ਮਾਰਚ 1530 ਈਸਵੀ ਦਾ ਸਮਾਂ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਪੂਰੀਆਂ ਕਰਨ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕਿਰਤ ਕਰੋ ਦੇ ਸਿਧਾਂਤ ਨੂੰ ਅਮਲੀ ਰੂਪ ਵਿੱਚ ਸਾਕਾਰ ਕਰ ਰਹੇ ਸਨ। ਭਾਈ ਗੁਰਦਾਸ ਜੀ ਇਸ ਬਾਬਤ ਆਪਣੀ ਪਹਿਲੀ ਵਾਰ ਦੀ 38ਵੀਂ ਪੌੜੀ ਵਿੱਚ ਲਿਖਦੇ ਹਨ ਕਿ -
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ ॥ (ਵਾਰ 1 ਪਉੜੀ 38)
ਉਸ ਸਮੇਂ ਬਟਾਲਾ ਨੇੜਲੇ ਤੀਰਥ ਅਸਥਾਨ ਅਚਲੇਸ਼ਵਰ ਧਾਮ ਵਿਖੇ ਸਵਾਮੀ ਕਾਰਤਿਕ ਦੇ ਮੰਦਰ ਵਿਖੇ ਹਰ ਸਾਲ ਦੀ ਤਰਾਂ ਸ਼ਿਵਰਾਤਿ ਦਾ ਮੇਲਾ ਲੱਗਾ ਹੋਇਆ ਸੀ। ਪੂਰੇ ਦੇਸ਼ ਵਿਚੋਂ ਸਾਧੂ ਸੰਤ ਅਤੇ ਸਿੱਧ ਜੋਗੀ ਅੱਚਲ ਦੇ ਸ਼ਿਵਰਾਤਿ ਮੇਲੇ ਵਿੱਚ ਪਹੁੰਚੇ ਹੋਏ ਸਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਹਵਾਲੇ ਮਿਲਦੇ ਹਨ ਕਿ ਗੁਰੂ ਜੀ ਨੂੰ ਜਦ ਪਤਾ ਲੱਗਾ ਕਿ ਸ਼ਿਵਰਾਤ ਦਾ ਮੇਲਾ ਅੱਚਲ ਵਟਾਲੇ ਲੱਗਾ ਹੈ ਤਾਂ ਗੁਰੂ ਜੀ ਵੀ ਇਸ ਮੇਲੇ ਵਿੱਚ ਪਹੁੰਚੇ। ਇਸ ਪਾਵਨ ਅਸਥਾਨ ’ਤੇ ਸ਼੍ਰੀ ਗੁਰੂ ਨਾਨਕ ਜੀ ਦੀ ਸਿੱਧਾਂ ਜੋਗੀਆਂ ਦੇ ਆਗੂ ਭੰਗਰ ਨਾਥ ਨਾਲ ਵਿਚਾਰ ਗੋਸਟਿ ਹੋਈ। ਇਸ ਵਿਚਾਰ ਗੋਸਟਿ ਨੂੰ ਸੁਣਨ ਅਤੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਆਲੇ-ਦੁਆਲੇ ਦੀ ਸਾਰੀ ਸੰਗਤ ਆ ਜੁੜੀ। ਭਾਈ ਗੁਰਦਾਸ ਜੀ ਇਸ ਗੋਸਟਿ ਪ੍ਰਥਾਇ ਇੰਝ ਲਿਖਦੇ ਹਨ:-
ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ ॥
ਦਰਸਨੇ ਵੇਖਣਿ ਕਾਰਨੇ ਸਗਲੀ ਉਲਟਿ ਪਈ ਲੋਕਾਈ ॥ (ਵਾਰ 1/39)
ਅੱਚਲ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ-ਜੋਗੀਆਂ ਦੀਆਂ ਕਰਾਮਾਤਾਂ ਅਤੇ ਕਰਮ-ਕਾਂਡਾਂ ਦਾ ਖੰਡਨ-ਮੰਡਨ ਕੀਤਾ ਅਤੇ ਸਮਝਾਇਆ ਕਿ ਗ੍ਰਹਿਸਤ ਨੂੰ ਤਿਆਗ ਕੇ ਉਪਰਾਮਤਾ ਵਾਲਾ ਜੀਵਨ ਜਿਊਣ ਦਾ ਕੋਈ ਲਾਭ ਨਹੀਂ। ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਅਤੇ ਜੋਗੀਆਂ ਦੇ ਆਗੂ (ਭੰਗਰ ਨਾਥ ਆਦਿ) ਦਰਮਿਆਨ ਜੋ ਵਾਰਤਾਲਾਪ ਹੋਈ ਸੀ ਉਸ ਦਾ ਵਰਨਣ ਵਿਸਥਾਰ ਵਿੱਚ ਕੀਤਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਜੋਗੀ ਭੰਗਰ ਨਾਥ ਨੇ ਗੁਰੂ ਜੀ ਨੂੰ ਪੁੱਛਿਆ :-
ਖਾਧੀ ਖੁਣਸਿ ਜੁਗੀਸਰਾਂ ਗੋਸਟਿ ਕਰਨਿ ਸਭੇ ਉਠਿ ਆਈ ॥
ਪੁਛੇ ਜੋਗੀ ਭੰਗਰ ਨਾਥੁ ਤੁਹਿ ਦੁਧ ਵਿੱਚ ਕਿਉਂ ਕਾਂਜੀ ਪਾਈ ॥
ਫਿਟਿਆ ਚਾਟਾ ਦੁੱਧ ਦਾ ਰਿੜਕਿਆ ਮਖਣੁ ਹਥਿ ਨਾ ਆਈ ॥
ਭੇਖ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈ ॥ (ਵਾਰ 1/40)
ਜੋਗੀ ਭੰਗਰ ਨਾਲ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਸੰਨਿਆਸ (ਤਿਆਗ) ਦੀ ਚਾਟੀ ਵਿੱਚ ਸੰਸਾਰੀ (ਗ੍ਰਹਿਸਤੀ) ਰੀਤ ਦੀ ਕਾਂਜੀ ਪਾ ਦਿੱਤੀ ਹੈ। ਹੁਣ ਨਾ ਤਾਂ ਦੱੁਧ ਦੀ ਚਾਟੀ ਵਿਚੋਂ ਮੱਖਣ ਨਿਕਲੇਗਾ ਅਤੇ ਨਾ ਹੀ ਮੁਕਤੀ ਹੋਵੇਗੀ। ਤੁਸੀਂ ਉਦਾਸੀ ਭੇਖ ਲਾਹ ਕੇ ਸੰਸਾਰੀ (ਗ੍ਰਹਿਸਤੀ) ਰੀਤ ਕਿਉਂ ਚਲਾ ਦਿੱਤੀ ਹੈ?” ਇਸ ਪ੍ਰਸ਼ਨ ਦਾ ਉੱਤਰ ਜੋ ਗੁਰੂ ਜੀ ਨੇ ਦਿੱਤਾ ਉਸ ਬਾਰੇ ਭਾਈ ਗੁਰਦਾਸ ਜੀ ਇੰਝ ਲਿਖਦੇ ਹਨ:-
ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰ ਮੰਗਣਿ ਜਾਈ ॥
ਬਿਨੁ ਦਿਤੇ ਕਛੁ ਹਥਿ ਨਾ ਆਈ ॥ (ਵਾਰ 1/40)
ਗੁਰੂ ਜੀ ਨੇ ਉਨਾਂ ਨੂੰ ਸਮਝਾਇਆ ਕਿ ਵਿਰਕਤ (ਸੰਨਿਆਸੀ) ਹੋ ਕੇ ਤੁਸੀਂ ਫਿਰ ਗ੍ਰਹਿਸਤੀ (ਸੰਸਾਰੀ) ਲੋਕਾਂ ਦੇ ਘਰੀਂ ਹੀ ਮੰਗਣ ਲਈ ਜਾਂਦੇ ਹੋ ਅਤੇ ਮੂੰਹੋਂ ਤੁਸੀਂ ਇਨਾਂ ਗ੍ਰਿਹਸਤੀਆਂ ਦੀ ਨਿੰਦਾ ਕਰਦੇ ਹੋ। ਇਹ ਸੁਣ ਕੇ ਜੋਗੀ ਸਮਝ ਤਾਂ ਗਏ, ਪਰ ਹੰਕਾਰ ਵੱਸ, ਉਹ ਕਈ ਹੋਰ ਕਰਾਮਾਤ ਕਰਕੇ ਦਿਖਾਉਣ ਲੱਗੇ। ਉਨਾਂ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਵੀ ਕੋਈ ਕਰਾਮਾਤ (ਚਮਤਕਾਰ) ਕਰਕੇ ਦਿਖਾਓ। ਭਾਈ ਗੁਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕਰਾਮਾਤ ਆਦਿ ਬਾਰੇ ਦਿੱਤੇ ਜਵਾਬ ਨੂੰ ਬਹੁਤ ਸੰਖੇਪ ਅਤੇ ਭਾਵਪੂਰਤ ਸ਼ਬਦਾਂ ਵਿੱਚ ਬਿਆਨ ਕਰਦੇ ਹਨ :-
