੱਡਾਂ ਚ ਰਮਿਆ ਸਿਹਤਮੰਦ ਲੋਕ ਗਾਇਕੀ ਦਾ ਬਿਰਖ਼ ਅਮਰਜੀਤ ਗੁਰਦਾਸਪੁਰੀ - ਗੁਰਭਜਨ ਗਿੱਲ ਦੀ ਕਲਮ ਤੋਂ
ਜਿਸ ਮਹਿਕਦੇ ਬਿਰਖ਼ ਦੀ ਛੇ ਸੱਤ ਦਹਾਕੇ ਮਹਿਕਦੀ ਸੰਘਣੀ ਛਾਂ ਮਾਣੀ ਹੋਵੇ ਉਸ ਨੂੰ ਹੈ ਤੋਂ ਸੀ ਕਹਿਣਾ ਆਸਾਨ ਨਹੀਂ ਹੁੰਦਾ। ਮੇਰੇ ਆਪਣੇ ਮਨ ਦੀ ਹਾਲਤ ਵੀ ਲਗਪਗ ਇਹੋ ਜਹੀ ਹੈ। ਅਮਰਜੀਤ ਗੁਰਦਾਸਪੁਰੀ ਮੇਰੇ ਬਚਪਨ ਵੇਲੇ ਬਹੁਤ ਹੀ ਵੱਡੀ ਸਮਰਥਾ ਨਾਲ ਸਮਾਜ ਦੀ ਸਮਾਜਵਾਦੀ ਤਰਜ਼ ਦੀ ਉਸਾਰੀ ਅਤੇ ਸਭਿਆਚਾਰਕ ਇਨਕਲਾਬ ਦੇ ਪਾਂਧੀ ਬਣ ਚੁਕੇ ਸਨ।
ਮੈਂ ਮਈ 1953 ਨੂੰ ਜੰਮਿਆ ਤੇ ਉਹ ਉਦੋਂ 22 ਸਾਲ ਦੀ ਉਮਰ ਵਿੱਚ ਨਵੇਂ ਸੁਪਨਿਆਂ ਨੂੰ ਪਰਣਾਏ ਜਾ ਚੁਕੇ ਸਨ।
ਮੇਰੇ ਪਿੰਡ ਬਸੰਤਕੋਟ ਤੋਂ ਗੁਰਦਾਸਪੁਰੀ ਦੇ ਪਿੰਡ ਉੱਦੋਵਾਲੀ ਕਲਾਂ ਜਾਣਾ ਹੋਵੇ ਤਾਂ ਪੈਦਲ ਇੱਕ ਘੰਟਾ, ਸਾਈਕਲ ਤੇ ਪੰਦਰਾਂ ਮਿੰਟ ਹੀ ਲੱਗਦੇ ਨੇ। ਨਿਖਾਸੂ ਬਰਸਾਤੀ ਨਾਲੇ ਦੇ ਕੰਢੇ ਤੇ ਹੀ ਹੈ ਪੈਲੀਆਂ ਚ ਗੁਰਦਾਸਪੁਰੀ ਦਾ ਡੇਰਾ। ਤਪੱਸਵੀਆਂ ਵਾਂਗ ਇਥੇ ਹੀ ਪੂਰਾ ਜਨਮ ਗੁਜ਼ਾਰਿਆ। ਜ਼ੈਲਦਾਰ ਹਰਨਾਮ ਸਿੰਘ ਰੰਧਾਵਾ ਦਾ ਪੋਤਰਾ ਤੇ ਸਃ ਰਛਪਾਲ ਸਿੰਘ ਦਾ ਸਪੁੱਤਰ ਅਮਰਜੀਤ ਗੁਰਦਾਸਪੁਰੀ ਬਹੁਤ ਸਿੱਧਮ ਸਿੱਧੇ ਰਾਹਾਂ ਦਾ ਪਾਂਧੀ ਨਹੀਂ ਸੀ।
ਤੇਰਾ ਸਿੰਘ ਚੰਨ, ਜਸਵੰਤ ਸਿੰਘ ਰਾਹੀ ਨਰਿੰਦਰ ਦੋਸਾਂਝ, ਲੋਕ ਗਾਇਕਾ ਸੁਰਿੰਦਰ ਕੌਰ, ਬੀਬੀ ਮਹਿੰਦਰ ਨਵਤੇਜ ਸਿੰਘ, ਨਿਰੰਜਨ ਸਿੰਘ ਮਾਨ, ਹੁਕਮ ਚੰਦ ਖਲੀਲੀ, ਜਗਦੀਸ਼ ਫਰਿਆਦੀ ਅਤੇ ਜੁਗਿੰਦਰ ਬਾਹਰਲਾ ਦਾ ਸਾਥੀ ਬਣ ਕੇ ਉਸਨੇ ਬੰਬਈ
ਕਲਕੱਤੇ ਤੀਕ ਪੰਜਾਬੀ ਲੋਕ ਸੁਰਾਂ ਵਿਚ ਲਪੇਟੇ ਇਨਕਲਾਬੀ ਗੀਤਾਂ ਦੀ ਛਹਿਬਰ ਲਾਈ।ਉਸਦੀ ਸਹਿ ਗਾਇਕਾ ਵਜੋਂ ਇਸ ਇਨਕਲਾਬੀ ਸਫ਼ਰ ਦੌਰਾਨ ਪੰਜਾਬ ਦੀ ਕੋਇਲ ਵਜੋਂ
ਜਾਣੀ ਜਾਂਦੀ ਪੰਜਾਬੀ ਸੰਗੀਤ ਦੀ ਦੇਵੀ ਸੁਰਿੰਦਰ ਕੌਰ ਨੇ ਵੀ ਇਪਟਾ ਦੀਆਂ ਸਟੇਜਾਂ ਤੇ ਸਾਥ ਨਿਭਾਇਆ ।
ਤੇਰਾ ਸਿੰਘ ਚੰਨ ਦੇ ਲਿਖੇ ਸੰਗੀਤ
ਨਾਟਕ ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ ਅਤੇ ਲੱਕੜ ਦੀ ਲੱਤ ਵਿਚ ਵਿਸ਼ਵ ਅਮਨ ਲਹਿਰ
ਨੂੰ ਸਮਰਪਿਤ ਗੀਤਾਂ ਦਾ ਪਰਾਗਾ ਅਮਰਜੀਤ ਗੁਰਦਾਸਪੁਰੀ ਦੇ ਕੰਠ ਨੂੰ ਛੋਹ ਕੇ ਹੀ ਪੌਣਾਂ ਵਿਚ ਘੁਲਿਆ ।
ਰਸ ਭਰਪੂਰ ਵਾਰਤਕ ਦੇ ਲਿਖਾਰੀ ਅਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਨਿੰਦਰ ਘੁਗਿਆਣਵੀ ਨੇ 2010 ਵਿੱਚ ਅਮਰਜੀਤ ਗੁਰਦਾਸਪੁਰੀ ਦੇ ਜੀਵਨ ਦੇ ਆਧਾਰਿਤ ਇਕ ਟੈਲੀ ਫਿਲਮ
ਬਣਾਈ ਤਾਂ ਉਸ ਵਿੱਚ ਉਸ ਦੀਆਂ ਜੀਵਨ ਯਾਦਾਂ ਅਤੇ ਲੋਕ ਗਾਇਕੀ ਦੇ ਕੁਝ ਨਮੂਨੇ ਵੀ ਅੰਕਿਤ ਕੀਤੇ ਹਨ। ਇਸ ਫਿਲਮ ਵਿੱਚ ਅਮਰਜੀਤ ਗੁਰਦਾਸਪੁਰੀ ਦਾ ਜੀਵਨ ਭਰ ਕੀਤਾ ਸੰਘਰਸ਼ ਭਾਵੇਂ ਕਿਣਕਾ ਮਾਤਰ ਹੀ ਅੰਕਿਤ ਹੋ ਸਕਿਆ ਪਰ ਖੂਬਸੂਰਤ ਯਤਨ ਲਈ ਪੰਜਾਬੀ ਭਾਈਚਾਰਾ ਉਸ ਦਾ ਰਹਿੰਦੀ ਦੁਨੀਆ ਤੀਕ ਰਿਣੀ ਰਹੇਗਾ। ਇਹ ਫਿਲਮ ਆਮ ਬੰਦਿਆਂ ਲਈ ਭਾਵੇਂ ਬਹੁਤੀ ਦਿਲਚਸਪੀ ਦਾ ਵਸੀਲਾ ਨਾ ਬਣ ਸਕੀ ਪਰ ਇਤਹਾਸ ਦੇ ਵਾਕਫਕਾਰਾਂ ਲਈ ਸੰਭਾਲਣਯੋਗ ਤੋਹਫਾ ਬਣ ਗਈ। ਗੁਰਪ੍ਰੀਤ ਸਿੰਘ ਤੂਰ ਅਤੇ ਪਿਰਥੀਪਾਲ ਸਿੰਘ ਹੇਅਰ ਬਟਾਲਾ ਨੇ ਇਸਦੇ ਪਸਾਰ ਦੀ ਜ਼ਿੰਮੇਵਾਰੀ ਨਿਭਾਈ। ਬਾਬਾਣੀਆਂ ਕਹਾਣੀਆਂ, ਪੁੱਤ ਸਪੁੱਤ ਕਰੇਨਿ।
ਸ਼ਬਦੀਸ਼ ਅਤੇ ਅਨੀਤਾ ਸ਼ਬਦੀਸ਼ ਵਲੋਂ ਜਦ ਸ. ਗੁਰਸ਼ਰਨ ਸਿੰਘ ਨਾਟਕਕਾਰ ਬਾਰੇ ਦਸਤਾਵੇਜੀ ਫਿਲਮ ਬਣਾਈ ਗਈ ਤਾਂ ਇਪਟਾ ਦੇ ਜ਼ਿਕਰ ਵੇਲੇ ਜਦ ਅਮਰਜੀਤ ਗੁਰਦਾਸਪੁਰੀ ਦੀ ਤਸਵੀਰ ਵੇਖੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨਾਲ ਮਿਰਜ਼ਾ ਸਾਹਿਬਾਂ ਗਾਂਉਦਿਆਂ ਤਾਂ ਇੰਝ ਲੱਗਾ ਜਿਵੇਂ ਅਮਰਜੀਤ ਗੁਰਦਾਸਪੁਰੀ ਨੁੰ
ਢਿੱਡੋਂ ਪਿਆਰ ਕਰਨ ਵਾਲਾ ਗੁਰਸ਼ਰਨ ਸਿੰਘ ਤਾਂ ਚਲਾ ਗਿਆ ਹੈ ਪਰ ਨਵੀਂ ਪੀੜ੍ਹੀ ਨੂੰ ਉਸ ਦੇ
ਗੁਣਾਂ ਬਾਰੇ ਦੱਸਣ ਦੀ ਜ਼ਿਮੇਵਾਰੀ ਹੁਣ ਵਕਤ ਦੀ ਹੈ।
ਸਾਲ 1931 ਦੇ ਸਾਉਣ ਮਹੀਨੇ ਦੀ 26 ਤਰੀਕ ਨੂੰ ਅਮਰਜੀਤ ਨੇ
ਸਰਦਾਰ ਰਛਪਾਲ ਸਿੰਘ ਰੰਧਾਵਾ ਦੇ ਘਰ ਬੀਬੀ ਹਰਬੰਸ ਕੌਰ ਦੀ ਕੁਖੋਂ ਜਨਮ ਲਿਆ । ਸਿਰਫ਼ 32 ਸਾਲ ਦੀ ਉਮਰ ਹੰਢਾ ਕੇ ਉਸਦੇ ਪਿਤਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਅਮਰਜੀਤ ਗੁਰਦਾਸਪੁਰੀ ਦੇ ਪਿੰਡ ਵਿਚ ਰਹਿੰਦਾ ਇਕ ਨੌਜੁਆਨ ਬਾਬਾ ਦਰਸ਼ੋ ਅਕਸਰ ਗਲੀਆਂ ਵਿਚ ਵਾਰਸ ਸ਼ਾਹ ਦੀ ’ਹੀਰ’, ਪੀਲੂ ਦਾ ’ਮਿਰਜ਼ਾ’ ਅਤੇ ਕਾਦਰ ਯਾਰ ਦਾ ’ਪੂਰਨ ਭਗਤ’
ਗਾਉਂਦਾ ਫਿਰਦਾ । ਪਿੰਡ ਦੇ ਮੁੰਡੇ ਅਕਸਰ ਉਸਦੀ ਆਵਾਜ਼ ਨਾਲ ਸੁਰ ਮਿਲਾਉਂਦੇ । ਅਮਰਜੀਤ
ਵੀ ਉਨ੍ਹਾਂ ਮੁੰਡਿਆਂ ਵਿਚੋਂ ਇਕ ਹੁੰਦਾ । ਉਸਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਹੀ ਸ਼ੌਂਕ ਉਸ ਲਈ ਜ਼ਿੰਦਗੀ ਦਾ ਗਹਿਣਾ ਬਣ ਜਾਵੇਗਾ । ਬਾਬਾ ਦਰਸ਼ੋ ਰਵਾਇਤੀ ਮਿਰਜ਼ਾ
ਸਾਹਿਬਾਂ ਦੀ ਥਾਂ ਲੋਕ ਅੰਗ ਵਿਚ ਲਿਖੇ ਮਿਰਜ਼ੇ ਦੇ ਬੋਲ ਅਲਾਪਦਾ ।
ਨੀਂ ਦਿੱਲੀਏ ਕਾਗਾਂ ਹਾਰੀਏ, ਨੀ ਤੇਰਾ ਸੂਹਾ ਨੀ ਚੰਦਰੀਏ ਬਾਣਾ
.......
ਇਸ ਵਿਚ ਉਹ 360 ਬਲਦ ਲੱਦ ਕੇ ਲੂਣ ਦਾ ਵਪਾਰ ਕਰਨ ਵਾਲੇ ਲੁਬਾਣੇ ਦਾ ਵੀ ਜ਼ਿਕਰ ਕਰਦਾ,
ਜਿਸ ਵਿਚ ਉਸ ਦੀ ਲੁਬਾਣੀ ਦੀ ਮੌਤ ਦਾ ਵੀ ਜ਼ਿਕਰ ਹੁੰਦਾ ।
ਮਿਰਜ਼ੇ ਦੀ ਸਾਹਿਬਾਂ ਨੂੰ ਉਹ
ਲੁਬਾਣਾ ਆਪਣੇ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ ਪਰ ਸਾਹਿਬਾਂ ਆਪਣੇ ਮਿਰਜ਼ੇ ਦੀ ਮੌਤ
ਦਾ ਵੇਰਵਾ ਕਰਦੀ । ਇਸ ਵਿਚ ਅੰਤਲਾ ਬੰਦ ਇਹੀ ਹੁੰਦਾ ਕਿ ਸਾਹਿਬਾਂ ਆਪਣੇ ਮਹਿਬੂਬ
ਮਿਰਜ਼ੇ ਦੀ ਮੌਤ ਨੂੰ ਦਸਦੀ-ਦਸਦੀ ਆਪਣੇ ਆਪ ਨੂੰ ਵੀ ਸਰਵਾਹੀ ਭਾਵ ਤਲਵਾਰ ਨਾਲ ਖਤਮ ਕਰ
ਲੈਂਦੀ ਹੈ ।
ਇਸ ਵਿਚਲਾ ਦਰਦ ਜਦੋਂ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਵਿਚ ਘੁਲ ਕੇ ਪੇਸ਼ ਹੁੰਦਾ ਹੈ ਤਾਂ ਉਹ ਦ੍ਰਿਸ਼ ਜਾਗਦਿਆਂ ਤਾਂ ਕੀ ਸੁੱਤਿਆਂ ਸੁੱਤਿਆਂ ਵੀ ਅੱਖਾਂ ਅੱਗੋਂ ਨਹੀਂ ਜਾਂਦਾ । ਇਹ ਪਹਿਲਾ ਗੀਤ ਸੀ ਜਿਸ ਨੇ ਅਮਰਜੀਤ ਨੂੰ ਗਾਇਕੀ ਦੇ ਰਾਹ ਤੋਰਿਆ। ਤੇਜਾ ਸਿੰਘ ਸੁਤੰਤਰ, ਕਾਮਰੇਡ ਗੋਪਾਲ ਸਿੰਘ ਠੱਠਾ, ਦਲੀਪ ਸਿੰਘ ਟਪਿਆਲਾ, ਕਾਮਰੇਡ ਵਾਸਦੇਵ ਸਿੰਘ ਝੰਗੀ,
ਫ਼ਜ਼ਲਾਬਾਦ (ਗੁਰਦਾਸਪੁਰ) ਦੇ ਕਾਮਰੇਡ ਹਰਭਜਨ ਸਿੰਘ , ਕ੍ਰਿਪਾਲ ਸਿੰਘ ਤੇ ਬਲਜੀਤ ਸਿੰਘ ਫ਼ਜ਼ਲਾਬਾਦ ਨਾਲ ਅਮਰਜੀਤ ਦੀ ਦੋਸਤੀ ਨੇ ਅਜਿਹਾ ਸੂਹਾ ਰੰਗ ਚਾੜ੍ਹਿਆ ਕਿ ਉਹ ਆਪ ਇਸ ਰਸਤੇ ਦਾ ਪੱਕਾ ਪਾਂਧੀ ਬਣ ਗਿਆ।
1952 ਵਿਚ ਉਸਨੇ ਫ਼ਜ਼ਲਾਬਾਦ ਵਿਖੇ ਹੋਈ ਕਿਸਾਨ ਕਾਨਫਰੰਸ ਵਿਚ ਪਹਿਲੀ ਵਾਰ ਮੰਚ ਤੇ
ਖਲੋ ਕੇ ਇਹ ਗੀਤ ਗਾਇਆ।
ਅੱਗੇ ਨਾਲੋਂ ਵਧ ਗਈਆਂ ਹੋਰ ਮਜ਼ਬੂਰੀਆਂ ।
ਹੁਣ ਨਹੀਉਂ ਹੁੰਦੀਆਂ, ਸਬਰ ਸਬੂਰੀਆਂ ।
ਇਹ ਗੀਤ ਗਾਉਣ ਤੋਂ ਪਹਿਲਾਂ ਉਹ ਸਿਰਫ਼ ਪਿੰਡ ਦਾ ਜਵਾਈ-ਭਾਈ ਸੀ ਜਿਸਨੂੰ ਉਸਦੇ
ਰਿਸ਼ਤੇਦਾਰ ਮੁੰਡਿਆਂ ਨੇ ਇਹ ਕਹਿ ਕੇ ਸਟੇਜ ਤੇ ਚਾੜ੍ਹ ਦਿੱਤਾ ਸੀ ਕਿ ਸਾਡਾ ਪਰਾਹੁਣਾ ਵੀ ਗਾਉਂਦੈ, ਇਹਨੂੰ ਸੁਣੋ । ਇਸ ਤੋਂ ਬਾਅਦ ਅਮਰਜੀਤ ਗੁਰਦਾਸਪੁਰੀ ਵਿਸ਼ਾਲ ਲੋਕ ਸਮੂਹ
ਦਾ ਚਹੇਤਾ ਗਵਈਆ ਬਣ ਗਿਆ।
ਸੋਲਾਂ ਸਾਲ ਦਾ ਸੀ ਜਦ ਦੇਸ਼ ਵੰਡਿਆ ਗਿਆ। ਬਚਪਨ ਦੇ ਹਾਣੀ ਤੇ ਦਿਲਾਂ ਦੇ ਜਾਨੀ ਮੁਨੀਰ ਵਰਗੇ ਰਾਵੀਉਂ ਪਾਰ ਚਲੇ ਗਏ। ਧੀਆਂ ਵਾਲੇ ਮਾਪੇ ਜਦ ਫ਼ਿਕਰਮੰਦੀ ਚ ਡੁੱਬਣ ਲੱਗੇ ਤਾਂ ਗੁਰਦਾਸਪੁਰੀ ਦੇ ਵੱਡਿਆਂ ਨੇ ਜਵਾਨ ਮੁੰਡਿਆਂ ਨੂੰ ਵੰਗਾਰਿਆ ਤੇ ਕਿਹਾ, ਤੁਹਾਡੀਆਂ ਭੈਣਾਂ ਨੇ, ਮਿਲਟਰੀ ਕੈਂਪਾਂ ਚ ਛੱਡ ਕੇ ਆਉ। ਗੁਰਦਾਸਪੁਰੀ ਉਨ੍ਹਾਂ ਗੱਭਰੂਆਂ ਚੋਂ ਮੋਹਰੀ ਸੀ ਜੋ ਮੁਸਲਮਾਨ ਧੀਆਂ ਨੂੰ ਪਿੰਡੋਂ ਮਿਲਟਰੀ ਕੈਂਪ ਤੀਕ ਪਹੁੰਚਾ ਕੇ ਆਇਆ।
ਸ਼ਾਇਦ ਇਸੇ ਚੀਸ ਨੂੰ ਚੇਤੇ ਕਰਕੇ ਉਹ ਅਹਿਮਦ ਰਾਹੀ ਦਾ ਇਹ ਗੀਤ ਰੂਹ ਚ ਭਿੱਜ ਕੇ ਅਕਸਰ ਸੁਣਾਉਂਦਾ।
ਚੁੰਨੀ ਮੇਰੀ ਲੀਰਾਂ ਕਤੀਰਾਂ ਵੇ ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ
ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ
ਰਾਤ ਹਨੇਰੀ ਖਿੱਲੀਆਂ ਮਾਰੇ
ਸਹਿਕ ਰਹੀਆਂ ਤਕਦੀਰਾਂ,
ਵੇ ਭੈਣਾਂ ਦਿਓ ਵੀਰੋ !
ਟੁੱਟੀਆਂ ਸਾਰੀਆਂ ਹੱਦਾਂ ਬੰਨੇ
ਇਥੇ ਸਾਰੇ ਹੋ ਗਏ ਅੰਨ੍ਹੇ
ਭੈਣਾਂ ਲੁੱਟੀਆਂ ਵੀਰਾਂ,
ਵੇ ਭੈਣਾਂ ਦਿਓ ਵੀਰੋ !
ਲੇਖਾਂ ਉਤੇ ਸਿਆਹੀਆਂ ਡੁਲ੍ਹੀਆਂ
ਸੇਜੋਂ ਡਿੱਗ ਕੇ ਪੈਰੀਂ ਰੁਲੀਆਂ
ਸੱਸੀਆਂ, ਸੋਹਣੀਆਂ, ਹੀਰਾਂ,
ਵੇ ਭੈਣਾਂ ਦਿਓ ਵੀਰੋ !
ਭੈਣ ਕਿਸੇ ਦੀ ਪਈ ਕੁਰਲਾਵੇ
ਖੁੰਝਿਆ ਵੇਲਾ ਹੱਥ ਨਾ ਆਵੇ
ਕਰ ਲਉ ਕੁਝ ਤਦਬੀਰਾਂ, ਭੈਣਾਂ ਦਿਓ ਵੀਰੋ !
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ।
ਦਰਦ ਦੀ ਵਾਰਤਾ ਅੱਗੇ ਤੁਰਦੀ ਹੈ।
ਨਾ ਕੋਈ ਆਇਆ ਸਿਹਰਿਆਂ ਵਾਲਾ। ਜਿਸਦੇ ਹੱਥ ਜੀਹਦੀ ਬਾਂਹ ਆਈ
ਲੈ ਗਿਆ ਜ਼ੋਰੋ ਜ਼ੋਰੀ।
ਵੇ ਭੈਣਾਂ ਦਿਉ ਵੀਰੋ।
ਆਜ਼ਾਦੀ ਦੇ ਨਾਮ ਤੇ ਹੋਈ ਬਰਬਾਦੀ ਨੂੰ ਉਹ ਚੇਤੇ ਕਰਕੇ ਸਾਰੀ ਉਮਰ ਉਦਾਸ ਰਿਹਾ। ਲੋਕ ਸੰਘਰਸ਼ਾਂ, ਕਿਸਾਨੀ ਮੋਰਚਿਆਂ ਤੇ ਹਰ ਜਬਰ ਜ਼ੁਲਮ ਨਾਲ ਟੱਕਰ ਵੇਲੇ ਉਹ ਲੋਕਾਂ ਨਾਲ ਖਲੋਂਦਾ।
ਮੇਰੇ ਬਚਪਨ ਵੇਲੇ ਇਕ ਅਸੈਂਬਲੀ ਚੋਣ ਸੀ ਕੋਈ। ਡੇਰਾ ਬਾਬਾ ਨਾਨਕ ਵਾਲੇ ਕਮਿਉਨਿਸਟ ਆਗੂ ਤੇ ਕਵੀ ਜਸਵੰਤ ਸਿੰਘ ਰਾਹੀ ਉਮੀਦਵਾਰ ਸਨ। ਟਰਾਲੀ ਵਿੱਚ ਸਟੇਜ ਲਾ ਕੇ ਪਿੰਡੋ ਪਿੰਡੀਂ ਅਮਰਜੀਤ ਗੁਰਦਾਸਪੁਰੀ ਤੇ ਹੋਰ ਕਲਾਕਾਰ ਪਰਚਾਰ ਕਰ ਰਹੇ ਸਨ
ਗਾ ਰਹੇ ਸਨ
ਗੌਰਮਿੰਟ ਨੇ ਝੱਗਾ ਦਿੱਤਾ ਪਾ ਲਉ ਲੋਕੋ ਪਾ ਲਉ।
ਅੱਗਾ ਪਿੱਛਾ ਹੈ ਨਹੀਂ ਜੇ ਤੇ ਬਾਹਵਾਂ ਆਪ ਲੁਆ ਲਉ।
ਇੱਕ ਹੋਰ ਗੀਤ ਸੀ ਉਸ ਵੇਲੇ ਦੇ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਦੀ ਕੈਰੋਂ ਸ਼ਾਹੀ ਦੇ ਖ਼ਿਲਾਫ਼
ਚਾਚਾ ਚੋਰ ਭਤੀਜਾ ਡਾਕੂ
ਬਈ ਚੰਗਾ ਤੇਰਾ ਰਾਜ ਵੇਖਿਆ।
ਉਸ ਦੀ ਕਤਰਾਵੀਂ ਦਾਹੜੀ ਤੇ ਸੁਰਖ਼ ਚਿਹਰਾ ਮੇਰੀਆਂ ਅੱਖਾਂ ਅੱਗੋਂ ਕਦੇ ਨਹੀਂ ਗਿਆ।
ਪੰਨਾ 2
ਅਮਰਜੀਤ ਗੁਰਦਾਸਪੁਰੀ ਭਾਵੇਂ ਜ਼ੈਲਦਾਰਾਂ ਦਾ ਪੁੱਤਰ ਸੀ ਪਰ ਉਸ ਦੀ ਰੂਹ ਵਿੱਚ ਫ਼ਕੀਰੀ ਸੀ। ਉਸਦੀ ਮੁਹੱਬਤ ਲੋਕਾਈ ਨਾਲ ਸੀ, ਸੱਤਾ ਤੇ ਕੁਰਸੀ ਉਸ ਨੇ ਗੁਲਾਮ ਬਣਾ ਕੇ ਰੱਖੀਆਂ। ਪ੍ਰੋਃ ਪੂਰਨ ਸਿੰਘ ਦੇ ਨਮੂਨੇ ਦਾ ਪੰਜਾਬੀ ਜਵਾਨ ਸੀ ਜੋ ਕਿਸੇ ਦੀ ਟੈਂ ਨਹੀਂ ਮੰਨਦਾ।
ਉਸ ਦੇ ਗਾਏ ਗੀਤਾਂ ਚੋਂ ਅਸਲ ਪੰਜਾਬ ਝਲਕਦਾ ਹੈ। ਉਸ ਨੇ ਜਿੱਥੇ ਬਾਬਾ ਵਾਰਿਸ ਸ਼ਾਹ ਗਾਇਆ ਓਥੇ ਬਾਬਾ ਬੁੱਲੇਸ਼ਾਹ, ਸੁਲਤਾਨ ਬਾਹੂ, ਪੀਰ ਫ਼ਜ਼ਲ ਹੁਸੈਨ ਗੁਜਰਾਤੀ, ਅੰਮ੍ਰਿਤਾ ਪ੍ਰੀਤਮ , ਤੇਰਾ ਸਿੰਘ ਚੰਨ, ਕਰਤਾਰ ਸਿੰਘ ਬਲੱਗਣ, ਸ਼ਿਵ ਕੁਮਾਰ, ਵੱਸਣ ਸਿੰਘ ਮਸਤਾਨਾ, ਅਮਰ ਚਿਤਰਕਾਰ ਤੇ ਕਈ ਹੋਰ ਸ਼ਾਇਰਾਂ ਦਾ ਕਲਾਮ ਗਾਇਆ ਉਥੇ ਮੈਨੂੰ ਵੀ ਮਾਣ ਹੈ ਕਿ ਮੇਰੇ ਗੀਤਾਂ ਨੂੰ ਵੀ ਗੁਰਦਾਸਪੁਰੀ ਨੇ ਕੰਠ ਛੁਹਾਇਆ।
ਸਾਨੂੰ ਮੋੜ ਦਿਉ ਰੰਗਲਾ ਪੰਜਾਬ
ਅਸੀਂ ਨਹੀਂ ਕੁਝ ਹੋਰ ਮੰਗਦੇ।
ਅਸਲ ਚ ਇਹ ਗੀਤ ਮੈਂ ਲਿਖਿਆ ਹੀ ਗੁਰਦਾਸਪੁਰੀ ਦੇ ਕਹਿਣ ਤੇ ਸੀ। ਇਪਟਾ ਦੀ 50ਵੀਂ ਸਾਲਗਿਰਾ ਤੇ ਪੰਜਾਬੀ ਭਵਨ ਵਿੱਚ ਸਮਾਗਮ ਤੋਂ ਬਾਦ ਅਸੀਂ ਰਾਮ ਸਰੂਪ ਅਣਖੀ ਜੀ ਸਮੇਤ ਸਃ ਜਗਦੇਵ ਸਿੰਘ ਜੱਸੋਵਾਲ ਦੇ ਚੁਬਾਰੇ ਵਿੱਚ ਬੈਠੇ ਸਾਂ। ਬੰਬਈ ਤੋਂ ਆਇਆ ਪ੍ਰਸਿੱਧ ਸੰਗੀਤਕਾਰ ਕੁਲਦੀਪ ਸਿੰਘ ਤਾਰਾ ਸਿੰਘ ਦੀ ਰਚਨਾ
ਕਾਹਨੂੰ ਬਾਲਦੈਂ ਬਨੇਰਿਆਂ ਤੇ ਮੋਮ ਬੱਤੀਆਂ।
ਲੰਘ ਜਾਣ ਦੇ ਬਾਜ਼ਾਰ ਚੋਂ ਹਵਾਵਾਂ ਤੱਤੀਆਂ।
ਗਾ ਕੇ ਸੁਣਾ ਰਿਹਾ ਸੀ। ਗੁਰਦਾਸਪੁਰੀ ਬੋਲਿਆ ਕਿ ਅਸੀਂ ਪੰਜਾਬੀ ਤੱਤੀਆਂ ਹਵਾਵਾਂ ਨੱਥਣਾ ਜਾਣਦੇ ਹਾਂ। ਸਾਡੇ ਮੁੰਡੇ ਗੀਤ ਲਿਖਣਗੇ, ਅਸੀਂ ਗਾਵਾਂਗੇ ਗਲੀ ਗਲੀ ਗਲੀ ਮੁਹੱਲੇ। ਉਸ ਜਾਨ ਦੀ ਪਰਵਾਹ ਕੀਤੇ ਬਿਨ ਥਾਂ ਥਾਂ ਇਹੋ ਜਹੇ ਅਨੇਕਾਂ ਗੀਤ ਗਾਏ।
ਨੀ ਚਿੜੀਏ ਉੱਡਦੀ ਰਹੀਂ,
ਤੇਰੇ ਮਗਰ ਨੇ ਲੱਗੇ ਸ਼ਿਕਾਰੀ।
ਅਮਰਜੀਤ ਗੁਰਦਾਸਪੁਰੀ ਰੇਡੀਓ ਤੋਂ ਲੰਮਾ ਸਮਾਂ ਦੇਸ਼ ਉਸਾਰੀ, ਵਿਰਾਸਤ ਤੇ ਅਗਾਂਹਵਧੂ ਸੋਚ ਦੇ ਗੀਤ ਗਾਉਂਦਾ ਰਿਹਾ। ਉਸ ਦੇ ਰੇਡੀਉ ਕਲਾਕਾਰ ਬਣਨ ਦੀ ਕਹਾਣੀ ਵੀ ਬੜੀ ਵਤਿੱਤਰ ਹੈ। ਉਸ ਨੇ ਆਡੀਸ਼ਨ ਵਾਲਾ ਫਾਰਮ ਵੀ ਆਪ ਨਹੀਂ ਸੀ ਭਰਿਆ। ਰੇਡੀਉ ਚ ਕੰਮ ਕਰਨ ਵਾਲੇ ਸੱਤ ਪਾਲ ਤਾਲਿਬ (ਦੇਹਾਤੀ ਪ੍ਰੋਗਰਾਮ ਵਾਲੇ ਫੌਜਾ ਸਿੰਘ)ਨੇ ਹੀ ਉਸ ਦਾ ਫਾਰਮ ਭਰਿਆ, ਦਸਤਖ਼ਤ ਕੀਤੇ ਤੇ ਫੀਸ ਤਾਰੀ। ਗੁਰਦਾਸਪੁਰੀ ਨੇ ਸਿਰਫ਼ ਆਡੀਸ਼ਨ ਦਿੱਤੀ ਤੇ ਪਾਸ ਹੋ ਗਿਆ।
ਰੇਡੀਓ ਤੋਂ ਉਸ ਨੰਦ ਲਾਲ ਨੂਰਪੁਰੀ ਜੀ ਦਾ ਇਹ ਗੀਤ ਬੇਅੰਤ ਵਾਰ ਗਾਇਆ
ਬੱਲੇ ਓ ਕਿਸਾਨੋ ਬੱਲੇ ਬੱਲੇ ਜਿਮੀਂਦਾਰੋ
ਹੋਰ ਹੱਲਾ ਮਾਰੋ ਸ਼ੇਰੋ ਹੋਰ ਹੱਲਾ ਮਾਰੋ।
ਦੇਸ਼ ਵਿੱਚ ਵੰਡ ਦਿਉ ਪ੍ਰੇਮ ਤੇ ਪਿਆਰ ਨੂੰ।
ਨਵਾਂ ਨਵਾਂ ਰੂਪ ਚਾੜ੍ਹੋ ਪਿੰਡ ਦੀ ਬਹਾਰ ਨੂੰ।
ਰੰਗ ਦਿਓ ਹੋਲੀਆਂ ਤੇ ਹੌਸਲੇ ਉਭਾਰੋ।
ਹੋਰ ਹੱਲਾ ਮਾਰੋ ਸ਼ੇਰੋ…….
ਹਰ ਗਾਇਕ ਦਾ ਕੋਈ ਅਜਿਹਾ ਗੀਤ ਹੁੰਦਾ ਹੈ ਜੋ ਉਸ ਦਾ ਪਛਾਣ ਚਿੰਨ੍ਹ ਬਣ ਜਾਵੇ। ਗੁਰਦਾਸਪੁਰੀ ਦਾ ਪਛਾਣ ਚਿੰਨ੍ਹ ਗੀਤ ਚਿੱਟੀ ਚਿੱਟੀ ਪਗੜੀ ਤੇ ਘੁੱਟ ਘੁੱਟ ਬੰਨ੍ਹ ਸੀ।
ਇਸ ਗੀਤ ਦੀ ਸਿਰਜਣਾ ਬਾਰੇ ਉਹ ਆਪ ਦੱਸਦਾ ਹੁੰਦਾ ਸੀ ਕਿ ਕਿਵੇਂ ਜਲੰਧਰ ਜਾਂਦਿਆਂ ਉਹ ਬਾਬਾ ਬਕਾਲਾ ਰੁਕਿਆ ਜਿੱਥੇ ਉਸ ਦੇ ਸੱਜਣ ਪਿਆਰੇ ਪਰਿਵਾਰ ਦਾ ਕਾਮਾ ਇਹ ਗੀਤ ਗੁਣਗੁਣਾ ਰਿਹਾ ਸੀ। ਟੁੱਟਵੀਆਂ ਤੰਦਾਂ ਸਨ। ਉਸ ਨੋਟ ਕਰ ਲਿਆ ਤੇ ਕਵਿਤਾ ਰਸਾਲੇ ਦੇ ਸੰਪਾਦਕ ਸਃ ਕਰਤਾਰ ਸਿੰਘ ਬਲੱਗਣ ਜੀ ਤੋਂ ਅੰਮ੍ਰਿਤਸਰ ਜਾ ਕੇ ਪੁਨਰ ਸੁਰਜੀਤ ਕਰਵਾ ਲਿਆ।
ਗੀਤ ਇੰਜ ਬਣਿਆ
ਚਿੱਟੀ ਚਿੱਟੀ ਪਗੜੀ ਤੇ ਘੁੱਟ ਘੁੱਟ ਬੰਨ੍ਹ
ਭਲਾ ਵੇ ਮੈਨੂੰ ਤੇਰੀ ਸਹੁੰ ਈ
ਵਿੱਚ ਵੇ ਗੁਲਾਬੀ ਫੁੱਲ ਟੰਗਿਆ ਕਰ।
ਤੇਰੇ ਪੈਰੀਂ ਜੁੱਤੀ ਚਾਨਣੀ ਤੇ ਰੁਮਾਲ ਹੱਥ ਲਾਲ ਸੂਹਾ,
ਭਲਾ ਵੇ ਮੈਨੂੰ ਤੇਰੀ ਸਹੁੰ ਈ
ਸਾਡੀ ਵੀ ਗਲ਼ੀ ਚੋਂ ਕਦੀ ਲੰਘਿਆ ਕਰ।
ਤੇਰੇ ਅੱਗੇ ਚਰਖ਼ੀ ਰਾਂਗਲੀ ਤੇ ਪਿੱਛੇ ਪੀੜ੍ਹਾ ਲਾਲ
ਭਲਾ ਵੇ ਮੈਨੂੰ ਤੇਰੀ ਸਹੁੰ ਈ
ਬਹਿ ਕੇ ਪਰਛਾਵੇਂ ਨੀ ਤੂੰ ਕੱਤਿਆ ਕਰ।
ਤੇ ਨਿੱਕੀਆਂ ਨਿੱਕੀਆਂ ਉਂਗਲੀਆਂ ਵਿੱਚ ਛੱਲੇ ਛਾਪਾਂ ਮੁੰਦਰੀਆਂ,
ਭਲਾ ਵੇ ਮੈਨੂੰ ਤੇਰੀ ਸਹੁੰ ਈ,
ਚੀਚੀ ਦੇ ਹੁਲਾਰੇ ਤੰਦ ਸੁੱਟਿਆ ਕਰ।
ਗੋਰੀਏ ਜੇ ਕੋਈ ਭੁੱਲ ਜਾਵੇ ਕੋਈ ਤੇਰੀ ਗਲੀ ਵਿੱਚ,
ਭਲਾ ਵੇ ਮੈਨੂੰ ਤੇਰੀ ਸਹੁੰ ਈ
ਰਾਹ ਭੁੱਲੇ ਰਾਹੀਆਂ ਨੂੰ ਤੂੰ ਦੱਸਿਆ ਕਰ।
ਤੇਹ ਲੱਗ ਜਾਂਦੀ ਤੇਰੇ ਰੂਪ ਦੀ ਦੁਪਹਿਰ ਵਿੱਚ
ਪਾਣੀ ਦਾ ਵੀ ਘੁੱਟ ਕਦੇ ਪੁੱਛਿਆ ਕਰ।
25 ਦਸੰਬਰ 1978 ਨੂੰ ਮੈਂ ਕਿਲ੍ਹਾ ਰਾਇਪੁਰ(ਲੁਧਿਆਣਾ) ਵਿਆਹੁਣ ਗਿਆ ਤਾਂ ਨਾਵਲਕਾਰ ਜਸਵੰਤ ਸਿੰਘ ਕੰਵਲ, ਪ੍ਰਿੰਃ ਸਰਵਣ ਸਿੰਘ, ਹਰਭਜਨ ਸਿੰਘ ਬਾਜਵਾ ਬਟਾਲਾ,ਸ਼ਮਸ਼ੇਰ ਸਿੰਘ ਸੰਧੂ ਤੇ ਵਿਅੰਗ ਲੇਖਕ ਸਃ ਸੂਬਾ ਸਿੰਘ
ਬਾਰਾਤੀ ਸਨ ਅਮਰਜੀਤ ਗੁਰਦਾਸਪੁਰੀ ਸਮੇਤ।
ਲਾਵਾਂ ਫੇਰਿਆਂ ਤੇ ਉਸ ਮੇਰਾ ਸਿਹਰਾ ਗਾਇਆ ਜੋ ਸਃ ਗੁਰਚਰਨ ਸਿੰਘ ਬੋਪਾਰਾਏ ਦਾ ਲਿਖਿਆ ਹੋਇਆ ਹੈ।
ਰਹੇ ਵਾਲ਼ ਸੁਨਹਿਰੀ ਲਮਕ ਕੁੜੇ, ਇਹਤੋਂ ਤਾਰੇ ਮੰਗਣ ਚਮਕ ਕੁੜੇ।
ਕਰੇ ਲੁਸ ਲੁਸ ਚਿਹਰਾ।
ਕਿਸ ਮਾਤਾ ਦਾ ਜਾਇਆ ਨੀ
ਬੰਨ੍ਹ ਢੁਕਿਆ ਸਿਹਰਾ।
ਬਾਦਲਚ ਸਾਰੇ ਜਣੇ ਪਿੰਡ ਦੇ ਗੁਰਦੁਆਰੇ ਦੇ ਦਲਾਨ ਚ ਮੰਜਿਆਂ ਤੇ ਬੈਠੇ ਸਾਂ। ਕੰਵਲ ਸਾਹਿਬ ਨੇ ਗੁਰਦਾਸਪੁਰੀ ਤੋਂ ਕਈ ਗੀਤ ਸੁਣੇ। ਬਾਕੀ ਸੱਜਣਾਂ ਵੀ ਆਨੰਦ ਮਾਣਿਆ। ਚਿੱਟੀ ਚਿੱਟੀ ਪਗੜੀ ਸੁਣ ਕੇ ਤਾਂ ਕੰਵਲ ਸਾਹਿਬ ਵਜਦ ਚ ਆ ਗਏ। ਨਾਲ ਗਾਉਣ ਲੱਗ ਪਏ ਤੇ ਗੁਰਦਾਸਪੁਰੀ ਦਾ ਮੱਥਾ ਚੁੰਮਣ ਲੱਗ ਪਏ।
ਅਸਲ ਚ ਪੰਜਾਬ ਚ ਕਮਿਉਨਿਸਟ ਲਹਿਰ ਨੇ ਜਦ ਸਃ ਪ੍ਰਤਾਪ ਸਿੰਘ ਕੈਰੋਂ ਦੇ ਖ਼ੁਸ਼ ਹੈਸੀਅਤੀ ਟੈਕਸ ਦੇ ਵਿਰੋਧ ਚ ਮੋਰਚਾ ਲਾਇਆ ਸੀ ਤਾਂ ਉਦੋਂ ਅਮਰਜੀਤ ਗੁਰਦਾਸਪੁਰੀ ਢੁੱਡੀ ਕੇ, ਨਿਹਾਲ ਸਿੰਘ ਵਾਲਾ ਤੇ ਮਾਲਵੇ ਦੇ ਪਿੰਡਾਂ ਚ ਹੀ ਰੂਹਪੋਸ਼ ਹੋ ਕੇ ਵਿਚਰਦਾ ਰਿਹਾ ਸੀ। ਕੰਵਲ ਸਾਹਿਬ ਨਾਲ ਉਦੋਂ ਦੀ ਹੀ ਆੜੀ ਸੀ।
ਮੈਨੂੰ ਕੱਲ੍ਹ ਹੀ ਭੰਗੜਾ ਉਸਤਾਦ ਮਾਸਟਰ ਹਰਭਜਨ ਸਿੰਘ ਖੋਖਰ ਫੌਜੀਆਂ ਵਾਲਿਆਂ ਦੱਸਿਆ ਕਿ ਮੇਰੇ ਬਚਪਨ ਵੇਲੇ ਬਟਾਲੇ ਬਾਬੇ ਦੇ ਵਿਆਹ ਤੇ ਸਿਆਸੀ ਕਾਨਫਰੰਸਾਂ ਬਹੁਤ ਹੁੰਦੀਆਂ ਸੀ। ਅਸੀਂ ਭਾਵੇਂ ਬੱਚੇ ਸਾਂ ਪਰ ਮੇਲੇ ਜ਼ਰੂਰ ਜਾਂਦੇ। ਵੇਲੇ ਦੀ ਕਾਂਰਸ ਸਰਕਾਰ ਵੱਡੇ ਵੱਡੇ ਕਲਾਕਾਰ ਬੁਲਾ ਕੇ ਕਾਨਫਰੰਸ ਕਾਮਯਾਬ ਕਰਦੀ ਜਦ ਕਿ ਕਾਮਰੇਡਾਂ ਨੂੰ ਤਾਂ ਲਾਊਡ ਸਪੀਕਰ ਲਾਉਣ ਦੀ ਪ੍ਰਵਾਨਗੀ ਨਾ ਮਿਲਦੀ। ਕਮਿਉਨਿਸਟ ਸਟੇਜ ਤੇ ਗੁਰਦਾਸਪੁਰੀ ਬਿਨ ਮਾਈਕਰੋਫੋਨ ਤੋਂ ਗਾਉਂਦਾ , ਹਜ਼ਾਰਾਂ ਲੋਕ ਸਾਹ ਰੋਕ ਕੇ ਸੁਣਦੇ। ਜਦ ਅਲਾਪ ਲੈਂਦਾ ਤਾਂ ਕਾਂਗਰਸ ਵਾਲੀ ਸਟੇਜ ਪਾਸਿਉਂ ਹਜੂਮ ਏਧਰ ਆ ਜਾਂਦਾ।
ਰੱਖੜ ਪੁੰਨਿਆਂ ਦੇ ਮੇਲੇ ਤੇ ਬਾਬਾ ਬਕਾਲਾ ਚ ਨੀ ਬਹੁਤ ਵਾਰ ਏਦਾਂ ਹੋਇਆ। ਸਃ ਪ੍ਰਤਾਪ ਸਿੰਘ ਕੈਰੋਂ ਨੇ ਬਹੁਤ ਯਤਨ ਕੀਤੇ ਕਿ ਅਮਰਜੀਤ ਲੋਕ ਸੰਪਰਕ ਮਹਿਕਮੇ ਚ ਆ ਜਾਵੇ ਪਰ ਉਸ ਭਾਗ ਸਿੰਘ ਤੇ ਗੁਰਦੇਵ ਸਿੰਘ ਮਾਨ ਨੂੰ ਕਈ ਵਾਰ ਬੇਰੰਗ ਮੋੜਿਆ। ਉਸ ਦਾ ਮਿਸ਼ਨ ਹੋਰ ਸੀ।
ਲੋਕ ਗਾਇਕ ਪੰਮੀ ਬਾਈ ਦੱਸ ਰਿਹਾ ਸੀ ਕਿ ਮੇਰੇ ਜੰਮਣ ਤੋਂ ਵੀ ਪਹਿਲਾਂ ਮੇਰੇ ਬਾਪ ਸਃ ਪਰਤਾਪ ਸਿੰਘ ਬਾਗੀ ਨੇ ਸੁਨਾਮ ਤੇ 1952 ਚ ਅਸੈਂਬਲੀ ਚੋਣ ਲੜੀ ਤਾਂ ਅਮਰਜੀਤ ਗੁਰਦਾਸਪੁਰੀ ਚੋਣ ਮੁਹਿੰਮ ਚ ਸ਼ਾਮਿਲ ਰਿਹਾ। ਉਸ ਦਾ ਸਹਿਚਾਰ ਪੂਰੇ ਪੰਜਾਬ ਦੇ ਸਿਰਕੱਢ ਕਮਿਉਨਿਸਟ ਆਗੂਆਂ ਨਾਲ ਸੀ।
ਪ੍ਰੀਤਨਗਰ ਵਿੱਚ ਉਸ ਪ੍ਰੀਤ ਮਿਲਣੀਆਂ ਵਿੱਚ ਅਨੇਕ ਵਾਰ ਗਾਇਆ। ਪੰਜਾਬੀ ਨਾਟਕਕਾਰ ਤੇ ਸ਼ਾਇਰ ਡਾਃ ਸਵਰਾਜਬੀਰ ਦੱਸ ਰਿਹਾ ਸੀ ਕਿ 2014 ਚ ਜਦ ਕੇਵਲ ਧਾਲੀਵਾਲ ਨੇ ਮੇਰਾ ਨਾਟਕ ਧਰਮ ਗੁਰੂ ਪ੍ਰੀਤ ਨਗਰ ਚ ਖੇਡਿਆ ਤਾਂ ਉਸ ਤੋਂ ਪਹਿਲਾਂ ਗੁਰਦਾਸਪੁਰੀ ਨੇ ਹੀਰ ਸੁਣਾਈ। ਨਾਟਕ ਅਸੀਂ ਇਕੱਠੇ ਬਹਿ ਕੇ ਵੇਖਿਆ।
ਨਾਟਕ ਸ਼ੁਰੂ ਹੋਣ ਤੋਂ ਪੰਦਰਾਂ ਕੁ ਮਿੰਟ ਬਾਦ ਕਿਸੇ ਵਾਰਤਾਲਾਪ ਦੀ ਦਾਦ ਦੇਣ ਲਈ ਮੇਰਾ ਹੱਥ ਘੁੱਟ ਕੇ ਫੜ ਲਿਆ ਜੋ ਨਾਟਕ ਦੇ ਅੰਤ ਤੀਕ ਨਾ ਛੱਡਿਆ। ਹੁਣ ਆਪ ਹੀ ਹੱਥ ਛੁਡਾ ਗਿਆ ਹੈ।
ਪੰਨਾ 3
ਅਮਰਜੀਤ ਗੁਰਦਾਸਪੁਰੀ ਸਾਹਿਤ ਸਿਰਜਣਾ ਦੇ ਸਮਾਂਨਅੰਤਰ ਤੁਰਦਾ ਉਹ ਉਹ ਕਲਾਕਾਰ
ਹੈ ਜਿਸਨੇ ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਮੇਰੇ ਵਰਗੇ ਅਨੇਕਾਂ ਲੋਕਾਂ ਨੂੰ ਸਾਹਿਤ ਸਿਰਜਣਾ ਲਈ ਥਾਪੜਾ ਦਿੱਤਾ । ਸ਼ਿਵ ਕੁਮਾਰ ਨੇ ਕਾਲੀ
ਦਾਤਰੀ ਚੰਨਣ ਦਾ ਦਸਤਾ, ਲੱਛੀ ਕੁੜੀ ਵਾਢੀਆਂ ਕਰੇ ਨੂੰ ਅਮਰਜੀਤ ਗੁਰਦਾਸਪੁਰੀ ਦੀ
ਬੰਬੀ ਤੇ ਬਹਿ ਕੇ ਲਿਖਿਆ ਸੀ । ਸ਼ਿਵ ਕੁਮਾਰ ਨੂੰ ਅੰਮ੍ਰਿਤਸਰ ਦੀਆਂ ਸਾਹਿਤਕ ਮਹਿਫ਼ਲਾਂ
ਵਿਚ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਲੈ ਕੇ ਗਿਆ। ਜਿਸ ਦਾ ਵੇਰਵਾ ਪ੍ਰੋਫ਼ੈਸਰ ਹਰਬੰਸ
ਲਾਲ ਅਗਨੀਹੋਤਰੀ ਆਪਣੀ ਜੀਵਨ ਗਾਥਾ ਵਿਚ ਬੜੇ ਮਾਣ ਨਾਲ ਕਰਦੇ ਹਨ ਕਿ ਕਿਵੇਂ ਸ਼ਿਵ
ਕੁਮਾਰ ਨੂੰ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਅੰਮ੍ਰਿਤਸਰ ਦੇ ਹਾਲ ਬਜ਼ਾਰ ਸਥਿੱਤ
ਤੇਜ ਪ੍ਰਿੰਟਿੰਗ ਪ੍ਰੈਸ ਤੇ ਲੈ ਕੇ ਆਇਆ ਜੋ ਉਨ੍ਹੀ ਦਿਨੀਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਦਾ ਮੁੱਖ ਕੇਂਦਰ ਸੀ ।
ਸ਼ਿਵ ਕੁਮਾਰ ਬਟਾਲਵੀ ਦੀ ਕਰਤਾਰ ਸਿੰਘ ਬਲੱਗਣ ਨਾਲ ਮੁਲਾਕਾਤ ਵੀ ਅਮਰਜੀਤ ਗੁਰਦਾਸਪੁਰੀ ਨੇ ਹੀ ਕਰਵਾਈ ਜੋ ਉਸ ਵੇਲੇ ਮਾਸਕ ਪੱਤਰ ਕਵਿਤਾ ਦੇ ਸੰਪਾਦਕ ਸਨ । ਸ਼ਿਵ
ਕੁਮਾਰ ਬਟਾਲਵੀ ਤੋਂ ਪਹਿਲਾਂ ਦੀ ਕਾਵਿ ਪ੍ਰੰਪਰਾ ਵਿਚ ਸਭ ਤੋਂ ਸੁਰੀਲਾ ਨਾਮ ਕਰਤਾਰ ਸਿੰਘ ਬਲੱਗਣ ਦਾ ਸੀ, ਜਿਸਨੇ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਲਈ ਕਈ ਵਿਸ਼ੇਸ਼ ਗੀਤ
ਲਿਖੇ, ਉਨ੍ਹਾਂ ਵਿਚੋਂ ਕੁਝ ਗੀਤ ਤਾਂ ਸਿਰਫ਼ ਅਮਰਜੀਤ ਨੇ ਹੀ ਗਾਏ ਹਨ । ਮਿਸਾਲ ਦੇ ਤੌਰ ਤੇ
ਠੰਡੇ ਬੁਰਜ ਵਿਚੋਂ ਇਕ ਦਿਨ ਦਾਦੀ ਮਾਤਾ,
ਪਈ ਹੱਸ-ਹੱਸ ਬੱਚਿਆਂ ਨੂੰ ਤੋਰੇ ।
ਸਿੰਘਾ ਜੇ ਚੱਲਿਆ ਚਮਕੌਰ, ਉਥੇ ਸੁੱਤੇ ਨੀ ਦੋ ਭੌਰ ।
ਧਰਤੀ ਚੁੰਮੀਂ ਕਰਕੇ ਗੌਰ, ਕਲਗੀਧਰ ਦੀਆਂ ਪਾਈਏ ਬਾਤਾਂ ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ‘ਨੇਰ੍ਹੀਆਂ ਰਾਤਾਂ ।
ਮਹਿੰਗੇ ਮੁੱਲ ਲਈਆਂ ਪ੍ਰਭਾਤਾਂ ।
ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ ।
ਕਣਕਾਂ ਨਿਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ ।
ਅਮਰਜੀਤ ਗੁਰਦਾਸਪੁਰੀ ਨੂੰ ਪੰਜਾਬੀ ਸਾਹਿਤ ਸਭਾ ਧਿਆਨ ਪੁਰ ਦੇ ਬਾਨੀ ਪ੍ਰਧਾਨ ਵਜੋਂ ਜ਼ਿਲ੍ਹਾ
