5 ਮਾਰਚ (22 ਫੱਗਣ) ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼: ਸ਼ਹੀਦ ਭਾਈ ਤਾਰਾ ਸਿੰਘ ਜੀ (ਡੱਲ ਵਾਂ)
ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਧਰਮੀ ਸੋਚ, ਇਨਸਾਫ਼ ਦੀ ਪ੍ਰਾਪਤੀ ਤੇ ਸਰੱਬਤ ਦੇ ਭਲੇ ਲਈ ਜ਼ੁਲਮ ਦੇ ਖਿਲਾਫ ਲੜਦਿਆਂ ਆਪਾ ਵਾਰਨ ਵਾਲੀਆਂ ਸ਼ਖਸ਼ੀਅਤਾਂ ਨੂੰ ‘ਸ਼ਹੀਦ’ ਨਾਮ ਨਾਲ ਸਤਿਕਾਰਿਆ ਜਾਂਦਾ ਹੈ। ਗੁਰੂ ਸਾਹਿਬਾਨ ਤੋਂ ਅਗਵਾਈ ਲੈ ਕੇ ਸਿੱਖ ਕੌਮ ਨੇ ਸ਼ਸ਼ਤਰ ਬੱਧ ਸੰਘਰਸ਼ ਕਰਕੇ ਭਾਰਤ ਭਰ ਵਿੱਚ ਜ਼ੁਲਮ ਦੀਆਂ ਜੜ੍ਹਾਂ ਪੁੱਟਣ ਲਈ ਬੇਹੱਦ ਕੁਰਬਾਨੀਆਂ ਕੀਤੀਆਂ। ਇਸ ਰਸਤੇ ’ਤੇ ਚਲਦਿਆਂ ਭਾਵੇਂ ਆਪ ਚਰਖੜੀਆਂ ’ਤੇ ਚੜੇ, ਬੰਦ-ਬੰਦ ਕਟਵਾਏ ਖੋਪਰੀਆਂ ਲੁਹਾਈਆਂ ਤੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀਆਂ ਵਿੱਚ ਪੁਆਏ ਮੈਦਾਨੇ ਜੰਗ ਵਿੱਚ ਜ਼ਾਲਮਾਂ ਨੂੰ ਲੋਹੇ ਦੇ ਚਨੇ ਚਬਾਏ ਤੇ ਆਪ ਸ਼ਹਾਦਤ ਪ੍ਰਾਪਤ ਕੀਤੀ। ਇਹਨਾਂ ਸ਼ਹੀਦਾਂ ਨੂੰ ਕੌਮ ਰਹਿੰਦੀ ਦੁਨੀਆਂ ਤੀਕ ਸਤਿਕਾਰ ਦਿੰਦੀ ਰਹੇਗੀ।
ਇਹਨਾਂ ਕੌਮੀ ਪ੍ਰਵਾਨਿਆਂ ਵਿੱਚੋਂ ਹੀ ਧਰੂ ਤਾਰੇ ਵਾਂਗ ਚਮਕਦਾ ਨਾਮ ਹੈ ਸ਼ਹੀਦ ਭਾਈ ਤਾਰਾ ਸਿੰਘ ਵਾਂ (ਡੱਲ ਵਾਂ) ਜੋ ਲਾਹੌਰ ਜਿਲ੍ਹੇ ਦੇ ਇਸ ਪਿੰਡ ਦੇ ਵਸਨੀਕ ਗੁਰਸਿੱਖ ਭਾਈ ਗੁਰਦਾਸ ਸਿੰਘ ਜਿਨ੍ਹਾਂ ਨੇ ਦਸ਼ਮੇਸ਼ ਪਿਤਾ ਜੀ ਦੇ ਹੱਥੋਂ ਅੰਮ੍ਰਿਤਪਾਨ ਕੀਤਾ ਸੀ ਦੇ ਸਪੁੱਤਰ ਸਨ। ਭਾਈ ਤਾਰਾ ਸਿੰਘ ਇਨ੍ਹਾਂ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਸਨ। ਇਹਨਾਂ ਦੀ ਜਨਮ ਤਰੀਖ ਸਬੰਧੀ ਵਿਦਵਾਨਾਂ ਵਿੱਚ ਮਤਭੇਦ ਹੈ, ਪ੍ਰੰਤੂ ਬਹੁਤੇ ਵਿਦਵਾਨਾਂ ਨੇ 1702 ਈ. ਨੂੰ ਹੋਇਆ ਮੰਨਿਆਂ ਹੈ। ਸ਼ੁਰੂ ਤੋਂ ਵੱਡੇ ਹੋ ਕੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੱਥੇ ਤੋਂ ਅੰਮ੍ਰਿਤ ਛਕਿਆ। ਉਸ ਦਿਨ ਤੋਂ ਗੁਰੂ ਪੰਥ ਨੂੰ ਸਪਰਪਿਤ ਹੋ ਕੇ ਸਿੱਖੀ ਅਸੂਲਾਂ ’ਤੇ ਪਹਿਰਾ ਦੇਣਾ ਸ਼ੁਰੂ ਕੀਤਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਜੀਵਨ ਜੀਉਣਾ ਸ਼ੁਰੂ ਕੀਤਾ। ਉਸ ਸਮੇਂ ਜਕਰੀਆਂ ਖਾਨ ਵਰਗੇ ਜ਼ਾਲਮਾਂ ਨੇ ਸਿੱਖਾਂ ਦਾ ਖੁਰਾ ਖੋਜ਼ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਤੇ ਉਨ੍ਹਾਂ ਨੂੰ ਘਰਾਂ ਵਿੱਚੋਂ ਫੜ-ਫੜ ਕੇ ਸ਼ਹੀਦ ਕੀਤਾ ਜਾਣ ਲੱਗਾ। ਸਿੱਖ ਘਰ-ਘਾਟ ਛੱਡ ਕੇ ਜੰਗਲਾਂ ਵਿੱਚ ਚੱਲੇ ਗਏ।
ਕੌਮੀ ਪਰਵਾਨਿਆਂ ਦੀ ਸੇਵਾ ਕਰਨ ਦਾ ਚਾਅ ਭਾਈ ਤਾਰਾ ਸਿੰਘ ਦੇ ਮਨ ਵਿੱਚ ਸੀ। ਉਨ੍ਹਾਂ ਨੇ ਆਪਣੀ ਜ਼ਮੀਨ ਦੀ ਨੁੱਕਰ ਵਿੱਚ ਕਿੱਕਰਾਂ, ਬੇਰੀਆਂ, ਮਲ੍ਹੇ, ਕਰੀਰ ਆਦਿ ਦੇ ਛਾਪਿਆਂ ਦੀ ਵਾੜ ਕਰਕੇ ਇੱਕ ਵਾੜਾ ਵਲ ਕੇ ਵਿੱਚ ਕੱਚੇ ਮਕਾਨ ਤੇ ਛੱਪਰ ਆਦਿ ਪਾ ਕੇ ਡੇਰਾ ਬਣਾਇਆ ਸੀ। ਜੋ ਹਕੂਮਤ ਦੇ ਜ਼ੁਲਮ ਤੋਂ ਸਤਾਏ ਅਤੇ ਇਨਸਾਫ ਲਈ ਜੂਝਣ ਵਾਲੇ ਸਿੰਘਾਂ ਲਈ ਚੰਗੀ ਅਰਾਮਗਾਹ ਸੀ। ਮੁਗ਼ਲ ਹਕੂਮਤ ਵੱਲੋਂ ਥਾਪੇ ਪਿੰਡਾਂ ਦੇ ਚੌਧਰੀਆਂ ਨੇ ਆਪਣੀਆਂ ਮਨ ਮਾਨੀਆਂ ਕਰਕੇ ਪਰਜ਼ਾ ਨੂੰ ਬਹੁਤ ਦੁਖੀ ਕੀਤਾ ਸੀ। ਕੋਈ ਵੀ ਡਰਦਾ ਹਕੂਮਤ ਦੇ ਅਨਿਆਂ ਤੇ ਜ਼ੁਲਮ ਵਿਰੁੱਧ ਬੋਲਣ ਦਾ ਹੀਆ ਨਹੀ ਸੀ ਕਰਦਾ, ਇਨ੍ਹਾਂ ਵਿੱਚੋਂ ਹੀ ਨੌਸ਼ਹਿਰੇ ਢਾਲੇ ਦਾ ਚੌਧਰੀ ਸਾਹਿਬ ਰਾਏ ਸੀ ਜੋ ਕਿਸਾਨਾਂ ਦੀਆਂ ਫਸਲਾਂ ਨੂੰ ਉਜਾੜ ਦਿੰਦਾ ਸੀ। ਜਦੋਂ ਕਣਕਾਂ ਨਿਸਰਨ (ਭਾਵ ਸਿੱਟਾ ਕੱਢਣ) ਦੇ ਨਜ਼ਦੀਕ ਸਨ ਤਾਂ ਆਪਣੀਆਂ ਘੋੜੀਆਂ ਖੇਤਾਂ ਵਿੱਚ ਖੁੱਲੀਆਂ ਛੱਡ ਦਿੰਦਾ ਸੀ ਤੇ ਕਣਕਾਂ ਉਜਾੜ ਦਿੰਦਾ ਸੀ, ਫਸਲ ਦੇ ਉਜਾੜੇ ਤੋਂ ਦੁੱਖੀ ਹੋ ਕੇ ਭੜਾਨਾ ਪਿੰਡ ਦੇ ਸਿੱਖ ਕਿਸਾਨਾਂ ਗੁਰਬਖਸ਼ ਸਿੰਘ, ਮਾਲੀ ਸਿੰਘ ਨੇ ਚੌਧਰੀ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਮਿਲ ਕੇ ਕਿਹਾ ਤਾਂ ਹੰਕਾਰੇ ਚੌਧਰੀ ਨੇ ਕਿਹਾ ਕਿ ਘੋੜੀਆਂ ਨੂੰ ਬੰਨਣ ਲਈ ਮੇਰੇ ਪਾਸ ਰੱਸੇ ਨਹੀ ਹਨ। ਸਿੱਖਾਂ ਨੇ ਕਿਹਾ ਕਿ ਰੱਸੇ ਅਸੀਂ ਦੇ ਦਿੰਦੇ ਹਾਂ ਤਾਂ ਚੌਧਰੀ ਕਹਿਣ ਲੱਗਾ ਇਹ ਰੱਸੇ ਨਹੀਂ ਤੁਹਾਡੇ ਸਿੱਖਾਂ ਦੇ ਕੇਸਾਂ ਦੇ ਰੱਸਿਆਂ ਨਾਲ ਇਹ ਘੋੜੀਆਂ ਬੱਝ ਸਕਦੀਆਂ ਹਨ। ਬੱਸ ਫਿਰ ਕੀ ਸੀ, ਸਿੱਖ ਦੁਨੀਆਂ ਦਾ ਹਰੇਕ ਦੁੱਖ ਸਹਿ ਸਕਦਾ ਹੈ ਪ੍ਰੰਤੂ ਗੁਰੂ ਬਖਸ਼ੀ ਸਿੱਖੀ ਤੇ ਹਮਲਾ ਕਦਾਚਿਤ ਬਰਦਾਸ਼ਤ ਨਹੀਂ ਕਰ ਸਕਦਾ। ਭਰੇ ਪੀਤੇ ਸਿੱਖਾਂ ਨੇ ਭੁਸੇ ਪਿੰਡ ਦੇ ਭਾਈ ਬਘੇਲ ਸਿੰਘ, ਭਾਈ ਅਮਰ ਸਿੰਘ ਪਾਸ ਜਾ ਕੇ ਸਾਰੀ ਵਿਥਿਆ ਸੁਣਾਈ ਤਾਂ ਭਾਈ ਬਘੇਲ ਸਿੰਘ, ਭਾਈ ਅਮਰ ਸਿੰਘ ਨੇ ਇਸ ਚੌਧਰੀ ਦੇ ਤਾਹਨੇ ਨੂੰ ਕੌਮ ਤੇ ਕੀਤੇ ਹਮਲੇ ਵਜੋਂ ਲਿਆ ਤੇ ਰਾਤ ਸਾਰੀਆਂ ਘੋੜੀਆਂ ਘੇਰ ਕੇ ਲਖਬੀਰ ਸਿੰਘ ਘਰਿਆਲਾ ਰਾਹੀਂ ਮਹਾਰਾਜਾ ਪਟਿਆਲਾ ਸ੍ਰ: ਆਲਾ ਸਿੰਘ ਨੂੰ ਵੇਚ ਦਿਤੀਆਂ। ਮਿਲੀ ਰਕਮ ਬਾਬਾ ਤਾਰਾ ਸਿੰਘ ਵੱਲੋਂ ਸਿੰਘਾਂ ਲਈ ਚਲਾਏ ਜਾ ਰਹੇ ਲੰਗਰ ਲਈ ਭੇਟ ਕਰ ਦਿੱਤੀ।
ਚੌਧਰੀ ਘੋੜੀਆਂ ਦੀ ਭਾਲ ਕਰਦਾ ਬਾਬਾ ਤਾਰਾ ਸਿੰਘ ਜੀ ਦੇ ਡੇਰੇ ਪੁੱਜਾ ਤੇ ਘੋੜੀਆਂ ਅਤੇ ਘੋੜੀਆਂ ਦੇ ਚੋਰ ਆਪਣੇ ਹਵਾਲੇ ਕਰਨ ਲਈ ਰੋਅਬ ਪਾਉਣ ਲੱਗਾ ਤਾਂ ਬਾਬਾ ਜੀ ਨੇ ਕਿਹਾ ਇਥੇ ਕੋਈ ਚੋਰ ਨਹੀਂ ਇਥੇ ਗੁਰੂ ਕੇ ਸਿੱਖ ਤੇ ਲੋੜਵੰਦ ਪ੍ਰਸ਼ਾਦਾ ਛੱਕਣ ਹੀ ਆਉਂਦੇ ਹਨ, ਚੌਧਰੀ ਨੇ ਬਾਬਾ ਜੀ ਪ੍ਰਤੀ ਸਖਤ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਤਾਂ ਡੇਰੇ ਵਿੱਚਲੇ ਸਿੰਘਾਂ ਨੇ ਚੌਧਰੀ ਢਾਹ ਲ਼ਿਆ ਤੇ ਪੂਰੀ ਛਿੱਤਰ ਪਰੇਡ ਕੀਤੀ। ਛਿੱਤਰ ਪਰੇਡ ਕਰਵਾ ਕੇ ਚੌਧਰੀ ਵਾਪਸ ਮੁੜਦਾ ਸਿੱਧਾ ਪੱਟੀ ਦੇ ਫੌਜ਼ਦਾਰ ਜਾਫਰ ਬੇਗ ਪਾਸ ਗਿਆ ਤੇ ਰੋ-ਰੋ ਕੇ ਦਸਿਆ ਕਿ ਵਾਂ ਪਿੰਡ ਵਿੱਚ ਤਾਰਾ ਸਿੰਘ ਵੱਖਰੀ ਹਕੂਮਤ ਚਲਾ ਰਿਹਾ ਹੈ ਅਤੇ ਮੁਗਲ ਹਕੂਮਤ ਨੂੰ ਚੈਲਿੰਜ਼ ਕਰ ਰਿਹਾ, ਜੇਕਰ ਕੋਈ ਉਸ ਨੂੰ ਸਮਝਾਉਂਦਾ ਹੈ ਤਾਂ ਉਸ ਦੀ ਮਾਰ ਕੁੱਟ ਕਰਕੇ ਮੋੜ ਦਿੱਤਾ ਜਾਂਦਾ ਹੈ। ਚੌਧਰੀ ਦੀ ਫਰਿਆਦ ਸੁਣ ਕੇ ਜਾਫਰ ਬੇਗ ਨੇ 50 ਸਿਪਾਹੀ ਲੈ ਕੇ ਵਾਂ ਪਿੰਡ ਤੇ ਬਾਬਾ ਜੀ ਦੇ ਡੇਰੇ ਤੇ ਤੜ੍ਹਕੇ ਅੰਮ੍ਰਿਤ ਵੇਲੇ ਚੜਾਈ ਕਰ ਦਿੱਤੀ, ਭਾਈ ਬਘੇਲ ਸਿੰਘ ਭੁਸੇ ਸਵੇਰੇ ਅੰਮ੍ਰਿਤ ਵੇਲੇ ਖੇਤਾਂ ਵਿੱਚ ਜੰਗਲ ਪਾਣੀ ਲਈ ਬਾਹਰ ਨਿਕਲੇ ਤਾਂ ਅੱਗੋਂ ਜਾਫਰ ਬੇਗ ਦੀ ਅਗਵਾਈ ਵਿੱਚ ਸਿਪਾਹੀਆਂ ਨਾਲ ਟਾਕਰਾ ਹੋ ਗਿਆ। ਭਾਈ ਬਘੇਲ ਸਿੰਘ ਨੇ ਉੱਚੀ ਜੈਕਾਰਾ ਛੱਡ ਕੇ ਸਿਪਾਹੀਆਂ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ। ਜੈਕਾਰੇ ਦੀ ਅਵਾਜ ਸੁਣ ਕੇ ਡੇਰੇ ਵਿੱਚੋਂ ਸਿੰਘ ਵੀ ਆ ਗਏ। ਮੁਕਾਬਲੇ ਵਿੱਚ ਜਾਫਰ ਬੇਗ ਦੇ ਭਤੀਜੇ ਸਮੇਤ ਕਾਫੀ ਗਿਣਤੀ ਵਿੱਚ ਸਿਪਾਹੀ ਮਾਰੇ ਗਏ। ਭਾਈ ਬਘੇਲ ਸਿੰਘ ਵੀ ਸ਼ਹੀਦੀ ਪਾ ਗਏ। ਜਾਫਰ ਬੇਗ ਪਿੱਛੇ ਨੂੰ ਭੱਜ ਗਿਆ।
ਲੜਾਈ ਖਤਮ ਹੋਣ ਤੋਂ ਬਾਅਦ ਜਾਫਰ ਬੇਗ ਆਪਣੇ ਭਤੀਜੇ ਤੇ ਬਾਕੀ ਸਿਪਾਹੀਆਂ ਦੀਆਂ ਲਾਸ਼ਾਂ ਗੱਡਿਆਂ ’ਤੇ ਲੱਦ ਕੇ ਲਾਹੌਰ ਜ਼ਕਰੀਆਂ ਖਾਨ ਪਾਸ ਚਲਾ ਗਿਆ। ਇਹ ਇਲਾਕਾ ਉਸ ਸਮੇਂ ਲਾਹੌਰ ਦੇ ਅਧੀਨ ਆਉਂਦਾ ਸੀ ਅਤੇ ਹਾਲ ਦੁਹਾਈ ਪਾਈ ਕਿ ਮਾਝੇ ਦੇ ਵਾਂ ਪਿੰਡ ਤਾਰਾ ਸਿੰਘ ਨਾਮ ਦਾ ਇੱਕ ਸਿੱਖ ਰਹਿੰਦਾ ਹੈ। ਜਿਸ ਨੇ ਆਪਣੇ ਡੇਰੇ ਵਿੱਚ ਸਰਕਾਰ ਦੇ ਬਾਗੀ, ਡਾਕੂ, ਲਟੇਰੇ ਰੱਖੇ ਹਨ। ਸਰਕਾਰ ਦਾ ਹੁਕਮ ਨਹੀਂ ਮੰਨਦਾ ਜੇਕਰ ਸਮਝਾਇਆ ਤਾਂ ਉਸ ਨੇ ਹਮਲਾ ਕਰਕੇ ਸਾਡੇ ਸਿਪਾਹੀ ਮੌਤ ਦੇ ਘਾਟ ਉਤਾਰ ਦਿੱਤੇ। ਜਕਰੀਆਂ ਖਾਨ ਜਾਫਰ ਬੇਗ ਤੋਂ ਇਹ ਹਾਲ ਸੁਣ ਕੇ ਅੱਗ ਬਗੂਲਾ ਹੋ ਗਿਆ ਅਤੇ ਮੋਮਨ ਖਾਂ ਕਸੂਰੀਏ ਦੀ ਅਗਵਾਈ ਵਿੱਚ 2200 ਘੋੜ-ਸਵਾਰ ਤੇ ਹੋਰ ਜੰਗੀ ਸਮਾਨ ਦੇ ਕੇ ਭਾਈ ਤਾਰਾ ਸਿੰਘ ਅਤੇ ਸਾਥੀਆਂ ਨੂੰ ਜਿੰਦਾ ਫੜਨ ਜਾਂ ਮੌਤ ਦੇ ਘਾਟ ਉਤਾਰ ਦੇਣ ਲਈ ਭੇਜਿਆ, ਉਸ ਸਮੇਂ ਸਾਰੇ ਹਲਾਤਾਂ ਨੂੰ ਵੇਖ ਰਹੇ ਇੱਕ ਸੁੂਹੀਏ ਨੇ ਫੌਜ ਦੇ ਆਉਂਣ ਤੋਂ ਪਹਿਲਾਂ ਭਾਈ ਤਾਰਾ ਸਿੰਘ ਨੂੰ ਦੱਸਿਆ ਕਿ ਵੱਡੀ ਗਿਣਤੀ ਵਿੱਚ ਫੌਜ ਤੁਹਾਡੇ ’ਤੇ ਹਮਲਾ ਕਰਨ ਆ ਰਹੀ ਹੈ ਕੁੱਝ ਸਿੱਖਾਂ ਨੇ ਕਿਹਾ ਕਿ ਕੁੱਝ ਸਮਾਂ ਡੇਰਾ ਖਾਲੀ ਕਰਕੇ ਮਾਲਵੇ ਨੂੰ ਚਲੇ ਜਾਈਏ ਤਾਂ ਬਾਬਾ ਤਾਰਾ ਸਿੰਘ ਜੀ ਨੇ ਕਿਹਾ ਕਿ ਅਸੀ ਇਥੇ ਰਹਾਂਗੇ, ਜਿਸਨੇ ਜਾਣਾ ਹੈ ਉਹ ਜਾ ਸਕਦਾ ਹੈ। ਅਸੀਂ ਤਾਂ ਆਪਣਾ ਫਰਜ਼ ਨਿਭਾਵਾਂਗੇ। ਜੇਕਰ ਲੋੜ ਪਈ ਤਾਂ ਸ਼ਹਾਦਤ ਵੀ ਦੇ ਦੇਵਾਂਗੇ।
ਫੌਜ ਨੇ ਵਾਂ ਪਿੰਡ ਦੇ ਭਾਈ ਤਾਰਾ ਸਿੰਘ ਜੀ ਦੇ ਡੇਰੇ ਨੂੰ ਘੇਰਾ ਪਾ ਲਿਆ। ਅੱਗੋਂ ਬਾਬਾ ਤਾਰਾ ਸਿੰਘ ਜੀ ਦੀ ਅਗਵਾਈ ਵਿੱਚ ਕੇਵਲ 18 ਸਿੰਘ ਸਨ, ਅਤੇ ਉਥੇ ਗੁਆਂਢੀ ਪਿੰਡ ਕੁਰਬਾਠ ਦੇ ਦੋ ਭਰਾ ਜੋ ਖੇਤੀ ਸਬੰਧੀ ਵਾਂ ਪਿੰਡ ਵਿੱਚ ਕੱਲਰ ਇੱਕਠਾ ਕਰਨ ਲਈ ਉਥੇ ਆਏ ਹੋਏ ਸਨ। ਉਹ ਵੀ ਬਾਬਾ ਜੀ ਦੇ ਨਾਲ ਸ਼ਹੀਦੀ ਜਥੇ ਵਿੱਚ ਸ਼ਾਮਲ ਹੋ ਗਏ। ਕੁੱਲ 21 ਸਿੰਘਾਂ ਨੇ ਮੁਗਲ ਫੌਜਾਂ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਅਤੇ ਸੂਰਮਗਤੀ ਦੇ ਜੌਹਰ ਵਿਖਾਉਂਦਿਆਂ ਤੀਰਾਂ, ਨੇਜ਼ਿਆਂ ਨਾਲ ਮੁਗਲ ਫੌਜ ਦੇ ਆਹੁੂ ਲਾਹੇ। ਫੌਜਾਂ ਦਾ ਇੱਕ ਜਰਨੈਲ ਤਕੀ ਬੇਗ ਜਿਸ ਦਾ ਸਰੀਰ ਲੋਹੇ ਦੀਆਂ ਤਾਰਾ ਨਾਲ ਬਣੀ ਸੰਜੋਅ ਨਾਲ ਮੜਿਆ ਸੀ। ਕਿਤੇ ਵੀ ਬਰਛੇ ਜਾਂ ਤਲਵਾਰ ਦਾ ਵਾਰ ਅਸਰ ਨਹੀਂ ਸੀ ਕਰਦਾ।
ਉਸ ਨੇ ਬਾਬਾ ਤਾਰਾ ਸਿੰਘ ਜੀ ਨੂੰ ਵੰਗਾਰਿਆ ਤੇ ‘ਯਾ ਅਲੀ’ ਦਾ ਨਾਅਰਾ ਮਾਰ ਕੇ ਅੱਗੇ ਹੋਇਆ ਬਾਬਾ ਜੀ ਜੋ ਜੰਗੀ ਕਰਤਬ ਦੇ ਮਾਹਿਰ ਸਨ ਨੇ ਮੌਕਾ ਤਾੜ ਕੇ ਨੇਜਾ (ਬਰਛਾ) ਉਸ ਦੇ ਮੁੂੰਹ ਵਿੱਚ ਖੋਭ ਦਿੱਤਾ। ਖੁੂਨ ਦੀ ਫੁਹਾਰ ਚੱਲੀ ਤਕੀ ਬੇਗ ਘੋੜਾ ਮੋੜ ਕੇ ਪਿਛੇ ਨੂੰ ਭੱਜਾ ਤਾਂ ਮੋਮਨ ਖਾਨ ਨੇ ਮਖੌਲ ਕਰਦਿਆਂ ਕਿਹਾ ਕਿ ਖਾਨ ਜੀ ਪਾਨ ਚੱਬ ਰਹੇ ਹੋ! ਤਾਂ ਤਕੀ ਬੇਗ ਨੇ ਇਸ਼ਾਰੇ ਨਾਲ ਕਿਹਾ ਹਾਂ ਬਾਬਾ ਤਾਰਾ ਸਿੰਘ ਅੱਗੇ ਪਾਨ ਵੰਡ ਰਿਹਾ ਹੈ ਤੁਸੀਂ ਵੀ ਲੈ ਆਉ, ਸਿੰਘਾਂ ਦਾ ਹੌਸਲਾ ਤੇ ਫੌਜ ਦਾ ਨੁਕਸਾਨ ਹੰਦਾ ਵੇਖ ਕੇ ਮੋਮਨ ਖਾਂ ਨੇ ਧਰਮ ਦਾ ਵਾਸਤਾ ਪਾ ਕੇ ਫੌਜ ਨੂੰ ਲਲਕਾਰਿਆ ਅਤੇ ਫੌਜ ਨੇ ਮੁੱਠੀ ਭਰ ਸਿੰਘਾਂ ਤੇ ਇਕੱਠਾ ਇੱਕ ਦਮ ਹੱਲਾ ਬੋਲਿਆ, ਬਾਬਾ ਤਾਰਾ ਸਿੰਘ ਅਤੇ ਹੋਰ ਸਿੰਘ ‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨਾ ਛਾਡੈ ਖੇਤੁ॥’ ਦੇ ਪ੍ਰਣ ਨੂੰ ਨਿਭਾਉਂਦਿਆਂ ਸ਼ਹਾਦਤ ਦਾ ਜਾਮ ਪੀ ਕੇ ਸਦਾ ਲਈ ਅਮਰ ਹੋ ਗਏ। ਉਨ੍ਹਾਂ ਦੀ ਸ਼ਹਾਦਤ ਸਬੰਧੀ ਵੀ ਇੱਕ ਤੋਂ ਵੱਧ ਤਾਰੀਖਾਂ ਮਿਲਦੀਆਂ ਹਨ, ਵਧੇਰੇ ਵਿਦਵਾਨ 22 ਫੱਗਣ (5 ਮਾਰਚ) 1725 ਈ. ਨੂੰ ਮੰਨਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਵੀ ਮਹਾਨ ਕੋਸ਼ ਵਿੱਚ 1725 ਈ. ਦਾ ਜ਼ਿਕਰ ਕੀਤਾ ਹੈ। ਆਪ ਜੀ ਦੀ ਸ਼ਹਾਦਤ ਸੁਣ ਕੇ ਜੰਗਲਾਂ ਵਿੱਚ ਬੈਠੇ ਸਿੰਘਾਂ ਤੇ ਬਹੁਤ ਅਸਰ ਹੋਇਆ। ਕਿਉਂਕਿ ਬਾਬਾ ਜੀ ਦਾ ਸੰਘਰਸ਼ ਮਈ ਸਿੰਘਾਂ ਦੇ ਜੱਥਿਆਂ ਵਿੱਚ ਬਹੁਤ ਸਤਿਕਾਰ ਸੀ। ਉਨ੍ਹਾਂ ਨੇ ਸਰਕਾਰੀ ਦਸਤਿਆਂ ਤੇ ਆਪਣੇ ਹਮਲੇ ਤੇਜ ਕਰਕੇ ਬਾਬਾ ਜੀ ਦੀ ਸ਼ਹੀਦੀ ਦਾ ਬਦਲਾ ਲਿਆ, ਬਾਬਾ ਤਾਰਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਨਗਰ ਵਾਂ (ਬਾਬਾ ਤਾਰਾ ਸਿੰਘ) ਵਿਖੇ 05 ਮਾਰਚ 22 ਫੱਗਣ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਅਜਿਹੇ ਕੌਮੀ ਸ਼ਹੀਦ ਨੂੰ ਕੌਮ ਹਮੇਸ਼ਾਂ ਹੀ ਸਤਿਕਾਰਦੀ ਰਹੇਗੀ।
-
ਸੁਖਦੇਵ ਸਿੰਘ ਭੁੂਰਾ ਕੋਹਨਾ, ਸਾਬਕਾ ਸਕੱਤਰ ਸ਼੍ਰੋਮਣੀ ਗੁ:ਪ੍ਰ:ਕਮੇਟੀ
sukhdevsinghbhura44@gmail.com
98148-98268
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.