ਤਿੜਕਦੇ ਰਿਸ਼ਤੇ
ਹੁਣ ਤਾਂ ਵਿਸਰ ਚੁੱਕਿਆ ਹੈ ਮਨਾਂ ਚੋਂ ਪਿਆਰ ਤੇ ਮੋਹ ਦਾ ਨਿੱਘ। ਸਹਿਣਸ਼ੀਲਤਾ ਘਟ ਗਈ ਹੈ ਤੇ ਗੁੱਸਾ ਮਨਾਂ ਤੇ ਹਾਵੀ ਹੋ ਚੁੱਕਿਆ ਹੈ। ਮਨਾਂ ਵਿਚ ਵੱਧ ਚੁੱਕੀ ਹੈ ਈਰਖਾ। ਈਮਾਨ ਤਾਂ ਲੋਕਾਂ ਨੇ ਬਾਜ਼ਾਰੀਂ ਵੇਚ ਛੱਡੇ ਹਨ।
ਮੋਹ ਦੀਆਂ ਤੰਦਾਂ ਬਹੁਤ ਬਾਰੀਕ ਹੁੰਦੀਆਂ ਹਨ। ਇੰਨੀਆਂ ਕੁ ਬਾਰੀਕ ਕਿ ਜ਼ਰਾ ਜਿੰਨੀ ਖਿੱਚ ਪਈ ਕਿ ਟੁੱਟੀਆਂ ਨਹੀਂ ਤੇ ਜ਼ਰਾ ਕੁ ਜਿੰਨੀ ਢਿੱਲ ਦਿੱਤੀ ਕਿ ਲੁੱਟੀਆਂ ਨਹੀਂ। ਰਿਸ਼ਤਿਆਂ ਦਾ ਸਫ਼ਰ 'ਕੱਚ ਬਿਖਰੇ ਰਸਤਿਆਂ' ਦਾ ਸਫ਼ਰ ਹੈ, ਜਿਸ 'ਤੇ ਪੱਬ ਬੋਚ-ਬੋਚ ਕੇ ਤੁਰਨਾ ਪੈਂਦਾ ਹੈ। ਇਸ ਪੈਂਡੇ 'ਤੇ ਤੁਰਦਿਆਂ ਸਰੀਰ ਹੀ ਜ਼ਖ਼ਮੀ ਨਹੀਂ ਹੁੰਦੇ ਸਗੋਂ ਰੂਹਾਂ ਵੀ ਲਹੂ-ਲੁਹਾਣ ਹੋ ਜਾਂਦੀਆਂ ਹਨ। ਰਿਸ਼ਤੇ ਤਾਂ ਇਕ ਇਹੋ-ਜਿਹੀ ਜ਼ਮੀਨ ਹਨ, ਜਿਨ੍ਹਾਂ ਨੂੰ ਦਿਲ ਦਾ ਲਹੂ ਦੇ ਕੇ ਸਿੰਜਣਾ ਪੈਂਦਾ ਹੈ।
ਕਦੀ ਬੈਠ ਕੇ ਆਪਣੇ-ਆਪ ਨਾਲ ਗੱਲ ਕਰ ਕੇ ਤਾਂ ਵੇਖਿਓ,ਕਿਵੇਂ ਜ਼ਿਹਨ 'ਚ ਭਟਕਦੀਆਂ ਗੱਲਾਂ ਸਾਵੇਂ ਆ ਕੇ ਖਲੋ ਜਾਣਗੀਆਂ ਤੇ ਪੁੱਛਣਗੀਆਂ ਕਿ ਤੁਸੀਂ ਰਿਸ਼ਤਿਆਂ ਨਾਲ ਜਿਉਂ ਰਹੇ ਹੋ ਜਾਂ ਫਿਰ ਬਸ ਬੋਝ ਸਮਝ ਕੇ ਢੋਅ ਰਹੇ ਹੋ? ਫਿਰ ਕੋਈ ਜਵਾਬ ਹੀ ਨਹੀਂ ਹੋਵੇਗਾ ਸਾਡੇ ਕੋਲ। ਕਿਉਂਕਿ ਸੱਚ ਤਾਂ ਇਹ ਹੀ ਹੈ ਕਿ ਅਸੀਂ ਰਿਸ਼ਤਿਆਂ ਨੂੰ ਹੰਢਾ ਨਹੀਂ ਰਹੇ, ਬੋਝ ਸਮਝ ਕੇ ਢੋਅ ਹੀ ਰਹੇ ਹਾਂ। ਆਧੁਨਿਕਤਾ ਦੀ ਭੱਜ ਦੌੜ 'ਚ ਰਿਸ਼ਤੇ ਬੋਝ ਬਣਦੇ ਜਾ ਰਹੇ ਹਨ।