ਗੁਰਦਾਸਪੁਰ ਦੀ ਸਾਹਿਤਕ ਲਹਿਰ ਨੂੰ ਅਗਵਾਈ ਦੇਣ ਦਾ ਵੀ ਮਾਣ ਮਿਲਿਆ। ਉਨ੍ਹਾਂ ਦੀ
ਅਗਵਾਈ ਕਰਕੇ ਹੀ ਇਸ ਇਲਾਕੇ ਵਿਚ ਪ੍ਰਿੰਸੀਪਲ ਸੁਜਾਨ ਸਿੰਘ, ਮੋਹਣ ਕਾਹਲੋਂ,ਵਰਿਆਮ ਸਿੰਘ ਸੰਧੂ, ਜਸਵੰਤ ਸਿੰਘ ਰਾਹੀ, ਸ਼ਮਸ਼ੇਰ ਸਿੰਘ ਸੰਧੂ ਵਰਗੇ ਲਿਖਾਰੀ ਇਸ
ਸਭਾ ਦੇ ਸਮਾਗਮ ਵਿਚ ਅਕਸਰ ਆਉਂਦੇ ਰਹੇ ।
ਮੈਨੂੰ ਉਹ ਦਿਨ ਵੀ ਯਾਦ ਹੈ ਜਦ ਅਜੇ ਦੂਰਦਰਸ਼ਨ ਕੇਂਦਰ ਜਲੰਧਰ ਨਹੀਂ ਸੀ ਬਣਿਆ।ਪੰਜਾਬ ਵਿਚ ਸਿਰਫ਼ ਉਦੋਂ ਅੰਮ੍ਰਿਤਸਰ ਤੋਂ ਹੀ ਖ਼ਬਰਾਂ ਦਾ ਬੁਲਿਟਨ ਤਿਆਰ ਹੁੰਦਾ ਸੀ । ਇਕ
ਸ਼ਾਮ ਅਮਰਜੀਤ ਗੁਰਦਾਸਪੁਰੀ ਦੇ ਅੰਗ-ਸੰਗ ਮੈਂ ਦੂਰਦਰਸ਼ਨ ਦੇ ਨਿੱਕੇ ਜਿਹੇ ਕੋਠੀ ਨੁਮਾ ਦਫ਼ਤਰ
ਵਿਚ ਗਿਆ ਜਿੱਥੇ ਗੋਵਰਧਨ ਸ਼ਰਮਾ ਖ਼ਬਰ ਵਾਚਕ ਸੀ, ਕਰਮਜੀਤ ਸਿੰਘ ਖ਼ਬਰਾਂ ਦਾ ਸਕਰਿਪਟ ਰਾਈਟਰ ਸੀ ਤੇ ਹਰਜੀਤ ਸਿੰਘ ਪਾਰਟ ਟਾਈਮ ਗ੍ਰਾਫਿਕ ਕਲਾਕਾਰ ਸੀ । ਚਾਹ
ਦਾ ਪਿਆਲਾ ਪੀਂਦਿਆਂ ਸਾਰਿਆਂ ਨੇ ਯੋਜਨਾ ਬਣਾਈ ਕਿ ਅਮਰਜੀਤ ਗੁਰਦਾਸਪੁਰੀ ਨੂੰ ਟੈਲੀਵੀਜ਼ਨ
ਲਈ ਦਿੱਲੀ ਵਾਲਿਆ ਨੂੰ ਆਖ ਕੇ ਰਿਕਾਰਡ ਕਰਵਾਈਏ । ਲਗਪਗ 32 ਵਰ੍ਹੇ ਬੀਤਣ ਮਗਰੋਂ
ਅੱਜ ਜਦੋਂ ਉਹੀ ਗੋਵਰਧਨ ਸ਼ਰਮਾ ਦੂਰਦਰਸ਼ਨ ਕੇਂਦਰ ਦਾ ਸਟੇਸ਼ਨ ਡਾਇਰੈਕਟਰ ਬਣਿਆ,ਕਰਮਜੀਤ
ਸਿੰਘ ਪੰਜਾਬੀ ਟ੍ਰਿਬਿਊਨ ਦੇ ਸਹਾਇਕ ਸੰਪਾਦਨ ਵਜੋਂ ਸੇਵਾ ਮੁਕਤ ਹੋ ਗਿਆ,ਹਰਜੀਤ ਸਿੰਘ ਵੀ ਦੂਰਦਰਸ਼ਨ ਦੀ ਉਚੇਰੀ ਕੁਰਸੀ ਨੂੰ ਉਮਰੋਂ ਪਹਿਲਾਂ ਤਿਆਗ ਕੇ
ਜਲੰਧਰ ਚ ਫਿਲਮ ਨਿਰਦੇਸ਼ਨ ਕਰ ਰਿਹੈ ਪਰ ਅਮਰਜੀਤ ਗੁਰਦਾਸਪੁਰੀ
ਨੂੰ ਕੋਈ ਵੀ ਦੂਰਦਰਸ਼ਨ ਦਾ ਸਕਰੀਨ ਹਿੱਸਾ ਨਾ ਬਣ ਸਕਿਆ। ਹਾਂ ਇੱਕ ਵਾਰ ਗਲਤੀ ਨਾਲ
ਕਿਸੇ ਚਾਵਲਾ ਨਾਮ ਦੇ ਪ੍ਰੋਡਿਊਸਰ ਨੇ ਉਸਨੂੰ ਬੁਲਾ ਲਿਆ ਪਰ ਨਾਲ ਹੀ ਸਾਜਿੰਦੇ ਨਾ ਲਿਆਉਣ ਕਾਰਨ
ਤਲਖ਼ਕਲਾਮੀ ਕੀਤੀ, ਜਿਸਦੇ ਵਿਰੋਧ ਵਜੋਂ ਅਮਰਜੀਤ ਗੁਰਦਾਸਪੁਰੀ ਨੇ ਰਿਕਾਰਡਿੰਗ ਕਰਵਾਉਣ ਤੋਂ
ਇਨਕਾਰ ਕਰ ਦਿੱਤਾ ।ਬਹੁਤ ਬਾਦ ਵਿੱਚ ਓਮ ਗੌਰੀ ਦੱਤ ਸ਼ਰਮਾ ਤੇ ਡਾਃ ਲਖਵਿੰਦਰ ਜੌਹਲ ਨੇ ਜ਼ਰੂਰ ਉਸ ਨੂੰ ਪੇਸ਼ ਕੀਤਾ।
ਸਵੈਮਾਣ ਅਤੇ ਆਪਣੇ ਆਦਰਸ਼ ਤੇ ਪਹਿਰੇਦਾਰੀ ਦੇਂਦਾ ਅਮਰਜੀਤ ਗੁਰਦਾਸਪੁਰੀ 1962
ਤੋਂ ਲਗਾਤਾਰ ਅਕਾਸ਼ ਬਾਣੀ ਜਲੰਧਰ ਦਾ ਏ ਗਰੇਡ ਕਲਾਕਾਰ ਰਿਹਾ।
ਉਸਦੇ ਗਾਏ ਗੀਤਾਂ
ਨੂੰ ਅਕਾਸ਼ ਬਾਣੀ ਤੋਂ ਬਿਨਾਂ ਹੋਰ ਕਿਤਿਓਂ ਨਹੀਂ ਸੁਣਿਆ ਜਾ ਸਕਦਾ ਕਿਉਂਕਿ ਵਪਾਰਕ ਕੰਪਨੀਆਂ ਨਾਲ ਉਸ ਸਮਝੌਤਾ ਕੀਤਾ ਨਹੀਂ ਅਤੇ ਦੂਰਦਰਸ਼ਨ ਦੀ ਲਾਲ ਫੀਤਾਸ਼ਾਹੀ ਨੂੰ ਉਸਨੇ ਕਦੇ ਪੱਠੇ ਨਹੀਂ ਸੀ ਪਾਏ ।
1962 ਚ ਅੰਮ੍ਰਿਤਸਰ ਦੇ ਗੋਲ ਬਾਗ ਚ ਹੋਈ ਕੌਮੀ ਅਮਨ ਕਾਨਫਰੰਸ ਮੌਕੇ ਅਮਰਜੀਤ ਗੁਰਦਾਸਪਰੀ ਨੇ ਤੇਰਾ ਸਿੰਘ ਚੰਨ ਦਾ ਲਿਖਿਆ ਗਾ ਕੇ ਪੁਰੇ ਗਲੋਬ ਤੇ ਆਪਣਾ ਨਾਮ ਲਿਖਵਾ ਲਿਆ। ਗੀਤ ਸੀ ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ।
ਬੋਲ ਇੰਜ ਸਨ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
ਮਾਖਿਓਂ ਵਰਗੀ ਮਸਤੀ ਜਿਸ ਕਣ-ਕਣ ਵਿੱਚ ਘੋਲੀ
ਸ਼ੁੱਧ ਕੁੰਦਨ ਦੇ ਵਿਚ ਨੀ ਇਹਦੀ ਚੁੰਝ ਮੜ੍ਹਾਵੋ
ਮੋਰ ਤੇ ਤਿੱਤਰ ਇਹਦਿਆਂ ਖੰਭਾਂ 'ਤੇ ਪਾਵੋ
ਬੰਨ੍ਹੋ ਨੀ ਇਹਦੇ ਪਹੁੰਚਿਆਂ ਵਿਚ ਕੋਈ ਰੱਤੀ ਮੌਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
ਪਾਵੋ ਨੀ ਇਹਦਿਆਂ ਨੈਣਾਂ ਵਿਚ ਕੋਈ ਸੁਰਮ ਸਲਾਈਆਂ
ਧਰਤੀ ਉਤੇ ਏਸ ਨੇ ਮਿਹਰਾਂ ਬਰਸਾਈਆਂ
ਜਿਵੇਂ ਫੁਲੇਰਾ ਉਲਟ ਦਏ ਫੁੱਲਾਂ ਦੀ ਝੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
ਦੇਸ ਦੇਸ ਵਿਚ ਦਿੱਤਾ ਨੀ ਇਸ ਅਮਨ ਸੁਨੇਹਾ
ਮੂੰਹ ਲੋਕਾਂ ਦਾ ਲਿਸ਼ਕਿਆ ਸੁਣ ਸੋਨੇ ਜੇਹਾ
ਪਿੱਤਲ ਵਰਗੀ ਹੋ ਗਈ ਲਹੂ ਪੀਣੀ ਟੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
ਕੱਢ ਲਿਆਵੋ ਅੰਦਰੋਂ ਨੀ ਮੱਖਣਾਂ ਦੇ ਪੇੜੇ
ਕੁੱਟ-ਕੁੱਟ ਪਾਵੋ ਚੂਰੀਆਂ ਨੀ ਇਹ ਪੰਧ ਨਬੇੜੇ
ਝਬਦੇ ਲਿਆਵੋ ਧਰਤ 'ਤੇ ਸ਼ਗਨਾਂ ਦੀ ਡੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
ਪਾ ਲਏ ਅੰਦਰੋਂ ਕੱਢ ਕੇ ਵਿਧਵਾ ਨੇ ਗਹਿਣੇ
ਖੁਸ਼ ਹੈ ਹੁਣ ਨਹੀਂ ਕਦੇ ਵੀ ਤਨ ਉਤੋਂ ਲਹਿਣੇ
ਵਰੀ ਸੂਹੀ ਦੀ ਪੋਟਲੀ ਉਸ ਵਿਹੜੇ ਵਿਚ ਖੋਲ੍ਹੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
ਫੜ ਲਈ ਬੁੱਢੇ ਪਿਓ ਨੇ ਹੱਥ ਫੇਰ ਡੰਗੋਰੀ
ਹੁਣ ਨਹੀਂ ਹੋਣੀ ਕਦੇ ਵੀ ਇਹ ਪੋਰੀ ਪੋਰੀ
ਪਿੱਪਲਾਂ ਥੱਲੇ ਨੱਚ ਪਈ ਗਿੱਧੇ ਦੀ ਬੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
ਪਲਕਾਂ ਨਾਲ ਜਹਾਨ ਦੀ ਇਸ ਕਾਲਖ ਚੁੱਗੀ
ਇਸ ਦੀ ਨਜ਼ਰੋਂ ਰਹੀ ਨਾ ਇਕ ਵਿਥ ਵੀ ਲੁੱਗੀ
ਟੁਰ ਟੁਰ ਪੱਬਾਂ ਭਾਰ ਏਸ ਹਰ ਨੁੱਕਰ ਫੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ।
ਇਸ ਦਾ ਜ਼ਿਕਰ ਹੁਣ ਤੀਕ ਵੀ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਕਰਦੇ ਹਨ ਜੋ ਉਸ ਵੇਲੇ ਸਰੋਤਿਆਂ ਚ ਬੈਠੇ ਸਨ।
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਉਸ ਨੂੰ ਸ਼੍ਰੋਮਣੀ ਗਾਇਕ ਦਾ ਪੁਰਸਕਾਰ ਮਿਲਿਆ ਤਾਂ ਪੁਰੇ ਵਿਸ਼ਵ ਚ ਵੱਸਦੇ ਪੰਜਾਬੀਆਂ ਨੇ ਚਾਅ ਲਿਆ।
ਭੁਪਿੰਦਰ ਸੰਧੂ ਨੂੰ ਕਹਿ ਕੇ ਸਃ ਜਗਦੇਵ ਸਿੰਘ ਜੱਸੋਵਾਲ ਨੇ ਉੱਦੋਵਾਲੀ ਕਲਾਂ ਚ ਵਿਸ਼ਾਲ ਮੇਲਾ ਕਰਵਾਇਆ। ਗੁਰਮੀਤ ਬਾਵਾ, ਗੁਰਪਾਲ ਸਿੰਘ ਪਾਲ, ਰਛਪਾਲ ਰਸੀਲਾ, ਮੋਹਣੀ ਰਸੀਲਾ, ਜਸਦੇਵ ਯਮਲਾ ਜੱਟ ਤੇ ਅਨੇਕਾਂ ਹੋਰ ਗਾਇਕ ਪੁੱਜੇ। ਭੁਪਿੰਦਰ ਨੇ ਹਿੰਮਤ ਕਰਕੇ ਵਿਰਸੇ ਦੀ ਦਸਤਾਰ ਨਾਮੀਂ ਪੁਸਤਕ ਵੀ ਸੰਪਾਦਿਤ ਕੀਤੀ। ਨਿੰਦਰ ਘੁਗਿਆਣਵੀ ਨੇ ਉਸ ਬਾਰੇ ਦਸਤਾਵੇਜ਼ੀ ਫਿਲਮ 2010 ਚ ਬਣਾਈ। ਪੰਜਾਬੀ ਅਕਾਡਮੀ ਦਿੱਲੀ ਨੇ ਉਸ ਨੂੰ ਹੀਰ ਗਾਉਣ ਲਈ ਦਿੱਲੀ ਬੁਲਾਇਆ। ਜਸਬੀਰ ਜੱਸੀ ਦਾ ਸੁਪਨਾ ਸੀ ਇਹ। ਸਮਾਗਮ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਡਾਃ ਮਨਮੋਹਨ ਸਿੰਘ ਜੀ ਦੀ ਜੀਵਨ ਸਾਥਣ ਨੇ ਗੁਰਦਾਸਪੁਰੀ ਕੋਲ ਜਾ ਕੇ ਕਿਹਾ, ਭਾ ਜੀ ਮੈਨੂੰ ਪਛਾਣਿਆ ਜੇ? ਗੁਰਦਾਸਪੁਰੀ ਨੂੰ ਚਿਹਰਾ ਚੇਤੇ ਨਾ ਆਇਆ। ਉਹ ਬੋਲੀ ਮੈਂ ਗੁਰਸ਼ਰਨ ਹਾਂ ਅੰਬਰਸਰੋਂ। ਪੁਰਾਣੇ ਦਿਨ ਯਾਦ ਕਰੋ ਜਦ ਗੁਰਚਰਨ ਬੋਪਾਰਾਏ ਸਵਰਨ ਵੀਰ ਤੇ ਆਪਾਂ ਰਲ਼ ਕੇ ਨਵਾਂ ਸਮਾਜ ਸਿਰਜਣ ਦੇ ਸੁਪਨੇ ਲੈਂਦੇ ਸਾ ਸਭਿਆਚਾਰਕ ਇਨਕਲਾਬ ਲਈ।
ਪੰਜਾਬ ਆਰਟਸ ਕੌਂਸਲ ਵੱਲੋਂ ਵੀ ਅਮਰਜੀਤ ਗੁਰਦਾਸਪੁਰੀ ਨੂੰ ਕੁਝ ਦਿਨ ਪਹਿਲਾਂ ਹੀ ਵਿਸ਼ੇਸ਼ ਸਮਾਗਮ ਵਿੱਚ ਸਨਮਾਨਿਤ ਕੀਤਾ ਸੀ।
ਜ਼ਿੰਦਗੀ ਦੇ ਆਖ਼ਰੀ ਪਹਿਰ ਵਿੱਚ ਕਈ ਪਰਿਵਾਰਕ ਦੁੱਖ ਉਨ੍ਹਾਂ ਨੂੰ ਪੀੜ ਗਏ। ਪਹਿਲਾਂ ਜਵਾਨ ਪੁੱਤਰ ਨਵਨੀਤ ਦੀ ਸੜਕ ਹਾਦਸੇ ਵਿੱਚ ਮੌਤ ਅਤੇ ਪਿਛਲੇ ਦਸੰਬਰ ਵਿੱਚ ਬੇਟੇ ਪਰਮ ਸੁਨੀਲ ਦਾ ਵਿਛੋੜਾ ਉਨ੍ਹਾਂ ਦੀ ਰੂਹ ਨੂੰ ਪਿੰਜ ਗਿਆ। ਜੀਵਨ ਸਾਥਣ ਹਰਦੀਪ ਕੌਰ ਅਤੇ ਨੂੰਹਾਂ ਧੀਆਂ ਤੇ ਦਾਮਾਦਾਂ ਨੇ ਉਸ ਨੂੰ ਬੀਮਾਰੀ ਦੀ ਹਲਕ ਵਿੱਚ ਸੋਹਣਾ ਸੰਭਾਲਿਆ। ਉਨ੍ਹਾਂ ਦੇ ਭਤੀਜਿਆਂ ਵਰਗੇ ਪੁੱਤਰ ਸਃ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਪੰਜਾਬ ਬਹੁਤ ਧਿਆਨ ਰੱਖਦੇ। 22 ਫਰਵਰੀ ਨੂੰ ਉਹ ਪਿੰਡੋਂ ਮਿਲਣ ਗਏ ਤਾਂ ਗੁਰਦਾਸਪੁਰੀ ਬੋਲਣ ਜੋਗਾ ਨਹੀਂ ਸੀ। ਰੁਹ ਖੇੜੇ ਚ ਲਿਆਉਣ ਲਈ ਉਸ ਕਿਹਾ, ਚਾਚਾ ਜੀ, ਹੀਰ ਸੁਣਾਉ! ਉਸ ਦੋਹਾਂ ਹੱਥਾਂ ਦੀਆਂ ਦਸ ਉਂਗਲਾਂ ਉੱਪਰ ਚੁੱਕ ਕੇ ਇਸ਼ਾਰਾ ਕੀਤਾ ਕਿ ਦਸ ਮਾਰਚ ਨੂੰ ਸੁਣਾਵਾਂਗਾ। ਉਨੰਹਾਂ ਦਾ ਇਸ਼ਾਰਾ ਚੋਣ ਨਤੀਜੇ ਵੱਲ ਹੋਵੇਗਾ?
