ਆਨਲਾਈਨ ਪੜ੍ਹਾਈ ਨਹੀਂ ਮਾਪਿਆਂ ਦਾ ਸਹਿਯੋਗ ਜ਼ਰੂਰੀ
ਆਫਲਾਈਨ ਸਿੱਖਿਆ ਲਈ
ਕੋਰੋਨਾ ਮਹਾਮਾਰੀ ਦਾ ਸੰਤਾਪ ਸਾਰੀ ਦੁਨੀਆ ਹੰਢਾ ਰਹੀ ਹੈ। ਇਸ ਨਾਲ ਹਰ ਮਨੁੱਖ ਕਿਸੇ ਨਾ ਕਿਸੇ ਰੂਪ ’ਚ ਪ੍ਰਭਾਵਿਤ ਹੋਇਆ ਹੈ ਚਾਹੇ ਉਹ ਕਿਸੇ ਵੀ ਉਮਰ ਵਰਗ ਨਾਲ ਸਬੰਧਿਤ ਕਿਉਂ ਨਾ ਹੋਵੇ। ਮਨੁੱਖ ਨੂੰ ਰੁਜ਼ਗਾਰ, ਵਪਾਰ, ਸਿਹਤ ਸਹੂਲਤਾਂ, ਸਿੱਖਿਆ ਆਦਿ ਖੇਤਰਾਂ ’ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਦੀ ਆਲਮੀ ਬਿਮਾਰੀ ਦੇ ਵੱਧਦੇ ਕੇਸਾਂ ਕਰਕੇ ਵਾਰ-ਵਾਰ ਸਕੂਲ, ਕਾਲਜ, ਯੂਨੀਵਰਸਿਟੀਆਂ ਨੂੰ ਵਾਰ-ਵਾਰ ਬੰਦ ਕਰਨ ਦੇ ਹਾਲਾਤ ਪੈਦਾ ਹੋ ਰਹੇ ਹਨ। ਸਮੇਂ ਦੀ ਲੋੜ ਅਨੁਸਾਰ ਬੱਚਿਆਂ ਨੂੰ ਆਨਲਾਈਨ ਮਾਧਿਅਮ ਰਾਹੀਂ ਸਿੱਖਿਆ ਦੇਣ ਦਾ ਰੁਝਾਨ ਸ਼ੁਰੂ ਹੋਇਆ ਹੈ।
ਬਹੁਤ ਸਾਰੇ ਬੱਚੇ ਜੋ ਮੋਬਾਈਲਾਂ ਤੋਂ ਦੂਰ ਸਨ, ਉਹ ਵੀ ਹੁਣ ਦਿਨ-ਰਾਤ ਮੋਬਾਈਲਾਂ ਨਾਲ ਜੁੜ ਗਏ ਹਨ। ਬੱਚੇ ਨਵੇਂ-ਨਵੇਂ ਐਪਾਂ, ਜਿਵੇਂ ਜ਼ੂਮ ਐਪ ਆਦਿ ’ਤੇ ਕਲਾਸਾਂ ਲਾਉਣੀਆਂ ਸਿੱਖ ਗਏ ਹਨ। ਵੱਡੀ ਉਮਰ ਵਾਲੇ ਬੱਚੇ ਤਾਂ ਆਸਾਨੀ ਨਾਲ ਇਨ੍ਹਾਂ ਐਪਸ ਦੀ ਵਰਤੋਂ ਕਰਨੀ ਸਿੱਖ ਗਏ ਪਰ ਛੋਟੇ ਬੱਚਿਆਂ ਨੂੰ ਅਜੇ ਇਨ੍ਹਾਂ ਦੇ ਸੰਚਾਲਨ ਬਾਰੇ ਔਖ ਕਾਰਨ ਉਨ੍ਹਾਂ ਦੇ ਮਾਪੇ ਕਲਾਸਾਂ ਲਾਉਣ ’ਚ ਸਹਾਇਤਾ ਕਰਦੇ ਹਨ। ਖ਼ਾਸ ਕਰਕੇ ਬੱਚਿਆਂ ਦੀਆਂ ਮਾਵਾਂ ਨੂੰ, ਇਸ ਲਈ ਉਹ ਚਾਹੇ ਨੌਕਰੀਪੇਸ਼ਾ ਹੋਣ ਜਾਂ ਘਰੇਲੂ ਔਰਤਾਂ, ਦੁੱਗਣੀ ਮਿਹਨਤ ਕਰਨੀ ਪੈ ਰਹੀ ਹੈ।
ਆਨਲਾਈਨ ਕਲਾਸਾਂ ਲਈ ਬੱਚਿਆਂ ਨੂੰ ਤਿਆਰ ਕਰਨਾ
ਉਹ ਸਵੇਰੇ ਜਲਦੀ ਉੱਠਦੀਆਂ ਹਨ ਤੇ ਉਨ੍ਹਾਂ ਦੇ ਮਨਾਂ ’ਚ ਇਹੀ ਚੱਲਦਾ ਰਹਿੰਦਾ ਹੈ ਕਿ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਾਉਣ ਤੋਂ ਪਹਿਲਾਂ-ਪਹਿਲਾਂ ਘਰ ਦੇ ਸਾਰੇ ਕੰਮ ਜਲਦੀ-ਜਲਦੀ ਨਿਬੇੜਨੇ ਹਨ। ਉਸ ਤੋਂ ਬਾਅਦ ਆਨਲਾਈਨ ਕਲਾਸਾਂ ਲਈ ਬੱਚਿਆਂ ਨੂੰ ਤਿਆਰ ਕਰਨਾ ਹੈ। ਆਨਲਾਈਨ ਕਲਾਸ ਵੇਲੇ ਸਬੰਧਿਤ ਅਧਿਆਪਕ ਵੱਲੋਂ ਦੱਸੇ ਅਨੁਸਾਰ ਬੱਚੇ ਨੂੰ ਕੰਮ ਕਰਵਾਉਣਾ, ਕੰਮ ਕਰਦਿਆਂ ਬੱਚੇ ਨੂੰ ਘਰ ’ਚ ਹਰ ਚੀਜ਼ ਮੁਹੱਈਆ ਕਰਵਾਉਣਾ ਅਤੇ ਬਾਅਦ ਵਿਚ ਕੀਤੇ ਕੰਮ ਅਤੇ ਕਰਵਾਈਆਂ ਗਤੀਵਿਧੀਆਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸਬੰਧਿਤ ਅਧਿਆਪਕਾਂ ਨੂੰ ਭੇਜਣ ਦਾ ਕੰਮ ਕਰਨਾ ਪੈਂਦਾ ਹੈ। ਬਹੁਤ ਸਾਰੀਆਂ ਮਾਵਾਂ ਜੋ ਆਪਣੀ ਰੋਜ਼ਾਨਾ ਘਰੇਲੂ ਕੰਮਾਂ ਦੀ ਭੱਜ-ਦੌੜ ’ਚ ਪੜ੍ਹਨ-ਪੜ੍ਹਾਉਣ ਦੇ ਕੰਮ ਤੋਂ ਕੋਹਾਂ ਦੂਰ ਹੋ ਗਈਆਂ ਸਨ, ਨੂੰ ਹੁਣ ਦੁਬਾਰਾ ਇਸ ਪ੍ਰਕਿਰਿਆ ਰਾਹੀਂ ਜੁੜਨ ਦਾ ਮੌਕਾ ਮਿਲਿਆ ਹੈ।
ਅਸੀਂ ਅਕਸਰ ਸੁਣਦੇ ਹਾਂ ਕਿ ਸਕੂਲ ’ਚ ਅਧਿਆਪਕ ਬੱਚਿਆਂ ਦੇ ਮਾਪੇ ਅਤੇ ਘਰ ਵਿਚ ਮਾਪੇ ਬੱਚਿਆਂ ਦੇ ਅਧਿਆਪਕ ਹੁੰਦੇ ਹਨ। ਹਾਂ ਇਹ ਬਿਲਕੁੱਲ ਸੱਚ ਹੈ ਅਤੇ ਅੱਜ ਦੇ ਸਮੇਂ ਵਿਚ ਕਿਤੇ ਨਾ ਕਿਤੇ ਇਹ ਸਹੀ ਵੀ ਜਾਪ ਰਿਹਾ ਹੈ। ਬੱਚਿਆਂ ਦੀ ਇਨ੍ਹਾਂ ਕਲਾਸਾਂ ਦੌਰਾਨ ਸਹਾਇਤਾ ਕਰਦਿਆਂ ਮਾਪੇ ਆਪ ਵੀ ਬਹੁਤ ਕੁਝ ਸਿੱਖ ਰਹੇ ਹਨ ਜਾਂ ਉਨ੍ਹਾਂ ਗਤੀਵਿਧੀਆਂ ਦਾ ਬੱਚਿਆਂ ਨੂੰ ਅਭਿਆਸ ਕਰਵਾਉਂਦਿਆਂ ਸਿੱਖ ਰਹੇ ਹਨ, ਜੋ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਕਦੇ ਦੇਖੀਆਂ, ਪੜ੍ਹੀਆਂ ਜਾਂ ਸੁਣੀਆਂ ਵੀ ਨਾ ਹੋਣ। ਬੱਚਿਆਂ ਦੇ ਕੰਮ ਵਿਚ ਸਹਾਇਤਾ ਕਰਦਿਆਂ ਜਿਵੇਂ ਕਿ ਡਰਾਇੰਗ ਬਣਾਉਣਾ ਆਦਿ ਕਿਰਿਆਵਾਂ ਕਰਦੇ ਸਮੇਂ ਆਪਣੀ ਕਲਾ ਨੂੰ ਵੀ ਨਿਖਾਰਨ ਦਾ ਮੌਕਾ ਮਿਲਿਆ ਹੈ। ਅਜੋਕੀ ਮੁਕਾਬਲੇ ਦੀ ਦੌੜ ’ਚ ਮੇਰਾ ਬੱਚਾ ਪਿੱਛੇ ਨਾ ਰਹਿ ਜਾਵੇ, ਇਹ ਸੋਚ ਸਾਰਾ ਦਿਨ ਬੱਚਿਆਂ ਦੀ ਘਰ ਬੈਠਿਆਂ ਸਿੱਖਿਆ ਪ੍ਰਾਪਤੀ ’ਚ ਮਾਪੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਬੱਚੇ ਵੀ ਸਿੱਖ ਰਹੇ ਹਨ, ਨਾਲ ਆਪ ਵੀ ਸਿੱਖ ਰਹੇ ਹਨ। ਬੱਚਿਆਂ ਦੇ ਨਾਲ-ਨਾਲ ਮਾਪਿਆਂ ’ਚ ਵੀ ਆਤਮ-ਵਿਸ਼ਵਾਸ ਵਧਿਆ ਹੈ। ਕੁਝ ਨਵਾਂ ਕਰਨ ਤੇ ਨਵਾਂ ਸਿੱਖਣ ਦਾ ਮੌਕਾ ਮਿਲਿਆ ਹੈ। ਆਪਣੇ ਅੰਦਰ ਵੀ ਹੋਰ ਪੜ੍ਹਨ ਦੀ ਲਗਨ ਪੈਦਾ ਹੋਈ ਹੈ। ਹਾਂ ਇਹ ਵੀ ਸੱਚ ਹੈ ਕਿ ਆਨਲਾਈਨ ਪੜ੍ਹਾਈ ਕਦੇ ਵੀ ਸਕੂਲ ਵਿਚ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਆਫਲਾਈਨ ਸਿੱਖਿਆ ਦਾ ਪੂਰਾ ਬਦਲ ਨਹੀਂ ਹੋ ਸਕਦੀ ਪ੍ਰੰਤੂ ਸਮੇਂ ਦੀ ਲੋੜ ਅਨੁਸਾਰ ਇਹ ਕੁਝ ਹੱਦ ਤਕ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ’ਚ ਜ਼ਰੂਰ ਸਹਾਈ ਹੋਈ ਹੈ।
ਬਹੁਤ ਸਾਰੇ ਬੱਚੇ ਜਾਂ ਮਾਤਾ-ਪਿਤਾ ਅਜਿਹੇ ਹੋਣਗੇ, ਜੋ ਸਮਾਰਟਫੋਨ ਦੀ ਉਪਲੱਬਧਤਾ ਨਾ ਹੋਣ ਕਾਰਨ ਆਨਲਾਈਨ ਸਿੱਖਿਆ ਨਾਲ ਪੂਰੀ ਤਰ੍ਹਾਂ ਜੁੜੇ ਨਹੀਂ ਹੋਣਗੇ ਪਰ ਬਿਲਕੁਲ ਨਾ ਨਾਲੋਂ ਕੁਝ ਹੋਣਾ ਚੰਗਾ ਹੈ। ਭਾਵ ਜਿੰਨੇ ਵੀ ਬੱਚੇ ਇਸ ਮਹਾਮਾਰੀ ਜਾਂ ਮਾੜੇ ਵਕਤ ਦੌਰਾਨ ਆਨਲਾਈਨ ਸਿੱਖਿਆ ਮਾਧਿਅਮ ਜ਼ਰੀਏ ਪੜ੍ਹਾਈ ਨਾਲ ਜੁੜੇ ਹਨ, ਉਨ੍ਹਾਂ ਕੁਝ ਤਾਂ ਸਿੱਖਿਆ ਹੀ ਹੈ।
ਮਾਪਿਆਂ ਦਾ ਸਹਿਯੋਗ ਲਾਜ਼ਮੀ
ਇਹ ਮਾੜਾ ਵਕਤ ਪੂਰੀ ਦੁਨੀਆ ’ਤੇ ਆਇਆ। ਸੋ ਸਾਨੂੰ ਸਾਰਿਆਂ ਨੂੰ ਆਪਣਾ ਫ਼ਰਜ਼ ਸਮਝਦਿਆਂ ਬੱਚਿਆਂ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ, ਚਾਹੇ ਉਹ ਅਧਿਆਪਕ ਹੋਣ ਜਾਂ ਮਾਪੇ। ਮਾਪਿਆਂ ਦਾ ਸਹਿਯੋਗ ਬਹੁਤ ਲਾਜ਼ਮੀ ਹੈ। ਬਹੁਤ ਸਾਰੇ ਮਾਪਿਆਂ ਨੇ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਅਤੇ ਬੱਚਿਆਂ ਦੇ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ’ਚ ਉਨ੍ਹਾਂ ਦਾ ਸਹਿਯੋਗ ਦਿੱਤਾ ਹੈ। ਇਸ ਲਈ ਉਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.