ਬਾਬਾ ਬੋਲੇ ਨਾਥ ਜੀ ਸਬਦੁ ਸੁਨਹੁ ਸਚੁ ਮੁਖਹੁ ਅਲਾਈ ॥
ਬਾਝੋ ਸਚੇ ਨਾਮ ਦੇ ਹੋੁਰ ਕਰਾਮਾਤਿ ਅਸਾਂ ਤੇ ਨਾਹੀ ॥ (ਵਾਰ 1/83)
ਇੰਝ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਅਤੇ ਜੋਗੀਆਂ ਨਾਲ ਬਾਕਮਾਲ ਸੰਵਾਦ ਰਚਾ ਕੇ ਉਨਾਂ ਦੀ ਸੰਤੁਸ਼ਟੀ ਕਰਵਾਈ। ਗੁਰੂ ਜੀ ਦੇ ਤਰਕ ਅਤੇ ਵਿਚਾਰ ਸੁਣ ਕੇ ਸਿੱਧਾਂ-ਜੋਗੀਆਂ ਦੀ ਨਿਸ਼ਾ ਹੋ ਗਈ ਅਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਏ। ਗੁਰੂ ਨਾਨਕ ਦੇਵ ਜੀ ਅਤੇ ਸਿੱਧਾਂ-ਜੋਗੀਆਂ ਨਾਲ ਹੋਏ ਸੰਵਾਦ ਦੀ ਯਾਦ ਵਿੱਚ ਇਥੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਸ਼ੁਸ਼ੋਬਿਤ ਹੈ। ਸ੍ਰੀ ਅੱਚਲ ਸਾਹਿਬ ਦਾ ਇਹ ਪਾਵਨ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਨਗਰ ਬਟਾਲਾ ਤੋਂ ਸਿਰਫ਼ 6 ਕਿਲੋਮੀਟਰ ਦੀ ਦੂਰੀ ’ਤੇ ਬਟਾਲਾ-ਜਲੰਧਰ ਰੋਡ ਉੱਪਰ ਸਥਿਤ ਹੈ।
ਗੁਰੂ ਸਾਹਿਬ ਵਲੋਂ ਗ੍ਰਹਿਸਥ ਮਾਰਗ ਲਈ ਬਟਾਲਾ ਦੀ ਧਰਤੀ ਨੂੰ ਚੁਣਨਾ ਅਤੇ ਬਾਅਦ ਵਿੱਚ ਗ੍ਰਹਿਸਥ ਮਾਰਗ ਦਾ ਉਪਦੇਸ਼ ਦੇਣ ਲਈ ਅੱਚਲ-ਵਟਾਲੇ ਦੀ ਧਰਤੀ ਦੀ ਚੋਣ ਕਰਨੀ ਇਸ ਧਰਤੀ ਨੂੰ ਬਹੁਤ ਖਾਸ ਬਣਾ ਦਿੰਦਾ ਹੈ।
ਸ੍ਰੀ ਅੱਚਲ ਸਾਹਿਬ ਦੇ ਪਾਵਨ ਅਸਥਾਨ ਉੱਪਰ ਜਿਥੇ ਸਵਾਮੀ ਕਾਰਤਿਕ ਅਤੇ ਭਗਵਾਨ ਸ਼ੰਕਰ ਦਾ ਮੰਦਰ ਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧ ਗੋਸ਼ਿਟ ਦੀ ਯਾਦ ਵਿੱਚ ਇੱਕ ਸੁੰਦਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵੀ ਸੁਸ਼ੋਬਿਤ ਹੈ। ਇਨ੍ਹਾਂ ਪਾਵਨ ਅਸਥਾਨਾ ਦੇ ਦਰਸ਼ਨਾਂ ਲਈ ਪੂਰੀ ਦੁਨੀਆਂ ਵਿਚੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ।
-
ਇੰਦਰਜੀਤ ਸਿੰਘ ਹਰਪੁਰਾ, ਬਟਾਲਾ, ਲੇਖਕ
isbajwa5@gmail.com
98155-77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.