ਜੈਕਸਨ (ਅਮਰੀਕਾ) ਵੱਸਦਾ ਗੁਰਦਾਸਪੁਰੀ ਦਾ ਬੇਟਾ ਤੇਜ ਬਿਕਰਮ ਸਿੰਘ ਰੰਧਾਵਾ ਕਹਿ ਰਿਹਾ ਸੀ। ਵਤਨ ਵਿੱਚ ਮੇਰੇ ਲਈ ਦੋ ਸੂਰਜ ਸਨ। ਇੱਕ ਸਭ ਵਾਲਾ ਚਾਨਣ ਵੰਡਦਾ ਤੇ ਦੂਜਾ ਮੇਰਾ ਬਾਬਲ।
ਮੇਰਾ ਸੂਰਜ ਡੁੱਬ ਗਿਆ ਹੈ।
ਅੱਜ ਸਵੇਰੇ ਸਃ ਬਾਬੂ ਸਿੰਘ ਮਾਨ ਦੇ ਜਵਾਨ ਪੁੱਤਰ ਰਵੀ ਦੀ ਮੌਤ ਦੀ ਖ਼ਬਰ ਮਿਲੀ ਤਾਂ ਅਫਸੋਸ ਕਰਨ ਲਈ ਮਾਨ ਸਾਹਿਬ ਨੂੰ ਫੋਨ ਕੀਤਾ। ਉਹ ਬੋਲੇ ਤੇਰਾ ਯਾਰ ਗੁਰਦਾਸਪੁਰੀ ਬਿਨ ਮਿਲੇ ਚਲਾ ਗਿਆ। ਦੋਸਤੋ ਵਿਚਲੀ ਗੱਲ ਇਹ ਹੈ ਕਿ ਗੁਰਦਾਸਪੁਰੀ ਨੇ ਲਗਪਗ ਪੰਜਾਹ ਸਾਲ ਬਾਬੂ ਸਿੰਘ ਮਾਨ ਦੀ ਲਿਖੀ ਸੱਸੀ ਦਾ ਬਿਰਹਾ ਗਾਇਆ ਪਰ ਮੁਲਾਕਾਤ ਜੀਵਨ ਭਰ ਨਾ ਹੋਈ। ਦਰਿਆ ਵੀ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਸਤਿਲੁਜ ਤੇ ਬਿਆਸ ਵਾਂਗ ਮਿਲ ਲੈਂਦੇ ਨੇ ਪਰ ਇਹ ਨਾ ਮਿਲ ਸਕੇ।
ਸੱਸੀ ਦੇ ਬੋਲਾਂ ਨਾਲ ਗੱਲ ਮੁਕਾਵਾਂਗਾ।
ਵੇ ਪੁੰਨਣਾ ਵੇ ਜ਼ਾਲਮਾ ਵੇ ਸਾਂਵਲਾ ਵੇ ਬੱਦਲਾ ਕਿੰਨਾ ਚਿਰ ਹੋਰ ਤੇਰੀ ਛਾਂ
ਫਿਰਦੀ ਉਜਾੜਾਂ ਚ ਭਟਕਦੀ ਇਕੱਲੀ
ਜਿਵੇਂ ਰਿਸ਼ੀਆਂ ਤੇ ਮੁਨੀਆਂ ਦੀ ਆਤਮਾ।
ਸੁੱਤੀ ਪਈ ਯਸ਼ੋਧਰਾ ਨੂੰ ਛੱਡ ਜਾਣ ਵਾਲਿਆ ਵੇ, ਧੰਨ ਤੇਰਾ ਜਿਗਰਾ ਮਹਾਤਮਾ।
ਹੰਝੂਆਂ ਦੀ ਆਰਤੀ ਉਤਾਰਾਂ ਡਾਚੀ ਵਾਲਿਆ ਵੇ ਹੌਕਿਆਂ ਦਾ ਜਾਪ ਕਰਾਂ।
ਵੇ ਪੁੰਨਣਾ……..
ਪੰਨਾ 4
ਪੰਜਾਬ ਆਰਟਸ ਕੌਂਸਲ ਵੱਲੋਂ ਵੀ ਅਮਰਜੀਤ ਗੁਰਦਾਸਪੁਰੀ ਨੂੰ ਕੁਝ ਦਿਨ ਪਹਿਲਾਂ ਹੀ ਵਿਸ਼ੇਸ਼ ਸਮਾਗਮ ਵਿੱਚ ਸਨਮਾਨਿਤ ਕੀਤਾ ਸੀ।
ਜ਼ਿੰਦਗੀ ਦੇ ਆਖ਼ਰੀ ਪਹਿਰ ਵਿੱਚ ਕਈ ਪਰਿਵਾਰਕ ਦੁੱਖ ਉਨ੍ਹਾਂ ਨੂੰ ਪੀੜ ਗਏ। ਪਹਿਲਾਂ ਜਵਾਨ ਪੁੱਤਰ ਨਵਨੀਤ ਦੀ ਸੜਕ ਹਾਦਸੇ ਵਿੱਚ ਮੌਤ ਅਤੇ ਪਿਛਲੇ ਦਸੰਬਰ ਵਿੱਚ ਬੇਟੇ ਪਰਮ ਸੁਨੀਲ ਦਾ ਵਿਛੋੜਾ ਉਨ੍ਹਾਂ ਦੀ ਰੂਹ ਨੂੰ ਪਿੰਜ ਗਿਆ। ਜੀਵਨ ਸਾਥਣ ਹਰਦੀਪ ਕੌਰ ਅਤੇ ਨੂੰਹਾਂ ਧੀਆਂ ਤੇ ਦਾਮਾਦਾਂ ਨੇ ਉਸ ਨੂੰ ਬੀਮਾਰੀ ਦੀ ਹਲਕ ਵਿੱਚ ਸੋਹਣਾ ਸੰਭਾਲਿਆ। ਉਨ੍ਹਾਂ ਦੇ ਭਤੀਜਿਆਂ ਵਰਗੇ ਪੁੱਤਰ ਸਃ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਪੰਜਾਬ ਬਹੁਤ ਧਿਆਨ ਰੱਖਦੇ। 22 ਫਰਵਰੀ ਨੂੰ ਉਹ ਪਿੰਡੋਂ ਮਿਲਣ ਗਏ ਤਾਂ ਗੁਰਦਾਸਪੁਰੀ ਬੋਲਣ ਜੋਗਾ ਨਹੀਂ ਸੀ। ਰੁਹ ਖੇੜੇ ਚ ਲਿਆਉਣ ਲਈ ਉਸ ਕਿਹਾ, ਚਾਚਾ ਜੀ, ਹੀਰ ਸੁਣਾਉ! ਉਸ ਦੋਹਾਂ ਹੱਥਾਂ ਦੀਆਂ ਦਸ ਉਂਗਲਾਂ ਉੱਪਰ ਚੁੱਕ ਕੇ ਇਸ਼ਾਰਾ ਕੀਤਾ ਕਿ ਦਸ ਮਾਰਚ ਨੂੰ ਸੁਣਾਵਾਂਗਾ। ਉਨੰਹਾਂ ਦਾ ਇਸ਼ਾਰਾ ਚੋਣ ਨਤੀਜੇ ਵੱਲ ਹੋਵੇਗਾ?
ਜੈਕਸਨ (ਅਮਰੀਕਾ) ਵੱਸਦਾ ਗੁਰਦਾਸਪੁਰੀ ਦਾ ਬੇਟਾ ਤੇਜ ਬਿਕਰਮ ਸਿੰਘ ਰੰਧਾਵਾ ਕਹਿ ਰਿਹਾ ਸੀ। ਵਤਨ ਵਿੱਚ ਮੇਰੇ ਲਈ ਦੋ ਸੂਰਜ ਸਨ। ਇੱਕ ਸਭ ਵਾਲਾ ਚਾਨਣ ਵੰਡਦਾ ਤੇ ਦੂਜਾ ਮੇਰਾ ਬਾਬਲ।
ਮੇਰਾ ਸੂਰਜ ਡੁੱਬ ਗਿਆ ਹੈ।
ਅੱਜ ਸਵੇਰੇ ਸਃ ਬਾਬੂ ਸਿੰਘ ਮਾਨ ਦੇ ਜਵਾਨ ਪੁੱਤਰ ਰਵੀ ਦੀ ਮੌਤ ਦੀ ਖ਼ਬਰ ਮਿਲੀ ਤਾਂ ਅਫਸੋਸ ਕਰਨ ਲਈ ਮਾਨ ਸਾਹਿਬ ਨੂੰ ਫੋਨ ਕੀਤਾ। ਉਹ ਬੋਲੇ ਤੇਰਾ ਯਾਰ ਗੁਰਦਾਸਪੁਰੀ ਬਿਨ ਮਿਲੇ ਚਲਾ ਗਿਆ। ਦੋਸਤੋ ਵਿਚਲੀ ਗੱਲ ਇਹ ਹੈ ਕਿ ਗੁਰਦਾਸਪੁਰੀ ਨੇ ਲਗਪਗ ਪੰਜਾਹ ਸਾਲ ਬਾਬੂ ਸਿੰਘ ਮਾਨ ਦੀ ਲਿਖੀ ਸੱਸੀ ਦਾ ਬਿਰਹਾ ਗਾਇਆ ਪਰ ਮੁਲਾਕਾਤ ਜੀਵਨ ਭਰ ਨਾ ਹੋਈ। ਦਰਿਆ ਵੀ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਸਤਿਲੁਜ ਤੇ ਬਿਆਸ ਵਾਂਗ ਮਿਲ ਲੈਂਦੇ ਨੇ ਪਰ ਇਹ ਨਾ ਮਿਲ ਸਕੇ।
ਸੱਸੀ ਦੇ ਬੋਲਾਂ ਨਾਲ ਗੱਲ ਮੁਕਾਵਾਂਗਾ।
ਵੇ ਪੁੰਨਣਾ ਵੇ ਜ਼ਾਲਮਾ ਵੇ ਸਾਂਵਲਾ ਵੇ ਬੱਦਲਾ ਕਿੰਨਾ ਚਿਰ ਹੋਰ ਤੇਰੀ ਛਾਂ
ਫਿਰਦੀ ਉਜਾੜਾਂ ਚ ਭਟਕਦੀ ਇਕੱਲੀ
ਜਿਵੇਂ ਰਿਸ਼ੀਆਂ ਤੇ ਮੁਨੀਆਂ ਦੀ ਆਤਮਾ।
ਸੁੱਤੀ ਪਈ ਯਸ਼ੋਧਰਾ ਨੂੰ ਛੱਡ ਜਾਣ ਵਾਲਿਆ ਵੇ, ਧੰਨ ਤੇਰਾ ਜਿਗਰਾ ਮਹਾਤਮਾ।
ਹੰਝੂਆਂ ਦੀ ਆਰਤੀ ਉਤਾਰਾਂ ਡਾਚੀ ਵਾਲਿਆ ਵੇ ਹੌਕਿਆਂ ਦਾ ਜਾਪ ਕਰਾਂ।
ਵੇ ਪੁੰਨਣਾ……..
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.