ਮਨੁੱਖ ਦੇ ਵਿਵਹਾਰ ਵਿੱਚ ਸਹਿਣਸ਼ੀਲਤਾ ਹੋਣਾ ਚਾਹੀਦਾ
ਮਨੁੱਖੀ ਜ਼ਿੰਦਗੀ ਬਹੁਤ ਹੀ ਖ਼ੂਬਸੂਰਤ ਹੈ ਤੇ ਜੇ ਕਿਸੇ ਨੂੰ ਜ਼ਿੰਦਗੀ ਜੀਣ ਦਾ ਸਲੀਕਾ ਆ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਅਸਲ ਵਿਚ ਜ਼ਿੰਦਗੀ ਜੀਣਾ ਵੀ ਕਿਸੇ ਹੁਨਰ ਤੋਂ ਘੱਟ ਨਹੀਂ ਹੈ। ਜੀਵਨ ਦੀ ਗੱਡੀ ਨੂੰ ਚਲਾਉਣ ਲਈ ਭਾਵੇਂ ਕੋਈ ਸਥਾਪਿਤ ਜਾਂ ਮਿੱਥੇ ਹੋਏ ਨਿਯਮ ਨਹੀਂ ਹਨ ਕਿ ਜਿਨ੍ਹਾਂ ਨੂੰ ਅਪਣਾ ਕੇ ਕੋਈ ਵਿਅਕਤੀ ਜ਼ਿੰਦਗੀ ਰੂਪੀ ਸੜਕ 'ਤੇ ਸਫਲਤਾ ਪੂਰਵਕ ਚੱਲ ਸਕਦਾ ਹੋਵੇ। ਅਸਲ ਵਿਚ ਹਰ ਵਿਅਕਤੀ ਆਪਣੇ ਢੰਗ ਨਾਲ ਹੀ ਜ਼ਿੰਦਗੀ ਜਿਊਂਦਾ ਹੈ। ਜੀਵਨ ਵਿਚ ਵਿਚਰਦਿਆਂ ਅਕਸਰ ਹੀ ਇਹ ਅਨੁਭਵ ਹੁੰਦਾ ਹੈ ਕਿਸੇ ਨੂੰ ਜ਼ਿੰਦਗੀ ਦੀ ਸਮਝ ਸਾਰਾ ਜੀਵਨ ਗੁਜ਼ਾਰ ਕੇ ਵੀ ਨਹੀਂ ਆਉਂਦੀ ਤੇ ਵਿਰਲੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਜੀਵਨ ਦੇ ਡੂੰਘੇ ਭੇਦਾਂ ਦੀ ਸੋਝੀ ਛੇਤੀ ਹੀ ਹੋ ਜਾਂਦੀ ਹੈ।
ਬਹੁਤੇ ਲੋਕ ਤਾਂ ਰੋਜ਼ੀ-ਰੋਟੀ ਦੇ ਝਮੇਲਿਆਂ ਵਿਚ ਫਸੇ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਜੂਝਦੇ ਹੀ ਇਸ ਸੰਸਾਰ ਤੋਂ ਰੁਖ਼ਸਤ ਹੋ ਜਾਂਦੇ ਹਨ। ਬਿਨਾਂ ਸ਼ੱਕ ਵਿਦਿਆ ਤੇ ਗਿਆਨ ਦੀ ਰੌਸ਼ਨੀ ਨੇ ਮਨੁੱਖੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਲਿਆਉਣ ਵਿਚ ਮਦਦ ਕੀਤੀ ਹੈ। ਪੜ੍ਹੇ ਲਿਖੇ ਕਹੇ ਜਾਣ ਵਾਲੇ ਅਨੇਕਾਂ ਲੋਕ ਵੀ ਕਈ ਵਾਰ ਜ਼ਿੰਦਗੀ ਜੀਣ ਦੇ ਸਲੀਕੇ ਤੋਂ ਕੋਰੇ ਦੇਖੇ ਜਾ ਸਕਦੇ ਹਨ। ਇਸ ਤੋਂ ਉਲਟ ਅਨੇਕਾਂ ਸਿੱਧੜ ਜਿਹੇ ਦਿਸਣ ਵਾਲੇ ਪੇਂਡੂ ਲੋਕ ਵੀ ਸਾਦਗੀ ਭਰਿਆ, ਕਿਰਤ ਤੇ ਮੁਸ਼ੱਕਤ ਨਾਲ ਲਬਰੇਜ਼, ਹਊਮੈ ਹੰਕਾਰ ਤੋਂ ਰਹਿਤ, ਸੇਵਾ ਭਾਵਨਾ ਨਾਲ ਪਰੁੱਚਿਆ ਅਰਥ ਭਰਪੂਰ ਜੀਵਨ ਜੀ ਕੇ ਕਈਆਂ ਲਈ ਚਾਨਣ-ਮੁਨਾਰਾ ਬਣ ਜਾਂਦੇ ਹਨ।
ਅਕਸਰ ਹੀ ਜੀਵਨ ਵਿਚ ਧਨ ਦੌਲਤ ਤੇ ਪਦਾਰਥਕ ਵਸਤਾਂ ਦੀ ਬਹੁਲਤਾ ਨੂੰ ਹੀ ਜ਼ਿੰਦਗੀ ਸਮਝਣ ਦਾ ਭਰਮ ਸਿਰਜ ਲੈਂਦੇ ਹਨ। ਬਿਨਾਂ ਸ਼ੱਕ ਇਨ੍ਹਾਂ ਚੀਜ਼ਾਂ ਤੋਂ ਬਿਨਾਂ ਜੀਵਨ-ਰੂਪੀ ਗੱਡੀ ਨੂੰ ਚਲਾ ਸਕਣਾ ਔਖਾ ਹੈ, ਪਰ ਇਨ੍ਹਾਂ ਨੂੰ ਹੀ ਜ਼ਿੰਦਗੀ ਸਮਝ ਲੈਣਾ, ਜ਼ਿੰਦਗੀ ਦੀ ਸਾਰਥਿਕਤਾ ਤੋਂ ਮੂੰਹ ਮੋੜ ਲੈਣਾ ਹੈ। ਜੇਕਰ ਜ਼ਿੰਦਗੀ ਜਿਊਣ ਦਾ ਮਕਸਦ ਹੀ ਕੋਈ ਨਾ ਹੋਵੇ ਤਾਂ ਅਜਿਹਾ ਜੀਵਨ ਵੀ ਬੇਅਰਥਾ ਹੋ ਜਾਂਦਾ ਹੈ। ਅਨੇਕਾਂ ਲੋਕ ਅਜਿਹੇ ਹਨ ਜਿਨ੍ਹਾਂ ਪਾਸ ਧਨ ਧੌਲਤ ਤੇ ਹੋਰ ਚੀਜ਼ਾਂ ਵਸਤਾਂ ਦੇ ਅੰਬਾਰ ਲੱਗੇ ਹੋਏ ਹਨ ਪਰ ਉਨ੍ਹਾਂ ਦੇ ਜੀਵਨ ਵਿੱਚੋਂ ਕੋਈ ਹੁਲਾਸ ਜਾਂ ਖ਼ੁਸ਼ੀ ਦੇ ਚਿੰਨ੍ਹ ਦਿਖਾਈ ਨਹੀਂ ਦਿੰਦੇ। ਅਫਰੀਕੀ ਕਹਾਵਤ ਹੈ 'ਆਦਮੀ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਉਹ ਇਕੋ ਸਮੇਂ ਦੋ ਬਿਸਤਰਿਆਂ ਵਿਚ ਨਹੀਂ ਸੌਂ ਸਕਦਾ।' ਅਜਿਹੇ ਵਿਅਕਤੀ ਜ਼ਿੰਦਗੀ ਦੀ ਦੌੜ ਵਿਚ ਇਸ ਕਦਰ ਭਟਕਣ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਕਈ ਵਾਰ ਸਰੀਰਕ ਤੇ ਮਾਨਸਿਕ ਰੋਗ ਸਹੇੜ ਲੈਂਦੇ ਹਨ। ਮਨੁੱਖ ਦੀਆਂ ਸਾਰੀਆਂ ਦੌੜਾਂ ਆਪਣੇ ਜੀਵਨ ਨੂੰ ਸੁਖਦਾਈ ਤੇ ਖ਼ੁਸ਼ੀ ਭਰਿਆ ਬਣਾÀੇਣ ਵਲ ਰੁਚਿਤ ਹਨ। ਮਨੁੱਖ ਵੱਲੋਂ ਜ਼ਿੰਦਗੀ ਨੂੰ ਹੋਰ ਚੰਗੇਰਾ ਬਣਾਉਣ ਦੀ ਇਹ ਰੀਝ, ਜ਼ਿੰਦਗੀ ਨੂੰ ਹੋਰ ਵਧੀਆ ਢੰਗ ਨਾਲ ਮਾਣਨ ਦੇ ਚਾਅ ਦਾ ਪ੍ਰਤੀਕ ਹੈ। ਜ਼ਿੰਦਗੀ ਕਦੇ ਇਕੋ ਜਿਹੀ ਨਹੀਂ ਰਹਿੰਦੀ, ਇਹ ਨਿਰੰਤਰ ਬਦਲਦੀ ਤੇ ਕਈ ਰੰਗ ਦਿਖਾਉਂਦੀ ਰਹਿੰਦੀ ਹੈ। ਜਿਹੜੇ ਜੀਵਨ-ਰੂਪੀ ਪਾਣੀਆਂ ਨੂੰ ਨਿਰੰਤਰ ਵਗਦੇ ਤੇ ਸਾਫ਼-ਸਫਾਫ ਰੱਖਣ ਲਈ, ਕੋਸ਼ਿਸ਼ ਰੂਪੀ ਕੰਕਰਾਂ ਨਾਲ ਪਾਣੀਆਂ ਵਿਚ ਲਹਿਰਾਂ ਪੈਦਾ ਕਰਨ ਵਿਚ ਜੁੱਟੇ ਰਹਿੰਦੇ ਹਨ, ਇਕ ਨਾ ਇਕ ਦਿਨ ਸਫਲਤਾ ਉਨ੍ਹਾਂ ਦੇ ਪੈਰ ਜ਼ਰੂਰ ਚੁੰੰਮਦੀ ਹੈ।
ਜ਼ਿੰਦਗੀ ਪ੍ਰਤੀ ਕੰਜੂਸੀ ਦਾ ਰਵਈਆ ਅਖਤਿਆਰ ਕਰਨ ਵਾਲੇ ਜਿਊਣਾ ਨਹੀਂ ਜਾਣਦੇ। ਕੁਦਰਤ ਦੇ ਅਨੇਕਾਂ ਖ਼ੂਬਸੂਰਤ ਰੰਗਾਂ ਨੂੰ ਮਾਣਨ ਵਿਚ ਭਲਾ ਕਿਹੜਾ ਧਨ ਖ਼ਰਚ ਹੁੰਦਾ ਹੈ? ਰੁੱਖ,ਬੂਟੇ, ਰੰਗ-ਬਰੰਗੇ ਫੁੱਲਾਂ ਨਾਲ ਲੱਦੀਆਂ ਟਾਹਣੀਆਂ, ਖੇਤਾਂ ਵਿਚ ਝੂੰਮਦੀਆਂ ਫ਼ਸਲਾਂ, ਬੱਚਿਆਂ ਦਾ ਨਿਰਛਲ ਹਾਸਾ, ਚਹਿਚਹਾਉਂਦੇ ਪੰਛੀ, ਟਿਮਟਮਾਉਂਦੇ ਤਾਰਿਆਂ ਨਾਲ ਸਜਿਆ ਗਗਨ, ਰੋਸ਼ਨੀਆਂ ਵਿਖੇਰਦਾ ਚੰਦਰਮਾ, ਵਰ੍ਹਦਾ ਮੀਂਹ, ਰੁਮਕਦੀ ਪੌਣ, ਖਿੜਖਿੜ ਹੱਸਦੀਆਂ ਮੁਟਿਆਰਾਂ ਤੇ ਜੀਵਨ ਦੇ ਡੂੰਘੇ ਅਨੁਭਵਾਂ ਦੀ ਬਾਤ ਪਾਉਂਦੇ ਬਾਬੇ ਤੇ ਹੋਰ ਬਹੁਤ ਕੁਝ ਅਜਿਹਾ ਹੈ ਜਿਸ ਨਾਲ ਜ਼ਿੰਦਗੀ ਰੂਪੀ ਗੱਡੀ ਨੂੰ ਨਿਰੰਤਰ ਖ਼ੁਸ਼ਗਵਾਰ ਤੇ ਜਿਊਣਯੋਗ ਬਣਾਇਆ ਜਾ ਸਕਦਾ ਹੈ। ਜ਼ਿੰਦਗੀ ਦੇ ਅਜਿਹੇ ਸੁਹਜ ਨੂੰ ਮਾਣਨ ਵਾਲੇ ਵਿਰਲੇ ਹੀ ਹਨ ਤੇ ਅਜਿਹੀ ਨੀਝ ਵੀ ਵਿਰਲਿਆਂ ਦੀ ਹੀ ਹੈ। ਅਜਿਹੇ ਵਿਅਕਤੀ ਆਰਥਿਕ ਪੱਖੋਂ ਤਾਂ ਭਾਵੇਂ ਗ਼ਰੀਬ ਹੋਣ ਪਰ ਜਿਹੜੀ ਅਮੀਰੀ ਉਨ੍ਹਾਂ ਕੋਲ ਹੁੰਦੀ ਹੈ ਉਹ ਬਹੁਤ ਥੋੜ੍ਹੇ ਲੋਕਾਂ ਦੇ ਹਿੱਸੇ ਆਉਂਦੀ ਹੈ।
ਬਹੁਤ ਥੋੜ੍ਹੇ ਲੋਕ ਹੁੰਦੇ ਹਨ ਜਿਹੜੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਵੀ ਖਿੜੇ ਮੱਥੇ ਜਰਨ ਦਾ ਹੌਸਲਾ ਰੱਖਦੇ ਹਨ। ਉਨ੍ਹਾਂ ਦਾ ਮਨ ਭਾਵੇਂ ਜਿੰਨਾ ਮਰਜ਼ੀ ਉਦਾਸ ਹੋਵੇ ਪਰ ਉਨ੍ਹਾਂ ਦੇ ਚਿਹਰੇ ਉੱਤੇ ਉਦਾਸੀ ਦੀ ਕੋਈ ਸ਼ਿਕਨ ਨਜ਼ਰ ਨਹੀਂ ਆਉਂਦੀ। ਇਸ ਦੇ ਉਲਟ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਹਰ ਇਕ ਕੋਲ ਹੀ ਆਪਣੇ ਦਰਦਾਂ ਦਾ ਰੋਣਾ ਰੋਣ ਬਹਿ ਜਾਂਦੇ ਹਨ। ਜ਼ਿੰਦਗੀ ਤੋਂ ਹਰ ਸਮੇਂ ਨਿਰਾਸ਼ ਤੇ ਉਦਾਸ ਰਹਿਣ ਵਾਲੇ ਲੋਕ ਨਰਕ ਤੋਂ ਵੀ ਬਦਤਰ ਜੀਵਨ ਬਸਰ ਕਰਨ ਦਾ ਰਾਹ ਅਪਣਾ ਕੇ ਆਪਣੀਆਂ ਪਰੇਸ਼ਾਨੀਆਂ ਵਿਚ ਹੋਰ ਵਾਧਾ ਕਰ ਲੈਂਦੇ ਹਨ। ਦੁੱਖ ਸਮੇਂ ਢੇਰੀ ਢਾਹ ਬਹਿਣਾ ਜ਼ਿੰਦਗੀ ਪ੍ਰਤੀ ਨਾਂਹਪੱਖੀ ਨਜ਼ਰੀਆ ਹੈ। ਕਈ ਲੋਕ ਸੁੱਖਾਂ ਤੇ ਰੰਗ-ਤਮਾਸ਼ਿਆਂ ਵਿਚ ਗਲਤਾਨ ਹੋ ਕੇ ਸਭ ਕੁਝ ਭੁੱਲ ਬੈਠਦੇ ਹਨ ਪਰ ਜਦੋਂ ਕਿਸੇ ਮੁਸੀਬਤ ਦੇ ਰੂਬਰੂ ਹੁੰਦੇ ਹਨ ਤਾਂ ਛੇਤੀ ਹੀ ਹੌਸਲਾ ਹਾਰ ਬਹਿੰਦੇ ਹਨ। ਜੇਕਰ ਜੀਵਨ ਵਿਚ ਆਉਂਦੀਆਂ ਖ਼ੁਸ਼ੀਆਂ ਤੇ ਗ਼ਮੀਆਂ ਨੂੰ ਸੰਤੁਲਿਤ ਨਜ਼ਰੀਏ ਨਾਲ ਵਿਚਾਰਿਆ ਜਾਵੇ ਤਾਂ ਜ਼ਿੰਦਗੀ ਦੀ ਸਹਿਜਤਾ ਬਰਕਰਾਰ ਰਹਿੰਦੀ ਹੈ।
ਕੁਝ ਲੋਕਾਂ ਦੇ ਵਿਵਹਾਰ ਵਿਚ ਤਲਖ਼ੀ 'ਤੇ ਗੁੱਸਾ ਇਸ ਕਦਰ ਛਾਇਆ ਰਹਿੰਦਾ ਹੈ ਕਿ ਉਨ੍ਹਾਂ ਦੇ ਮੱਥੇ 'ਤੇ ਹਰ ਸਮੇਂ ਹੀ ਤਿਊੜੀਆਂ ਉੱਭਰੀਆਂ ਰਹਿੰਦੀਆਂ ਹਨ। ਅਜਿਹੇ ਵਿਅਕਤੀਆਂ ਦੇ ਵਿਵਹਾਰ ਵਿੱਚੋਂ ਹਲੀਮੀ, ਨਿਮਰਤਾ ਤੇ ਸਹਿਣਸ਼ੀਲਤਾ ਭਾਲਿਆਂ ਵੀ ਨਹੀਂ ਲੱਭਦੀ। ਕਈ ਵਾਰ ਤਾਂ ਇੰਜ ਲਗਦਾ ਹੈ ਜਿਵੇਂ ਉਹ ਆਪਣੇ ਆਪ ਨਾਲ ਹੀ ਲੜ ਰਹੇ ਹੋਣ। ਕੁਝ ਲੋਕਾਂ ਦੇ ਵਿਵਹਾਰ ਵਿਚ ਏਨਾ ਸਲੀਕਾ ਹੁੰਦਾ ਹੈ ਕਿ ਉਹ ਹਮੇਸ਼ਾ ਲਈ ਤੁਹਾਡੇ ਚੇਤਿਆਂ ਵਿਚ ਵਸ ਜਾਂਦੇ ਹਨ। ਅਜਿਹੇ ਸ਼ਖ਼ਸ ਜਦੋਂ ਬੋਲਦੇ ਹਨ ਤਾਂ ਵਿਲੱਖਣ ਸਲੀਕੇ ਦਾ ਮੁਜ਼ਾਹਰਾ ਤਾਂ ਕਰਦੇ ਹੀ ਹਨ, ਉਨ੍ਹਾਂ ਦੇ ਬੋਲਾਂ ਨਾਲ ਵੀ ਹਰ ਕੋਈ ਗਦਗਦ ਹੋ ਉੱਠਦਾ ਹੈ। ਮਨੁੱਖੀ ਵਿਵਹਾਰ ਤੋਂ ਹੀ ਕਿਸੇ ਮਨੁੱਖ ਦੇ ਅੰਦਰਲੇ ਸੁਹੱਪਣ ਦਾ ਪਤਾ ਲਗਦਾ ਹੈ। ਅਜਿਹੇ ਵਿਅਕਤੀਆਂ ਦੀ ਹਾਜ਼ਰੀ ਮਾਹੌਲ ਨੂੰ ਖ਼ੁਸ਼ਗਵਾਰ ਤੇ ਸਹਿਜ ਬਣਾ ਦਿੰਦੀ ਹੈ। ਕੁਝ ਲੋਕ ਬਿਨਾਂ ਕਿਸੇ ਉਦੇਸ਼ ਜਾਂ ਨਿਸ਼ਾਨੇ ਦੇ ਵਾਹੋਦਾਹੀ ਦੌੜੇ ਰਹਿੰਦੇ ਹਨ ਪਰ ਉਹ ਸਾਰਾ ਜੀਵਨ ਪਹੁੰਚਦੇ ਕਿਤੇ ਨਹੀਂ। ਕੁਝ ਮੰਜ਼ਿਲ 'ਤੇ ਪਹੁੰਚਣ ਦੀ ਕਾਹਲ ਵਿਚ ਛੇਤੀ ਹੀ ਰਾਹਾਂ ਦੀ ਧੂੜ ਵਿਚ ਗਵਾਚ ਜਾਂਦੇ ਹਨ। ਜਿਹੜੇ ਨਿਰੰਤਰ ਯਤਨਾਂ ਸਦਕਾ, ਹਿੰਮਤ ਤੇ ਹੌਸਲੇ ਨਾਲ ਔਖੀਆਂ ਘਾਟੀਆਂ ਨੂੰ ਵੀ ਪਾਰ ਕਰ ਜਾਂਦੇ ਹਨ, ਮੰਜ਼ਿਲ ਉਨ੍ਹਾਂ ਦਾ ਹੀ ਸਵਾਗਤ ਕਰਦੀ ਹੈ। ਕੇਵਲ ਖਾਣਾ-ਪੀਣਾ ਤੇ ਐਸ਼-ਪ੍ਰਸਤੀ ਦੀ ਜ਼ਿੰਦਗੀ ਜੀਣਾ ਹੀ ਜ਼ਿੰਦਗੀ ਨਹੀਂ ਹੈ। ਪੈਸੇ ਦੀ ਦੌੜ ਵਿਚ ਹਫੇ ਹੋਏ ਲੋਕਾਂ ਦਾ ਜੀਵਨ ਵੀ ਸੁਖਾਵਾਂ ਨਹੀਂ ਹੁੰਦਾ। ਸਮੇਂ ਦੀਆਂ ਤਲਖ਼ ਹਕੀਕਤਾਂ ਨੇ ਮਨੁੱਖ ਲਈ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਉਹ ਆਰਾਮ ਨਾਲ ਬੈਠ ਕੇ ਖਾਣਾ ਵੀ ਨਹੀਂ ਖਾ ਸਕਦਾ। ਅਜੋਕਾ ਮਨੁੱਖ ਸੋਚਾਂ ਦੇ ਭਵਸਾਗਰ ਵਿਚ ਡੁੱਬਿਆ, ਮਾਨਸਿਕ ਪਰੇਸ਼ਾਨੀਆਂ ਦੇ ਬੋਝ ਥੱਲੇ ਦੱਬਿਆ ਹੀ ਬੁਰਕੀ ਸੰਘੋਂ ਲੰਘਾਉਂਦਾ ਹੈ। ਜਦੋਂ ਨੋਟਬੰਦੀ ਹੋਈ, ਨੋਟਾਂ ਦੇ ਅੰਬਾਰ ਸਿਰਜਣ ਵਾਲੇ ਕੱਖੋਂ ਹੌਲੇ ਹੋ ਗਏ। ਮਨੁੱਖ ਦਾ ਲਾਲਚੀ ਹੋਣਾ ਤਾਂ ਸਮਝ ਆਉਂਦਾ ਹੈ ਪਰ ਜਦੋਂ ਇਹ ਸਥਿਤੀ ਸਭ ਹੱਦਾਂ ਪਾਰ ਕਰ ਜਾਵੇ ਉਦੋਂ ਮਨੁੱਖ ਦਾ ਅਮਾਨਵੀ ਪੱਖ ਉਜਾਗਰ ਹੋ ਜਾਂਦਾ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.