ਹੁਣ ਤਾਂ ਵਿਸਰ ਚੁੱਕਿਆ ਹੈ ਮਨਾਂ 'ਚੋਂ ਪਿਆਰ ਤੇ ਮੋਹ ਦਾ ਨਿੱਘ। ਸਹਿਣਸ਼ੀਲਤਾ ਘਟ ਗਈ ਹੈ ਤੇ ਗੁੱਸਾ ਮਨਾਂ 'ਤੇ ਹਾਵੀ ਹੋ ਚੁੱਕਿਆ ਹੈ। ਮਨਾਂ ਵਿਚ ਵੱਧ ਚੁੱਕੀ ਹੈ ਈਰਖਾ। ਈਮਾਨ ਤਾਂ ਲੋਕਾਂ ਨੇ ਬਾਜ਼ਾਰੀਂ ਵੇਚ ਛੱਡੇ ਹਨ। ਹੁਣ ਰੂਹਾਂ ਸਰੀਰਾਂ 'ਚ ਰਹੀਆਂ ਹੀ ਨਹੀਂ ਸਗੋਂ ਸਰੀਰਾਂ 'ਚੋਂ ਨਿਕਲ ਕੇ ਚੁਰਸਤਿਆਂ 'ਤੇ ਆਣ ਖਲੋ ਗਈਆਂ ਹਨ ਤੇ ਲੱਭਦੀਆਂ ਰਹਿੰਦੀਆਂ ਹਨ ਇਨ੍ਹਾਂ ਰਾਹਾਂ 'ਚੋਂ ਗੁਆਚਿਆ ਮੋਹ, ਪਿਆਰ ਤੇ ਅਪਣੱਤ ਭਰਿਆ ਸੰਸਾਰ।
'ਬੰਦੇ ਦਾ ਬੰਦਾ ਦਾਰੂ' ਇਹ ਕਹਾਵਤ ਤਾਂ ਬਸ ਹੁਣ ਬੋਲਾਂ 'ਚ ਹੀ ਰਹਿ ਗਈ ਹੈ ਕਿਉਂਕਿ ਅੱਜ ਦਾ ਆਦਮੀ ਤਾਂ ਬੰਦੇ ਦਾ ਵੈਰੀ ਬਣਿਆ ਬੈਠਾ ਹੈ। ਕੋਈ ਇਕ-ਦੂਜੇ ਨੂੰ ਵੇਖ ਕੇ ਰਾਜ਼ੀ ਹੀ ਨਹੀਂ। ਅੱਜ-ਕੱਲ੍ਹ ਲੋਕਾਂ ਲਈ 'ਰਿਸ਼ਤਿਆਂ ਦਾ ਘਾਣ' ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ। ਸ਼ਰੇਆਮ ਚੁਰਸਤਿਆਂ 'ਤੇ ਰਿਸ਼ਤਿਆਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ।
ਨਸ਼ਿਆਂ ਨੇ ਵੀ ਰਿਸ਼ਤਿਆਂ ਵਿਚ ਬਹੁਤ ਵਿਗਾੜ ਪੈਦਾ ਕੀਤਾ ਹੋਇਆ ਹੈ, ਬਹੁਤੇ ਰਿਸ਼ਤਿਆਂ ਦੀ ਉਮਰ ਘਟਾ ਦਿੱਤੀ ਹੈ। ਸੋਸ਼ਲ ਮੀਡੀਆ ਨੇ ਵੀ ਬਹੁਤੇ ਰਿਸ਼ਤਿਆਂ ਬੋਝ ਬਣਾ ਦਿੱਤਾ ਹੈ, ਜੇ ਇਕ ਕਮਰੇ ਵਿਚ ਚਾਰ ਲੋਕ ਬੈਠੇ ਹੋਣ ਤਾਂ ਉਹ ਆਪਸੀ ਗੱਲਾਂ ਕਰਨ ਦੀ ਬਜਾਏ ਆਪਣੇ-ਆਪਣੇ ਮੋਬਾਈਲ 'ਤੇ ਲੱਗੇ ਰਹਿੰਦੇ ਹਨ, ਇਸ ਨਾਲ ਵੀ ਰਿਸ਼ਤਿਆਂ ਦੀ ਡੋਰ ਕਮਜ਼ੋਰ ਹੁੰਦੀ ਜਾ ਰਹੀ ਹੈ, ਜ਼ਰੂਰੀ ਹੈ ਤਾਂ ਇਸ ਦੀ ਵਰਤੋਂ ਧਿਆਨ ਨਾਲ ਕਰਨ ਦੀ ਤਾਂ ਜੋ ਰਿਸ਼ਤਿਆਂ ਦੇ ਡਿੱਗਦੇ ਮਿਆਰ ਨੂੰ ਬਚਾਇਆ ਜਾ ਸਕੇ।
ਰਿਸ਼ਤੇ ਵੀ ਸਾਡੀ ਲੋੜ ਮਹਿਸੂਸ ਕਰਦੇ ਹਨ, ਜੋ ਕਿ ਰੁਲ ਰਹੇ ਹਨ। ਜਿਵੇਂ ਇਕ ਜਵਾਕ ਆਪਣੀ ਮਾਂ ਤੋਂ ਉਂਗਲੀ ਛੁਡਾ ਕੇ ਕਿਸੇ ਮੇਲੇ ਵਿਚ ਗੁਆਚ ਜਾਂਦਾ ਹੈ ਤੇ ਵਿਲਕਦਾ ਰਹਿੰਦਾ ਹੈ, ਇੰਝ ਲੱਗਦਾ ਹੈ ਕਿ ਰਿਸ਼ਤੇ ਵੀ ਇਸੇ ਤਰ੍ਹਾਂ ਹੀ ਕਿਸੇ ਮੇਲੇ ਵਿਚ ਗੁਆਚ ਗਏ ਹੋਣ ਤੇ ਵਿਲਕਦੇ ਫਿਰਦੇ ਹੋਣ।
ਰਿਸ਼ਤਿਆਂ ਦੇ ਸ਼ੀਸ਼ੇ ਵਿਸਰਦੇ ਮੋਹ ਕਰਕੇ ਤਰੇੜੇ ਗਏ ਹਨ, ਇਸ ਕਰਕੇ ਲੋੜ ਹੈ ਮੋਹ ਨੂੰ ਚੇਤਿਆਂ 'ਚ ਲਿਆਉਣ ਦੀ ਤੇ ਵਸਾਉਣ ਦੀ ਤਾਂ ਜੋ ਬਿਖਰਦੇ ਰਿਸ਼ਤਿਆਂ ਨੂੰ ਫਿਰ ਸਮੇਟਿਆ ਜਾ ਸਕੇ ਤੇ ਆਉਣ ਵਾਲੀ ਪੀੜ੍ਹੀ ਲਈ ਇਸ ਕੀਮਤੀ ਖ਼ਜ਼ਾਨੇ ਨੂੰ ਸੰਭਾਲ ਕੇ ਰੱਖਿਆ ਜਾ ਸਕੇ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.